Canada-Europe Relations: ਕੈਨੇਡਾ ਦਾ ਯੂਰਪੀਅਨ ਯੂਨੀਅਨ ਵੱਲ ਝੁਕਾਅ ਟਰੰਪ ਉੱਤੇ ਭਾਰੀ ਪੈਣ ਲੱਗਾ
ਟੈਰਿਫ ਨੀਤੀਆਂ ਕਾਰਨ ਅਮਰੀਕਾ-ਕੈਨੇਡਾ ਵਪਾਰ ’ਚ ਖੜੋਤ
ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਯੂਰਪੀਅਨ ਯੂਨੀਅਨ ਦਾ ਸਹਾਇਕ ਮੈਂਬਰ ਬਣਨ ਦੀ ਸਹਿਮਤੀ ਵਿਖਾਏ ਜਾਣ ਤੋਂ ਬਾਅਦ ਅਮਰੀਕਾ ਵਿੱਚ ਵੱਡੀ ਸਿਆਸੀ ਹਿੱਲਜੁਲ ਵਿਖਾਈ ਦੇਣ ਲੱਗੀ ਹੈ। ਅਮਰੀਕਾ ਦੇ ਕਈ ਸੈਨੇਟਰਾਂ ਸਮੇਤ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਅਜਿਹੇ ਕਦਮਾਂ ਬਾਰੇ ਸੋਚਣ ਪਿੱਛੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਨੀਤੀਆਂ ਅਤੇ ਬੇਲੋੜੀ ਬੋਲਚਾਲ ਜ਼ਿੰਮੇਵਾਰ ਹਨ। ਟੈਰਿਫਾਂ ਕਾਰਨ ਅਮਰੀਕਾ ਤੇ ਕੈਨੇਡਾ ਦੇ ਵਪਾਰਕ ਸਬੰਧਾਂ ਵਿੱਚ ਵੱਡੀ ਖੜੋਤ ਆਉਣ ਕਰਕੇ ਦੋਹਾਂ ਦੇਸ਼ਾਂ ਦੇ ਉਤਪਾਦਕਾਂ ਲਈ ਔਕੜਾਂ ਖੜ੍ਹੀਆਂ ਹੋ ਰਹੀਆਂ ਹਨ, ਕਿਉਂਕਿ ਦੋਹਾਂ ਦੇਸ਼ਾਂ ਦੇ ਉਤਪਾਦਨਾਂ ਦੀ ਵੱਡੀ ਮੰਗ ਵੀ ਦੋਹਾਂ ਦੇਸ਼ਾਂ ਵਿੱਚ ਹੀ ਹੈ ਅਤੇ ਇਹ ਸਿਲਸਿਲਾ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ।
ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣਾ ਇਰਾਦਾ ਸਪਸ਼ਟ ਕਰਦੇ ਹੋਏ ਕਿਹਾ ਕਿ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਵਿੱਚ ਕੋਈ ਇਤਰਾਜ਼ ਨਹੀਂ, ਪਰ ਇਸ ਵਾਸਤੇ ਉਹ ਕੈਨੇਡੀਅਨ ਲੋਕਾਂ ਦੀ ਸਹਿਮਤੀ ਜ਼ਰੂਰ ਲੈਣਗੇ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਉਹ ਪਾਰਲੀਮੈਂਟ ਮੈਂਬਰਾਂ ਦੀ ਰਾਏ ਲੈ ਕੇ ਹੀ ਇਸ ਮਾਮਲੇ ’ਤੇ ਅੱਗੇ ਵਧਣਗੇ। ਪਰ ਕੈਨੇਡਾ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਇਲੀਵਰ (Pierre Poilievre) ਨੇ ਮਾਰਕ ਕਾਰਨੀ ਦੇ ਯੂਰਪੀਅਨ ਯੂਨੀਅਨ ਦੀ ਸਹਾਇਕ ਮੈਂਬਰੀ ’ਤੇ ਇਤਰਾਜ਼ ਪ੍ਰਗਟ ਕਰਦਿਆਂ ਭਵਿੱਖ ਵਿੱਚ ਇਸ ਦੇ ਨਤੀਜੇ ਘਾਤਕ ਹੋਣ ਦੀ ਚਿੰਤਾ ਪ੍ਰਗਟਾਈ ਹੈ। ਕੈਨੇਡਾ ਦੇ ਵਪਾਰਕ ਅਦਾਰਿਆਂ ਵੱਲੋਂ ਯੂਰਪੀਅਨ ਯੂਨੀਅਨ ਨਾਲ ਸਬੰਧਾਂ ਨੂੰ ਮਜ਼ਬੂਤ ਕੀਤੇ ਜਾਣ ਸਬੰਧੀ ਪ੍ਰਧਾਨ ਮੰਤਰੀ ਦੇ ਇਰਾਦੇ ਦਾ ਸਮਰਥਨ ਕੀਤਾ ਜਾਣ ਲੱਗਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੈਂਬਰੀ ਨੂੰ ਅਮਰੀਕੀ ਰਾਸ਼ਟਰਪਤੀ ਵੱਲੋਂ ਕੈਨੇਡਾ ਨਾਲ ਵਪਾਰਕ ਸਬੰਧਾਂ ਉੱਤੇ ਟੈਰਿਫ ਰੋਕਾਂ ਲਾਉਣ ਤੋਂ ਬਾਅਦ ਕੈਨੇਡਾ ਨੂੰ ਆਪਣੀ ਮੰਡੀ ਲੱਭਣ ਦੇ ਯਤਨ ਵਜੋਂ ਵੇਖਿਆ ਜਾਣਾ ਚਾਹੀਦਾ ਹੈ, ਜੋ ਕਿ ਜ਼ਰੂਰੀ ਵੀ ਹੈ।
ਅਮਰੀਕਾ ਦੇ ਕਈ ਸੈਨੇਟਰਾਂ ਵੱਲੋਂ ਕੈਨੇਡਾ ਦੇ ਯੂਰਪੀਅਨ ਯੂਨੀਅਨ ਵੱਲ ਝੁਕਾਅ ਦਾ ਦੋਸ਼ ਆਪਣੇ ਰਾਸ਼ਟਰਪਤੀ ਡੋਨਲਡ ਟਰੰਪ ਸਿਰ ਮੜ੍ਹਿਆ ਜਾਣ ਲੱਗਾ ਹੈ, ਜਿਸ ਦਾ ਵੱਡਾ ਅਸਰ ਅਗਲੇ ਮਹੀਨੇ ਉੱਥੇ ਹੋਣ ਵਾਲੀਆਂ ਮੱਧਕਾਲੀ ਚੋਣਾਂ ਵਿੱਚ ਪੈਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਕਈ ਵੱਡੇ ਆਗੂ ਵੀ ਹੁਣ ਟਰੰਪ ਦੀਆਂ ਨੀਤੀਆਂ ਅਤੇ ਬਿਆਨਾਂ ਨੂੰ ਦੇਸ਼ ਲਈ ਗਲਤ ਕਹਿਣ ਲੱਗੇ ਹਨ।

