ਖੂਨ ਦਾ ਰਿਸ਼ਤਾ
ਕਹਾਣੀ ‘‘ਉੱਠ ਵੇ ਪੁੱਤਰਾ ! ਜਲਦੀ ਕਰ। ਰਾਜੂ ਨੂੰ ਕਾਲਜੋਂ ਲੈ ਕੇ ਆ। ਉਸ ਦੀ ਮਾਂ ਕਾਰ ਥੱਲੇ ਆ ਗਈ ਊ। ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ।’’ ਅੰਮਾਂ ਨੇ ਬਹੁਤ ਘਬਰਾਈ ਹੋਈ ਆਵਾਜ਼ ਵਿੱਚ ਮੈਨੂੰ ਆਵਾਜ਼ ਦਿੱਤੀ। ਮੈਂ ਵੀ...
ਕਹਾਣੀ
‘‘ਉੱਠ ਵੇ ਪੁੱਤਰਾ ! ਜਲਦੀ ਕਰ। ਰਾਜੂ ਨੂੰ ਕਾਲਜੋਂ ਲੈ ਕੇ ਆ। ਉਸ ਦੀ ਮਾਂ ਕਾਰ ਥੱਲੇ ਆ ਗਈ ਊ। ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ।’’
ਅੰਮਾਂ ਨੇ ਬਹੁਤ ਘਬਰਾਈ ਹੋਈ ਆਵਾਜ਼ ਵਿੱਚ ਮੈਨੂੰ ਆਵਾਜ਼ ਦਿੱਤੀ। ਮੈਂ ਵੀ ਘਬਰਾ ਕੇ ਮੰਜੇ ਤੋਂ ਉੱਠਿਆ ਅਤੇ ਅੰਮਾਂ ਨੂੰ ਪੁੱਛਣ ਲੱਗਾ;
‘‘ਅੰਮਾਂ ! ਸਵੇਰੇ ਸਵੇਰੇ ਇਹ ਭੈੜੀ ਖ਼ਬਰ ਕਿੱਥੋਂ ਆ ਗਈ?’’
ਅੰਮਾਂ ਅਜੇ ਵੀ ਬਹੁਤ ਘਬਰਾਈ ਹੋਈ ਸੀ। ਕਹਿਣ ਲੱਗੀ; ‘‘ਗੁਆਂਢੀਆਂ ਦੇ ਘਰ ਫੋਨ ਆਇਆ ਸੀ। ਉਨ੍ਹਾਂ ਨੇ ਮੈਨੂੰ ਬੁਲਾਇਆ ਸੀ। ਇਹ ਚੰਦਰੀ ਖ਼ਬਰ ਰਾਜੂ ਦੇ ਬਾਊ ਜੀ ਨੇ ਦੱਸੀ। ਆਖਦੇ ਸਨ ਰਾਜੂ ਨੂੰ ਜਲਦੀ ਮੁਕੇਰੀਆਂ ਭੇਜ ਦਿਓ।’’
ਮੇਰੇ ਕੋਲੋਂ ਜਿੰਨੀ ਜਲਦੀ ਹੋ ਸਕਿਆ ਮੈਂ ਕਾਲਜ ਜਾ ਕੇ ਰਾਜੂ ਨੂੰ ਇਹ ਭੈੜੀ ਖ਼ਬਰ ਦੱਸੀ। ਰਾਜੂ ਮੈਨੂੰ ਨਾਲ ਲੈ ਕੇ ਪ੍ਰਿੰਸੀਪਲ ਦੇ ਘਰ ਗਿਆ ਅਤੇ ਉਸ ਨੂੰ ਇਹ ਚੰਦਰੀ ਖ਼ਬਰ ਦੱਸੀ। ਪ੍ਰਿੰਸੀਪਲ ਵੀ ਪਰੇਸ਼ਾਨ ਹੋ ਗਿਆ ਤੇ ਕਿਹਾ;
‘‘ਪ੍ਰੋਫੈਸਰ ਬੇਦੀ ! ਤੁਸੀਂ ਇੱਥੋਂ ਦਾ ਬਿਲਕੁਲ ਫ਼ਿਕਰ ਨਾ ਕਰੋ। ਜਿੰਨੀ ਜਲਦੀ ਹੋ ਸਕਦਾ ਮੁਕੇਰੀਆਂ ਆਪਣੇ ਪਰਿਵਾਰ ਕੋਲ ਪਹੁੰਚ ਜਾਓ।’’
ਪ੍ਰੋਫੈਸਰ ਬੇਦੀ ਦਾ ਪੂਰਾ ਨਾਮ ਰਜਿੰਦਰ ਸਿੰਘ ਬੇਦੀ ਹੈ। ਅਸੀਂ ਦੋਵੇਂ ਕਾਲਜ ਵਿੱਚ ਇੱਕੋ ਜਮਾਤ ਵਿੱਚ ਪੜ੍ਹਦੇ ਸਾਂ ਅਤੇ ਬੜੇ ਗੂੜ੍ਹੇ ਦੋਸਤ ਸਾਂ ਅਤੇ ਅੱਜ ਵੀ ਹਾਂ। ਮੈਂ ਪ੍ਰੋਫੈਸਰ ਰਜਿੰਦਰ ਸਿੰਘ ਬੇਦੀ ਨੂੰ ਰਾਜੂ ਕਹਿ ਕੇ ਬੁਲਾਉਂਦਾ ਹਾਂ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਆਪਣੇ ਪਿਤਾ ਜੀ ਨਾਲ ਵਪਾਰ ਦੇ ਧੰਦੇ ਵਿੱਚ ਪੈ ਗਿਆ ਅਤੇ ਰਾਜੂ ਬਠਿੰਡੇ ਦੇ ਇੱਕ ਕਾਲਜ ਵਿੱਚ ਪ੍ਰੋਫੈਸਰ ਬੇਦੀ ਨਾਂ ਨਾਲ ਜਾਣਿਆ ਜਾਣ ਲੱਗ ਪਿਆ। ਉਸ ਦੇ ਪਿਤਾ ਜੀ ਨੂੰ ਅਸੀਂ ਬਾਊ ਜੀ ਕਹਿ ਕੇ ਬੁਲਾਉਂਦੇ ਹਾਂ ਅਤੇ ਉਹ ਮੁਕੇਰੀਆਂ ਦੇ ਰੇਲਵੇ ਸਟੇਸ਼ਨ ’ਤੇ ਕਲਰਕ ਹਨ। ਮੁਕੇਰੀਆਂ ਸਟੇਸ਼ਨ ਦੇ ਇੱਕ ਪਾਸੇ ਰੇਲਵੇ ਪਲੈਟਫਾਰਮ ਹੈ ਜਿੱਥੇ ਬਾਊ ਜੀ ਦਾ ਦਫ਼ਤਰ ਹੈ। ਪਲੈਟਫਾਰਮ ਦੇ ਸਾਹਮਣੇ ਪਾਸੇ, ਰੇਲਵੇ ਲਾਈਨਾਂ ਤੋਂ ਦੂਜੇ ਪਾਸੇ, ਰੇਲਵੇ ਮੁਲਾਜ਼ਮਾਂ ਦੇ ਰਹਿਣ ਲਈ ਕੁਆਰਟਰ ਬਣੇ ਹੋਏ ਹਨ। ਇਨ੍ਹਾਂ ਵਿੱਚ ਹੀ ਇੱਕ ਕੁਆਰਟਰ ਬੇਦੀ ਪਰਿਵਾਰ ਨੂੰ ਮਿਲਿਆ ਹੋਇਆ ਹੈ।
ਪ੍ਰੋਫੈਸਰ ਬੇਦੀ ਦੇ ਦੋ ਛੋਟੇ ਭਰਾ ਅਤੇ ਦੋ ਛੋਟੀਆਂ ਭੈਣਾਂ ਹਨ। ਭਰਾ ਮੁੰਡਿਆਂ ਦੇ ਹਾਈ ਸਕੂਲ ਵਿੱਚ ਅਤੇ ਭੈਣਾਂ ਕੁੜੀਆਂ ਦੇ ਹਾਈ ਸਕੂਲ ਵਿੱਚ ਪੜ੍ਹਦੀਆਂ ਹਨ। ਜਿਉਂ ਹੀ ਰਾਜੂ ਪ੍ਰੋਫੈਸਰ ਬੇਦੀ ਬਣ ਕੇ ਬਠਿੰਡੇ ਆਇਆ, ਉਸ ਦੀ ਦਾਦੀ ਜਿਨ੍ਹਾਂ ਨੂੰ ਸਾਰੇ ਅੰਮਾਂ ਕਹਿ ਕੇ ਬੁਲਾਉਂਦੇ ਹਾਂ, ਉਸ ਨਾਲ ਬਠਿੰਡੇ ਆ ਕੇ ਰਹਿਣ ਲੱਗੀ। ਰਾਜੂ ਆਪਣੀ ਨੌਕਰੀ ਕਰਦਾ ਅਤੇ ਅੰਮਾਂ ਉਸ ਦੇ ਘਰ ਨੂੰ ਸੰਭਾਲਦੀ।
ਮੈਨੂੰ ਦੂਜੇ-ਤੀਜੇ ਮਹੀਨੇ ਵਪਾਰ ਦੇ ਸਬੰਧ ਵਿੱਚ ਬਠਿੰਡੇ ਜਾਣਾ ਪੈਂਦਾ। ਜਦੋਂ ਮੈਂ ਪਹਿਲੀ ਵਾਰੀ ਬਠਿੰਡੇ ਗਿਆ ਤਾਂ ਇੱਕ ਹੋਟਲ ਵਿੱਚ ਠਹਿਰਿਆ। ਅਗਲੇ ਦਿਨ ਮੈਂ ਰਾਜੂ ਨੂੰ ਮਿਲਣ ਉਸ ਦੇ ਘਰ ਗਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਹੋਟਲ ਵਿੱਚ ਠਹਿਰਿਆ ਹਾਂ ਤਾਂ ਉਸ ਨੂੰ ਬਹੁਤ ਬੁਰਾ ਲੱਗਿਆ। ਮੇਰੇ ਨਾਲ ਹੋਟਲ ਵਿੱਚ ਆਇਆ। ਮੇਰਾ ਸੂਟਕੇਸ ਚੁੱਕਿਆ ਅਤੇ ਮੈਨੂੰ ਆਪਣੇ ਘਰ ਲੈ ਗਿਆ। ਅੰਮਾਂ ਵੀ ਕਹਿਣ ਲੱਗੀ;
‘‘ਪੁੱਤਰ ! ਚੰਗਾ ਨਹੀਂ ਲੱਗਦਾ ਕਿ ਤੂੰ ਆਪਣੇ ਭਰਾ ਨਾਲੋਂ ਅੱਡ ਹੋ ਕੇ ਹੋਟਲ ਵਿੱਚ ਰਹੇਂ।’’
ਉਸ ਤੋਂ ਬਾਅਦ ਤਾਂ ਮੈਂ ਜਦੋਂ ਵੀ ਬਠਿੰਡੇ ਜਾਂਦਾ ਤਾਂ ਰਾਜੂ ਕੋਲ ਹੀ ਠਹਿਰਦਾ। ਅਸੀਂ ਦੋਵੇਂ ਭਰਾਵਾਂ ਵਾਂਗ ਰਹਿੰਦੇ ਅਤੇ ਅੰਮਾਂ ਵੀ ਬੜੇ ਪਿਆਰ ਨਾਲ ਸੇਵਾ ਕਰਦੀ।
ਕੱਲ੍ਹ ਸ਼ਨਿਚਰਵਾਰ ਮੈਂ ਆਪਣੇ ਵਪਾਰਕ ਕੰਮ ਵਿੱਚ ਕਾਫ਼ੀ ਲੇਟ ਹੋ ਗਿਆ ਸਾਂ ਜਿਸ ਕਰਕੇ ਮੈਨੂੰ ਰਾਤ ਰਾਜੂ ਕੋਲ ਹੀ ਠਹਿਰਨਾ ਪਿਆ। ਅੱਜ ਐਤਵਾਰ ਦੀ ਸਵੇਰ ਸੀ। ਰਾਜੂ ਨੇ ਦੱਸਿਆ ਕਿ ਹਰ ਐਤਵਾਰ ਸਵੇਰੇ ਸੱਤ ਵਜੇ ਉਸ ਨੂੰ ਇੱਕ ਸਪੈਸ਼ਲ ਜਮਾਤ ਨੂੰ ਪੜ੍ਹਾਉਣ ਲਈ ਕਾਲਜ ਜਾਣਾ ਪੈਂਦਾ ਹੈ। ਇਸ ਸਪੈਸ਼ਲ ਜਮਾਤ ਵਿੱਚ ਉਹ ਵਿਦਿਆਰਥੀ ਹੁੰਦੇ ਹਨ ਜਿਹੜੇ ਪੜ੍ਹਾਈ ਵਿੱਚ ਕਮਜ਼ੋਰ ਹੁੰਦੇ ਹਨ। ਰਾਜੂ ਕਾਲਜ ਚਲਾ ਗਿਆ ਅਤੇ ਮੈਂ ਸੁਸਤ ਜਿਹਾ ਹੋ ਕੇ ਬਿਸਤਰੇ ਵਿੱਚ ਹੀ ਲੇਟਿਆ ਰਿਹਾ। ਮੈਂ ਉਦੋਂ ਤੱਕ ਲੇਟਿਆ ਰਿਹਾ ਜਦੋਂ ਤੱਕ ਕਿ ਅੰਮਾਂ ਨੇ ਮੈਨੂੰ ਆਵਾਜ਼ ਨਹੀਂ ਦੇ ਦਿੱਤੀ।
‘‘ਉੱਠ ਵੇ ਪੁੱਤਰਾ ! ਜਲਦੀ ਕਰ। ਰਾਜੂ ਨੂੰ ਕਾਲਜੋਂ ਲੈ ਕੇ ਆ। ਉਸ ਦੀ ਮਾਂ ਕਾਰ ਥੱਲੇ ਆ ਗਈ ਊ। ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ।’’
ਕੁਝ ਦੇਰ ਬਾਅਦ ਪ੍ਰੋਫੈਸਰ ਬੇਦੀ, ਅੰਮਾਂ ਅਤੇ ਮੈਂ ਬੱਸ ਵਿੱਚ ਸਵਾਰ ਹੋ ਕੇ ਮੁਕੇਰੀਆਂ ਨੂੰ ਚੱਲ ਪਏ।
ਰਾਤ ਦੇ ਅੱਠ ਕੁ ਵਜੇ ਹੋਣਗੇ ਜਦੋਂ ਅਸੀਂ ਮੁਕੇਰੀਆਂ ਦੇ ਸਿਵਲ ਹਸਪਤਾਲ ਪਹੁੰਚੇ। ਹਸਪਤਾਲ ਵਾਲਿਆਂ ਨੇ ਦੱਸਿਆ ਕਿ ਮਰੀਜ਼ ਤਲਵਾੜੇ ਦੇ ਵੱਡੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਕਿਉਂਕਿ ਮੁਕੇਰੀਆਂ ਦੇ ਸਿਵਲ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਸੀ। ਤਲਵਾੜਾ ਮੁਕੇਰੀਆਂ ਤੋਂ ਤਕਰੀਬਨ ਤੀਹ ਕੁ ਕਿਲੋਮੀਟਰ ਦੀ ਦੂਰੀ ’ਤੇ ਸੀ। ਰਾਤ ਦਾ ਵਕਤ ਸੀ। ਕੋਈ ਬੱਸ ਤਲਵਾੜੇ ਨਹੀਂ ਸੀ ਜਾ ਰਹੀ। ਭੱਜ ਦੌੜ ਕੇ ਇੱਕ ਟੈਕਸੀ ਦਾ ਪ੍ਰਬੰਧ ਹੋ ਗਿਆ। ਅੰਮਾਂ ਨੂੰ ਮੁਕੇਰੀਆਂ ਘਰ ਛੱਡ ਦਿੱਤਾ। ਮੈਂ ਅਤੇ ਰਾਜੂ ਤਲਵਾੜੇ ਦੇ ਹਸਪਤਾਲ ਵਿੱਚ ਰਾਤ ਦੇ ਦਸ ਕੁ ਵਜੇ ਪਹੁੰਚ ਗਏ।
ਰਾਤ ਦੀ ਡਿਊਟੀ ਇੱਕ ਜੂਨੀਅਰ ਡਾਕਟਰ ਕਰ ਰਿਹਾ ਸੀ। ਉਹ ਸਾਨੂੰ ਰਾਜੂ ਦੇ ਮੰਮੀ ਦੇ ਬਿਸਤਰੇ ਕੋਲ ਲੈ ਗਿਆ। ਰਾਜੂ ਦਾ ਸਾਰਾ ਧਿਆਨ ਆਪਣੇ ਮੰਮੀ ਵੱਲ ਸੀ। ਮੰਮੀ ਦੇ ਬਿਸਤਰੇ ਕੋਲ ਰਾਜੂ ਦੇ ਬਾਊ ਜੀ ਵੀ ਬੈਠੇ ਸਨ, ਪਰ ਰਾਜੂ ਨੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਬਸ ਕੁਝ ਪਲ ਮੰਮੀ ਦੇ ਪੈਰਾਂ ਵੱਲ ਖੜੋ ਕੇ ਉਨ੍ਹਾਂ ਦਾ ਚਿਹਰਾ ਵੇਖਦਾ ਰਿਹਾ। ਡਾਕਟਰ ਨੇ ਦੱਸਿਆ ਕਿ ਮੰਮੀ ਨੂੰ ਨੀਂਦ ਦਾ ਟੀਕਾ ਲਾ ਕੇ ਸਵਾਇਆ ਗਿਆ ਹੈ। ਰਾਜੂ ਨੇ ਮੰਮੀ ਦਾ ਚਿਹਰਾ ਵੇਖਦਿਆਂ ਵੇਖਦਿਆਂ ਆਪਣੇ ਆਪ ਨੂੰ ਮੰਮੀ ਦੇ ਪੈਰਾਂ ਵਿੱਚ ਸੁੱਟ ਦਿੱਤਾ ਅਤੇ ਰੋਣ ਲੱਗ ਪਿਆ। ਬਾਊ ਜੀ ਆਪਣੇ ਸਟੂਲ ਤੋਂ ਉੱਠੇ, ਰਾਜੂ ਨੂੰ ਉਸ ਦੇ ਮੋਢਿਆਂ ਤੋਂ ਫੜ ਕੇ ਖੜ੍ਹਾ ਕੀਤਾ ਅਤੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ।
ਬਾਊ ਜੀ ਨੇ ਰਾਜੂ ਅਤੇ ਮੈਨੂੰ ਦੱਸਿਆ ਕਿ ਉਸ ਮਨਹੂਸ ਕਾਰ ਨੇ ਤਾਂ ਤੁਹਾਡੇ ਮੰਮੀ ਦੀਆਂ ਦੋਵੇਂ ਲੱਤਾਂ ਦਾ ਕਚੂਮਰ ਹੀ ਕੱਢ ਕੇ ਰੱਖ ਦਿੱਤਾ। ਡਾਕਟਰ ਕਹਿ ਰਿਹਾ ਏ ਕਿ ਦੋਵੇਂ ਲੱਤਾਂ ਕੱਟਣੀਆਂ ਪੈਣਗੀਆਂ। ਦੱਸਦਿਆਂ ਦੱਸਦਿਆਂ ਬਾਊ ਜੀ ਦਾ ਵੀ ਰੋਣ ਨਿਕਲ ਗਿਆ। ਉਨ੍ਹਾਂ ਰੋਂਦਿਆਂ ਰੋਂਦਿਆਂ ਦੱਸਿਆ ਕਿ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਬੜੇ ਗੰਭੀਰ ਜ਼ਖ਼ਮ ਹਨ। ਖ਼ੂਨ ਵੀ ਬਹੁਤ ਨਿਕਲ ਚੁੱਕਾ ਹੈ। ਬਾਊ ਜੀ ਦਾ ਰੋਣ ਖ਼ਤਮ ਹੀ ਨਹੀਂ ਸੀ ਹੋ ਰਿਹਾ। ਹੁਣ ਰਾਜੂ ਨੇ ਬਾਊ ਜੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ।
ਥੋੜ੍ਹੀ ਦੇਰ ਬਾਅਦ ਰਾਜੂ ਡਾਕਟਰ ਕੋਲ ਗਿਆ ਅਤੇ ਉਸ ਨੂੰ ਮੰਮੀ ਦੀ ਹਾਲਾਤ ਬਾਰੇ ਪੁੱਛਣ ਲੱਗਾ। ਡਾਕਟਰ ਨੇ ਦੱਸਿਆ ਕਿ ਮੰਮੀ ਨੂੰ ਖੂਨ ਦੀ ਬਹੁਤ ਜ਼ਿਆਦਾ ਲੋੜ ਹੈ, ਪਰ ਦੁੱਖ ਦੀ ਗੱਲ ਹੈ ਕਿ ਹਸਪਤਾਲ ਵਿੱਚ ਮਰੀਜ਼ਾਂ ਵਾਸਤੇ ਖੂਨ ਹੀ ਨਹੀਂ ਹੈ। ਬਹੁਤ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਖੂਨ ਟੈਸਟ ਕੀਤਾ ਗਿਆ, ਪਰ ਕਿਸੇ ਦਾ ਵੀ ਖੂਨ ਮੰਮੀ ਦੇ ਖੂਨ ਨਾਲ ਮੇਲ ਨਹੀਂ ਕਰ ਸਕਿਆ। ਰਾਜੂ ਕਹਿਣ ਲੱਗਾ;
‘‘ਡਾਕਟਰ ਸਾਹਬ ! ਤੁਸੀਂ ਮੇਰਾ ਖੂਨ ਟੈਸਟ ਕਰੋ। ਪੁੱਤਰ ਦਾ ਖੂਨ ਤਾਂ ਉਸ ਦੀ ਮਾਂ ਨਾਲ ਮਿਲਣਾ ਚਾਹੀਦਾ ਹੈ।’’ ਡਾਕਟਰ ਨੇ ਰਾਜੂ ਦਾ ਖੂਨ ਟੈਸਟ ਕੀਤਾ, ਪਰ ਉਹ ਵੀ ਕੰਮ ਨਹੀਂ ਆ ਸਕਿਆ। ਮੈਂ ਕੋਲ ਖਲੋਤੇ ਨੇ ਡਾਕਟਰ ਨੂੰ ਆਪਣਾ ਖੂਨ ਟੈਸਟ ਕਰਨ ਲਈ ਕਿਹਾ। ਡਾਕਟਰ ਨੇ ਮੇਰਾ ਖੂਨ ਟੈਸਟ ਕੀਤਾ ਤਾਂ ਖ਼ੁਸ਼ਕਿਸਮਤੀ ਨਾਲ ਮੇਰਾ ਖੂਨ ਮੰਮੀ ਦੇ ਖੂਨ ਨਾਲ ਮੇਲ ਕਰ ਗਿਆ। ਡਾਕਟਰ ਨੇ ਮੇਰੇ ਸਰੀਰ ਵਿੱਚੋਂ ਇੱਕ ਬੋਤਲ ਖੂਨ ਦੀ ਕੱਢ ਕੇ ਮੰਮੀ ਨੂੰ ਚੜ੍ਹਾ ਦਿੱਤੀ। ਬਾਕੀ ਦੀ ਸਾਰੀ ਰਾਤ ਅਸੀਂ ਹਸਪਤਾਲ ਦੇ ਇੱਕ ਵਿਹੜੇ ਵਿੱਚ ਕਦੇ ਬੈਠ ਕੇ ਅਤੇ ਕਦੇ ਇੱਧਰ ਉੱਧਰ ਤੁਰ ਫਿਰ ਕੇ ਕੱਢੀ। ਅਗਲੀ ਸਵੇਰ ਮੰਮੀ ਨਾਲ ਥੋੜ੍ਹੀ ਜਿਹੀ ਗੱਲਬਾਤ ਵੀ ਕੀਤੀ। ਥੋੜ੍ਹੀ ਦੇਰ ਬਾਅਦ ਰਾਜੂ ਦੇ ਛੋਟੇ ਦੋਵੇਂ ਭਰਾ ਅਤੇ ਭੈਣਾਂ ਅੰਮਾਂ ਦੇ ਨਾਲ ਮੁਕੇਰੀਆਂ ਤੋਂ ਆ ਗਏ। ਉਨ੍ਹਾਂ ਨੂੰ ਮੰਮੀ ਕੋਲ ਛੱਡ ਕੇ ਅਸੀਂ ਤਿੰਨੇ ਜਣੇ, ਬਾਊ ਜੀ, ਰਾਜੂ ਅਤੇ ਮੈਂ, ਮੁਕੇਰੀਆਂ ਘਰ ਆ ਗਏ।
ਘਰ ਆ ਕੇ ਨਹਾ ਕੇ ਥੋੜ੍ਹੀ ਦੇਰ ਆਰਾਮ ਕੀਤਾ। ਫਿਰ ਵਾਪਸ ਤਲਵਾੜੇ ਹਸਪਤਾਲ ਪਹੁੰਚ ਗਏ। ਹਸਪਤਾਲ ਪਹੁੰਚ ਕੇ ਮੰਮੀ ਨੂੰ ਵੇਖਿਆ। ਦਿਨ ਦੀ ਡਿਊਟੀ ਵਾਲਾ ਸੀਨੀਅਰ ਡਾਕਟਰ ਆ ਚੁੱਕਾ ਸੀ। ਡਾਕਟਰ ਨੂੰ ਮੰਮੀ ਦੇ ਇਲਾਜ ਬਾਰੇ ਪੁੱਛਿਆ। ਡਾਕਟਰ ਨੇ ਦੱਸਿਆ ਕਿ ਮੰਮੀ ਦੇ ਸਰੀਰ ਦੇ ਜ਼ਖ਼ਮ ਬਹੁਤ ਗੰਭੀਰ ਹਨ। ਜਦੋਂ ਉਹ ਠੀਕ ਹੋਣਗੇ, ਉਸ ਤੋਂ ਬਾਅਦ ਹੀ ਲੱਤਾਂ ਦਾ ਆਪਰੇਸ਼ਨ ਕੀਤਾ ਜਾਏਗਾ। ਇਸ ਲਈ ਕਿੰਨਾ ਵਕਤ ਲੱਗੇਗਾ, ਇਸ ਬਾਰੇ ਡਾਕਟਰ ਕੁਝ ਨਹੀਂ ਦੱਸ ਸਕਿਆ।
ਉਸ ਦਿਨ ਤੋਂ ਬਾਅਦ ਬਾਊ ਜੀ ਦਾ ਬੇਦੀ ਪਰਿਵਾਰ ਅਤੇ ਮੈਂ ਹਰ ਰੋਜ਼ ਸਵੇਰੇ ਮੁਕੇਰੀਆਂ ਤੋਂ ਤਲਵਾੜੇ ਆ ਜਾਂਦੇ। ਸਾਰਾ ਦਿਨ ਕਦੇ ਮੰਮੀ ਕੋਲ ਬੈਠੇ ਰਹਿੰਦੇ, ਕਦੇ ਹਸਪਤਾਲ ਦੀ ਕੰਟੀਨ ਵਿੱਚ ਬੈਠ ਜਾਂਦੇ ਅਤੇ ਕਦੇ ਹਸਪਤਾਲ ਦੇ ਪਾਰਕ ਵਿੱਚ ਬੈਠ ਜਾਂਦੇ। ਬਹੁਤ ਹੀ ਅਜੀਬ ਜਿਹੇ ਅਤੇ ਉਦਾਸੀ ਭਰੇ ਦਿਨ ਬੀਤ ਰਹੇ ਸਨ। ਬਾਬੂ ਜੀ ਦੀ ਸਲਾਹ ਹੋਈ ਕਿ ਹਰ ਰੋਜ਼ ਮੁਕੇਰੀਆਂ ਤੋਂ ਤਲਵਾੜੇ ਆਉਣਾ ਜਾਣਾ ਮੁਸ਼ਕਿਲ ਹੈ। ਕਿਉਂ ਨਾ ਤਲਵਾੜੇ ਵਿੱਚ ਹੀ ਹਸਪਤਾਲ ਦੇ ਨੇੜੇ ਤੇੜੇ ਕੋਈ ਛੋਟਾ ਮੋਟਾ ਘਰ ਕਿਰਾਏ ’ਤੇ ਲੈ ਲਿਆ ਜਾਏ। ਘਰ ਲੱਭਣਾ ਸ਼ੁਰੂ ਕੀਤਾ ਅਤੇ ਦੋ ਕਮਰਿਆਂ ਵਾਲਾ ਛੋਟਾ ਜਿਹਾ ਘਰ ਮਿਲ ਹੀ ਗਿਆ। ਸਾਰੇ ਜਣੇ ਉਸ ਘਰ ਵਿੱਚ ਰਹਿਣ ਲੱਗ ਪਏ।
ਇਹ ਸ਼ੁੱਕਰਵਾਰ ਤਿੰਨ ਦਸੰਬਰ ਉੱਨੀ ਸੌ ਇਕੱਤਰ ਦਾ ਦਿਨ ਸੀ। ਅਸੀਂ ਸਾਰੇ ਭੈਣ-ਭਰਾ ਹਸਪਤਾਲ ਦੇ ਪਾਰਕ ਵਿੱਚ ਪਿੱਠੂ ਗਰਮ ਦੀ ਖੇਡ, ਖੇਡ ਰਹੇ ਸਾਂ। ਬਾਊ ਜੀ ਸਾਥੋਂ ਥੋੜ੍ਹੀ ਦੂਰ ਪਾਰਕ ਦੇ ਇੱਕ ਬੈਂਚ ’ਤੇ ਬੈਠੇ ਸਨ। ਉਨ੍ਹਾਂ ਦੇ ਹੱਥ ਵਿੱਚ ਟਰਾਂਜਿਸਟਰ ਫੜਿਆ ਹੋਇਆ ਸੀ ਜਿਸ ਉੱਪਰ ਉਹ ਖ਼ਬਰਾਂ ਸੁਣਦੇ ਰਹਿੰਦੇ ਸਨ। ਅਚਾਨਕ ਅਸਮਾਨ ਵਿੱਚ ਠਾਹ-ਠਾਹ ਦੀ ਆਵਾਜ਼ ਹੋਣ ਲੱਗੀ। ਇਹ ਬੜੀ ਅਜੀਬ ਜਿਹੀ ਆਵਾਜ਼ ਸੀ। ਅਸੀਂ ਅਸਮਾਨ ਵੱਲ ਵੇਖਿਆ, ਪਰ ਅਸਮਾਨ ਖਾਲੀ ਸੀ। ਸੂਰਜ ਚਮਕ ਰਿਹਾ ਸੀ। ਅਚਾਨਕ ਇੱਕ ਜਹਾਜ਼ ਇੱਕ ਪਾਸਿਉਂ ਆਇਆ ਅਤੇ ਬਹੁਤ ਹੀ ਤੇਜ਼ ਸਪੀਡ ਨਾਲ ਦੂਜੇ ਪਾਸੇ ਨਿਕਲ ਗਿਆ। ਕੁਝ ਸਕਿੰਟਾਂ ਬਾਅਦ ਹੀ ਫਿਰ ਠਾਹ ਠਾਹ ਦੀ ਆਵਾਜ਼ ਕੰਨੀ ਪਈ। ਸਾਨੂੰ ਕੁਝ ਸਮਝ ਨਾ ਆਈ ਕਿ ਇਹ ਕੀ ਹੋ ਰਿਹਾ ਹੈ। ਬਾਊ ਜੀ ਆਪਣੇ ਬੈਂਚ ਤੋਂ ਉੱਠੇ ਅਤੇ ਸਾਡੇ ਕੋਲ ਆ ਕੇ ਦੱਸਣ ਲੱਗੇ ਕਿ ਭਾਰਤ ਅਤੇ ਪਾਕਿਸਤਾਨ ਦੀ ਜੰਗ ਸ਼ੁਰੂ ਹੋ ਗਈ ਹੈ। ਹੁਣੇ ਹੀ ਉਨ੍ਹਾਂ ਨੇ ਟਰਾਂਜਿਸਟਰ ’ਤੇ ਖ਼ਬਰਾਂ ਸੁਣੀਆਂ ਹਨ। ਅਸੀਂ ਸਾਰੇ ਇੱਕ ਅਜੀਬ ਜਿਹੀ ਘਬਰਾਹਟ ਵਿੱਚ ਚਲੇ ਗਏ। ਫਿਰ ਬਾਊ ਜੀ ਮੈਨੂੰ ਕਹਿਣ ਲੱਗੇ;
‘‘’ਬੇਟਾ! ਤੂੰ ਵਾਪਸ ਆਪਣੇ ਘਰ ਅੰਮ੍ਰਿਤਸਰ ਚਲਾ ਜਾ। ਹਾਲਾਤ ਠੀਕ ਨਹੀਂ ਹਨ। ਤੇਰੇ ਘਰ ਦੇ ਤੇਰੇ ਬਾਰੇ ਫ਼ਿਕਰ ਕਰ ਰਹੇ ਹੋਣਗੇ।’’
ਬਾਊ ਜੀ ਦੀ ਸਲਾਹ ਨਾਲ ਮੈਨੂੰ ਜਿਹੜੀ ਵੀ ਬੱਸ ਮਿਲੀ ਮੈਂ ਅੰਮ੍ਰਿਤਸਰ ਆਪਣੇ ਘਰ ਆ ਗਿਆ। ਪਾਕਿਸਤਾਨ ਨਾਲ ਜੰਗ ਚੱਲ ਰਹੀ ਸੀ। ਰੇਡੀਓ ਅਤੇ ਅਖ਼ਬਾਰਾਂ ਵਿੱਚ ਲਗਾਤਾਰ ਖ਼ਬਰਾਂ ਆ ਰਹੀਆਂ ਸਨ। ਇੱਕ ਖ਼ਬਰ ਆਈ,
‘‘ਪਾਕਿਸਤਾਨ ਦੇ ਜੰਗੀ ਹਵਾਈ ਜਹਾਜ਼ਾਂ ਨੇ ਮੁਕੇਰੀਆਂ ਦੇ ਇੱਕ ਆਰਮੀ ਦੇ ਅਸਲਾ ਡਿਪੂ ’ਤੇ ਬੰਬ ਸੁੱਟੇ, ਪਰ ਉਨ੍ਹਾਂ ਦਾ ਨਿਸ਼ਾਨਾ ਖੁੰਝ ਗਿਆ। ਇੱਕ ਬੰਬ ਮੁਕੇਰੀਆਂ ਰੇਲਵੇ ਸਟੇਸ਼ਨ ’ਤੇ ਬਣੇ ਰੇਲਵੇ ਕਰਮਚਾਰੀਆਂ ਦੇ ਕੁਆਰਟਰਾਂ ਵਿੱਚ ਜਾ ਡਿੱਗਾ। ਇਸ ਬੰਬ ਨੇ ਕੁਝ ਲੋਕਾਂ ਦੀ ਜਾਨ ਲੈ ਲਈ ਅਤੇ ਕੁਝ ਕੁਆਰਟਰ ਤਬਾਹ ਕਰ ਦਿੱਤੇ। ਇੱਕ ਕੁਆਰਟਰ ਤਾਂ ਬੁਰੀ ਤਰ੍ਹਾਂ ਤਬਾਹ ਹੋ ਗਿਆ, ਪਰ ਉਸ ਵਿੱਚ ਰਹਿਣ ਵਾਲੇ ਸਾਰੇ ਜੀਅ ਬਚ ਗਏ ਕਿਉਂਕਿ ਉਹ ਤਲਵਾੜੇ ਹਸਪਤਾਲ ਵਿੱਚ ਗਏ ਹੋਏ ਸਨ ਜਿੱਥੇ ਉਨ੍ਹਾਂ ਦੇ ਪਰਿਵਾਰ ਦਾ ਇੱਕ ਮੈਂਬਰ ਇਲਾਜ ਲਈ ਦਾਖਲ ਸੀ।’’
ਜਦੋਂ ਮੈਂ ਇਹ ਖ਼ਬਰ ਸੁਣੀ ਤਾਂ ਮੈਂ ਝੱਟ ਹੀ ਸਮਝ ਗਿਆ ਕਿ ਇਹ ਕਿਸ ਘਰ ਦੀ ਖ਼ਬਰ ਹੈ। ਅਗਲੇ ਦਿਨ ਹੀ ਮੈਂ ਤਲਵਾੜੇ ਹਸਪਤਾਲ ਜਾ ਪਹੁੰਚਿਆ। ਦਿਲ ਬਹੁਤ ਦੁਖੀ ਅਤੇ ਪਰੇਸ਼ਾਨ ਸੀ। ਸਭ ਨੂੰ ਮਿਲਿਆ। ਸਾਰਿਆਂ ਨੂੰ ਆਪਣੇ ਦੁੱਖ ਦਾ ਪ੍ਰਗਟਾਵਾ ਕਰਨ ਲੱਗਾ। ਮੰਮੀ ਕੋਲ ਵੀ ਗਿਆ। ਉਹ ਕੁਝ ਕੁਝ ਠੀਕ ਨਜ਼ਰ ਆ ਰਹੇ ਸਨ। ਥੋੜ੍ਹੀ ਬਹੁਤੀ ਹੂੰ ਹਾਂ ਕਰ ਲੈਂਦੇ ਸਨ। ਕਿਸੇ ਨੇ ਵੀ ਉਨ੍ਹਾਂ ਨਾਲ ਘਰ ਦੇ ਤਬਾਹ ਹੋਣ ਬਾਰੇ ਕੋਈ ਗੱਲ ਨਹੀਂ ਸੀ ਕੀਤੀ। ਮੈਂ ਵੀ ਨਹੀਂ ਕੀਤੀ।
ਥੋੜ੍ਹੀ ਦੇਰ ਬਾਅਦ ਅਸੀਂ ਸਾਰੇ ਹਸਪਤਾਲ ਦੇ ਪਾਰਕ ਵਿੱਚ ਬੈਠੇ ਸਾਂ। ਮੇਰਾ ਦਿਲ ਅਜੇ ਵੀ ਬਹੁਤ ਦੁਖੀ ਸੀ। ਮੈਂ ਬਾਊ ਜੀ ਅੱਗੇ ਆਪਣਾ ਗੁਬਾਰ ਕੱਢਿਆ;
‘‘ਬਾਊ ਜੀ। ਇਹ ਰੱਬ ਦੀ ਹੋਂਦ ਹੈ ਵੀ ਕਿ ਨਹੀਂ ? ਪਹਿਲਾਂ ਮੰਮੀ ਦੀਆਂ ਲੱਤਾਂ ਲੈ ਲਈਆਂ। ਫਿਰ ਘਰ ਹੀ ਤਬਾਹ ਕਰ ਦਿੱਤਾ। ਇਹ ਕਿਵੇਂ ਦਾ ਰੱਬ ਹੈ ?’’
ਬਾਬੂ ਜੀ ਨੇ ਮੇਰਾ ਹੱਥ ਆਪਣੇ ਦੋਵੇਂ ਹੱਥਾਂ ਵਿੱਚ ਘੁੱਟ ਕੇ ਫੜ ਲਿਆ ਅਤੇ ਕਹਿਣ ਲੱਗੇ;
‘‘ਬੇਟੇ ! ਸਾਨੂੰ ਹਰ ਹਾਲਤ ਵਿੱਚ ਰੱਬ ਦਾ ਸ਼ੁਕਰ ਮਨਾਉਣਾ ਚਾਹੀਦਾ। ਇਹ ਸਾਡੇ ਨਾਲ ਜੋ ਕੁਝ ਵੀ ਹੋ ਰਿਹਾ ਹੈ, ਇਹ ਸਭ ਰੱਬ ਦੀਆਂ ਖੇਡਾਂ ਹਨ। ਸਾਡੀ ਸਮਝ ਤੋਂ ਬਾਹਰ ਹੈ। ਪਹਿਲਾਂ ਤਾਂ ਰੱਬ ਨੇ ਤੁਹਾਡੇ ਮੰਮੀ ਦੀਆਂ ਲੱਤਾਂ ਕੱਟੀਆਂ, ਪਰ ਜਾਨ ਬਚਾ ਲਈ। ਜ਼ਰਾ ਸੋਚੋ! ਜੇ ਕਾਰ ਲੱਤਾਂ ਦੀ ਬਜਾਏ ਸਿਰ ਉੱਪਰੋਂ ਲੰਘਦੀ ਤਾਂ ਮੰਮੀ ਨੇ ਸਵਰਗਵਾਸ ਹੋ ਜਾਣਾ ਸੀ ਅਤੇ ਅਸੀਂ ਸਾਰਿਆਂ ਨੇ ਆਪਣੇ ਮੁਕੇਰੀਆਂ ਵਾਲੇ ਘਰ ਵਿੱਚ ਪਾਕਿਸਤਾਨੀ ਬੰਬ ਨਾਲ ਮਰ ਜਾਣਾ ਸੀ।’’
ਬਾਊ ਜੀ ਅੱਗੇ ਫਿਰ ਕਹਿਣ ਲੱਗੇ;
‘‘ਬੇਟੇ ! ਰੱਬ ਦੀ ਇਸ ਖੇਡ ਵਿੱਚ ਤੇਰਾ ਵੀ ਹਿੱਸਾ ਹੈ।’’
ਮੈਂ ਹੈਰਾਨ ਹੋ ਕੇ ਪੁੱਛਿਆ, ‘‘ਬਾਊ ਜੀ ! ਉਹ ਕਿਵੇਂ ?’’
ਬਾਊ ਜੀ ਨੇ ਮੇਰਾ ਹੱਥ ਹੋਰ ਵੀ ਜ਼ੋਰ ਨਾਲ ਆਪਣੇ ਦੋਵੇਂ ਹੱਥਾਂ ਵਿੱਚ ਘੁੱਟ ਲਿਆ ਅਤੇ ਦੱਸਣ ਲੱਗੇ;
‘‘ਤੁਹਾਡੀ ਮੰਮੀ ਨੂੰ ਖੂਨ ਦੀ ਲੋੜ ਸੀ, ਪਰ ਨਾ ਤਾਂ ਖੂਨ ਹਸਪਤਾਲ ਵਾਲਿਆਂ ਕੋਲ ਸੀ ਅਤੇ ਨਾ ਹੀ ਕਿਸੇ ਹੋਰ ਦਾ ਖੂਨ ਤੁਹਾਡੀ ਮੰਮੀ ਦੇ ਖੂਨ ਨਾਲ ਮੇਲ ਖਾਂਦਾ ਸੀ। ਰੱਬ ਨੇ ਤੈਨੂੰ ਭੇਜ ਦਿੱਤਾ ਅਤੇ ਤੇਰੇ ਖੂਨ ਨਾਲ ਤੁਹਾਡੇ ਮੰਮੀ ਦੀ ਜਾਨ ਬਚ ਗਈ।’’
ਫਿਰ ਬਾਊ ਜੀ ਭਾਵੁਕ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਉਨ੍ਹਾਂ ਨੇ ਘੁੱਟ ਕੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਕਹਿਣ ਲੱਗੇ;
‘‘ਬੇਟਾ ! ਤੇਰਾ ਤਾਂ ਹੁਣ ਸਾਡੇ ਨਾਲ ਖੂਨ ਦਾ ਰਿਸ਼ਤਾ ਹੋ ਗਿਆ ਏ।’’
ਸੰਪਰਕ: +61 403 125 209

