ਲੰਡਨ ਤੋਂ

ਲੰਡਨ ਦੇ ਆਇਆ ਘਰ

ਲੰਡਨ ਦੇ ਆਇਆ ਘਰ

ਹਰਜੀਤ ਅਟਵਾਲ

‘ਆਇਆ’ ਸ਼ਬਦ ਅੰਗਰੇਜ਼ ਰਾਜ ਵਿਚ ਬਹੁਤ ਨਸ਼ਰ ਹੋਇਆ। ਇਹ ਇਕ ਬਹੁਤ ਪੁਰਾਣੀ ਟਰਮ ਹੈ। ‘ਆਇਆ’ ਸ਼ਬਦ ਦਾ ਮਤਲਬ ਮਾਂ ਦੀ ਮਾਂ ਭਾਵ ਨਾਨੀ ਹੁੰਦਾ ਹੈ। ਨਾਨੀ ਆਪਣੇ ਦੋਹਤੇ-ਦੋਹਤੀਆਂ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ। ਜਾਪਦਾ ਹੈ ਕਿ ਅੰਗਰੇਜ਼ੀ ਦਾ ਸ਼ਬਦ ‘ਨੈਨੀ’ ਨਾਨੀ ਤੋਂ ਹੀ ਲਿਆ ਗਿਆ ਹੈ। ਇਵੇਂ ਆਇਆ ਤੇ ਨੈਨੀ ਸ਼ਬਦ ਰਲਗੱਡ ਹੋ ਗਏ ਲੱਗਦੇ ਹਨ। ਇਸੇ ਕਰਕੇ ਹੀ ਆਇਆ ਦੇ ਅਰਥਾਂ ਵਿਚ ਬੱਚਿਆਂ ਨੂੰ ਸੰਭਾਲਣ ਵਾਲੀ ਔਰਤ ਆ ਗਈ। ਅੰਗਰੇਜ਼ਾਂ ਵੇਲੇ ਇਸ ਦੇ ਅਰਥਾਂ ਵਿਚ ਨੌਕਰਾਣੀ ਵੀ ਆ ਗਈ। ਅਜਿਹੀ ਨੌਕਰਾਣੀ ਜੋ ਬੱਚਿਆਂ ਨੂੰ ਵੀ ਸੰਭਾਲਦੀ ਹੈ ਤੇ ਘਰ ਨੂੰ ਵੀ।

ਇੰਗਲੈਂਡ ਵਿਚ ਅੱਜ ਵੀ ਤੇ ਪੁਰਾਣੇ ਜ਼ਮਾਨੇ ਵਿਚ ਵੀ ਨੌਕਰ ਰੱਖਣਾ ਬਹੁਤ ਮਹਿੰਗਾ ਪੈਂਦਾ ਸੀ। ਸਾਰੇ ਲੋਕ ਆਪਣੇ ਕੰਮ ਸਦਾ ਆਪਣੇ ਹੱਥੀਂ ਹੀ ਕਰਦੇ ਆਏ ਹਨ। 18-19ਵੀਂ ਸਦੀ ਵਿਚ ਇੰਗਲੈਂਡ ਵਿਚ ਘਰੇਲੂ ਨੌਕਰ ਰੱਖਣਾ ਭਾਰਤ ਨਾਲੋਂ ਅੱਠ ਗੁਣਾਂ ਮਹਿੰਗਾ ਹੁੰਦਾ ਸੀ, ਅੱਜ ਤਾਂ ਇਹ ਅਨੁਪਾਤ ਇਸ ਤੋਂ ਵੀ ਵੱਡੀ ਹੈ। ਜਦੋਂ ਈਸਟ ਇੰਡੀਆ ਕੰਪਨੀ ਭਾਰਤ ਵਿਚ ਆਈ ਤਾਂ ਉਸ ਨੇ ਭਾਰਤੀ ਲੋਕਾਂ ਨੂੰ ਵੱਖ ਵੱਖ ਸ਼ੋਬਿਆਂ ਵਿਚ ਭਰਤੀ ਕਰਨਾ ਸ਼ੁਰੂ ਕਰ ਲਿਆ ਸੀ। ਇਹ ਸਾਰੇ ਹੀ ਅੰਗਰੇਜ਼, ਸਕੌਟਿਸ਼ ਜਾਂ ਆਇਰਸ਼ ਕਾਮਿਆਂ ਤੋਂ ਸਸਤੇ ਪੈਂਦੇ ਸਨ ਤੇ ਸਥਾਨਕ ਜੀਵਨ ਨੂੰ ਵੀ ਬਿਹਤਰ ਸਮਝਦੇ ਸਨ। ਇਵੇਂ ਹੀ ਅੰਗਰੇਜ਼ਾਂ ਨੇ ਘਰੇਲੂ ਨੌਕਰ ਵੀ ਰੱਖਣੇ ਸ਼ੁਰੂ ਕਰ ਲਏ। ਘਰੇਲੂ ਨੌਕਰ ਰੱਖਣਾ ਤਾਂ ਅੰਗਰੇਜ਼ਾਂ ਦੇ ਸ਼ੌਕ ਵਿਚ ਸ਼ਾਮਲ ਸੀ। ਘਰੇਲੂ ਨੌਕਰ ਰੱਖਣਾ ਉਨ੍ਹਾਂ ਦੇ ਰੁਤਬੇ ਦੀ ਨਿਸ਼ਾਨੀ ਵੀ ਹੁੰਦਾ ਸੀ। ਅਜਿਹੇ ਸ਼ੌਕ ਵਾਲਾ ਵਿਲੀਅਮ ਹਿੱਕੀ ਨਾਮੀ ਇਕ ਵਕੀਲ ਸੀ ਜਿਸ ਦੇ 63 ਨੌਕਰ ਸਨ, ਇਨ੍ਹਾਂ ਵਿਚ ਨੈਨੀ ਜਾਂ ਆਇਆ ਵੀ ਸ਼ਾਮਲ ਸਨ। ਪਹਿਲਾਂ ਅੰਗਰੇਜ਼ ਦੱਖਣੀ ਭਾਰਤ ਵਿਚ ਆਏ ਸਨ ਤੇ ਉਸ ਇਲਾਕੇ ਵਿਚੋਂ ਹੀ ਲੋਕ ਭਰਤੀ ਕੀਤੇ ਗਏ ਸਨ। ਇਸ ਤਰ੍ਹਾਂ ਮਦਰਾਸੀ ਆਇਆ ਦਾ ਜੱਸ ਬਹੁਤਾ ਹੁੰਦਾ ਸੀ। ਅੰਗਰੇਜ਼ ਮਦਰਾਸੀ ਆਇਆ ਨੂੰ ਬਹੁਤ ਚਾਹ ਕੇ ਘਰ ਵਿਚ ਰੱਖਿਆ ਕਰਦੇ ਸਨ। ਉਨ੍ਹਾਂ ਨੂੰ ਇੰਗਲੈਂਡ ਵਾਪਸ ਜਾਂਦੇ ਹੋਏ ਆਪਣੇ ਨਾਲ ਵੀ ਲੈ ਜਾਂਦੇ ਸਨ। ਜਿਸ ਵਕੀਲ ਵਿਲੀਅਮ ਹਿੱਕੀ ਦੀ ਗੱਲ ਮੈਂ ਪਹਿਲਾਂ ਕੀਤੀ ਹੈ ਉਹ ਆਪਣੇ ਨਾਲ ਕਈ ਨੌਕਰਾਂ ਨੂੰ ਵਾਪਸ ਇੰਗਲੈਂਡ ਲੈ ਗਿਆ ਸੀ। ਮੁਨੂ ਨਾਂ ਦੀ ਨੌਕਰਾਣੀ ਦਾ ਨਾਂ 1808 ਦੇ ਰਿਕਾਰਡ, ਇਲਾਕਾ ਬੇਕਨਫੀਲਡਜ਼ ਵਿਚ ਹਾਲੇ ਵੀ ਬੋਲਦਾ ਹੈ। ਮਸ਼ਹੂਰ ਅੰਗਰੇਜ਼ ਅਫ਼ਸਰ ਵਾਰਨ ਹੇਸਟਿੰਗ ਤੇ ਉਸ ਦੀ ਪਤਨੀ ਭਾਰਤ ਤੋਂ ਚਾਰ ਨੌਕਰਾਣੀਆਂ ਲੈ ਕੇ ਗਏ ਸਨ, ਉਨ੍ਹਾਂ ਵਿਚ ਦੋ ਆਇਆ ਵੀ ਸਨ। ਚਾਰਲਸ ਡਿਕਨਜ਼ ਅੰਗਰੇਜ਼ੀ ਦਾ ਉਨੀਵੀਂ ਸਦੀ ਦਾ ਪ੍ਰਸਿੱਧ ਨਾਵਲਕਾਰ ਹੋਇਆ ਹੈ। ਉਸ ਨੇ 1850 ਵਿਚ ਇਕ ਬਹੁਤ ਖ਼ਾਸ ਨਾਵਲ ਲਿਖਿਆ ਜਿਸ ਦਾ ਨਾਂ ਸੀ- ਡੇਵਿਡ ਕੌਪਰਫੀਲਡ, ਜਿਸ ਵਿਚ ਉਹ ਭਾਰਤ ਤੋਂ ਲਿਆਂਦੀ ਆਇਆ ਦਾ ਜ਼ਿਕਰ ਕਰਦਾ ਹੈ। ਇਵੇਂ ਇੰਗਲੈਂਡ ਵਿਚ ਸਮੇਂ ਸਮੇਂ ਭਾਰਤੀ ਆਇਆ ਹੋਣ ਦੀਆਂ ਗਵਾਹੀਆਂ ਮਿਲਦੀਆਂ ਹਨ। ਸੇਂਟ ਮੈਰੀਲੀਬੋਨ ਦੇ ਇਲਾਕੇ ਦੇ ਰਿਕਾਰਡ ਵਿਚ 15-04-1787 ਨੂੰ ਮੈਰੀ ਐਨ ਫਲੋਰਾ ਦੀ ਹਾਜ਼ਰੀ ਲੱਗੀ ਮਿਲਦੀ ਹੈ। ਵੂਲਿਚ ਦੇ ਰਿਕਾਰਡ ਵਿਚ 1769 ਵਿਚ ਇਕ ਫਲੋਰਾ ਨਾਂ ਦੀ ਹੀ ਔਰਤ ਦੇ ਦਫ਼ਨਾਏ ਜਾਣ ਦਾ ਰਿਕਾਰਡ ਵੀ ਉਪਲੱਬਧ ਹੈ। 1871 ਦੀ ਜਨਗਣਨਾ ਵਿਚ ਸਾਊਥਾਲ ਵਿਚ ਕਲਕੱਤੇ ਦੀ ਜੰਮੀ ਬਰੀਨੂ ਨਾਂ ਦੀ ਆਇਆ ਜਿਸ ਦੀ ਉਮਰ ਉਣੰਜਾ ਸਾਲ ਸੀ, ਰਹਿੰਦੀ ਦਾ ਰਿਕਾਰਡ ਮਿਲਦਾ ਹੈ। ਚੈਟਲਹੈਮ ਦੇ ਇਲਾਕੇ ਵਿਚ ਕਰਨਲ ਰੋਲੈਂਡਸਨ ਦੀ ਆਇਆ ਰੂਥ ਨੇ ਕ੍ਰਿਸਚੀਅਨ ਧਰਮ ਅਪਣਾਇਆ ਸੀ, ਪਾਦਰੀ ਨੇ ਉਸ ਨੂੰ ਤਾਮਿਲ ਭਾਸ਼ਾ ਵਿਚ ਬੈਪਟਾਈਜ਼ ਕੀਤਾ ਸੀ। ਅਠਾਰਵੀਂ ਤੇ ਉਨੀਵੀਂ ਸਦੀ ਵਿਚ ਬਣੀਆਂ ਪੇਟਿੰਗਜ਼ ਵਿਚ ਵੀ ਇਨ੍ਹਾਂ ਆਇਆਵਾਂ ਦੀ ਭਰਪੂਰ ਹਾਜ਼ਰੀ ਲੱਗੀ ਮਿਲਦੀ ਹੈ। ਇਹ ਸਭ ਕਹਿਣ ਦਾ ਭਾਵ ਹੈ ਕਿ ਭਾਰਤੀ ਆਇਆਵਾਂ ਉਨੀਵੀਂ ਸਦੀ ਦੇ ਅੰਗਰੇਜ਼ੀ ਸਮਾਜ ਦਾ ਇਕ ਹਿੱਸਾ ਰਹੀਆਂ ਹਨ। ਹਾਂ, ਜਿਵੇਂ ਭਾਰਤ ਤੋਂ ਆਇਆਵਾਂ ਆਉਂਦੀਆਂ ਸਨ ਉਵੇਂ ਹੀ ਚੀਨ ਤੋਂ ਵੀ ਨੌਕਰਾਣੀਆਂ ਲਿਆਂਦੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਅੰਮਾ ਕਿਹਾ ਜਾਂਦਾ ਸੀ। ਇਨ੍ਹਾਂ ਅੰਮਾ ਦਾ ਹਸ਼ਰ ਵੀ ਭਾਰਤੀ ਆਇਆਵਾਂ ਵਾਲਾ ਹੀ ਹੁੰਦਾ ਸੀ।

ਭਾਰਤ ਵਿਚ ਨੌਕਰੀਆਂ ਕਰਦੇ ਅੰਗਰੇਜ਼ ਗਰਮੀਆਂ ਨੂੰ ਛੁੱਟੀਆਂ ਕੱਟਣ ਇੰਗਲੈਂਡ ਚਲੇ ਜਾਂਦੇ ਸਨ ਤੇ ਇਹ ਆਇਆਵਾਂ ਨੂੰ ਨਾਲ ਲੈ ਆਉਂਦੇ ਕਿਉਂਕਿ ਉਨ੍ਹਾਂ ਨੂੰ ਬੱਚਿਆਂ ਨੂੰ ਸੰਭਾਲਣ ਵਿਚ ਸੌਖ ਰਹਿੰਦੀ। ਪਹਿਲਾਂ ਵਾਪਸ ਇੰਗਲੈਂਡ ਆਉਣਾ ਸੌਖਾ ਨਹੀਂ ਸੀ ਹੁੰਦਾ। ਬਹੁਤ ਵਕਤ ਲੱਗਦਾ ਸੀ, ਮਹੀਨਿਆਂ ਦੇ ਮਹੀਨੇ, ਪਰ ਜਦੋਂ ਨਹਿਰ ਸਵੇਜ ਖੁੱਲ੍ਹ ਗਈ ਤਾਂ ਦੋਵਾਂ ਮੁਲਕਾਂ ਵਿਚਕਾਰਲਾ ਸਫ਼ਰ 4300 ਮੀਲ ਘਟ ਗਿਆ। ਫਿਰ ਸਟੀਮ ਇੰਜਣ ਵੀ ਆ ਗਿਆ। ਹੁਣ ਭਾਰਤ ਤੋਂ ਇੰਗਲੈਂਡ ਦਾ ਸਫ਼ਰ ਸਿਰਫ਼ ਦੋ ਹਫ਼ਤਿਆਂ ਦਾ ਰਹਿ ਗਿਆ ਸੀ ਸੋ ਭਾਰਤ ਤੋਂ ਇੰਗਲੈਂਡ ਜਾਣਾ-ਆਉਣਾ ਬਹੁਤ ਸੌਖਾ ਹੋ ਗਿਆ। ਇਕ ਅੰਦਾਜ਼ੇ ਮੁਤਾਬਕ ਹਰ ਸਾਲ ਡੇਢ ਸੌ ਤਕ ਆਇਆਵਾਂ ਏਧਰ-ਓਧਰ ਜਾਂਦੀਆਂ-ਆਉਂਦੀਆਂ ਸਨ। ਇਨ੍ਹਾਂ ਆਇਆਵਾਂ ਨੂੰ ਫਾਇਦਾ ਇਹ ਹੁੰਦਾ ਕਿ ਸਫ਼ਰ ਕਰਦੇ ਸਮੇਂ ਵੀ ਉਨ੍ਹਾਂ ਦੀ ਨੌਕਰੀ ਕਾਇਮ ਰਹਿੰਦੀ ਸੀ, ਕੁਝ ਉਨ੍ਹਾਂ ਨੂੰ ਬੱਚਿਆਂ ਜਾਂ ਪਰਿਵਾਰ ਨਾਲ ਲਗਾਅ ਵੀ ਹੋ ਜਾਂਦਾ ਸੀ ਜਿਸ ਕਾਰਨ ਉਹ ਘਰੋਂ ਏਨੀ ਦੂਰ ਜਾਣ ਲਈ ਜਾਂ ਏਨਾ ਲੰਮਾ ਸਫ਼ਰ ਕਰਨ ਲਈ ਤਿਆਰ ਹੋ ਜਾਂਦੀਆਂ। ਕਈਆਂ ਨੂੰ ਇੰਗਲੈਂਡ ਦੇਖਣ ਦਾ ਚਾਅ ਵੀ ਹੁੰਦਾ ਹੋਵੇਗਾ। ਕਈ ਅਫ਼ਸਰ ਰਿਟਾਇਰ ਹੋ ਕੇ ਵੀ ਇਨ੍ਹਾਂ ਨੂੰ ਨਾਲ ਲੈ ਆਉਂਦੇ।

ਜਿਹੜੇ ਅੰਗਰੇਜ਼ ਵਾਪਸ ਭਾਰਤ ਜਾਂਦੇ, ਉਹ ਤਾਂ ਆਇਆਵਾਂ ਨੂੰ ਵਾਪਸ ਲੈ ਜਾਂਦੇ, ਪਰ ਜਿਹੜੇ ਭਾਰਤ ਨਾ ਮੁੜਦੇ ਉਨ੍ਹਾਂ ਦੀਆਂ ਆਇਆਵਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਜਦੋਂ ਕਿਸੇ ਅੰਗਰੇਜ਼ ਪਰਿਵਾਰ ਦੇ ਬੱਚੇ ਵੱਡੇ ਹੋ ਜਾਂਦੇ ਜਾਂ ਉਨ੍ਹਾਂ ਨੂੰ ਆਇਆਵਾਂ ਦੀ ਲੋੜ ਨਾ ਰਹਿੰਦੀ ਤਾਂ ਉਹ ਇਨ੍ਹਾਂ ਨੂੰ ਘਰੋਂ ਕੱਢ ਦਿੰਦੇ। ਇਨ੍ਹਾਂ ਦਾ ਆਪਣੇ ਮਾਲਕਾਂ ਨਾਲ ਕੋਈ ਇਕਰਾਰਨਾਮਾ ਤਾਂ ਹੁੰਦਾ ਨਹੀਂ ਸੀ। ਇਨ੍ਹਾਂ ਕੋਲ ਵਾਪਸ ਭਾਰਤ ਜਾਣ ਜੋਗੇ ਪੈਸੇ ਵੀ ਨਹੀਂ ਹੁੰਦੇ ਸਨ। ਜਿਹੜੀ ਥੋੜ੍ਹੀ ਬਹੁਤ ਜਮ੍ਹਾਂ ਪੂੰਜੀ ਹੁੰਦੀ ਛੇਤੀ ਹੀ ਖ਼ਤਮ ਹੋ ਜਾਂਦੀ ਤੇ ਫਿਰ ਭੁੱਖੀਆਂ-ਥਿਆਈਆਂ ਇਹ ਔਰਤਾਂ ਲੰਡਨ ਤੇ ਹੋਰ ਸ਼ਹਿਰਾਂ ਦੀਆਂ ਗਲੀਆਂ ਵਿਚ ਮਾਰੀਆਂ-ਮਾਰੀਆਂ ਫਿਰਨ ਲੱਗਦੀਆਂ। ਇਨ੍ਹਾਂ ਵਿਚੋਂ ਕਈ ਸਥਾਨਕ ਅਖ਼ਬਾਰਾਂ ਵਿਚ ਆਪਣੀਆਂ ਸੇਵਾਵਾਂ ਦੀ ਮਸ਼ਹੂਰੀ ਕਰਦੀਆਂ, ਕੁਝ ਨੂੰ ਦੁਬਾਰਾ ਨੌਕਰੀ ਮਿਲ ਵੀ ਜਾਂਦੀ, ਪਰ ਬਹੁਤੀਆਂ ਵਿਹਲੀਆਂ ਹੀ ਰਹਿੰਦੀਆਂ। ਫਿਰ ਢਿੱਡ ਭਰਨ ਲਈ ਇਹ ਔਰਤਾਂ ਮੰਗਣ ਲਈ ਮਜਬੂਰ ਹੋ ਜਾਂਦੀਆਂ। ਇਨ੍ਹਾਂ ਕੋਲ ਰਹਿਣ ਲਈ ਵੀ ਕੋਈ ਥਾਂ ਨਹੀਂ ਸੀ ਹੁੰਦੀ। ਉੱਪਰੋਂ ਇੰਗਲੈਂਡ ਬਰਫ਼ਬਾਰੀ ਵਾਲਾ ਮੁਲਕ। ਇਹ ਮੋੜਾਂ ’ਤੇ ਖੜ੍ਹ ਕੇ ਮੰਗਦੀਆਂ ਤੇ ਪਿਛਲੀਆਂ ਗਲ਼ੀਆਂ ਵਿਚ ਰਾਤਾਂ ਕੱਟਦੀਆਂ। ਇਕ ਸਮੇਂ ਲੰਡਨ ਦੇ ਈਸਟ-ਐੰਡ ਦੀ ਇਕ ਗਲ਼ੀ ਰੈਡਕਲਿੱਫ ਹਾਈਵੇਅ ਦੇ ਇਕ ਵਿਰਾਨ ਘਰ ਵਿਚ 50-60 ਆਇਆਵਾਂ ਕਿਸੇ ਨਾ ਕਿਸੇ ਤਰ੍ਹਾਂ ਦਿਨ-ਕਟੀ ਕਰ ਰਹੀਆਂ ਸਨ। ਉਨ੍ਹਾਂ ਦਿਨਾਂ ਵਿਚ ਹੀ ਬਹੁਤ ਸਾਰੇ ਜਹਾਜ਼ੀ ਵੀ ਇਸੇ ਤਰ੍ਹਾਂ ਵਿਹਲੇ ਹੋ ਕੇ ਮਾਰੇ ਮਾਰੇ ਫਿਰਦੇ ਸਨ, ਪਰ ਔਰਤਾਂ ਤੇ ਮਰਦਾਂ ਦੀ ਵਿਚਾਰਗੀ ਵਿਚ ਕੁਝ ਫ਼ਰਕ ਹੁੰਦਾ ਹੈ।

ਹੌਲੀ ਹੌਲੀ ਇਨ੍ਹਾਂ ਦੀ ਮੰਦਹਾਲੀ ਅੰਗਰੇਜ਼ਾਂ ਦਾ ਧਿਆਨ ਖਿੱਚਣ ਲੱਗੀ। 1855 ਵਿਚ ਇਨ੍ਹਾਂ ਬੇਘਰ ਔਰਤਾਂ ਦੀ ਅਣਮਨੁੱਖੀ ਸਥਿਤੀ ਬਾਰੇ ਇਕ ਰਿਪੋਰਟ ਛਪੀ ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ। ਫਿਰ ਇਹ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਰਹੀਆਂ। ਇਵੇਂ ਕੁਝ ਚੈਰਿਟੀ ਵਾਲੇ ਇਨ੍ਹਾਂ ਦੀ ਮਦਦ ਲਈ ਸਾਹਮਣੇ ਆਉਣ ਲੱਗੇ। ਕੁਝ ਜਥਬੰਦੀਆਂ ਨੇ ਇਨ੍ਹਾਂ ਦੀ ਸਹਾਇਤਾ ਲਈ ਇਨ੍ਹਾਂ ਦੇ ਪਹਿਲੇ ਮਾਲਕਾਂ ਨਾਲ ਸੰਪਰਕ ਵੀ ਕੀਤੇ, ਪਰ ਕੋਈ ਫ਼ਰਕ ਨਾ ਪਿਆ। ਸਗੋਂ ਇਨ੍ਹਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਹੀ ਜਾਂਦੀ ਸੀ। ਹੌਲੀ ਹੌਲੀ ਇਨ੍ਹਾਂ ਬਾਰੇ ਵਿਸ਼ੇਸ਼ ਆਇਆ-ਘਰ ਬਣਾ ਦੇਣ ਦੀ ਗੱਲ ਚੱਲੀ ਜਿੱਥੇ ਇਹ ਕੁਝ ਦੇਰ ਤਕ ਰਹਿ ਸਕਣ। ਜਦ ਤੀਕ ਇਨ੍ਹਾਂ ਦਾ ਵਾਪਸ ਜਾਣ ਦਾ ਕੋਈ ਇੰਤਜ਼ਾਮ ਨਹੀਂ ਹੋ ਜਾਂਦਾ ਓਨੀ ਦੇਰ ਇਹ ਇਨ੍ਹਾਂ ਘਰਾਂ ਵਿਚ ਰਹਿ ਸਕਣ। ਕਿਹਾ ਜਾਂਦਾ ਹੈ ਕਿ ਪਹਿਲਾ ਆਇਆ ਘਰ 1825 ਵਿਚ ਬਣਾਇਆ ਗਿਆ ਸੀ, ਪਰ 1891 ਵਿਚ 6 ਜਿਉਰੀ ਸਟਰੀਟ, ਆਲਡਗੇਟ ਪੂਰਬੀ ਲੰਡਨ ਵਿਚ ਬਣੇ ਆਇਆ-ਘਰ ਦਾ ਪੂਰਾ ਰਿਕਾਰਡ ਮਿਲਦਾ ਹੈ। ਫਿਰ ‘ਲੰਡਨ ਸਿਟੀ ਮਿਸ਼ਨ’ ਵਾਲਿਆਂ ਨੇ ਆਪਣੇ ਅਧਿਕਾਰ ਹੇਠ ਲੈ ਲਿਆ। 1900 ਨੂੰ ਆਇਆ-ਘਰ 26 ਐਡਵਰਡ ਰੋਡ, ਮੇਅਰ ਸਟਰੀਟ ’ਤੇ ਲੈ ਜਾਇਆ ਗਿਆ। ਇਹ ਆਇਆ-ਘਰ ਛੋਟਾ ਪੈ ਰਿਹਾ ਸੀ। 1921 ਵਿਚ ਆਇਆ-ਘਰ ਨੂੰ ਨਵੀਂ ਜਗ੍ਹਾ ਲੈ ਜਾਇਆ ਗਿਆ ਜੋ ਕਿ 4 ਕਿੰਗ ਐਡਵਰਡ ਰੋਡ ’ਤੇ ਸਥਿਤ ਸੀ। ਇਸ ਦੇ ਤੀਹ ਕਮਰੇ ਸਨ। ਇੱਥੇ 100 ਦੇ ਕਰੀਬ ਆਇਆਵਾਂ ਰਹਿੰਦੀਆਂ ਸਨ। ਕੋਈ ਇੱਥੇ ਕੁਝ ਦਿਨ ਹੀ ਰਹਿੰਦੀ, ਕੋਈ ਕੁਝ ਹਫ਼ਤੇ ਤੇ ਕੋਈ ਕੁਝ ਮਹੀਨੇ ਵੀ। ਜਦੋਂ ਤਕ ਉਨ੍ਹਾਂ ਦਾ ਕੋਈ ਹੋਰ ਇੰਤਜ਼ਾਮ ਨਾ ਹੋ ਜਾਂਦਾ ਤਾਂ ਉਨ੍ਹਾਂ ਨੂੰ ਆਸਰਾ ਮਿਲ ਜਾਂਦਾ। ਆਇਆ-ਘਰ ਵੱਲੋਂ ਇਨ੍ਹਾਂ ਨੂੰ ਭਾਰਤ ਭੇਜਣ ਦਾ ਇੰਤਜ਼ਾਮ ਵੀ ਕਰ ਦਿੱਤਾ ਜਾਂਦਾ ਸੀ। ਬਹੁਤ ਸਾਰੇ ਲੋੜਵੰਦ ਇਨ੍ਹਾਂ ਨੂੰ ਦੁਬਾਰਾ ਕੰਮ ਵੀ ਦੇ ਦਿੰਦੇ ਸਨ। ਜੇ ਕੋਈ ਜਵਾਨ ਜੋੜਾ ਭਾਰਤ ਜਾ ਰਿਹਾ ਹੁੰਦਾ, ਜਿਨ੍ਹਾਂ ਦੇ ਬੱਚੇ ਛੋਟੇ ਹੁੰਦੇ ਤਾਂ ਉਹ ਆਇਆ-ਘਰ ਨਾਲ ਰਾਬਤਾ ਕਾਇਮ ਕਰਕੇ ਕਿਸੇ ਆਇਆ ਨੂੰ ਭਾਰਤ ਲੈ ਜਾਂਦੇ। ਆਇਆ-ਘਰ ਵਿਚ ਰਹਿੰਦੀਆਂ ਇਹ ਔਰਤਾਂ ਵਿਹਲੀਆਂ ਨਹੀਂ ਸੀ ਰਹਿੰਦੀਆਂ। ਇਹ ਸਿਲਾਈ-ਕਢਾਈ ਦਾ ਕੰਮ ਕਰਦੀਆਂ ਰਹਿੰਦੀਆਂ ਤੇ ਕੁਝ ਚੈਰਿਟੀ ਦੇ ਕੰਮ ਵੀ ਕਰਦੀਆਂ ਸਨ।

ਕੁਝ ਅਖ਼ਬਾਰਾਂ ਵਾਲੇ ਕਿਸੇ ਨਾ ਕਿਸੇ ਆਇਆ ਨੂੰ ਲੱਭ ਕੇ ਉਸ ਦੀ ਕਹਾਣੀ ਵੀ ਛਾਪ ਦਿੰਦੇ ਜਿਸ ਨਾਲ ਆਮ ਲੋਕਾਂ ਨੂੰ ਇਨ੍ਹਾਂ ਪ੍ਰਤੀ ਹਮਦਰਦੀ ਪੈਦਾ ਹੋ ਜਾਂਦੀ। ਕੁਝ ਸਮੇਂ ਬਾਅਦ ਇਨ੍ਹਾਂ ਦੀ ਦੇਖਭਾਲ ਕਰਦੀਆਂ ਜਥੇਬੰਦੀਆਂ ਇਸ ਗੱਲ ਵਿਚ ਕਾਮਯਾਬ ਹੋ ਗਈਆਂ ਕਿ ਜਿਹੜੇ ਲੋਕ ਇਨ੍ਹਾਂ ਨੂੰ ਭਾਰਤ ਤੋਂ ਲੈ ਕੇ ਆਉਂਦੇ ਹਨ, ਉਹ ਹੀ ਇਨ੍ਹਾਂ ਦੇ ਵਾਪਸ ਜਾਣ ਦੇ ਕਿਰਾਏ ਦਾ ਇੰਤਜ਼ਾਮ ਵੀ ਕਰਨ। ਆਇਆ-ਘਰਾਂ ਦੀ ਦੇਖਭਾਲ ਕਰਨ ਵਾਲੇ ਲੋਕ ਨਾਮਣਾ ਖੱਟਣ ਲਈ ਆਪਣੇ ਕੰਮ ਦਾ ਪ੍ਰਚਾਰ ਬਹੁਤਾ ਕਰਦੇ ਸਨ। ਇਸ ਕਰਕੇ ਆਇਆ-ਘਰ ਦੀ ਚਰਚਾ ਆਮ ਹੁੰਦੀ ਰਹਿੰਦੀ ਸੀ। ਇਹ ਆਇਆ-ਘਰ ਲੋਕਾਂ ਲਈ ਇਕ ਕਿਸਮ ਨਾਲ ਲੈਂਡ-ਮਾਰਕ ਬਣ ਗਿਆ ਸੀ। ਲੋਕ ਦੂਰੋਂ-ਦੂਰੋਂ ਇਸ ਨੂੰ ਦੇਖਣ ਆਉਂਦੇ। ਇਸ ਲਈ ਫੰਡ ਬਗੈਰਾ ਵੀ ਦੇ ਜਾਂਦੇ। ਇੱਥੇ ਫੋਟੋ ਖਿੱਚਦੇ, ਪੇਂਟਿੰਗਜ਼ ਆਦਿ ਵੀ ਬਣਾਉਂਦੇ, ਅਖ਼ਬਾਰਾਂ ਵਿਚ ਆਰਟੀਕਲ ਛਪਵਾਉਂਦੇ। ਫਰਾਂਸਿਸ ਹੌਜਸਨ ਬਰਨੈੱਟ ਨੇ ‘ਦਿ ਸੀਕਰਟ ਗਾਰਡਨ’ ਵਿਚ ਇਨ੍ਹਾਂ ਆਇਆਵਾਂ ਬਾਰੇ ਲੇਖ ਵਿਚ ਲਿਖਿਆ ਸੀ ਕਿ ਇਨ੍ਹਾਂ ਦੇ ਸੁਭਾਅ ਬੱਚਿਆਂ ਵਰਗੇ ਹਨ, ਕੁਝ ਖ਼ਾਸ ਮੌਕਿਆਂ ਉੱਪਰ ਗਾਏ ਜਾਣ ਵਾਲੇ ਗੀਤ ਵੀ ਤਿਆਰ ਕਰਦੀਆਂ ਹਨ।

ਬਹੁਤੀਆਂ ਆਇਆਵਾਂ ਵਾਪਸ ਭਾਰਤ ਮੁੜ ਜਾਂਦੀਆਂ ਸਨ, ਪਰ ਥੋੜ੍ਹੀ ਜਿਹੀ ਗਿਣਤੀ ਵਿਚ ਕੁਝ ਅਜਿਹੀਆਂ ਵੀ ਸਨ ਜੋ ਇਸ ਮੁਲਕ ਵਿਚ ਸੈਟਲ ਹੋ ਗਈਆਂ ਸਨ। ਇਨ੍ਹਾਂ ਨੂੰ ਉਨੀਵੀਂ ਸਦੀ ਦੇ ਅਖੀਰ ਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਯੂਕੇ ਵਿਚ ਸੈਟਲ ਹੋਣ ਵਾਲੀਆਂ ਪਹਿਲੀਆਂ ਪਰਵਾਸੀ ਜਾਂ ਮਾਈਗਰੈਂਟ ਕਿਹਾ ਜਾ ਸਕਦਾ ਹੈ।
ਈਮੇਲ : harjeetatwal@hotmail.co.uk

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All