DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਤਰ ਸਿਮਰਤੀ ਸਮਾਰੋਹ ਵਿੱਚ ਭਰਾ ਉਪਕਾਰ ਸਿੰਘ ਨੇ ਹਾਜ਼ਰੀ ਭਰੀ

ਬ੍ਰਿਸਬੇਨ: ਅਦਬੀ ਸੰਸਥਾ ਇਪਸਾ ਵੱਲੋਂ ਆਪਣੇ ਦਸਵੇਂ ਸਾਲ ਦੀ ਵਰ੍ਹੇਗੰਢ ਦੇ ਮੌਕੇ ਮਾਰਚ ਮਹੀਨੇ ਦਾ ਸਾਹਿਤਕ ਸਮਾਗਮ ਮਰਹੂਮ ਸ਼ਾਇਰ ਡਾ. ਸੁਰਜੀਤ ਪਾਤਰ ਦੀ ਸਿਮਰਤੀ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਵਿੱਚ ਉਨ੍ਹਾਂ ਦੇ ਛੋਟੇ ਭਰਾ ਉਪਕਾਰ ਸਿੰਘ ਪਾਤਰ ਨੇ ਕੈਨੇਡਾ ਤੋਂ...

  • fb
  • twitter
  • whatsapp
  • whatsapp
Advertisement

ਬ੍ਰਿਸਬੇਨ: ਅਦਬੀ ਸੰਸਥਾ ਇਪਸਾ ਵੱਲੋਂ ਆਪਣੇ ਦਸਵੇਂ ਸਾਲ ਦੀ ਵਰ੍ਹੇਗੰਢ ਦੇ ਮੌਕੇ ਮਾਰਚ ਮਹੀਨੇ ਦਾ ਸਾਹਿਤਕ ਸਮਾਗਮ ਮਰਹੂਮ ਸ਼ਾਇਰ ਡਾ. ਸੁਰਜੀਤ ਪਾਤਰ ਦੀ ਸਿਮਰਤੀ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਵਿੱਚ ਉਨ੍ਹਾਂ ਦੇ ਛੋਟੇ ਭਰਾ ਉਪਕਾਰ ਸਿੰਘ ਪਾਤਰ ਨੇ ਕੈਨੇਡਾ ਤੋਂ ਖ਼ਾਸ ਤੌਰ ’ਤੇ ਪਹੁੰਚ ਕੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਡਾ. ਸੁਰਜੀਤ ਪਾਤਰ ਦਾ ਸਪੁੱਤਰ ਅੰਕੁਰ ਪਾਤਰ ਵੀ ਹਾਜ਼ਰ ਸੀ। ਇਸ ਮੌਕੇ ਕਈ ਨਾਮਵਰ ਸਾਹਿਤਕ ਅਤੇ ਸਮਾਜਿਕ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਵਧਾਈ।

ਸਮਾਗਮ ਦੌਰਾਨ ਡਾ. ਸੁਰਜੀਤ ਪਾਤਰ ਦੀ ਕਵਿਤਾ ਅਤੇ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੇ ਗਾਇਨ ਰਾਹੀਂ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਇਪਸਾ ਗਰੁੱਪ ਦੇ ਜਾਇੰਟ ਕੋਆਰਡੀਨੇਟਰ ਸਰਬਜੀਤ ਸੋਹੀ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਕੀਤੀ। ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਪੁਸ਼ਪਿੰਦਰ ਤੂਰ ਨੇ ਅੰਤਰਰਾਸ਼ਟਰੀ ਔਰਤ ਦਿਵਸ ਦੇ ਸੰਦਰਭ ਵਿੱਚ ਔਰਤਾਂ ਦੇ ਹੱਕਾਂ ਅਤੇ ਸਮਾਜ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਰੀਤਿਕਾ ਅਹੀਰ ਨੇ ਵੀ ਔਰਤ ਦਿਵਸ ਬਾਰੇ ਗੱਲ ਕਰਦਿਆਂ ਕਿਹਾ ਕਿ ਆਧੁਨਿਕ ਸਮਾਜ ਵਿੱਚ ਔਰਤਾਂ ਦਾ ਸੰਘਰਸ਼ ਸਿਰਫ਼ ਸਮਾਜਿਕ ਹੀ ਨਹੀਂ, ਸਗੋਂ ਕਾਨੂੰਨੀ ਪੱਧਰ ’ਤੇ ਵੀ ਜਾਰੀ ਹੈ।

Advertisement

ਸ਼ਾਇਰ ਰੁਪਿੰਦਰ ਸੋਜ ਨੇ ਆਪਣੀ ਕਵਿਤਾ ਰਾਹੀਂ ਹਾਜ਼ਰੀ ਲਗਵਾਈ, ਜਦਕਿ ਤੇਜੀ ਭੰਗੂ ਨੇ ਆਪਣੇ ਗੀਤ ਨਾਲ ਸਮਾਗਮ ਨੂੰ ਰੰਗੀਨ ਬਣਾਇਆ। ਲੋਕ-ਧਾਰਾ ਨਾਲ ਜੁੜੀ ਲੇਖਿਕਾ ਗੁਰਮੀਤ ਕੌਰ ਸੰਧਾ ਨੇ ਵੀ ਆਪਣੀ ਕਵਿਤਾ ਪੇਸ਼ ਕਰਕੇ ਸਰੋਤਿਆਂ ਤੋਂ ਖੂਬ ਦਾਦ ਹਾਸਲ ਕੀਤੀ। ਸੁਖਨੈਬ ਭਦੌੜ ਨੇ ਡਾ. ਸੁਰਜੀਤ ਪਾਤਰ ਦੀ ਇੱਕ ਮਸ਼ਹੂਰ ਗ਼ਜ਼ਲ ਗਾ ਕੇ ਉਨ੍ਹਾਂ ਨੂੰ ਸੰਗੀਤਮਈ ਸ਼ਰਧਾਂਜਲੀ ਭੇਟ ਕੀਤੀ। ਪ੍ਰੀਤ ਸਰਗਮ ਨੇ ਆਪਣੇ ਸੁਰੀਲੇ ਅੰਦਾਜ਼ ਨਾਲ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਸਰਬਜੀਤ ਸੋਹੀ ਵੱਲੋਂ ਲੇਖਕ ਨਿਰਮਲ ਦਿਓਲ ਦੀ ਨਵੀਂ ਪ੍ਰਕਾਸ਼ਿਤ ਪੁਸਤਕ ਬਾਰੇ ਚਾਨਣਾ ਪਾਇਆ ਗਿਆ ਅਤੇ ਉਸ ਦੀ ਸਾਹਿਤਕ ਮਹੱਤਤਾ ਬਾਰੇ ਵੀ ਗੱਲ ਕੀਤੀ ਗਈ। ਉਪਕਾਰ ਸਿੰਘ ਪਾਤਰ ਨੇ ਆਪਣੇ ਭਰਾ ਡਾ. ਸੁਰਜੀਤ ਪਾਤਰ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਇੱਕ ਗ਼ਜ਼ਲ ਵੀ ਗਾਈ, ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਜਸਕਰਨ ਸ਼ੀਂਹ ਵੱਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ।

Advertisement

ਸਮਾਗਮ ਦੇ ਅੰਤ ਵਿੱਚ ਸਨਮਾਨ ਦੀਆਂ ਰਸਮਾਂ ਨਿਭਾਈਆਂ ਗਈਆਂ। ਇਪਸਾ ਵੱਲੋਂ ਲੋਕ ਗਾਇਕ ਸੁਖਨੈਬ ਸਿੰਘ ਅਤੇ ਨਾਮਵਰ ਸੰਗੀਤਕਾਰ ਬਲਰਾਜ ਸਿੰਘ ਨੂੰ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਉਪਕਾਰ ਸਿੰਘ ਹੁਰਾਂ ਨੂੰ ਗ਼ਜ਼ਲ ਅਤੇ ਗੁਰਮਤਿ ਗਾਇਨ ਲਈ ਜੀਵਨ ਭਰ ਦੇ ਯੋਗਦਾਨ ਅਤੇ ਪ੍ਰਾਪਤੀਆਂ ਲਈ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਅਮਰ ਸਿੰਘ ਆਰਟਿਸਟ, ਬਿਕਰਮਜੀਤ ਸਿੰਘ ਚੰਦੀ, ਪਾਲ ਰਾਊਕੇ, ਜੁਗਿੰਦਰ ਸਿੰਘ ਖੱਟੜਾ, ਅੰਕੁਰ ਪਾਤਰ, ਗੁਰਵਿੰਦਰ ਸਿੰਘ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਅਤੇ ਨਾਮਵਰ ਚਿਹਰੇ ਮੌਜੂਦ ਸਨ।

Advertisement
×