ਪਵਿੱਤਰ ਗੰਗਾ ਸਾਗਰ ਦੀ ਸਮੁੱਚੀ ਸੇਵਾ ਸੰਭਾਲ ਬਾਰੇ ਕਿਤਾਬ ਰਿਲੀਜ਼
ਗੁਰਪ੍ਰੀਤ ਸਿੰਘ ਤਲਵੰਡੀ ਸਰੀ: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਿਆਸਤ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਦੁਆਰਾ ਕੀਤੀ ਸੇਵਾ ਤੋਂ ਪ੍ਰਸੰਨ ਹੋ ਕੇ ਰਾਏ ਕੱਲ੍ਹਾ ਦੇ ਪਰਿਵਾਰ ਨੂੰ ਪਵਿੱਤਰ ਗੰਗਾ ਸਾਗਰ, ਪੋਥੀ ਰੱਖਣ ਵਾਲੀ ਲੱਕੜ ਦੀ ਰੈਹਲ਼ ਅਤੇ...
ਗੁਰਪ੍ਰੀਤ ਸਿੰਘ ਤਲਵੰਡੀ
ਸਰੀ: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਿਆਸਤ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਦੁਆਰਾ ਕੀਤੀ ਸੇਵਾ ਤੋਂ ਪ੍ਰਸੰਨ ਹੋ ਕੇ ਰਾਏ ਕੱਲ੍ਹਾ ਦੇ ਪਰਿਵਾਰ ਨੂੰ ਪਵਿੱਤਰ ਗੰਗਾ ਸਾਗਰ, ਪੋਥੀ ਰੱਖਣ ਵਾਲੀ ਲੱਕੜ ਦੀ ਰੈਹਲ਼ ਅਤੇ ਇੱਕ ਸ੍ਰੀ ਸਾਹਿਬ ਨਿਸ਼ਾਨੀ ਵਜੋਂ ਦਿੱਤੀ ਗਈ ਸੀ। ਇਨ੍ਹਾਂ ਨਿਸ਼ਾਨੀਆਂ ਵਿੱਚੋਂ ਲੱਕੜ ਦੀ ਰਹਿਲ਼ ਭਾਵੇਂ ਸਮਾਂ ਵਧੇਰੇ ਹੋਣ ਕਾਰਨ ਸੁਰੱਖਿਅਤ ਨਹੀਂ ਰਹਿ ਸਕੀ, ਪਰ ਵਿਸ਼ੇਸ਼ ਧਾਤੂ ਦਾ ਬਣਿਆ ਸੁਰਾਹੀ ਨੁਮਾ ਗੰਗਾ ਸਾਗਰ ਹੀ ਰਾਏ ਪਰਿਵਾਰ ਪਾਸ ਸੁਰੱਖਿਅਤ ਹੈ। ਜਦਕਿ ਛੋਟੀ ਸ੍ਰੀ ਸਾਹਿਬ ਅੰਗਰੇਜ਼ ਸਰਕਾਰ ਦੁਆਰਾ ਪਰਿਵਾਰ ਪਾਸੋਂ ਲੈ ਲਈ ਗਈ ਸੀ। ਪਵਿੱਤਰ ਗੰਗਾ ਸਾਗਰ ਸਿੱਖਾਂ ਲਈ ਗੁਰੂ ਸਾਹਿਬ ਦੇ ਹੱਥਾਂ ਦੀ ਛੋਹ ਪ੍ਰਾਪਤ ਬੇਸ਼ਕੀਮਤੀ ਨਿਸ਼ਾਨੀ ਹੈ।
ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ ਦੁਆਰਾ ਵੱਖ ਵੱਖ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਪਵਿੱਤਰ ਗੰਗਾ ਸਾਗਰ ਅਤੇ ਸਮੁੱਚੇ ਰਾਏ ਪਰਿਵਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਵਾਲੀ ਕਿਤਾਬ ‘ਦਸਮੇਸ਼ ਪਿਤਾ ਬਖਸ਼ਿਸ਼, ਪਵਿੱਤਰ ਗੰਗਾ ਸਾਗਰ-ਸੁੱਚੀ ਸੇਵਾ ਸੰਭਾਲ’ ਦਾ ਲੋਕ ਅਰਪਣ ਸਮਾਰੋਹ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਰਵਾਇਆ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਰਾਏ ਕੱਲ੍ਹਾ ਦੀ ਨੌਵੀਂ ਪੀੜ੍ਹੀ ਦੇ ਵਾਰਿਸ ਰਾਏ ਅਜ਼ੀਜ਼ ਉੱਲਾ (ਸਾਬਕਾ ਸੰਸਦ ਮੈਂਬਰ, ਪਾਕਿਸਤਾਨ) ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਉਚੇਚਾ ਪਹੁੰਚੇ। ਸਰੀ ਦੇ ਮੇਅਰ ਬਰਿੰਡਾ ਲੌਕ ਅਤੇ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਨੇ ਕਿਹਾ ਕਿ ਇਹ ਕਿਤਾਬ ਇਤਿਹਾਸਕ ਤੇ ਸੱਭਿਆਚਾਰਕ ਪੱਖੋਂ ਬੜੀ ਮਹੱਤਵਪੂਰਨ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸਮੁੱਚੀ ਮਨੁੱਖਤਾ ਦੇ ਰਹਿਬਰ ਸਨ ਤੇ ਉਨ੍ਹਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਇਹ ਨਿਸ਼ਾਨੀ ਰਾਏ ਪਰਿਵਾਰ ਨੇ ਪਵਿੱਤਰਤਾ ਨਾਲ ਸਾਂਭ ਕੇ ਰੱਖੀ ਹੋਈ ਹੈ।
ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਰਾਏ ਪਰਿਵਾਰ ਨੂੰ ਗੁਰੂ ਸਾਹਿਬ ਦੁਆਰਾ ਬਖਸ਼ਿਸ਼ ਕੀਤੀ ਇਸ ਪਵਿੱਤਰ ਨਿਸ਼ਾਨੀ ਦੇ ਇਤਿਹਾਸਕ ਪੱਖਾਂ ਬਾਰੇ ਬਾਖੂਬੀ ਚਾਨਣਾ ਪਾਇਆ। ਪੰਜਾਬ ਭਵਨ ਸਰੀ ਦੇ ਸੰਚਾਲਕ ਸੁੱਖੀ ਬਾਠ, ਲੇਖਕ ਕਵਿੰਦਰ ਸਿੰਘ ਚਾਂਦ, ਸੁਰਜੀਤ ਸਿੰਘ ਮਾਧੋਪੁਰੀ, ਹਰਦੇਵ ਸਿੰਘ ਗਰੇਵਾਲ, ਬਲਦੇਵ ਸਿੰਘ ਬਾਠ ਬਸੰਤ ਮੋਟਰਜ, ਗੀਤਕਾਰ ਇੰਦਾ ਰਾਏਕੋਟੀ, ਮੋਤਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਹਾਜ਼ਰ ਵੱਡੀ ਗਿਣਤੀ ਸ਼ਖ਼ਸੀਅਤਾਂ ਵੱਲੋਂ ਕਿਤਾਬ ਨੂੰ ਰਿਲੀਜ਼ ਕੀਤਾ ਗਿਆ। ਸਭਾ ਦੇ ਨੁਮਾਇੰਦਆਂ ਅਤੇ ਰਾਏਕੋਟ ਵਾਸੀਆਂ ਵੱਲੋਂ ਰਾਏ ਕੱਲ੍ਹਾ ਦੀ ਨੌਵੀਂ ਪੀੜ੍ਹੀ ਦੇ ਰਾਏ ਅਜ਼ੀਜ਼ ਉੱਲਾ ਅਤੇ ਸਮੁੱਚੇ ਰਾਏ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਹੀ ਪੰਜਾਬ ਤੋਂ ਕਿਤਾਬ ਦੇ ਲੇਖਕ ਡਾ. ਗੁਰਦੇਵ ਸਿੰਘ ਸਿੱਧੂ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਗੁਰਭਜਨ ਗਿੱਲ ਅਤੇ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ ਦੁਆਰਾ ਭੇਜਿਆ ਗਿਆ ਵਿਸ਼ੇਸ਼ ਵਧਾਈ ਸੰਦੇਸ਼ ਵੀ ਪੜ੍ਹਿਆ ਗਿਆ। ਅੰਤ ਵਿੱਚ ਰਾਏ ਅਜ਼ੀਜ਼ ਉੱਲਾ ਨੇ ਸਮਾਗਮ ਦੌਰਾਨ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਏ ਮੁਹੰਮਦ ਅਲੀ, ਸਮਾਜ ਸੇਵੀ ਮਾ. ਗੁਰਦਿਆਲ ਸਿੰਘ ਜੌਹਲ, ਹਰਜਿੰਦਰ ਸਿੰਘ ਥਿੰਦ, ਮਨਿੰਦਰ ਗਿੱਲ, ਦਵਿੰਦਰ ਸਿੰਘ ਬੈਨੀਪਾਲ, ਰਣਜੀਤ ਸਿੰਘ ਸੋਹੀ, ਜੋਗਿੰਦਰ ਸਿੰਘ ਭੁੱਲਰ, ਬਰਜ ਢਾਹਾਂ, ਬਨਜੋਤ ਸਿੰਘ ਸੰਘੇੜਾ, ਨਦੀਮ ਆਦਿ ਵੀ ਹਾਜ਼ਰ ਸਨ।
ਸੰਪਰਕ: 77898-09196
