DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada Book Release: ‘ਵਕਤ ਦੇ ਸਫ਼ੇ ’ਤੇ’ ਵਾਰਤਕ ਪੁਸਤਕ ਕੈਨੇਡਾ ਵਿੱਚ ਲੋਕ-ਅਰਪਣ

ਕੌਮਾਂਤਰੀ ਸਰੋਕਾਰਾਂ ਅਤੇ ਸਮਾਜਿਕ ਸੂਝ ਨਾਲ ਭਰਪੂਰ ਹੈ ਇਹ ਪੁਸਤਕ : ਡਾ. ਵਰਿਆਮ ਸੰਧੂ

  • fb
  • twitter
  • whatsapp
  • whatsapp
featured-img featured-img
ਵਕਤ ਦੇ ਸਫ਼ੇ ’ਤੇ ਪੁਸਤਕ ਰਲੀਜ ਕਰਦੇ ਹੋਏ ਉੱਘੇ ਲੇਖਕ ਵਰਿਆਮ ਸੰਧੂ ਪਿੰਰਸੀਪਲ ਸਰਬਨ ਸਿੰਘ ਹਰਜੀਤ ਗਿੱਲ ਤੇ ਹੋਰ ਪਤਵੰਤੇ, ਫੋਟੋ: ਸਤਬੀਰ ਸਿੰਘ
Advertisement

Canada Book Release: ਸਮਾਜ ਦੀ ਅਸਲ ਦਾਸਤਾਨ ਅਤੇ ਭਖਦੇ ਮਸਲਿਆਂ ਨੂੰ ਬਿਆਨ ਕਰਦੀ ਵਾਰਤਕ ਪੁਸਤਕ ‘ਵਕਤ ਦੇ ਸਫ਼ੇ ’ਤੇ’ ਅੱਜ ਇੱਥੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ-ਅਰਪਣ ਕੀਤੀ ਗਈ। ਇਸ ਪੁਸਤਕ ਦੇ ਲੇਖਕ ਹਰਜੀਤ ਸਿੰਘ ਗਿੱਲ ਕਿੱਤੇ ਵਜੋਂ ਭਾਵੇਂ ਇੰਜੀਨੀਅਰ ਹਨ, ਪਰ ਸਮਾਜ ਦੇ ਬਾਰੀਕ ਤੋਂ ਬਾਰੀਕ ਸੱਚ ਨੂੰ ਉਜਾਗਰ ਕਰਨ ਲਈ ਉਹ ਕੋਈ ਵੀ ਜੋਖ਼ਮ ਉਠਾਉਣ ਤੋਂ ਪਿੱਛੇ ਨਹੀਂ ਹਟਦੇ।

ਲੇਖਕ ਨੇ ਇਸ ਪੁਸਤਕ ਵਿੱਚ ਢਾਈ ਦਰਜਨ ਦੇ ਕਰੀਬ ਲੇਖ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿੱਚ ਮਨੁੱਖ ਦੀਆਂ ਦੱਬੀਆਂ ਖਾਹਿਸ਼ਾਂ ਤੋਂ ਲੈ ਕੇ ਬੇਇਨਸਾਫ਼ੀ, ਪੂੰਜੀ ਦੇ ਵਿਤਕਰੇ ਅਤੇ ਕੌਮਾਂਤਰੀ ਨੀਤੀਆਂ ਕਾਰਨ ਪੈਦਾ ਹੋਏ ਜੰਗੀ ਹਾਲਾਤ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਪੁਸਤਕ ਰਿਲੀਜ਼ ਸਮਾਗਮ ਵਿੱਚ ਪੰਜਾਬੀ ਦੇ ਉੱਘੇ ਗਲਪਕਾਰ ਡਾ. ਵਰਿਆਮ ਸਿੰਘ ਸੰਧੂ ਅਤੇ ਪ੍ਰਿੰਸੀਪਲ ਸਰਵਣ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਕਵੀ ਗੁਰਦੇਵ ਚੌਹਾਨ, ਕਵੀ ਕੁਲਵਿੰਦਰ ਖਹਿਰਾ, ‘ਹੁਣ’ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੁਸਾਂਝ, ਐਡਵੋਕੇਟ ਪਰਮਿੰਦਰ ਗਿੱਲ (ਸਮਰਾਲਾ), ਮਲਵਿੰਦਰ, ਓਂਕਾਰ ਪ੍ਰੀਤ ਅਤੇ ਟੀਵੀ ਹੋਸਟ ਹਰਿੰਦਰ ਸਿੰਘ ਵੀ ਮੌਜੂਦ ਸਨ।

Advertisement

ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ, “ਲੇਖਕ ਹਰਜੀਤ ਗਿੱਲ, ਜੋ ਆਪਣੇ ਕਿੱਤੇ ਦੇ ਨਾਲ- ਨਾਲ ਲਗਾਤਾਰ ਪ੍ਰਿੰਟ ਤੇ ਟੀਵੀ ਮਾਧਿਅਮਾਂ ਰਾਹੀਂ ਪੱਤਰਕਾਰੀ ਵੀ ਕਰਦੇ ਆ ਰਹੇ ਹਨ, ਉਨ੍ਹਾਂ ਦੀ ਸਮਾਜਿਕ ਸੂਝ ਬਹੁਤ ਪ੍ਰੌਢ ਹੈ। ਹਾਸ਼ਮਸ਼ਾਹ ਦੇ ਪਿੰਡ ਜਗਦੇਵ ਕਲਾਂ ਦੇ ਜੰਮਪਲ ਹਰਜੀਤ ਗਿੱਲ ਦੁਨੀਆਂ ਨੂੰ ਆਪਣੇ ਸੁਪਨਿਆਂ ਦੇ ਹਾਣ ਦੀ ਬਣਾਉਣ ਦੀ ਲੋਚਾ ਰੱਖਦੇ ਹਨ। ਉਹ ਮੰਨਦੇ ਹਨ ਕਿ ਹਥਿਆਰ ਮਨੁੱਖਤਾ ਨੂੰ ਤਬਾਹੀ ਵੱਲ ਲੈ ਕੇ ਜਾਂਦੇ ਹਨ, ਜਦੋਂਕਿ ਕਲਮ ਮਨੁੱਖ ਦੇ ਭਲੇ ਲਈ ਚੱਲਦੀ ਹੈ। ਉਹ ਪਾਠਕਾਂ ਦੀ ਚੇਤਨਾ ਨੂੰ ਝੰਜੋੜਦੇ ਹਨ ਅਤੇ ਡੋਨਲਡ ਟਰੰਪ ਤੱਕ ਦੇ ਅਸਥਿਰ ਵਿਵਹਾਰ ਵੱਲ ਸੁਚੇਤ ਕਰਦਿਆਂ ਜੰਗੀ ਹੁਕਮਰਾਨਾਂ ਦੇ ਕਰੂਰ ਚਿਹਰੇ ਬੇਪਰਦ ਕਰਦੇ ਹਨ। ਪੰਜਾਬੀ ਪਾਠਕਾਂ ਨੂੰ ਇਸ ਪੁਸਤਕ ਦਾ ਭਰਵਾਂ ਹੁੰਗਾਰਾ ਦੇਣਾ ਚਾਹੀਦਾ ਹੈ।

Advertisement

ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਕਿਤਾਬ ਸਮੇਂ ਦੀ ਆਵਾਜ਼ ਹੈ, ਜਿਸ ਵਿੱਚ ਦੇਸ਼-ਵਿਦੇਸ਼ ਦੀਆਂ ਪ੍ਰਸਥਿਤੀਆਂ ’ਤੇ ਬਹੁਤ ਹੀ ਪ੍ਰਭਾਵਸ਼ਾਲੀ, ਸਾਹਿਤਕ ਅਤੇ ਸੁਹਜਆਤਮਿਕ ਸ਼ੈਲੀ ਰਾਹੀਂ ਰੌਸ਼ਨੀ ਪਾਈ ਗਈ ਹੈ। ਲੇਖਕ ਭਾਵੇਂ ਕੈਨੇਡਾ ਵਿੱਚ ਵੱਸਿਆ ਹੋਇਆ ਹੈ, ਪਰ ਉਹ ਆਪਣੇ ਦੇਸ਼ ਅਤੇ ਪਿਛੋਕੜ ਲਈ ਪੂਰੀ ਤਰ੍ਹਾਂ ਫ਼ਿਕਰਮੰਦ ਹੈ। ਦੱਸਣਯੋਗ ਹੈ ਕਿ ਲੇਖਕ ਦੀ ਇਸ ਤੋਂ ਪਹਿਲੀ ਪੁਸਤਕ ‘ਗਾਡੀਰਾਹ’ ਨੂੰ ਵੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

ਸਮਾਗਮ ਦੌਰਾਨ ਗੁਰਦੇਵ ਚੌਹਾਨ ਨੇ ਆਖਿਆ ਕਿ ਲੇਖਕ ਦਾ ਮੰਨਣਾ ਹੈ ਕਿ ਸਿੱਖ ਧਰਮ ਮਾਰਕਸਵਾਦ ਦਾ ਹੀ ਇੱਕ ਰੂਪ ਹੈ। ਲੇਖਕ ਨੇ ਭਾਰਤ ਦੀ ਖੱਬੇ ਪੱਖੀ ਲਹਿਰ ਦਾ ਬਹੁਤ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਹੈ। ਐਡਵੋਕੇਟ ਪਰਮਿੰਦਰ ਸਿੰਘ ਨੇ ਕਿਹਾ ਕਿ ਲੇਖਕ ਸਮਾਜਵਾਦੀ ਨਜ਼ਰੀਏ ਨਾਲ ਭਾਰਤ ਦੇ ਦੁੱਖਾਂ-ਦਰਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ।

‘ਹੁਣ’ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਇਹ ਪੁਸਤਕ ਸਮਾਜ ਦੇ ਸੁਲਗਦੇ ਸਵਾਲਾਂ ਨੂੰ ਜ਼ੁਬਾਨ ਦਿੰਦੀ ਹੈ। ਉਨ੍ਹਾਂ ਨੂੰ ਮਨੁੱਖਤਾ ਦੇ ਮੁੱਢਲੇ ਸਵਾਲਾਂ ਦੀ ਚਿੰਤਾ ਹੈ, ਪਰ ਲੇਖਕ ਨੂੰ ਆਸ ਹੈ ਕਿ ਸਮਾਜ ਦੀ ਇਸ ਬੇਚੈਨੀ ਵਿੱਚੋਂ ਹੀ ਮੁਸ਼ਕਲਾਂ ਦੇ ਹੱਲ ਜ਼ਰੂਰ ਨਿਕਲਣਗੇ। ਇਸ ਮੌਕੇ ਓਂਕਾਰ ਪ੍ਰੀਤ, ਮਲਵਿੰਦਰ ਅਤੇ ਕੁਲਵਿੰਦਰ ਖਹਿਰਾ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਰੱਖੇ।

ਸਮਾਗਮ ਦੇ ਅਖ਼ੀਰ ਵਿੱਚ ਲੇਖਕ ਹਰਜੀਤ ਸਿੰਘ ਗਿੱਲ ਨੇ ਪਹੁੰਚੇ ਹੋਏ ਸਾਰੇ ਸਨੇਹੀਆਂ ਅਤੇ ਸਾਹਿਤਕਾਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਪੁਸਤਕ ਲਿਖਣ ਦੌਰਾਨ ਦੇ ਆਪਣੇ ਅਨੁਭਵ ਸਾਂਝੇ ਕੀਤੇ।

Advertisement
×