DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਧੂ ਮੱਖੀਆਂ ਨੱਚਦੀਆਂ ਵੀ ਹਨ...

ਇੱਕ ਛੋਟੇ ਜਿਹੇ ਛੱਤੇ ਅੰਦਰ ਸਮੂਹਿਕ ਬੁੱਧੀ, ਸੰਚਾਰ ਅਤੇ ਸਹਿਯੋਗ ਦਾ ਉਹ ਵਿਗਿਆਨ ਵੱਸਦਾ ਹੈ ਜਿਸ ਤੋਂ ਮਨੁੱਖੀ ਸਮਾਜ ਅਜੇ ਵੀ ਬਹੁਤ ਕੁਝ ਸਿੱਖ ਸਕਦਾ ਹੈ। ਸਵੇਰ ਦੀ ਪਹਿਲੀ ਧੁੱਪ ਨਾਲ ਜਦੋਂ ਕਿਸੇ ਫੁੱਲ ਉੱਤੇ ਇੱਕ ਮਧੂ ਮੱਖੀ ਉਤਰਦੀ ਹੈ...

  • fb
  • twitter
  • whatsapp
  • whatsapp
Advertisement

ਇੱਕ ਛੋਟੇ ਜਿਹੇ ਛੱਤੇ ਅੰਦਰ ਸਮੂਹਿਕ ਬੁੱਧੀ, ਸੰਚਾਰ ਅਤੇ ਸਹਿਯੋਗ ਦਾ ਉਹ ਵਿਗਿਆਨ ਵੱਸਦਾ ਹੈ ਜਿਸ ਤੋਂ ਮਨੁੱਖੀ ਸਮਾਜ ਅਜੇ ਵੀ ਬਹੁਤ ਕੁਝ ਸਿੱਖ ਸਕਦਾ ਹੈ।

ਸਵੇਰ ਦੀ ਪਹਿਲੀ ਧੁੱਪ ਨਾਲ ਜਦੋਂ ਕਿਸੇ ਫੁੱਲ ਉੱਤੇ ਇੱਕ ਮਧੂ ਮੱਖੀ ਉਤਰਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਸਿਰਫ਼ ਆਪਣਾ ਕੰਮ ਕਰ ਰਹੀ ਹੈ, ਰਸ ਲੈ ਰਹੀ ਹੈ, ਪਰਾਗ ਇਕੱਠਾ ਕਰ ਰਹੀ ਹੈ ਅਤੇ ਫਿਰ ਛੱਤੇ ਵੱਲ ਮੁੜ ਰਹੀ ਹੈ, ਪਰ ਵਿਗਿਆਨ ਦੀ ਅੱਖ ਨਾਲ ਵੇਖੀਏ ਤਾਂ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ।

Advertisement

ਉਹ ਮੱਖੀ ਜੋ ਫੁੱਲ ਤੋਂ ਵਾਪਸ ਆਈ ਹੈ, ਆਪਣੇ ਨਾਲ ਸਿਰਫ਼ ਰਸ ਨਹੀਂ ਲਿਆਉਂਦੀ। ਉਹ ਜਾਣਕਾਰੀ ਵੀ ਲਿਆਉਂਦੀ ਹੈ ਯਾਨੀ;

Advertisement

ਕਿੱਥੇ ਫੁੱਲ ਹਨ?

ਕਿੰਨੀ ਦੂਰ ਹਨ?

ਉੱਥੇ ਕਿੰਨਾ ਭੋਜਨ ਹੈ?

ਕਿਹੜੀ ਦਿਸ਼ਾ ਵੱਲ ਜਾਣਾ ਹੈ?

ਅਤੇ ਕੀ ਉਹ ਸਰੋਤ ਇੰਨਾ ਵਧੀਆ ਹੈ ਕਿ ਹੋਰ ਮੱਖੀਆਂ ਨੂੰ ਵੀ ਉੱਥੇ ਭੇਜਿਆ ਜਾਵੇ? ਛੱਤੇ ਦੀ ਦੁਨੀਆ ਵਿੱਚ ਜਾਣਕਾਰੀ ਵੀ ਇੱਕ ਕਿਸਮ ਦਾ ਭੋਜਨ ਹੈ।

ਇਸ ਜਾਣਕਾਰੀ ਨੂੰ ਵੰਡਣ ਦਾ ਇੱਕ ਅਦਭੁੱਤ ਢੰਗ ਹੈ ‘ਮਧੂ ਮੱਖੀ ਦਾ ਨਾਚ’। ਮਧੂ ਮੱਖੀ ਜਦੋਂ ਚੰਗੇ ਭੋਜਨ ਵਾਲੇ ਸਥਾਨ ਤੋਂ ਵਾਪਸ ਆਉਂਦੀ ਹੈ ਤਾਂ ਛੱਤੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ‘ਵੈਗਲ ਡਾਂਸ’ ਕਰਦੀ ਹੈ। ਇਹ ਸਿਰਫ਼ ਡਾਂਸ ਨਹੀਂ। ਇਹ ਇੱਕ ਤਰ੍ਹਾਂ ਦਾ ਸਥਾਨਕ ਨਕਸ਼ਾ ਹੈ।

ਡਾਂਸ ਦੀ ਦਿਸ਼ਾ ਅਤੇ ਹਿਲਚਲ ਸੂਰਜ ਦੀ ਸਥਿਤੀ ਅਤੇ ਉਡਾਣ ਨਾਲ ਮਿਲੇ ਦ੍ਰਿਸ਼ਟੀ ਸੰਕੇਤਾਂ ਰਾਹੀਂ ਹੋਰ ਮੱਖੀਆਂ ਨੂੰ ਸਰੋਤ ਦੀ ਦਿਸ਼ਾ ਅਤੇ ਦੂਰੀ ਬਾਰੇ ਜਾਣਕਾਰੀ ਦੇਣ ਵਿੱਚ ਮਦਦ ਕਰਦੀ ਹੈ। ਖੋਜ ਦੱਸਦੀ ਹੈ ਕਿ ਇਹ ਸੰਚਾਰ ਕਾਫ਼ੀ ਜਟਿਲ ਹੈ ਅਤੇ ਇਸ ਵਿੱਚ ਸਰੋਤ ਦੀ ਗੁਣਵੱਤਾ ਬਾਰੇ ਵੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।

ਇੱਥੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਹੈ। ਨੌਜਵਾਨ ਮੱਖੀ ਸਿਰਫ਼ ਜਨਮ ਤੋਂ ਹੀ ਇਹ ‘ਭਾਸ਼ਾ’ ਪੂਰੀ ਤਰ੍ਹਾਂ ਨਹੀਂ ਜਾਣਦੀ। 2023 ਦੇ ਇੱਕ ਮਹੱਤਵਪੂਰਨ ਅਧਿਐਨ ਨੇ ਦਿਖਾਇਆ ਕਿ ਮੱਖੀਆਂ ਦੀ ਵੈਗਲ ਡਾਂਸ ਕਰਨ ਦੀ ਯੋਗਤਾ ਵਿੱਚ ਸਮਾਜਿਕ ਸਿੱਖਿਆ ਦੀ ਭੂਮਿਕਾ ਹੈ। ਜਿਹੜੀਆਂ ਮੱਖੀਆਂ ਪਹਿਲਾਂ ਹੋਰ ਮੱਖੀਆਂ ਦਾ ਡਾਂਸ ਦੇਖਦੀਆਂ ਹਨ, ਉਨ੍ਹਾਂ ਦੇ ਪਹਿਲੇ ਡਾਂਸ ਵਧੇਰੇ ਸਹੀ ਹੁੰਦੇ ਹਨ। ਅਰਥਾਤ ਛੱਤੇ ਵਿੱਚ ਸਿਰਫ਼ ਜੈਨੇਟਿਕ ਜਾਣਕਾਰੀ ਨਹੀਂ ਚੱਲਦੀ; ਸਮਾਜਿਕ ਸਿੱਖਿਆ ਵੀ ਚੱਲਦੀ ਹੈ। ਇਹ ਗੱਲ ਮਨੁੱਖੀ ਸਮਾਜ ਲਈ ਵੀ ਛੋਟੀ ਨਹੀਂ।

ਛੱਤੇ ਵਿੱਚ ਕੋਈ ਮੈਨੇਜਰ ਨਹੀਂ ਹੁੰਦਾ, ਫਿਰ ਕੰਮ ਕਿਵੇਂ ਚੱਲਦਾ ਹੈ? ਇਹ ਸ਼ਾਇਦ ਮਧੂ ਮੱਖੀਆਂ ਦੀ ਸਭ ਤੋਂ ਵੱਡੀ ਵਿਗਿਆਨਕ ਪਹੇਲੀ ਹੈ। ਛੱਤੇ ਵਿੱਚ ਕੋਈ ਕੇਂਦਰੀ ‘ਬੌਸ’ ਹਰ ਮੱਖੀ ਨੂੰ ਹੁਕਮ ਨਹੀਂ ਦਿੰਦਾ ਕਿ ਤੂੰ ਪਰਾਗ ਲੈ ਕੇ ਆ। ਤੂੰ ਬੱਚਿਆਂ ਦੀ ਦੇਖਭਾਲ ਕਰ। ਤੂੰ ਛੱਤਾ ਬਣਾਈਂ। ਤੂੰ ਦਰਵਾਜ਼ੇ ਦੀ ਰਾਖੀ ਕਰ। ਤੂੰ ਮਰੇ ਹੋਏ ਜੀਵਾਂ ਨੂੰ ਬਾਹਰ ਕੱਢ। ਫਿਰ ਵੀ ਕੰਮ ਚੱਲਦਾ ਹੈ। ਅਜਿਹਾ ਕਿਉਂ? ਕਿਉਂਕਿ ਮੱਖੀਆਂ ਦੀ ਸਮਾਜਿਕ ਪ੍ਰਣਾਲੀ ਕੇਂਦਰੀ ਹੁਕਮ ਨਾਲੋਂ ਸਥਾਨਕ ਸੰਕੇਤਾਂ ਅਤੇ ਆਪਸੀ ਸੰਪਰਕਾਂ ਉੱਤੇ ਵੱਧ ਨਿਰਭਰ ਕਰਦੀ ਹੈ। ਇਸ ਨੂੰ ਵਿਗਿਆਨ ਵਿੱਚ ‘ਸੈਲਫ ਆਰਗੇਨਾਈਜੇਸ਼ਨ’ ਕਿਹਾ ਜਾਂਦਾ ਹੈ ਅਰਥਾਤ ਬਿਨਾਂ ਕਿਸੇ ਇੱਕ ਕੇਂਦਰੀ ਨਿਯੰਤਰਕ ਦੇ ਬਹੁਤ ਸਾਰੇ ਛੋਟੇ-ਛੋਟੇ ਵਿਹਾਰਕ ਫ਼ੈਸਲੇ ਮਿਲ ਕੇ ਵੱਡੀ ਸਮੂਹਿਕ ਵਿਵਸਥਾ ਪੈਦਾ ਕਰਦੇ ਹਨ। ਇੱਕ ਮੱਖੀ ਨੂੰ ਪੂਰੇ ਛੱਤੇ ਦੀ ਯੋਜਨਾ ਪਤਾ ਹੋਣੀ ਜ਼ਰੂਰੀ ਨਹੀਂ ਹੈ, ਪਰ ਹਜ਼ਾਰਾਂ ਮੱਖੀਆਂ ਦੀਆਂ ਛੋਟੀਆਂ-ਛੋਟੀਆਂ ਕਿਰਿਆਵਾਂ ਮਿਲ ਕੇ ਇੱਕ ਵੱਡੀ ਯੋਜਨਾ ਜਿਹਾ ਨਤੀਜਾ ਪੈਦਾ ਕਰ ਦਿੰਦੀਆਂ ਹਨ। ਇਹੀ ਹੈ ਸਮੂਹਿਕ ਬੁੱਧੀ।

ਮਧੂ ਮੱਖੀਆਂ ਦੀ ਮਿਹਨਤ ਵਿੱਚ ਵੀ ਇੱਕ ਅਦਭੁੱਤ ਵਿਗਿਆਨਕ ਵਿਵਸਥਾ ਹੈ। ਆਮ ਤੌਰ ਉੱਤੇ ਨੌਜਵਾਨ ਵਰਕਰ ਮੱਖੀ ਛੱਤੇ ਦੇ ਅੰਦਰਲੇ ਕੰਮਾਂ ਜਿਵੇਂ ਲਾਰਵੇ ਦੀ ਦੇਖਭਾਲ, ਛੱਤੇ ਦੀ ਸਾਂਭ-ਸੰਭਾਲ ਅਤੇ ਭੋਜਨ ਦੀ ਪ੍ਰਕਿਰਿਆ ਵਿੱਚ ਵੱਧ ਹਿੱਸਾ ਲੈਂਦੀਆਂ ਹਨ। ਉਮਰ ਵਧਣ ਨਾਲ ਕਈ ਮੱਖੀਆਂ ਬਾਹਰ ਜਾ ਕੇ ਭੋਜਨ ਇਕੱਠਾ ਕਰਨ ਵਾਲੀਆਂ ਬਣ ਜਾਂਦੀਆਂ ਹਨ, ਪਰ ਇਸ ਨੂੰ ਇੱਕ ਕਠੋਰ ‘ਨੌਕਰੀ ਦੀ ਸੂਚੀ’ ਸਮਝਣਾ ਵੀ ਗ਼ਲਤ ਹੋਵੇਗਾ। ਜੇ ਛੱਤੇ ਦੀ ਲੋੜ ਬਦਲ ਜਾਵੇ ਤਾਂ ਮੱਖੀਆਂ ਆਪਣੇ ਕੰਮ ਬਦਲ ਸਕਦੀਆਂ ਹਨ।

ਇਸੇ ਲਈ ਵਿਗਿਆਨੀਆਂ ਨੇ ਮਧੂ ਮੱਖੀਆਂ ਦੀ ਕੰਮ-ਵੰਡ ਨੂੰ ਕੰਮ ਦੀ ਵੰਡ ਅਤੇ ਵਿਵਹਾਰਕ ਲਚਕਤਾ ਵਿਚਕਾਰ ਸਮਝੌਤਾ ਕਿਹਾ ਹੈ। ਇਹ ਗੱਲ ਬੜੀ ਡੂੰਘੀ ਹੈ।

ਕੁਸ਼ਲ ਸਮਾਜ ਉਹ ਨਹੀਂ ਜਿਸ ਵਿੱਚ ਹਰ ਕੋਈ ਸਾਰੀ ਉਮਰ ਇੱਕੋ ਕੰਮ ਕਰੇ; ਕੁਸ਼ਲ ਸਮਾਜ ਉਹ ਹੈ ਜੋ ਲੋੜ ਬਦਲਣ ’ਤੇ ਆਪਣਾ ਕੰਮ ਵੰਡਣ ਦਾ ਢੰਗ ਵੀ ਬਦਲ ਸਕੇ। ਮਧੂ ਮੱਖੀਆਂ ਬਾਰੇ ਵਿਗਿਆਨ ਵਿੱਚ ‘ਸੁਪਰਆਰਗਾਨਿਜ਼ਮ’ ਸ਼ਬਦ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਛੱਤਾ ਸੱਚਮੁੱਚ ਇੱਕ ਵੱਡਾ ਜੀਵ ਹੈ। ਭਾਵ ਇਹ ਹੈ ਕਿ ਹਜ਼ਾਰਾਂ ਵਿਅਕਤੀਗਤ ਮੱਖੀਆਂ ਦੀਆਂ ਕਿਰਿਆਵਾਂ ਮਿਲ ਕੇ ਐਸੀ ਸਮੂਹਿਕ ਪ੍ਰਣਾਲੀ ਬਣਾਉਂਦੀਆਂ ਹਨ ਜਿਸ ਵਿੱਚ ਛੱਤੇ ਦਾ ਵਿਹਾਰ ਕਿਸੇ ਇੱਕ ਮੱਖੀ ਦੇ ਵਿਹਾਰ ਨਾਲੋਂ ਕਿਤੇ ਵੱਡਾ ਹੁੰਦਾ ਹੈ। ਇਸ ਦੀ ਸਭ ਤੋਂ ਸੁੰਦਰ ਉਦਾਹਰਨ ਹੈ ਤਾਪਮਾਨ।

ਮਧੂ ਮੱਖੀਆਂ ਦੇ ਬੱਚਿਆਂ ਦੇ ਵਿਕਾਸ ਲਈ ਛੱਤੇ ਅੰਦਰ ਤਾਪਮਾਨ ਨੂੰ ਬਹੁਤ ਸੰਕੁਚਿਤ ਹੱਦ ਵਿੱਚ ਕਾਇਮ ਰੱਖਣਾ ਪੈਂਦਾ ਹੈ। ਅਧਿਐਨਾਂ ਵਿੱਚ ਲਗਭਗ 34-36 ਡਿਗਰੀ ਸੈਲਸੀਅਸ ਦੇ ਆਸ-ਪਾਸ ਤਾਪਮਾਨ ਕਾਇਮ ਰੱਖਣ ਵਾਲੇ ਸਮੂਹਿਕ ਵਿਹਾਰ ਦਰਜ ਕੀਤੇ ਗਏ ਹਨ। ਜਦੋਂ ਠੰਢ ਵਧਦੀ ਹੈ ਤਾਂ ਕੁਝ ਮੱਖੀਆਂ ਆਪਣੀ ਛਾਤੀ ਦੀਆਂ ‘ਫਲਾਈਟ ਮਾਸਪੇਸ਼ੀਆਂ’ ਨੂੰ ਕੰਬਾ ਕੇ ਗਰਮੀ ਪੈਦਾ ਕਰਦੀਆਂ ਹਨ। ਜਦੋਂ ਗਰਮੀ ਵਧਦੀ ਹੈ ਤਾਂ ਛੱਤੇ ਵਿੱਚ ਹਵਾ ਦੇ ਸੰਚਾਰ ਅਤੇ ਠੰਢਕ ਵਿਵਹਾਰ ਵਿੱਚ ਬਦਲਾਅ ਆਉਂਦੇ ਹਨ। ਕਿਸੇ ਇੱਕ ਮੱਖੀ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਅੱਜ ਛੱਤੇ ਦਾ ਤਾਪਮਾਨ 35 ਡਿਗਰੀ ਰੱਖਣਾ ਹੈ। ਫਿਰ ਵੀ ਹਜ਼ਾਰਾਂ ਛੋਟੇ ਵਿਹਾਰ ਮਿਲ ਕੇ ਤਾਪਮਾਨ ਨੂੰ ਸੰਭਾਲਦੇ ਹਨ। ਇਹ ਸਭ ਕੁਦਰਤੀ ਹੁੰਦਾ ਹੈ।

ਇੱਥੇ ਮਧੂ ਮੱਖੀਆਂ ਸਾਨੂੰ ਸਮੂਹਿਕ ਬੁੱਧੀ ਦਾ ਇੱਕ ਹੋਰ ਸਬਕ ਦਿੰਦੀਆਂ ਹਨ। ਇੱਕ ਮੱਖੀ ਨੂੰ ਪੂਰੇ ਇਲਾਕੇ ਦਾ ਨਕਸ਼ਾ ਨਹੀਂ ਪਤਾ। ਦੂਜੀ ਨੂੰ ਸਿਰਫ਼ ਇੱਕ ਫੁੱਲਾਂ ਵਾਲੀ ਥਾਂ ਪਤਾ ਹੈ। ਤੀਜੀ ਕਿਸੇ ਹੋਰ ਸਰੋਤ ਤੋਂ ਵਾਪਸ ਆਈ ਹੈ। ਚੌਥੀ ਨੂੰ ਛੱਤੇ ਦੇ ਅੰਦਰ ਬੱਚਿਆਂ ਦੀ ਲੋੜ ਦਾ ਅੰਦਾਜ਼ਾ ਹੈ, ਪਰ ਇਹ ਸਾਰੀਆਂ ਅਧੂਰੀਆਂ ਜਾਣਕਾਰੀਆਂ ਆਪਸ ਵਿੱਚ ਜੁੜ ਕੇ ਇੱਕ ਵੱਡੀ ਜਾਣਕਾਰੀ-ਪ੍ਰਣਾਲੀ ਬਣਾਉਂਦੀਆਂ ਹਨ।

ਵਿਗਿਆਨੀਆਂ ਨੇ ਮਧੂ ਮੱਖੀਆਂ ਦੀਆਂ ਕਲੋਨੀਆਂ ਨੂੰ ਜਾਣਕਾਰੀ ਇਕੱਠੀ ਕਰਨ ਵਾਲੀ ਵੰਡ ਪ੍ਰਣਾਲੀ ਵਜੋਂ ਅਧਿਐਨ ਕੀਤਾ ਹੈ ਜਿੱਥੇ ਵੱਖ-ਵੱਖ ਮੱਖੀਆਂ ਵਾਤਾਵਰਨ ਤੋਂ ਜਾਣਕਾਰੀ ਇਕੱਠੀ ਕਰਦੀਆਂ ਹਨ ਅਤੇ ਸਮਾਜਿਕ ਸੰਕੇਤਾਂ ਰਾਹੀਂ ਇਹ ਜਾਣਕਾਰੀ ਸਮੂਹਿਕ ਪੱਧਰ ’ਤੇ ਵਰਤੀ ਜਾਂਦੀ ਹੈ। ਇਸ ਲਈ ਛੱਤੇ ਦੀ ਬੁੱਧੀ ਕਿਸੇ ਇੱਕ ਮੱਖੀ ਦੇ ਦਿਮਾਗ਼ ਵਿੱਚ ਨਹੀਂ। ਉਹ ਮੱਖੀਆਂ ਦੇ ਵਿਚਕਾਰ ਹੈ।

ਸੰਪਰਕ: 61 412913021

Advertisement
×