DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada Boat Accident: ਵੈਨਕੂਵਰ ਨੇੜੇ ਸਮੁੰਦਰ ’ਚ ਕਿਸ਼ਤੀ ਪਲਟੀ: 4 ਸਵਾਰ ਬਚਾਏ, 6 ਲਾਪਤਾ

ਮੌਜ-ਮਸਤੀ ਲਈ ਕਿਰਾਏ ’ਤੇ ਲਈ ਸੀ ਕਿਸ਼ਤੀ, ਬਚਾਅ ਜੈਕਟਾਂ ਨਾ ਪਾਉਣ ਕਾਰਨ ਜਾਨੀ ਨੁਕਸਾਨ ਦਾ ਖ਼ਦਸ਼ਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Canada Boat Accident: ਵੈਨਕੂਵਰ ਨੇੜੇ ਸਮੁੰਦਰ ਦੇ ਤੱਟੀ ਖੇਤਰ ਵਿੱਚ ਇੱਕ ਕਿਸ਼ਤੀ ਡੁੱਬਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਇਸ ਹਾਦਸੇ ਦੌਰਾਨ ਚਾਰ ਸਵਾਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦੋਂਕਿ ਕਈ ਘੰਟਿਆਂ ਦੀ ਭਾਲ ਤੋਂ ਬਾਅਦ ਵੀ 6 ਲੋਕ ਅਜੇ ਤੱਕ ਲਾਪਤਾ ਹਨ। ਲਾਪਤਾ ਲੋਕਾਂ ਦੀ ਤਲਾਸ਼ ਲਈ ਗੋਤਾਖੋਰ, ਹੈਲੀਕਾਪਟਰ ਅਤੇ ਬਚਾਅ ਦਲ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।

ਪੁਲੀਸ ਨੇ ਦੱਸਿਆ ਕਿ ਮੌਜ-ਮਸਤੀ ਲਈ 10 ਜਣਿਆਂ ਵੱਲੋਂ ਕਿਰਾਏ ’ਤੇ ਲਈ ਗਈ ਇਹ ਕਿਸ਼ਤੀ ਡੂੰਘੇ ਸਮੁੰਦਰ ਵਿੱਚ ਅਚਾਨਕ ਪਲਟ ਗਈ। ਉੱਥੇ ਨੇੜੇ ਘੁੰਮ ਰਹੇ ਹੋਰ ਕਿਸ਼ਤੀ ਚਾਲਕਾਂ ਅਤੇ ਸਵਾਰਾਂ ਵੱਲੋਂ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਨੂੰ ਬਚਾਉਣ ਦੇ ਯਤਨ ਕੀਤੇ ਗਏ ਅਤੇ 4 ਜਣਿਆਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ, ਪਰ ਲੰਮੀ ਭਾਲ ਦੇ ਬਾਅਦ ਵੀ ਬਾਕੀ 6 ਸਵਾਰਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ।

Advertisement

ਬਚਾਅ ਅਤੇ ਜਾਂਚ ਦਲ ਦੇ ਬੁਲਾਰੇ ਨੇ ਦੱਸਿਆ ਕਿ ਪਲਟੀ ਹੋਈ ਕਿਸ਼ਤੀ ਦੇ ਸਵਾਰਾਂ ਨੇ ਬਚਾਅ ਜੈਕਟਾਂ (ਲਾਈਫ ਜੈਕਟਾਂ) ਨਹੀਂ ਸਨ ਪਾਈਆਂ ਹੋਈਆਂ, ਜਿਸ ਕਾਰਨ ਲਾਪਤਾ ਹੋਏ ਲੋਕਾਂ ਵਿੱਚੋਂ ਕਿਸੇ ਦੇ ਵੀ ਜਿਊਂਦੇ ਬਚੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਬੇਸ਼ੱਕ ਲੰਘੀ ਦੇਰ ਰਾਤ ਨੇ੍ਹਰਾ ਹੋਣ ਕਾਰਨ ਭਾਲ ਦੇ ਕਾਰਜ ਨੂੰ ਰੋਕ ਲਿਆ ਗਿਆ ਸੀ, ਪਰ ਬਚਾਅ ਦਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਵੇਰ ਹੁੰਦੇ ਹੀ ਤਲਾਸ਼ੀ ਅਭਿਆਨ ਦੇ ਆਖਰੀ ਯਤਨ ਮੁੜ ਜਾਰੀ ਰੱਖੇ ਜਾਣਗੇ।

Advertisement

ਓਟਾਵਾ ’ਚ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ, ਪਿਤਾ ਦੀ ਵੀ ਮੌਤ

ਦੂਜੇ ਪਾਸੇ, ਦੇਸ਼ ਦੀ ਰਾਜਧਾਨੀ ਓਟਾਵਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੋ ਬੱਚਿਆਂ ਨੂੰ ਘਰ ਵਿੱਚ ਮਾਰੇ ਜਾਣ ਜਾਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਇਹ ਘਟਨਾ ਲੰਘੀ ਰਾਤ ਤਕਰੀਬਨ 10 ਵਜੇ ਦੀ ਹੈ, ਜਦੋਂ ਪੁਲੀਸ ਨੂੰ ਦੱਖਣੀ ਓਟਾਵਾ ਦੀ ਮੰਡੇਵਿਲਾ ਕਰੈਸੈਂਟ ਸਥਿਤ ਇੱਕ ਘਰ ਵਿੱਚ ਕੁਝ ਅਣਹੋਣੀ ਹੋਣ ਦੀ ਸੂਚਨਾ ਮਿਲੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ 7 ਅਤੇ 12 ਸਾਲ ਦੇ ਦੋ ਸਕੇ ਭਰਾ ਮਰੇ ਪਏ ਸਨ।

ਬਾਅਦ ਵਿੱਚ ਜਾਰੀ ਕੀਤੀ ਅਧਿਕਾਰਤ ਜਾਣਕਾਰੀ ਵਿੱਚ ਪੁਲੀਸ ਨੇ ਦੱਸਿਆ ਕਿ ਇਸ ਘਟਨਾ ਤੋਂ ਪਹਿਲਾਂ ਪੂਰਬੀ ਓਟਾਵਾ ਵਿੱਚ ਆਪਣੀ ਹੀ ਕਾਰ ਨੂੰ ਅੱਗ ਲੱਗਣ ਕਾਰਨ ਮਾਰਿਆ ਗਿਆ ਵਿਅਕਤੀ ਅਸਲ ਵਿੱਚ ਇਨ੍ਹਾਂ ਦੋਵਾਂ ਬੱਚਿਆਂ ਦਾ ਪਿਤਾ ਸੀ। ਪੁਲੀਸ ਵੱਲੋਂ ਦੋਵਾਂ ਭਰਾਵਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੇ ਗੰਭੀਰ ਯਤਨ ਕੀਤੇ ਜਾ ਰਹੇ ਹਨ ਕਿ ਕਿਸੇ ਵੱਲੋਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ ਜਾਂ ਫਿਰ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੈ। ਵੈਨਕੂਵਰ ਅਤੇ ਓਟਾਵਾ ਦੇ ਇਨ੍ਹਾਂ ਦੋਵਾਂ ਹਾਦਸਿਆਂ ਵਿੱਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਪੁਲੀਸ ਵੱਲੋਂ ਅਜੇ ਜਨਤਕ ਨਹੀਂ ਕੀਤੀ ਗਈ ਹੈ।

Advertisement
×