Canada: ਪੰਜਾਬੀ ਔਰਤਾਂ ਦੇ ਵੱਖ-ਵੱਖ ਖੇਤਰਾਂ ਵਿੱਚ ਸਮਾਜਿਕ ਰੋਲ ਬਾਰੇ ਪਹਿਲੀ ਕੌਮਾਂਤਰੀ ਤਿੰਨ ਰੋਜ਼ਾ ਕਾਨਫ਼ਰੰਸ ਦਾ ਭਰਵਾਂ ਆਗਾਜ਼
ਕੈਨੇਡਾ ਵਰਗੇ ਵਿਕਸਤ ਸਮਾਜ ਵਿੱਚ ਵੀ ਔਰਤ ਸੁਤੰਤਰ ਨਹੀਂ: MP ਸੋਨੀਆ ਸਿੱਧੂ
ਵਿਸ਼ਵ ਪੰਜਾਬੀ ਸਭਾ ਵੱਲੋਂ ਸਥਾਨਕ ਪੰਜਾਬੀ ਭਵਨ ਵਿੱਚ ਕਰਵਾਈ ਜਾ ਰਹੀ ਪੰਜਾਬੀ ਔਰਤਾਂ ਦੇ ਵੱਖ-ਵੱਖ ਖੇਤਰਾਂ ਵਿੱਚ ਸਮਾਜਿਕ ਰੋਲ ਅਤੇ ਉਨ੍ਹਾਂ ਦੇ ਅਕਸ ਬਾਰੇ ਤਿੰਨ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਅੱਜ ਇੱਥੇ ਪੂਰੇ ਜਾਹੋ-ਜਲਾਲ ਨਾਲ ਆਰੰਭ ਹੋ ਗਈ ਹੈ। ਕਾਨਫ਼ਰੰਸ ਦਾ ਆਰੰਭ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਮੈਂਬਰ ਪਾਰਲੀਮੈਂਟ ਅਮਨ ਸੋਢੀ ਅਤੇ ਸਿਟੀ ਮੇਅਰ ਪੈਟਰਿਕ ਬਰਾਊਨ ਨੇ ਰਿਬਨ ਕੱਟ ਕੇ ਕੀਤਾ, ਜਦੋਂਕਿ ਕਾਨਫ਼ਰੰਸ ਦੀ ਸ਼ਮ੍ਹਾ ਰੋਸ਼ਨ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ, ਸ਼੍ਰੋਮਣੀ ਕਹਾਣੀਕਾਰ ਵਰਿਆਮ ਸਿੰਘ ਸੰਧੂ, ਸੋਇਗੀ ਕਿੰਗ ਚਰਨਜੀਤ ਸਿੰਘ ਬਾਠ (ਅਮਰੀਕਾ), ਡਾ. ਆਤਮਜੀਤ ਸਿੰਘ ਨਾਟਕਕਾਰ, ਡਾ. ਗੁਰਪ੍ਰੀਤ ਕੌਰ (ਗੁਰੂ ਕਾਂਸ਼ੀ ਯੂਨੀਵਰਸਿਟੀ, ਬਠਿੰਡਾ), ਸੁਰਜੀਤ ਕੌਰ ਕੁਦੋਵਾਲ, ਬਲਵੀਰ ਕੌਰ ਰਾਏਕੋਟੀ, ਪ੍ਰਿੰਸੀਪਲ ਸਰਬਣ ਸਿੰਘ, ਇੰਦਰਜੀਤ ਸਿੰਘ ਬੱਲ, ਸੁੱਚਾ ਸਿੰਘ ਗਿੱਲ, ਪ੍ਰਿੰਸੀਪਲ ਆਤਮ ਰੰਧਾਵਾ, ਪ੍ਰਗਟ ਸਿੰਘ ਬੱਗਾ, ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਅਤੇ ਸੁਬੇਗ ਸਿੰਘ ਕਥੂਰੀਆ ਨੇ ਕੀਤੀ।
ਸ਼ਮ੍ਹਾ ਰੋਸ਼ਨ ਹੁੰਦਿਆਂ ਹੀ ਭਰਵੀਂ ਗਿਣਤੀ ਵਿੱਚ ਇਕੱਠੇ ਹੋਏ ਹਾਜ਼ਰੀਨ ਨੇ ਸ਼ੁਰੂਆਤ ਲਈ ਤਾੜੀਆਂ ਦੀ ਗੂੰਜ ਵਿੱਚ ਹਰੀ ਝੰਡੀ ਦੇ ਦਿੱਤੀ। ਕਾਨਫ਼ਰੰਸ ਦੇ ਮੁੱਖ ਮਹਿਮਾਨ ਕਰਤਾਰ ਸਿੰਘ ਪਹਿਲਵਾਨ ਸਨ, ਪ੍ਰਧਾਨਗੀ ਵਰਿਆਮ ਸਿੰਘ ਸੰਧੂ ਅਤੇ ਚਰਨਜੀਤ ਸਿੰਘ ਬਾਠ ਨੇ ਕੀਤੀ, ਜਦਕਿ ਕੁੰਜੀਵਤ ਭਾਸ਼ਣ ਡਾ. ਆਤਮਜੀਤ ਹੋਰਾਂ ਦਿੱਤਾ।
ਆਪਣੇ ਪ੍ਰਮੁੱਖ ਭਾਸ਼ਣ ਵਿੱਚ ਡਾ. ਆਤਮਜੀਤ ਨੇ ਭਾਰਤੀ ਔਰਤਾਂ ਦੀ ਸਥਿਤੀ ਦਾ ਵਰਣਨ ਕਰਦਿਆਂ ਦੱਸਿਆ ਕਿ ਬ੍ਰਾਹਮਣੀ ਪਿੱਤਰਸੱਤਾ ਨੇ ਔਰਤ ਅਤੇ ਦਲਿਤ ਸਮਝੇ ਗਏ ਵਰਗ ਨੂੰ ਸਦੀਆਂ ਤੱਕ ਗੁਲਾਮੀ ਦੀ ਜ਼ਿੱਲਤ ਵਿੱਚ ਸੁੱਟੀ ਰੱਖਿਆ। ਬ੍ਰਾਹਮਣੀ ਗਿਆਨ ਵਿੱਚ ਲਿਖੇ ਗ੍ਰੰਥਾਂ, ਵੇਦਾਂ-ਸਿਮਰਤੀਆਂ ਨੇ ਔਰਤ ਦਾ ਅਕਸ ਪੈਰ ਦੀ ਜੁੱਤੀ ਤੱਕ ਨੀਵਾਂ ਕਰੀ ਰੱਖਿਆ। ਉਨ੍ਹਾਂ ਅਸ਼ਵਮੇਧ ਯੱਗ ਦੀ ਕਹਾਣੀ ਵੀ ਸੁਣਾਈ ਅਤੇ ਸਵੰਬਰ ਰਚਣ ਤੇ ਵਰ ਦੀ ਚੋਣ ਬਾਰੇ ਵੀ ਗੱਲ ਕੀਤੀ। ਡਾ. ਆਤਮਜੀਤ ਨੇ ਕਿਹਾ ਕਿ ਬ੍ਰਾਹਮਣੀ ਪੁਜਾਰੀ ਵਰਗ ਨੇ ਔਰਤ ਤੇ ਦਲਿਤ ਵਰਗ ਨੂੰ ਮਾਨੋ ਮਨੁੱਖੀ ਜੀਵਨ ਵਿੱਚੋਂ ਇੱਕ ਤਰ੍ਹਾਂ ‘ਆਊਟ’ ਹੀ ਕਰ ਦਿੱਤਾ ਸੀ।
ਇਨ੍ਹਾਂ ਸਦਕਾ ਭਾਰਤ ਵਿੱਚ ਪਹਿਲਾਂ ਲੜਕੀ ਦੇ ਵਿਆਹ ਦੀ ਉਮਰ 12 ਸਾਲ, ਫਿਰ 14 ਸਾਲ ਹੋਈ ਅਤੇ ਕੋਈ ਵਿਰੋਧ ਨਹੀਂ ਹੋਇਆ। ਪੰਜਾਬ ਵਿੱਚ ਅਜਿਹਾ ਨਹੀਂ ਸੀ, ਬਲਕਿ 1909 ਵਿੱਚ ਅਨੰਦ ਮੈਰਿਜ ਐਕਟ ਵਿੱਚ ਔਰਤ ਦੇ ਵਿਆਹ ਦੀ ਉਮਰ 18 ਸਾਲ ਦਰਜ ਕੀਤੀ ਗਈ। ਗੁਰੂ ਸਾਹਿਬਾਨ ਨੇ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ, ਬਲਕਿ ਪਹਿਲੀ ਬਰਾਬਰਤਾ ਦੀ ਆਵਾਜ਼ ਮੋਢੀ ਗੁਰੂ ਨਾਨਕ ਦੇਵ ਜੀ ਨੇ ਚੁੱਕੀ। ਅੱਜ ਇੱਥੇ ਵੀ ਅਫ਼ਸੋਸਨਾਕ ਪਹਿਲੂ ਹੈ ਕਿ ਅੱਜ ਵੀ ਔਰਤਾਂ ਨਾ ਦਰਬਾਰ ਸਾਹਿਬ ਵਿੱਚ ਕੀਰਤਨ ਕਰ ਸਕਦੀਆਂ ਹਨ ਅਤੇ ਨਾ ਹੀ ਪਾਲਕੀ ਸਾਹਿਬ ਨੂੰ ਮੋਢਾ ਦੇ ਸਕਦੀਆਂ ਹਨ।
ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਸਭਾ ਨੇ ਪੰਜਾਬੀ ਲਾਗੂ ਕਰਨ ਲਈ ਹਰਿਆਣਾ ਤੇ ਲਹਿੰਦੇ ਪੰਜਾਬ ਦੀਆਂ ਸਰਕਾਰਾਂ ਨਾਲ ਰਾਬਤਾ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਬਹੁਤ ਆਸਾਂ ਹਨ, ਕਿਉਂਕਿ ਦੋਵਾਂ ਮੁੱਖ ਮੰਤਰੀਆਂ ਨੇ ਹਾਂ-ਪੱਖੀ ਹੁੰਗਾਰਾ ਭਰਿਆ ਹੈ।
ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ ਕਿ ਮਰਦ ਦੇ ਮਨ ਵਿੱਚ ਔਰਤ ਪ੍ਰਤੀ ਥੋੜ੍ਹਾ ਵਿਤਕਰਾ ਹੈ। ਕੈਨੇਡਾ ਵਰਗੇ ਵਿਕਸਤ ਸਮਾਜ ਵਿੱਚ ਵੀ ਇੱਕ ਘਰੇਲੂ ਠੰਢੀ ਜੰਗ ਜਾਰੀ ਹੈ, ਪਰ ਨਵੇਂ ਸੰਦਰਭ ਵਿੱਚ ਇਹ ਪਾੜਾ ਘੱਟ ਰਿਹਾ ਹੈ।
ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਹੁਣ ਔਰਤ ਆਪਣੀ ਯੋਗਤਾ ਦੇ ਨਾਲ ਹਰ ਖੇਤਰ ਵਿੱਚ ਅੱਗੇ ਲੰਘ ਰਹੀ ਹੈ। ਪੁਜਾਰੀ ਵਰਗ ਨੇ ਸਦੀਆਂ ਤੋਂ ਔਰਤ ਵਿਰੋਧੀ ਮਾਨਸਿਕਤਾ ਬਣਾਈ ਹੋਈ ਸੀ। ਇਸ ਤੋਂ ਛੁਟਕਾਰਾ ਤਦ ਹੋਣ ਲੱਗਿਆ ਜਦ ਅੰਗਰੇਜ਼ਾਂ ਨੇ ਭਰੂਣ ਹੱਤਿਆ ਦੇ ਵਿਰੁੱਧ ਸਖ਼ਤ ਕਾਨੂੰਨ ਬਣਾ ਦਿੱਤਾ। ਬੇਦੀ ਵੰਸ਼ ਦੇ ਕੁਝ ਪ੍ਰਤੀਨਿਧ ਅੰਗਰੇਜ਼ ਸਰਕਾਰ ਪਾਸ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਵੀ ਗਏ। ਉਨ੍ਹਾਂ ਦਾ ਤਰਕ ਸੀ ਕਿ ਇਸ ਤਰ੍ਹਾਂ ਉਨ੍ਹਾਂ ਨੂੰ ਧੀਆ ਨੀਵੀਂ ਕੁਲ ਵਿੱਚ ਵਿਆਹੁਣ ਲਈ ਮਜਬੂਰ ਹੋਣਾ ਪਵੇਗਾ, ਕਿਉਂਕਿ ਉਹ ਕੁਲੀਨ ਵਰਗ ਵਿੱਚੋਂ ਸਨ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਦੇ ਸਿੱਖਾਂ ਵਿੱਚ ਜਾਤੀ ਪਕੜ ਢਿੱਲੀ ਨਹੀਂ ਹੋਈ। ਗੁਰੂ ਨਾਨਕ ਦੇਵ ਜੀ ਦਾ ਪਹਿਲਾ ਸਿੱਖ ਮਰਦਾਨਾ ਸੀ, ਕੀ ਮਰਦਾਨੇ ਦੇ ਵੰਸ਼ਜਾਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦਿੱਤਾ ਜਾਂਦਾ ਹੈ?
ਪ੍ਰਿੰਸੀਪਲ ਸਰਬਣ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਰਾਬਰਤਾ ਲਈ ਲਾਸਾਨੀ ਕਦਮ ਚੁੱਕਣੇ ਚਾਹੀਦੇ ਹਨ। ਔਰਤ ਵਰਗ ਦੇ ਸਨਮਾਨ ਲਈ ਅੱਗੇ ਆਉਣ ਦੀ ਲੋੜ ਹੈ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਔਰਤ ਜਥੇਬੰਦੀਆਂ ਮਜ਼ਬੂਤੀ ਨਾਲ ਇਸ ਵਰਗ ਲਈ ਸੰਘਰਸ਼ ਕਰਨ। ਕਾਨਫ਼ਰੰਸ ਦੇ ਆਰੰਭ ਵਿੱਚ ਰਿੰਕੂ ਭਾਟੀਆ ਨੇ ਬਾਣੀ ਦੇ ਸ਼ਬਦ ਦਾ ਗਾਇਨ ਕੀਤਾ।
ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਦੋਵਾਂ ਪੰਜਾਬਾਂ ਦੇ ਸਾਂਝੇ ਸ਼ਾਇਰ ਬਾਬਾ ਨਜ਼ਮੀ, ਗੁਰਜਤਿੰਦਰ ਰੰਧਾਵਾ (ਅਮਰੀਕਾ), ਡਾ. ਕੰਵਲਜੀਤ ਕੌਰ ਢਿੱਲੋਂ, ਜਗੀਰ ਸਿੰਘ ਕਾਹਲੋਂ, ਰੂਪ ਕਾਹਲੋਂ, ਜਸਵਿੰਦਰ ਬਿੱਟਾ, ਅੰਮ੍ਰਿਤਪਾਲ ਚੜ੍ਹਦੀ ਕਲਾ, ਹਰਦਿਆਲ ਝੀਤਾ, ਹੁਸਨੈਨ ਲਾਹੌਰ, ਬੇਅੰਤ ਸਿੰਘ ਧਾਲੀਵਾਲ (ਅਕਾਲੀ ਆਗੂ), ਸਤਿੰਦਰਪਾਲ ਸਿੱਧਵਾਂ (ਰੇਡੀਓ ਹੋਸਟ), ਪਰਮਜੀਤ ਵਿਰਦੀ, ਪਰਮਜੀਤ ਕੌਰ ਦਿਓਲ, ਨਿਰਮਲਜੀਤ ਕੌਰ ਰੰਧਾਵਾ, ਰਾਜਵੰਤ ਕੌਰ ਸੰਧੂ, ਡਾ. ਆਰ. ਐੱਸ. ਝਾਂਜੀ, ਦਲਜੀਤ ਗੇਦੂ, ਡਾ. ਬਲਵਿੰਦਰ ਧਾਲੀਵਾਲ, ਸ਼ਮੀਲ, ਬਰਿੰਦਰ ਸਿੰਘ (ਪੱਤਰਕਾਰ), ਨਾਟਕਕਾਰ ਨਾਹਰ ਔਜਲਾ, ਬਲਜਿੰਦਰ ਲੇਲਨਾ, ਡਾ. ਸੁਖਨੈਨ (ਕਲਾਸੀਕਲ ਗਾਇਕ), ਡਾ. ਗੁਰਨਾਮ ਕੌਰ (ਪਟਿਆਲਾ), ਗੁਰਦਿਆਲ ਬੱਲ, ਪ੍ਰਕਾਸ਼ ਸਿੰਘ ਗਿੱਲ, ਬੁੱਧ ਸਿੰਘ ਗਰੇਵਾਲ (ਡਿਪਟੀ ਡਾਇਰੈਕਟਰ), ਹਰਜੀਤ ਗਿੱਲ (ਟੀ.ਵੀ. ਹੋਸਟ), ਡਾ. ਲਾਲ ਸਿੰਘ ਬਰਾੜ, ਮੋਹਨ ਗਿੱਲ (ਸਰੀ), ਅਤੇ ਡਾ. ਸ਼ਿੰਗਾਰਾ ਸਿੰਘ (ਚੰਡੀਗੜ੍ਹ) ਸ਼ਾਮਲ ਸਨ।

