ਇਤਿਹਾਸਕ ਸ਼ਾਨ ਅਤੇ ਵਿਰਾਸਤ ਦਾ ਪ੍ਰਤੀਕ ਕੈਬੋਟ ਟਾਵਰ
ਇੰਗਲੈਂਡ ਦੇ ਇਤਿਹਾਸਕ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਬ੍ਰਿਸਟਲ ਆਪਣੀਆਂ ਪ੍ਰਾਚੀਨ ਇਮਾਰਤਾਂ, ਸਮੁੰਦਰੀ ਇਤਿਹਾਸ, ਪੁਰਾਤਨ ਗਲੀਆਂ ਅਤੇ ਖੂਬਸੂਰਤ ਬਾਗ਼ਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਸ਼ਹਿਰ ਸਿਰਫ਼ ਇੰਗਲੈਂਡ ਹੀ ਨਹੀਂ, ਸਗੋਂ ਯੂਰਪ ਦੇ ਮਹੱਤਵਪੂਰਨ ਇਤਿਹਾਸਕ ਸ਼ਹਿਰਾਂ ਵਿੱਚ ਵੀ ਗਿਣਿਆ ਜਾਂਦਾ...
ਇੰਗਲੈਂਡ ਦੇ ਇਤਿਹਾਸਕ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਬ੍ਰਿਸਟਲ ਆਪਣੀਆਂ ਪ੍ਰਾਚੀਨ ਇਮਾਰਤਾਂ, ਸਮੁੰਦਰੀ ਇਤਿਹਾਸ, ਪੁਰਾਤਨ ਗਲੀਆਂ ਅਤੇ ਖੂਬਸੂਰਤ ਬਾਗ਼ਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਸ਼ਹਿਰ ਸਿਰਫ਼ ਇੰਗਲੈਂਡ ਹੀ ਨਹੀਂ, ਸਗੋਂ ਯੂਰਪ ਦੇ ਮਹੱਤਵਪੂਰਨ ਇਤਿਹਾਸਕ ਸ਼ਹਿਰਾਂ ਵਿੱਚ ਵੀ ਗਿਣਿਆ ਜਾਂਦਾ ਹੈ। ਇਸ ਸ਼ਹਿਰ ਦੀਆਂ ਸਭ ਤੋਂ ਪ੍ਰਸਿੱਧ ਇਤਿਹਾਸਕ ਨਿਸ਼ਾਨੀਆਂ ਵਿੱਚੋਂ ਇੱਕ ਕੈਬੋਟ ਟਾਵਰ ਹੈ ਜੋ ਬ੍ਰਿਸਟਲ ਦੀ ਪਛਾਣ ਬਣ ਚੁੱਕਾ ਹੈ।
ਕੈਬੋਟ ਟਾਵਰ ਬ੍ਰਿਸਟਲ ਦੇ ਕੇਂਦਰ ਦੇ ਨੇੜੇ ਬ੍ਰੈਂਡਨ ਹਿਲ ਨਾਮਕ ਪਹਾੜੀ ’ਤੇ ਸਥਿਤ ਹੈ। ਹਰੇ-ਭਰੇ ਦਰੱਖਤਾਂ, ਫੁੱਲਾਂ ਦੇ ਬਾਗ਼ਾਂ ਅਤੇ ਕੁਦਰਤੀ ਸੁੰਦਰਤਾ ਨਾਲ ਘਿਰਿਆ ਇਹ ਸਥਾਨ ਸਿਰਫ਼ ਇੱਕ ਇਤਿਹਾਸਕ ਇਮਾਰਤ ਹੀ ਨਹੀਂ, ਸਗੋਂ ਬ੍ਰਿਸਟਲ ਦੇ ਸੱਭਿਆਚਾਰਕ ਅਤੇ ਸੈਰ-ਸਪਾਟਾ ਜੀਵਨ ਦਾ ਇੱਕ ਮਹੱਤਵਪੂਰਨ ਕੇਂਦਰ ਵੀ ਹੈ। ਹਰ ਸਾਲ ਹਜ਼ਾਰਾਂ ਸੈਲਾਨੀ ਇਸ ਟਾਵਰ ਨੂੰ ਵੇਖਣ ਲਈ ਆਉਂਦੇ ਹਨ।
ਬ੍ਰਿਸਟਲ ਇੰਗਲੈਂਡ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹੀ ਸ਼ਹਿਰਾਂ ਵਿੱਚੋਂ ਇੱਕ ਰਿਹਾ ਹੈ। ਮੱਧਯੁੱਗ ਦੇ ਸਮੇਂ ਇਹ ਸ਼ਹਿਰ ਵਪਾਰ, ਜਹਾਜ਼ਰਾਨੀ ਅਤੇ ਸਮੁੰਦਰੀ ਯਾਤਰਾਵਾਂ ਦਾ ਇੱਕ ਵੱਡਾ ਕੇਂਦਰ ਸੀ। ਇੱਥੋਂ ਯੂਰਪ ਦੇ ਕਈ ਦੇਸ਼ਾਂ ਨਾਲ ਵਪਾਰ ਹੁੰਦਾ ਸੀ। 15ਵੀਂ ਅਤੇ 16ਵੀਂ ਸਦੀ ਦੌਰਾਨ ਬ੍ਰਿਸਟਲ ਤੋਂ ਕਈ ਮਹਾਨ ਸਮੁੰਦਰੀ ਯਾਤਰਾਵਾਂ ਸ਼ੁਰੂ ਹੋਈਆਂ। ਉਸ ਸਮੇਂ ਸਮੁੰਦਰੀ ਯਾਤਰਾ ਬਹੁਤ ਖ਼ਤਰਨਾਕ ਮੰਨੀ ਜਾਂਦੀ ਸੀ, ਪਰ ਫਿਰ ਵੀ ਖੋਜੀ ਨਵੇਂ ਦੇਸ਼ਾਂ ਅਤੇ ਭੂਭਾਗਾਂ ਦੀ ਖੋਜ ਲਈ ਸਮੁੰਦਰਾਂ ਵਿੱਚ ਦੂਰ ਤੱਕ ਜਾਂਦੇ ਸਨ। ਬ੍ਰਿਸਟਲ ਦੇ ਜਹਾਜ਼ ਅਟਲਾਂਟਿਕ ਮਹਾਸਾਗਰ ਰਾਹੀਂ ਨਵੀਆਂ ਧਰਤੀਆਂ ਦੀ ਖੋਜ ਲਈ ਜਾਂਦੇ ਰਹੇ। ਇਸ ਕਾਰਨ ਬ੍ਰਿਸਟਲ ਨੂੰ ਖੋਜ ਅਤੇ ਸਮੁੰਦਰੀ ਇਤਿਹਾਸ ਦਾ ਇੱਕ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਹੈ।
ਜੌਨ ਕੈਬੋਟ ਇੱਕ ਮਹਾਨ ਸਮੁੰਦਰੀ ਖੋਜੀ ਸੀ। ਉਸ ਦਾ ਅਸਲੀ ਨਾਮ ਜਿਓਵਾਨੀ ਕੈਬੋਟ ਸੀ ਅਤੇ ਉਹ ਇਟਲੀ ਦੇ ਵੇਨਿਸ ਸ਼ਹਿਰ ਨਾਲ ਸਬੰਧਿਤ ਸੀ। ਉਹ ਇੱਕ ਮਾਹਿਰ ਸਮੁੰਦਰੀ ਯਾਤਰੀ, ਨਕਸ਼ਾ ਵਿਦਵਾਨ ਅਤੇ ਖੋਜੀ ਸੀ। 1497 ਵਿੱਚ ਜੌਨ ਕੈਬੋਟ ਨੇ ਇੰਗਲੈਂਡ ਦੇ ਰਾਜਾ ਹੈਨਰੀ ਸੱਤਵੇਂ ਦੀ ਮਦਦ ਨਾਲ ਇੱਕ ਸਮੁੰਦਰੀ ਯਾਤਰਾ ਸ਼ੁਰੂ ਕੀਤੀ। ਉਸ ਦੀ ਯਾਤਰਾ ਬ੍ਰਿਸਟਲ ਦੇ ਬੰਦਰਗਾਹ ਤੋਂ ਸ਼ੁਰੂ ਹੋਈ ਅਤੇ ਉਹ ਅਟਲਾਂਟਿਕ ਮਹਾਸਾਗਰ ਪਾਰ ਕਰਕੇ ਉੱਤਰੀ ਅਮਰੀਕਾ ਦੇ ਤਟਾਂ ਤੱਕ ਪਹੁੰਚ ਗਿਆ। ਇਹ ਯਾਤਰਾ ਉਸ ਸਮੇਂ ਲਈ ਬਹੁਤ ਵੱਡੀ ਉਪਲੱਬਧੀ ਸੀ ਕਿਉਂਕਿ ਉਸ ਸਮੇਂ ਨਾ ਤਾਂ ਆਧੁਨਿਕ ਜਹਾਜ਼ ਸਨ ਅਤੇ ਨਾ ਹੀ ਆਧੁਨਿਕ ਨਕਸ਼ੇ।
ਕੈਬੋਟ ਦੀ ਇਸ ਯਾਤਰਾ ਨੇ ਬਾਅਦ ਵਿੱਚ ਅੰਗਰੇਜ਼ੀ ਖੋਜ ਅਤੇ ਵਸੇਬੇ ਲਈ ਇੱਕ ਨਵਾਂ ਦਰਵਾਜ਼ਾ ਖੋਲ੍ਹ ਦਿੱਤਾ। ਇਸੇ ਕਾਰਨ ਬ੍ਰਿਸਟਲ ਦੇ ਲੋਕਾਂ ਨੇ ਉਸ ਦੀ ਯਾਦ ਨੂੰ ਅਮਰ ਕਰਨ ਲਈ ਇੱਕ ਸ਼ਾਨਦਾਰ ਯਾਦਗਾਰ ਬਣਾਉਣ ਦਾ ਫ਼ੈਸਲਾ ਕੀਤਾ, ਜਿਸ ਨੂੰ ਅੱਜ ਅਸੀਂ ਕੈਬੋਟ ਟਾਵਰ ਦੇ ਨਾਮ ਨਾਲ ਜਾਣਦੇ ਹਾਂ। ਕੈਬੋਟ ਟਾਵਰ ਦਾ ਨਿਰਮਾਣ 1897 ਵਿੱਚ ਕੀਤਾ ਗਿਆ ਸੀ। ਇਹ ਸਮਾਂ ਜੌਨ ਕੈਬੋਟ ਦੀ ਇਤਿਹਾਸਕ ਯਾਤਰਾ ਦੀ 400ਵੀਂ ਵਰ੍ਹੇਗੰਢ ਦਾ ਸੀ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਬ੍ਰਿਸਟਲ ਦੇ ਨਗਰ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਇਸ ਟਾਵਰ ਦੀ ਯੋਜਨਾ ਤਿਆਰ ਕੀਤੀ।
ਇਸ ਟਾਵਰ ਦਾ ਡਿਜ਼ਾਈਨ ਮਸ਼ਹੂਰ ਵਾਸਤੂਕਾਰ ਵਿਲੀਅਮ ਵੈਨ ਗਾਫ਼ ਨੇ ਤਿਆਰ ਕੀਤਾ ਸੀ। ਉਸ ਨੇ ਇਸ ਟਾਵਰ ਨੂੰ ਗੋਥਿਕ ਅਤੇ ਨਵ-ਗੋਥਿਕ ਸ਼ੈਲੀ ਵਿੱਚ ਡਿਜ਼ਾਈਨ ਕੀਤਾ। ਇਸ ਦੀ ਬਣਾਵਟ ਵਿੱਚ ਲਾਲ ਰੇਤਲਾ ਪੱਥਰ ਅਤੇ ਚੂਨਾ ਪੱਥਰ ਵਰਤਿਆ ਗਿਆ ਹੈ। ਇਹ ਟਾਵਰ ਲਗਭਗ 105 ਫੁੱਟ (ਕਰੀਬ 32 ਮੀਟਰ) ਉੱਚਾ ਹੈ। ਇਸ ਦੇ ਅੰਦਰ ਇੱਕ ਘੁੰਮਾਅਦਾਰ ਪੌੜੀ ਬਣਾਈ ਗਈ ਹੈ, ਜਿਸ ਰਾਹੀਂ ਸੈਲਾਨੀ ਟਾਵਰ ਦੀ ਚੋਟੀ ਤੱਕ ਪਹੁੰਚ ਸਕਦੇ ਹਨ।
ਬ੍ਰੈਂਡਨ ਹਿਲ ਬ੍ਰਿਸਟਲ ਦਾ ਸਭ ਤੋਂ ਪੁਰਾਣਾ ਜਨਤਕ ਬਾਗ਼ ਮੰਨਿਆ ਜਾਂਦਾ ਹੈ। ਇਹ ਪਹਾੜੀ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ। ਇੱਥੇ ਸੰਘਣੇ ਦਰੱਖਤ, ਖੂਬਸੂਰਤ ਬਾਗ਼, ਸੈਰ ਕਰਨ ਲਈ ਸੁੰਦਰ ਰਸਤੇ ਅਤੇ ਸ਼ਾਂਤ ਵਾਤਾਵਰਨ ਮਿਲਦਾ ਹੈ। ਇੱਥੇ ਕਈ ਕਿਸਮਾਂ ਦੇ ਪੰਛੀ, ਤਿਤਲੀਆਂ ਅਤੇ ਹੋਰ ਜੀਵ-ਜੰਤੂ ਵੀ ਮਿਲਦੇ ਹਨ। ਕੁਦਰਤ ਪ੍ਰੇਮੀਆਂ ਲਈ ਇਹ ਸਥਾਨ ਬਹੁਤ ਹੀ ਸੁੰਦਰ ਲੱਗਦਾ ਹੈ। ਇਸ ਪਹਾੜੀ ਤੋਂ ਪੂਰੇ ਬ੍ਰਿਸਟਲ ਸ਼ਹਿਰ ਦਾ ਮਨਮੋਹਕ ਦ੍ਰਿਸ਼ ਦਿਖਾਈ ਦਿੰਦਾ ਹੈ। ਖ਼ਾਸ ਕਰਕੇ ਸੂਰਜ ਚੜ੍ਹਦੇ ਅਤੇ ਸੂਰਜ ਡੁੱਬਦੇ ਸਮੇਂ ਇਹ ਸਥਾਨ ਬਹੁਤ ਹੀ ਸੁੰਦਰ ਲੱਗਦਾ ਹੈ।
ਕੈਬੋਟ ਟਾਵਰ ਦੀ ਵਾਸਤੂਕਲਾ ਗੋਥਿਕ ਸ਼ੈਲੀ ਦੀ ਹੈ। ਇਸ ਦੀਆਂ ਉੱਚੀਆਂ ਖਿੜਕੀਆਂ, ਪੱਥਰ ਦੀ ਨੱਕਾਸ਼ੀ, ਗੁੰਬਦ ਨੁਮਾ ਬਣਾਵਟ ਅਤੇ ਮਜ਼ਬੂਤ ਕੰਧਾਂ ਇਸ ਨੂੰ ਇੱਕ ਕਿਲ੍ਹੇ ਵਰਗਾ ਰੂਪ ਦਿੰਦੀਆਂ ਹਨ। ਟਾਵਰ ਦੇ ਅੰਦਰ ਘੁੰਮਾਅਦਾਰ ਪੌੜੀਆਂ ਹਨ, ਜਿਸ ਵਿੱਚ ਲਗਭਗ 109 ਪੌਡੇ ਹਨ। ਜਦੋਂ ਸੈਲਾਨੀ ਇਨ੍ਹਾਂ ਪੌੜੀਆਂ ਰਾਹੀਂ ਉੱਪਰ ਚੜ੍ਹਦੇ ਹਨ ਤਾਂ ਉਨ੍ਹਾਂ ਨੂੰ ਟਾਵਰ ਦੇ ਅੰਦਰ ਦੀ ਠੰਢੀ ਅਤੇ ਸ਼ਾਂਤ ਹਵਾ ਦਾ ਅਨੁਭਵ ਹੁੰਦਾ ਹੈ।
ਚੋਟੀ ’ਤੇ ਪਹੁੰਚ ਕੇ ਸੈਲਾਨੀਆਂ ਨੂੰ ਬ੍ਰਿਸਟਲ ਸ਼ਹਿਰ, ਏਵਨ ਦਰਿਆ ਅਤੇ ਦੂਰ ਤੱਕ ਫੈਲੇ ਇਲਾਕਿਆਂ ਦੇ ਸੁੰਦਰ ਦ੍ਰਿਸ਼ ਦਿਖਾਈ ਦਿੰਦੇ ਹਨ। ਅੱਜ ਕੈਬੋਟ ਟਾਵਰ ਬ੍ਰਿਸਟਲ ਦੇ ਸਭ ਤੋਂ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਹਰ ਸਾਲ ਹਜ਼ਾਰਾਂ ਸੈਲਾਨੀ ਇੱਥੇ ਆਉਂਦੇ ਹਨ। ਸੈਲਾਨੀ ਟਾਵਰ ਦੀ ਚੋਟੀ ’ਤੇ ਚੜ੍ਹ ਕੇ ਸ਼ਹਿਰ ਦੇ ਮਨਮੋਹਕ ਦ੍ਰਿਸ਼ਾਂ ਦਾ ਆਨੰਦ ਲੈਂਦੇ ਹਨ ਅਤੇ ਬ੍ਰੈਂਡਨ ਹਿਲ ਬਾਗ਼ ਵਿੱਚ ਸੈਰ ਵੀ ਕਰਦੇ ਹਨ।
ਇੱਥੇ ਆਉਣ ਵਾਲੇ ਸੈਲਾਨੀਆਂ ਵਿੱਚ ਪਰਿਵਾਰ, ਵਿਦਿਆਰਥੀ, ਇਤਿਹਾਸ ਦੇ ਸ਼ੌਕੀਨ ਅਤੇ ਫੋਟੋਗ੍ਰਾਫਰ ਸ਼ਾਮਲ ਹੁੰਦੇ ਹਨ। ਫੋਟੋਗ੍ਰਾਫੀ ਲਈ ਇਹ ਸਥਾਨ ਬਹੁਤ ਹੀ ਮਸ਼ਹੂਰ ਹੈ। ਬ੍ਰਿਸਟਲ ਦੀ ਸਥਾਨਕ ਸਰਕਾਰ ਅਤੇ ਵਿਰਾਸਤ ਸੰਸਥਾਵਾਂ ਵੱਲੋਂ ਕੈਬੋਟ ਟਾਵਰ ਦੀ ਸੰਭਾਲ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ। ਸਮੇਂ-ਸਮੇਂ ’ਤੇ ਇਸ ਦੀ ਮੁਰੰਮਤ ਅਤੇ ਸਾਂਭ ਸੰਭਾਲ ਦਾ ਕੰਮ ਕੀਤਾ ਜਾਂਦਾ ਹੈ ਤਾਂ ਜੋ ਇਹ ਇਤਿਹਾਸਕ ਇਮਾਰਤ ਭਵਿੱਖੀ ਪੀੜ੍ਹੀਆਂ ਲਈ ਸੁਰੱਖਿਅਤ ਰਹੇ। ਇਸ ਦੇ ਨਾਲ ਹੀ ਬ੍ਰੈਂਡਨ ਹਿਲ ਬਾਗ਼ ਦੀ ਵੀ ਸੰਭਾਲ ਕੀਤੀ ਜਾਂਦੀ ਹੈ ਤਾਂ ਜੋ ਕੁਦਰਤੀ ਵਾਤਾਵਰਨ ਨੂੰ ਬਚਾਇਆ ਜਾ ਸਕੇ।
ਕੈਬੋਟ ਟਾਵਰ ਬ੍ਰਿਸਟਲ ਸ਼ਹਿਰ ਦੀ ਇੱਕ ਅਦਭੁੱਤ ਇਤਿਹਾਸਕ ਵਿਰਾਸਤ ਹੈ। ਇਹ ਟਾਵਰ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਸਮੁੰਦਰੀ ਖੋਜ, ਇਤਿਹਾਸ, ਵਾਸਤੂਕਲਾ ਅਤੇ ਸੱਭਿਆਚਾਰ ਦਾ ਪ੍ਰਤੀਕ ਹੈ। ਇਹ ਟਾਵਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਨੁੱਖੀ ਜਗਿਆਸਾ ਅਤੇ ਹਿੰਮਤ ਕਿਵੇਂ ਨਵੇਂ ਭੂਭਾਗਾਂ ਦੀ ਖੋਜ ਕਰ ਸਕਦੀ ਹੈ।
ਬ੍ਰੈਂਡਨ ਹਿਲ ਦੀ ਕੁਦਰਤੀ ਸੁੰਦਰਤਾ ਅਤੇ ਕੈਬੋਟ ਟਾਵਰ ਦੀ ਸ਼ਾਨਦਾਰ ਬਣਾਵਟ ਮਿਲ ਕੇ ਇਸ ਸਥਾਨ ਨੂੰ ਵਿਲੱਖਣ ਬਣਾਉਂਦੇ ਹਨ। ਅੱਜ ਵੀ ਜਦੋਂ ਕੋਈ ਸੈਲਾਨੀ ਇਸ ਟਾਵਰ ਦੀ ਚੋਟੀ ’ਤੇ ਖੜ੍ਹ ਕੇ ਬ੍ਰਿਸਟਲ ਸ਼ਹਿਰ ਨੂੰ ਵੇਖਦਾ ਹੈ ਤਾਂ ਉਸ ਨੂੰ ਇਤਿਹਾਸ, ਖੋਜ ਅਤੇ ਮਨੁੱਖੀ ਉਪਲੱਬਧੀਆਂ ਦੀ ਮਹਾਨ ਕਹਾਣੀ ਮਹਿਸੂਸ ਹੁੰਦੀ ਹੈ। ਕੈਬੋਟ ਟਾਵਰ ਬ੍ਰਿਸਟਲ ਦੀ ਪਛਾਣ ਅਤੇ ਇਤਿਹਾਸਕ ਮਾਣ ਦਾ ਅਮਰ ਪ੍ਰਤੀਕ ਹੈ।
ਈਮੇਲ: skmeet707@gmail.com

