DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਲਦੇਵ ਸੀਹਰਾ ਅਤੇ ਜਸਬੀਰ ਚਾਹਲ ਦੀਆਂ ਪੁਸਤਕਾਂ ਲੋਕ ਅਰਪਿਤ

ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਗਿਲਫੋਰਡ ਲਾਇਬ੍ਰੇਰੀ ਸਰੀ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਾਇਰ ਬਲਦੇਵ ਸੀਹਰਾ ਦਾ ਗ਼ਜ਼ਲ ਸੰਗ੍ਰਹਿ ‘ਗੁਜਾਰਿਸ਼’ ਅਤੇ ਜਸਬੀਰ ਚਾਹਲ (ਕੈਲਗਰੀ) ਦਾ ਗ਼ਜ਼ਲ ਸੰਗ੍ਰਹਿ ‘ਤਨਹਾਈਓਂ ਕੇ ਘੇਰੇ’ ਲੋਕ ਅਰਪਿਤ ਕੀਤੇ...

  • fb
  • twitter
  • whatsapp
  • whatsapp
Advertisement

ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਗਿਲਫੋਰਡ ਲਾਇਬ੍ਰੇਰੀ ਸਰੀ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਾਇਰ ਬਲਦੇਵ ਸੀਹਰਾ ਦਾ ਗ਼ਜ਼ਲ ਸੰਗ੍ਰਹਿ ‘ਗੁਜਾਰਿਸ਼’ ਅਤੇ ਜਸਬੀਰ ਚਾਹਲ (ਕੈਲਗਰੀ) ਦਾ ਗ਼ਜ਼ਲ ਸੰਗ੍ਰਹਿ ‘ਤਨਹਾਈਓਂ ਕੇ ਘੇਰੇ’ ਲੋਕ ਅਰਪਿਤ ਕੀਤੇ ਗਏ। ਸਮਾਗਮ ਦੀ ਪ੍ਰਧਾਨਗੀ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਸ਼ਾਇਰ ਬਲਦੇਵ ਸੀਹਰਾ, ਸ਼ਾਇਰ ਜਸਬੀਰ ਚਾਹਲ, ਦਵਿੰਦਰ ਗੌਤਮ ਅਤੇ ਪਾਕਿਸਤਾਨ ਤੋਂ ਆਏ ਵਿਸ਼ੇਸ਼ ਮਹਿਮਾਨ ਡਾ. ਖੋਲਾ ਚੀਮਾ ਨੇ ਸਾਂਝੇ ਤੌਰ ’ਤੇ ਕੀਤੀ।

ਸਮਾਗਮ ਦੀ ਸ਼ੁਰੂਆਤ ਅਭਿਸ਼ੇਕ ਵੱਲੋਂ ਆਪਣੀ ਸੁਹਜਮਈ ਆਵਾਜ਼ ਵਿੱਚ ਦੋਨਾਂ ਸ਼ਾਇਰਾਂ ਦੀਆਂ ਚੋਣਵੀਆਂ ਗ਼ਜ਼ਲਾਂ ਦੀ ਪੇਸ਼ਕਾਰੀ ਨਾਲ ਹੋਈ। ਉਪਰੰਤ ਸ਼ਾਇਰ ਇੰਦਰਜੀਤ ਧਾਮੀ ਵੱਲੋਂ ਬਲਦੇਵ ਸੀਹਰਾ ਦੇ ਗ਼ਜ਼ਲ ਸੰਗ੍ਰਹਿ ‘ਗੁਜਾਰਿਸ਼’ ਉੱਪਰ ਆਪਣਾ ਖੋਜ ਭਰਪੂਰ ਪਰਚਾ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸੀਹਰਾ ਦੀ ਸ਼ਾਇਰੀ ਵਿੱਚ ਇਸ਼ਕ ਅਤੇ ਮੁਹੱਬਤ ਜਿਸਮਾਨੀ ਹੱਦਾਂ ਤੋਂ ਪਾਰ ਹੋ ਕੇ ਇੱਕ ਅਧਿਆਤਮਕ ਅਨੁਭਵ ਬਣ ਜਾਂਦੇ ਹਨ। ਅੱਜ ਦੇ ਮਸ਼ੀਨੀ ਯੁੱਗ ਵਿੱਚ ਉਨ੍ਹਾਂ ਦੀ ਸ਼ਾਇਰੀ ਬਾਰਿਸ਼ ਤੋਂ ਬਾਅਦ ਮਿੱਟੀ ਦੀ ਖੁਸ਼ਬੂ ਵਰਗੀ ਤਾਜ਼ਗੀ ਪ੍ਰਦਾਨ ਕਰਦੀ ਹੈ। ਦੂਜੇ ਪਰਚੇ ਰਾਹੀਂ ਦਸਮੇਸ਼ ਗਿੱਲ ਫਿਰੋਜ਼ ਨੇ ਜਸਬੀਰ ਚਾਹਲ ਤਨਹਾ ਦੀ ਪੁਸਤਕ ‘ਤਨਹਾਈਓਂ ਕੇ ਘੇਰੇ’ ਉੱਪਰ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਤਨਹਾ ਵਰਗੇ ਸ਼ਾਇਰ ਖ਼ਿਆਲਾਂ ਦੀ ਗਹਿਰਾਈ ਵਿੱਚ ਜਾ ਕੇ ਮੋਤੀ ਲੱਭਣ ਨੂੰ ਤਰਜੀਹ ਦਿੰਦੇ ਹਨ ਅਤੇ ਉਨ੍ਹਾਂ ਦੀ ਸ਼ਾਇਰੀ ਪਾਠਕ ਦੇ ਦਿਲ ਦੀ ਧੜਕਣ ਨੂੰ ਆਪਣੇ ਅਹਿਸਾਸਾਂ ਨਾਲ ਜੋੜਨ ਦੀ ਸਮਰੱਥਾ ਰੱਖਦੀ ਹੈ।

Advertisement

ਪੁਸਤਕਾਂ ਦੇ ਰਚਨਹਾਰੇ ਬਲਦੇਵ ਸੀਹਰਾ ਅਤੇ ਜਸਬੀਰ ਚਾਹਲ ਨੇ ਆਪਣੀ ਰਚਨ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਵਿਚਾਰ ਸਾਂਝੇ ਕੀਤੇ ਅਤੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਇਸ ਮੌਕੇ ਰਾਜਵੰਤ ਰਾਜ, ਸੁਖਜੀਤ ਕੌਰ ਹੁੰਦਲ, ਗੁਰਮੀਤ ਸਿੱਧੂ, ਰੂਬੀ ਔਲਖ, ਨਰਿੰਦਰ ਬਾਹੀਆ, ਮਨਜੀਤ ਕੌਰ ਕੰਗ, ਜਰਨੈਲ ਸਿੰਘ ਸੇਖਾ, ਕਰਨਜੀਤ, ਨਰਿੰਦਰ ਭਾਗੀ, ਮਹਿੰਦਰਪਾਲ ਸਿੰਘ ਪਾਲ, ਸੁਖਚਰਨ ਸਿੰਘ ਸਿੱਧੂ ਅਤੇ ਬਲਦੇਵ ਸੁੱਖੀ ਰੋਡੇ ਨੇ ਦੋਵਾਂ ਸ਼ਾਇਰਾਂ ਨੂੰ ਇਨ੍ਹਾਂ ਖੂਬਸੂਰਤ ਕਾਵਿਕ ਰਚਨਾਵਾਂ ਲਈ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕੀਤੀ।

Advertisement

ਪਾਕਿਸਤਾਨ ਤੋਂ ਆਏ ਵਿਸ਼ੇਸ਼ ਮਹਿਮਾਨ ਡਾ. ਖੋਲਾ ਚੀਮਾ ਨੇ ਇਸ ਮੌਕੇ ਇਤਿਹਾਸ ਦੇ ਗੌਰਵਮਈ ਪੰਨੇ ਫਰੋਲਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਧਰਮ-ਨਿਰਪੱਖ ਸ਼ਾਸਨ ਅਤੇ ਪੰਜਾਬੀ ਸੱਭਿਆਚਾਰ ਦੀ ਸਾਂਝ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਸਰਹੱਦਾਂ ਕਾਰਨ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਆਪਸ ਵਿੱਚ ਨਹੀਂ ਮਿਲ ਸਕਦੇ, ਪਰ ਇੰਟਰਨੈੱਟ ਅਤੇ ਕੈਨੇਡਾ ਵਰਗੇ ਮੁਲਕਾਂ ਨੇ ਸਾਨੂੰ ਇੱਕ ਵਾਰ ਫਿਰ ਇੱਕ-ਦੂਜੇ ਦੇ ਨੇੜੇ ਲਿਆਂਦਾ ਹੈ। ਗ਼ਜ਼ਲ ਮੰਚ ਵੰਲੋਂ ਸ਼ਾਇਰ ਬਲਦੇਵ ਸੀਹਰਾ, ਸ਼ਾਇਰ ਜਸਬੀਰ ਚਾਹਲ ਅਤੇ ਡਾ. ਚੀਮਾ ਨੂੰ ਸ਼ਾਲ ਅਤੇ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੇ ਅੰਤ ਵਿੱਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਦੋਹਾਂ ਸ਼ਾਇਰਾਂ ਦੀ ਸ਼ਾਇਰੀ ਦੀ ਭਰਪੂਰ ਸ਼ਲਾਘਾ ਕਰਦਿਆਂ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬਲਦੇਵ ਸੀਹਰਾ ਅਤੇ ਜਸਬੀਰ ਚਾਹਲ ਦੀਆਂ ਇਹ ਰਚਨਾਵਾਂ ਪੰਜਾਬੀ ਅਤੇ ਉਰਦੂ ਗ਼ਜ਼ਲ ਦੇ ਖ਼ਜ਼ਾਨੇ ਵਿੱਚ ਇੱਕ ਵਡਮੁੱਲਾ ਵਾਧਾ ਹਨ, ਜੋ ਪਾਠਕਾਂ ਨੂੰ ਮਾਨਸਿਕ ਸਕੂਨ ਅਤੇ ਚਿੰਤਨ ਪ੍ਰਦਾਨ ਕਰਦੀਆਂ ਹਨ। ਜਸਵਿੰਦਰ ਨੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਕਿ ਕਵਿਤਾ ਸਿਰਫ਼ ਸ਼ਬਦਾਂ ਦਾ ਸੁਮੇਲ ਨਹੀਂ ਹੁੰਦੀ, ਸਗੋਂ ਇਹ ਮੋਹ-ਮੁਹੱਬਤ ਦਾ ਇੱਕ ਅਜਿਹਾ ਪੁਲ ਹੈ ਜੋ ਦਿਲਾਂ ਨੂੰ ਆਪਸ ਵਿੱਚ ਜੋੜਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਅਤੇ ਸਰਹੱਦਾਂ ਮਨੁੱਖਾਂ ਵਿੱਚ ਦੂਰੀਆਂ ਪੈਦਾ ਕਰ ਸਕਦੀਆਂ ਹਨ, ਪਰ ਕਵਿਤਾ ਸਦੀਵੀ ਹੈ ਅਤੇ ਇਹ ਹਮੇਸ਼ਾਂ ਇਨਸਾਨੀਅਤ ਤੇ ਸਾਂਝੀਵਾਲਤਾ ਦਾ ਰਾਹ ਦਿਖਾਉਂਦੀ ਰਹੇਗੀ।

ਡਾ. ਚੀਮਾ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਉਨ੍ਹਾਂ ਪਾਕਿਸਤਾਨ ਨੂੰ ਇੱਕ ਬਾਹਰਲੇ ਘਰ ਵਾਂਗ ਦੱਸਿਆ ਅਤੇ ਕਿਹਾ ਕਿ ਦੋਵਾਂ ਪਾਸਿਆਂ ਦੇ ਅਦੀਬ ਅਤੇ ਸ਼ਾਇਰ ਇਸ ਮੁਹੱਬਤ ਦੇ ਪੁਲ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਅਨੁਸਾਰ ਜਦੋਂ ਤੱਕ ਕਵਿਤਾ ਜਿਉਂਦੀ ਹੈ, ਉਦੋਂ ਤੱਕ ਸਾਂਝੀ ਪੰਜਾਬੀਅਤ ਦਾ ਅਹਿਸਾਸ ਵੀ ਜਿਉਂਦਾ ਰਹੇਗਾ। ਸਮੁੱਚੇ ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਗ਼ਜ਼ਲ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਬਾਖੂਬੀ ਅਦਾ ਕੀਤਾ।

ਸੰਪਰਕ: +1 604 308 6663

Advertisement
×