ਔਰਤਾਂ ਨੂੰ ਅੱਗੇ ਵਧਣ ਲਈ ਸਾਜ਼ਗਾਰ ਮਾਹੌਲ ਦੇਣ ਦਾ ਸੱਦਾ
ਐਡਮੰਟਨ: ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਅਮੀਰ ਪੰਜਾਬੀ ਵਿਰਾਸਤ ਨੂੰ ਸਮਰਪਿਤ ਸੱਤਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਬਰੈਪਟਨ ਵਿਖੇ ਕੀਤੀ ਗਈ। ਇਸ ਦਾ ਵਿਸ਼ਾ ‘ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦਾ ਅਕਸ’ ਸੀ। ਇਹ ਸਮਾਗਮ ਮਰਹੂਮ ਮਾਤਾ ਪ੍ਰੀਤਮ...
ਐਡਮੰਟਨ: ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਅਮੀਰ ਪੰਜਾਬੀ ਵਿਰਾਸਤ ਨੂੰ ਸਮਰਪਿਤ ਸੱਤਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਬਰੈਪਟਨ ਵਿਖੇ ਕੀਤੀ ਗਈ। ਇਸ ਦਾ ਵਿਸ਼ਾ ‘ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦਾ ਅਕਸ’ ਸੀ। ਇਹ ਸਮਾਗਮ ਮਰਹੂਮ ਮਾਤਾ ਪ੍ਰੀਤਮ ਕੌਰ ਨੂੰ ਸਮਰਪਿਤ ਸੀ। ਦੇਸ਼ਾਂ ਵਿਦੇਸ਼ਾਂ ਤੋਂ ਕਵੀ, ਲੇਖਕ, ਸਾਹਿਤਕਾਰ, ਚਿੰਤਕ, ਅਲੋਚਕ, ਗਾਇਕ, ਬੁੱਧੀਜੀਵੀ, ਵਿਦਵਾਨ ਅਤੇ ਸਾਹਿਤ ਪ੍ਰੇਮੀਆਂ ਨੇ ਇਸ ਵਿੱਚ ਭਾਗ ਲਿਆ।
ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਕਾਨਫਰੰਸ ਦਾ ਮਕਸਦ ਮਾਂ ਬੋਲੀ ਨੂੰ ਬਚਾਉਣਾ ਹੈ ਕਿਉਂਕਿ ਨੌਜਵਾਨ ਮਾਂ ਬੋਲੀ ਤੋਂ ਦੂਰ ਹੋ ਰਹੇ ਹਨ। ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਸ਼ੁਰੂਆਤ ਪਰਿਵਾਰ ਤੋਂ ਕਰੀਏ। ਡਾ. ਕਥੂਰੀਆ ਤੋਂ ਇਲਾਵਾ ਡਾ. ਆਤਮਜੀਤ, ਡਾ. ਵਰਿਆਮ ਸੰਧੂ, ਡਾ. ਸੁੱਚਾ ਸਿੰਘ, ਡਾ. ਕੰਵਲਜੀਤ ਕੌਰ ਗਿੱਲ, ਡਾ. ਵਰਿਆਮ ਸੰਧੂ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਕਾਨਫਰੰਸ ਵਿੱਚ ਤਿੰਨ ਦਿਨ ਹਰ ਰੋਜ਼ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਸਤੀਸ਼ ਗੁਲਾਟੀ, ਹਰਵਿੰਦਰ ਟਿਵਾਣਾ, ਦਲਬੀਰ ਸਿੰਘ ਰਿਆੜ, ਹਰਕੰਵਲਜੀਤ ਸਾਹਿਲ, ਦਰਸ਼ਨ ਸਿੰਘ ਅਣਜਾਣ, ਮਹਿੰਦਰ ਪ੍ਰਤਾਪ, ਹਰਪਾਲ ਸਿੰਘ ਨਾਗਰਾ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਮਹਿੰਦਰਪਾਲ, ਹੁਸਨੈਨ ਅਕਬਰ, ਲਵਲੀ ਸਲੂਜਾ, ਪ੍ਰਭਜੋਤ ਰਾਠੌਰ, ਪਰਮਜੀਤ ਦਿਓਲ, ਜਸਪਾਲ ਸਿੰਘ ਸਿੱਧੂ, ਸੁਖਜੀਤ ਸਿੰਘ ਕਪੂਰਥਲਾ ਆਦਿ ਸ਼ਾਮਲ ਹੋਏ।
ਇਸ ਮੌਕੇ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਵੀ ਆਪਣੇ ਵਿਚਾਰ ਰੱਖੇ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪੰਜਾਬ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਨੇ ਭਾਰਤ ਅਤੇ ਖ਼ਾਸ ਤੌਰ ’ਤੇ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਸਭਾ ਦੇ ਭਾਰਤ ਦੇ ਪ੍ਰਧਾਨ ਸਤਬੀਰ ਸਿੰਘ, ਮਾਲਵਾ ਜ਼ੋਨ ਦੇ ਪ੍ਰਧਾਨ ਰਾਜਵੀਰ ਸਿੰਘ ਭਲੂਰੀਆ, ਮੀਤ ਪ੍ਰਧਾਨ ਸੋਹਣ ਸਿੰਘ ਗੈਦੂ ਅਤੇ ਡਾ. ਰਮਨਦੀਪ ਸਿੰਘ ਬਟਾਲਾ ਵੱਲੋਂ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ’ਤੇ ਚਾਨਣਾ ਪਾਇਆ।
ਕਾਨਫਰੰਸ ਦੇ ਦੂਜੇ ਅਤੇ ਤੀਸਰੇ ਦਿਨ ਦੋ-ਦੋ ਨਾਟਕ ਖੇਡੇ ਗਏ। ਲਾਹੌਰ ਤੋਂ ਬਾਬਾ ਨਜਮੀ ਅਤੇ ਕਬੱਡੀ ਕਲੱਬ ਦੇ ਪ੍ਰਧਾਨ ਲਾਡਾ ਸਹੋਤਾ, ਸਾਂਝਾ ਡੇਰਾ ਪਾਕਿਸਤਾਨ ਲਾਹੌਰ ਤੋਂ ਚੌਧਰੀ ਹਿਮਾਯੂੰ ਭੱਟ, ਚੌਧਰੀ ਅਦੀਲ ਦਿਓ, ਚੌਧਰੀ ਸਾਬਾਰਟ ਅਲੀ ਤਾਹਿਰ, ਚੌਧਰੀ ਹੈਦਰ ਆਦਿ ਵਿਸ਼ੇਸ਼ ਤੌਰ ’ਤੇ ਆਏ।
ਇਸ ਮੌਕੇ ’ਤੇ ਹਾਜ਼ਰ ਲੇਖਕਾਂ ਨੇ ਵੱਖ-ਵੱਖ ਪੁਸਤਕਾਂ ਵੀ ਰਿਲੀਜ਼ ਕੀਤੀਆਂ ਜਿਸ ਵਿੱਚ ਡਾ. ਆਤਮਜੀਤ ਸਿੰਘ ਅਤੇ ਗੁਰਭਜਨ ਗਿੱਲ ਦੀ ਪੁਸਤਕ ‘ਪੰਜਾਬੀ ਬੋਲੀ ਰਮਜ਼ਾ ਰੁਕਾਵਟਾਂ ਅਤੇ ਰਾਹ’, ਗੁਰ ਜਤਿੰਦਰ ਸਿੰਘ ਰੰਧਾਵਾ, ਸੁਰਜੀਤ ਕੌਰ ਧਾਲੀਵਾਲ ਅਤੇ ਜਰਨੈਲ ਸਿੰਘ ਆਰਟਿਸਟ ਆਦਿ ਦੀਆਂ ਪੁਸਤਕਾਂ ਸ਼ਾਮਲ ਸਨ। ਤਿੰਨ ਦਿਨ ਦੇ ਸਮਾਗਮ ਵਿੱਚ ਮੰਚ ਸੰਚਾਲਨ ਦੀ ਸੇਵਾ ਦਰਸ਼ਨਦੀਪ ਅਰੋੜਾ, ਤਾਹਿਰਾ ਸਰਾਂ, ਜਗੀਰ ਸਿੰਘ ਕਾਹਲੋਂ, ਸੁਰਜੀਤ ਕੌਰ, ਪਰਮਜੀਤ ਦਿਓਲ, ਮਨਪ੍ਰੀਤ ਸਹੋਤਾ, ਅਮਰਦੀਪ ਸਿੰਘ ਬਿੰਦਰਾ ਅਤੇ ਮੀਤਾ ਖੰਨਾ ਨੇ ਬਾਖੂਬੀ ਨਿਭਾਈ।
ਇਸ ਮੌਕੇ ’ਤੇ ਵਿਸ਼ਵ ਪੰਜਾਬੀ ਭਵਨ ਦੇ ਪ੍ਰਵੇਸ਼ ਦੁਆਰ ’ਤੇ ਸਤੀਸ਼ ਗੁਲਾਟੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਦੇ ਅਖੀਰ ਵਿੱਚ ਡਾ. ਆਤਮਜੀਤ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਰਾਬਰ ਕੰਮਾਂ ਵਾਸਤੇ ਮਰਦ ਤੇ ਔਰਤ ਦੀ ਉਜਰਤ ਬਰਾਬਰ ਹੋਵੇ। ਪੰਜਾਬੀ ਭਾਈਚਾਰਾ ਇਸ ਬਾਰੇ ਜ਼ਿਆਦਾ ਸੁਚੇਤ ਹੋਵੇ। ਪੰਜਾਬ ਦੇ ਸਰਕਾਰੀ ਸਕੂਲ ਵਿੱਚ ਸਪੋਰਟਸ ਦਾ ਲਾਜ਼ਮੀ ਵਿਸ਼ਾ ਬਣਾ ਕੇ ਮਾਰਸ਼ਲ ਆਰਟਸ ਨੂੰ ਇੱਕ ਬਦਲ ਵਜੋਂ ਲਾਗੂ ਕੀਤਾ ਜਾਏ। ਸਾਰੀਆਂ ਸਰਕਾਰਾਂ ਦੇ ਮੰਤਰੀ ਮੰਡਲਾਂ ਵਿੱਚ ਔਰਤ ਦਾ ਇੱਕ ਤਿਹਾਈ ਹਿੱਸਾ ਸੁਨਿਸ਼ਚਿਤ ਕੀਤਾ ਜਾਵੇ। ਇਸ ਤੋਂ ਬਾਅਦ ਹਾਜ਼ਰ ਸਾਹਿਤਕਾਰਾਂ ਨੂੰ ਗੁਰਮੁਖੀ ਅੰਕਿਤ ਸ਼ਾਲ, ਮੈਡਲ, ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਪਰਕ: 98156-25409

