DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada-EU Alliance: ਕੈਨੇਡਾ ਅਤੇ ਯੂਰਪੀ ਸੰਘ ਵੱਲੋਂ ‘ਅਲਾਇੰਸ ਫ਼ਾਰ ਦਿ ਫਿਊਚਰ’ ਦਾ ਐਲਾਨ

ਨਵੀਂ ਭਾਈਵਾਲੀ ਨਾਲ ਵਪਾਰ, ਰੱਖਿਆ, ਤਕਨਾਲੋਜੀ ਅਤੇ ਖੋਜ ਨੂੰ ਮਿਲੇਗਾ ਹੁਲਾਰਾ; ਲੋਕਾਂ ਲਈ ਸਸਤੀ ਜੀਵਨ-ਸ਼ੈਲੀ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦਾ ਟੀਚਾ

  • fb
  • twitter
  • whatsapp
  • whatsapp
Advertisement

ਦੁਨੀਆ ਵਿੱਚ ਵਧ ਰਹੇ ਸਿਆਸੀ ਤਣਾਅ, ਆਰਥਿਕ ਅਸਥਿਰਤਾ ਅਤੇ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਕੈਨੇਡਾ ਅਤੇ ਯੂਰਪੀ ਸੰਘ ਨੇ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਰਣਨੀਤਕ ਭਾਈਵਾਲੀ ‘ਅਲਾਇੰਸ ਫ਼ਾਰ ਦ ਫਿਊਚਰ’ ਦਾ ਐਲਾਨ ਕੀਤਾ ਹੈ। ਇਸ ਪਹਿਲ ਦਾ ਮੁੱਖ ਮਕਸਦ ਦੋਵਾਂ ਧਿਰਾਂ ਵਿਚਾਲੇ ਵਪਾਰ, ਤਕਨਾਲੋਜੀ, ਰੱਖਿਆ, ਊਰਜਾ ਅਤੇ ਖੋਜ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਹੈ। ਦੋਵੇਂ ਧਿਰਾਂ ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਹਮਾਇਤ ਜਾਰੀ ਰੱਖਣਗੀਆਂ। ਰੂਸ ਵਿਰੁੱਧ ਦਬਾਅ ਵਧਾਉਣ ਅਤੇ ਯੂਕਰੇਨ ਦੀ ਮੁੜ-ਉਸਾਰੀ ਵਿੱਚ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ ਗਈ।

ਮਾਂਟਰੀਅਲ ਵਿੱਚ ਹੋਏ 21ਵੇਂ ਕੈਨੇਡਾ-ਯੂਰਪੀ ਸੰਘ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪੀ ਕੌਂਸਲ ਦੇ ਪ੍ਰਧਾਨ ਅੰਤੋਨੀਓ ਕੋਸਟਾ ਅਤੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯਨ ਨਾਲ ਮਿਲ ਕੇ ਇਸ ਨਵੇਂ ਗੱਠਜੋੜ ਦੀ ਸ਼ੁਰੂਆਤ ਕੀਤੀ। ਇਸ ਮੌਕੇ ਦੋਵਾਂ ਧਿਰਾਂ ਨੇ 20 ਤੋਂ ਵੱਧ ਨਵੇਂ ਕਦਮਾਂ ਦਾ ਐਲਾਨ ਕੀਤਾ ਅਤੇ ਕਈ ਹੋਰ ਸਮਝੌਤਿਆਂ ਲਈ ਗੱਲਬਾਤ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟਾਈ।

Advertisement

ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਇਸ ਸਾਂਝੇਦਾਰੀ ਨਾਲ ਆਮ ਲੋਕਾਂ ਨੂੰ ਵਸਤਾਂ ਅਤੇ ਸੇਵਾਵਾਂ ਦੀਆਂ ਵਧੇਰੇ ਚੋਣਾਂ ਮਿਲਣਗੀਆਂ ਅਤੇ ਕੀਮਤਾਂ ਘਟਾਉਣ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ ਕਾਰੋਬਾਰੀਆਂ ਲਈ ਨਵੇਂ ਬਾਜ਼ਾਰ ਖੁੱਲ੍ਹਣਗੇ ਅਤੇ ਨੌਜਵਾਨਾਂ ਨੂੰ ਕੈਨੇਡਾ ਤੇ ਯੂਰਪ ਵਿੱਚ ਪੜ੍ਹਾਈ, ਕੰਮ ਅਤੇ ਰਹਿਣ ਦੇ ਵਧੇਰੇ ਮੌਕੇ ਮਿਲਣਗੇ।

Advertisement

ਵਪਾਰ ਦੇ ਖੇਤਰ ਵਿੱਚ ਦੋਵਾਂ ਧਿਰਾਂ ਨੇ ਮੁਕਾਬਲੇਬਾਜ਼ੀ ਸਬੰਧੀ ਸਮਝੌਤੇ ਦੀ ਗੱਲਬਾਤ ਮੁਕੰਮਲ ਕੀਤੀ ਹੈ, ਜਿਸ ਨਾਲ ਕੰਪਨੀਆਂ ਵੱਲੋਂ ਕੀਤੀਆਂ ਜਾਂਦੀਆਂ ਗ਼ੈਰ-ਮੁਕਾਬਲੇਬਾਜ਼ਾਨਾ ਗਤੀਵਿਧੀਆਂ ’ਤੇ ਨਕੇਲ ਕੱਸਣ ਵਿੱਚ ਮਦਦ ਮਿਲੇਗੀ। ਡਿਜੀਟਲ ਵਪਾਰ ਸਬੰਧੀ ਨਵੇਂ ਸਮਝੌਤੇ ਨਾਲ ਕੈਨੇਡੀਅਨ ਕੰਪਨੀਆਂ ਲਈ ਯੂਰਪੀ ਬਾਜ਼ਾਰ ਵਿੱਚ ਆਨਲਾਈਨ ਵਸਤਾਂ ਅਤੇ ਸੇਵਾਵਾਂ ਵੇਚਣਾ ਸੌਖਾ ਹੋਵੇਗਾ।

ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਵੀ ਅਹਿਮ ਪਹਿਲ ਕੀਤੀ ਗਈ ਹੈ। ਕੈਨੇਡੀਅਨ ਵਿਗਿਆਨੀਆਂ ਅਤੇ ਖੋਜਕਾਰਾਂ ਨੂੰ ਯੂਰਪ ਦੇ ਸ਼ਕਤੀਸ਼ਾਲੀ ਸੁਪਰ ਕੰਪਿਊਟਰ ‘ਜੂਪੀਟਰ’ ਤੱਕ ਪਹੁੰਚ ਮਿਲੇਗੀ। ਇਸ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨਵੀਆਂ ਤਕਨੀਕਾਂ ਸਬੰਧੀ ਖੋਜ ਨੂੰ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਕੈਨੇਡਾ ਦੀ ਯੂਰਪੀ ਵਿਦਿਆਰਥੀ ਅਦਲਾ-ਬਦਲੀ ਪ੍ਰੋਗਰਾਮ ‘ਇਰੈਸਮਸ ਪਲੱਸ’ ਅਤੇ ਖੋਜ ਪ੍ਰੋਗਰਾਮ ‘ਹੋਰਾਈਜ਼ਨ ਯੂਰਪ’ ਵਿੱਚ ਭਾਗੀਦਾਰੀ ਵਧਾਉਣ ਬਾਰੇ ਗੱਲਬਾਤ ਕੀਤੀ ਜਾਵੇਗੀ।

ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਮਾਂਟਰੀਅਲ ਦੀ ਕੰਪਨੀ ਗੈਲਵੀਅਨ ਨੂੰ ਲਾਤਵੀਆ ਲਈ ਫ਼ੌਜੀ ਹੈਲਮੇਟ ਬਣਾਉਣ ਦਾ 4.4 ਕਰੋੜ ਡਾਲਰ ਤੋਂ ਵੱਧ ਦਾ ਠੇਕਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅਲਬਰਟਾ ਦੀ ਕੰਪਨੀ ਡੀ ਹੈਵਿਲੈਂਡ ਨੂੰ ਪਾਣੀ ਸੁੱਟਣ ਵਾਲੇ ਜਹਾਜ਼ਾਂ ਦਾ ਉਤਪਾਦਨ ਵਧਾਉਣ ਲਈ 2.5 ਅਰਬ ਡਾਲਰ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਦੋਵੇਂ ਧਿਰਾਂ ਮਹੱਤਵਪੂਰਨ ਖਣਿਜਾਂ ਦੀ ਸਪਲਾਈ, ਊਰਜਾ ਸੁਰੱਖਿਆ, ਸੈਟੇਲਾਈਟ ਸੰਚਾਰ ਅਤੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵੀ ਸਹਿਯੋਗ ਵਧਾਉਣਗੀਆਂ। ਕੈਨੇਡਾ ਅਤੇ ਯੂਰਪ ਦਰਮਿਆਨ ਸੁਰੱਖਿਅਤ ਡਾਟਾ ਕੇਬਲ ਅਤੇ ਤਰਲ ਕੁਦਰਤੀ ਗੈਸ (ਐੱਲਐੱਨਜੀ) ਦੀ ਬਰਾਮਦ ਵਧਾਉਣ ਦੀਆਂ ਸੰਭਾਵਨਾਵਾਂ ਵੀ ਵਿਚਾਰੀਆਂ ਜਾਣਗੀਆਂ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਗੱਠਜੋੜ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਸੀ ਭਰੋਸੇ ’ਤੇ ਆਧਾਰਿਤ ਹੈ। ਉਨ੍ਹਾਂ ਮੁਤਾਬਕ ਇਸ ਦਾ ਉਦੇਸ਼ ਦੋਵਾਂ ਪਾਸਿਆਂ ਦੇ ਲੋਕਾਂ ਲਈ ਵਧੇਰੇ ਖ਼ੁਸ਼ਹਾਲੀ, ਮੌਕੇ ਅਤੇ ਆਰਥਿਕ ਸੁਰੱਖਿਆ ਯਕੀਨੀ ਬਣਾਉਣਾ ਹੈ। ਜ਼ਿਕਰਯੋਗ ਹੈ ਕਿ ਯੂਰਪੀ ਸੰਘ ਕੈਨੇਡਾ ਦਾ ਵਸਤਾਂ ਅਤੇ ਸੇਵਾਵਾਂ ਦੇ ਵਪਾਰ ਵਿੱਚ ਦੂਜਾ ਸਭ ਤੋਂ ਵੱਡਾ ਕੌਮਾਂਤਰੀ ਭਾਈਵਾਲ ਹੈ। ਸਾਲ 2025 ਵਿੱਚ ਦੋਵਾਂ ਵਿਚਾਲੇ ਵਪਾਰ ਦਾ ਕੁੱਲ ਮੁੱਲ ਲਗਪਗ 178 ਅਰਬ ਡਾਲਰ ਰਿਹਾ ਸੀ।

Advertisement
×