Canada: ਮੌਂਟਰੀਆਲ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ
ਬਚਾਅ ਦਲ ਦੇ ਮੌਕੇ ’ਤੇ ਪਹੁੰਚਣ ਤੱਕ ਹੈਲੀਕਾਪਟਰ ਸੜ ਕੇ ਸੁਆਹ ਹੋ ਚੁੱਕਾ ਸੀ, ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ
ਲੰਘੀ ਸ਼ਾਮ ਕੈਨੇਡਾ ਦੇ ਪੂਰਬੀ ਸੂਬੇ ਕਿਊਬਕ ਦੀ ਰਾਜਧਾਨੀ ਮੌਂਟਰੀਆਲ ਕੋਲ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਉਸ ਵਿੱਚ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲੀਸ ਅਨੁਸਾਰ ਸ਼ਾਮੀਂ ਹਾਦਸੇ ਦੀ ਸੂਚਨਾ ਮਿਲਣ ’ਤੇ ਜਦੋਂ ਉਹ ਅਤੇ ਬਚਾਅ ਦਲ ਦੇ ਮੈਂਬਰਾਂ ਨਾਲ ਮੌਕੇ ’ਤੇ ਪਹੁੰਚੇ ਤਾਂ ਹੈਲੀਕਾਪਟਰ ਨੂੰ ਅੱਗ ਲੱਗੀ ਹੋਈ ਸੀ।
ਬਚਾਅ ਦਲ ਨੇ ਅੱਗ ਬੁਝਾਉਣ ਦੇ ਯਤਨ ਕੀਤੇ ਪਰ ਉਦੋਂ ਤੱਕ ਉਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ। ਹਾਦਸਾ ਮੌਂਟਰੀਆਲ ਦੇ ਦੱਖਣੀ ਪਾਸੇ ਸੇਂਟ ਬ੍ਰਿਗੇਡਵਿਲ ਕੋਲ ਹਾਈਵੇਅ 10 ਕੋਲ ਵਾਪਰਿਆ। ਪੁਲੀਸ ਬੁਲਾਰੇ ਨੇ ਦੱਸਿਆ ਕਿ ਇਹ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਹਾਦਸਾਗ੍ਰਸਤ ਹੈਲੀਕਾਪਟਰ ਕਿੱਥੋਂ ਉੱਡਿਆ ਸੀ, ਇਸ ਨੇ ਕਿੱਥੇ ਜਾਣਾ ਸੀ ਅਤੇ ਇਹ ਕਿਸ ਕੰਪਨੀ ਨਾਲ ਸਬੰਧਤ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਅਜੇ ਚੱਲ ਰਹੀ ਹੈ।
ਕੈਨੇਡਾ ਦੇ ਟਰਾਂਸਪੋਰਟ ਸੇਫ਼ਟੀ ਬੋਰਡ ਵੱਲੋਂ ਜਾਂਚ ਟੀਮ ਹਾਦਸਾ ਸਥਾਨ ’ਤੇ ਰਵਾਨਾ ਕਰ ਦਿੱਤੀ ਗਈ ਹੈ। ਕੈਨੇਡਾ ਦੇ ਕੇਂਦਰੀ ਟਰਾਂਸਪੋਰਟ ਮੰਤਰੀ ਸਟੀਵਨ ਮੈਕਿੰਨਨ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਮਰਨ ਵਾਲਿਆਂ, ਜਿੰਨ੍ਹਾਂ ਦੀ ਅਜੇ ਪਛਾਣ ਨਹੀਂ ਹੋਈ, ਦੇ ਵਾਰਸਾਂ ਦੀ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਹਰੇਕ ਸੰਭਵ ਮਦਦ ਕੀਤੀ ਜਾਏਗੀ। ਹਾਦਸੇ ਨੂੰ ਵੇਖਣ ਵਾਲੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੇ ਦੱਸਿਆ ਕਿ ਜਦ ਉਨ੍ਹਾਂ ਦੀ ਨਜ਼ਰ ਪਈ ਤਾਂ ਲੜਖੜਾ ਰਿਹਾ ਹੈਲੀਕਾਪਟਰ ਜ਼ਮੀਨ ਤੋਂ ਜ਼ਿਆਦਾ ਉੱਚਾ ਨਹੀਂ ਸੀ ਅਤੇ ਸਕਿੰਟਾਂ ਵਿੱਚ ਜਿਵੇਂ ਹੀ ਹੇਠਾਂ ਡਿੱਗਾ ਤਾਂ ਇੱਕਦਮ ਅੱਗ ਦੀ ਲਪੇਟ ਵਿੱਚ ਆ ਗਿਆ।

