DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਾਲ ਮੁਕੰਦ ਸ਼ਰਮਾ ਦੀ ਪੁਸਤਕ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਰਿਲੀਜ਼

ਸਰੀ: ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵੈਨਕੂਵਰ ਅਤੇ ਡਾ. ਜਸਵਿੰਦਰ ਸਿੰਘ ਭੱਲਾ ਫਾਊਂਡੇਸ਼ਨ ਮੁਹਾਲੀ ਵੱਲੋਂ ਪੰਜਾਬੀ ਹਾਸ-ਰਸ ਕਲਾਕਾਰ ਜਸਵਿੰਦਰ ਭੱਲਾ ਦੇ ਸਦੀਵੀ ਵਿਛੋੜੇ ਤੋਂ ਪੂਰਾ ਇੱਕ ਸਾਲ ਬਾਅਦ ਸਰੀ ਵਿਖੇ ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਉਨ੍ਹਾਂ ਦੇ...

  • fb
  • twitter
  • whatsapp
  • whatsapp
Advertisement

ਸਰੀ: ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵੈਨਕੂਵਰ ਅਤੇ ਡਾ. ਜਸਵਿੰਦਰ ਸਿੰਘ ਭੱਲਾ ਫਾਊਂਡੇਸ਼ਨ ਮੁਹਾਲੀ ਵੱਲੋਂ ਪੰਜਾਬੀ ਹਾਸ-ਰਸ ਕਲਾਕਾਰ ਜਸਵਿੰਦਰ ਭੱਲਾ ਦੇ ਸਦੀਵੀ ਵਿਛੋੜੇ ਤੋਂ ਪੂਰਾ ਇੱਕ ਸਾਲ ਬਾਅਦ ਸਰੀ ਵਿਖੇ ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ, ਚਾਹੁਣ ਵਾਲਿਆਂ, ਸਾਹਿਤ ਅਤੇ ਕਲਾ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਆਪਣੇ ਹਰਮਨ ਪਿਆਰੇ ਕਲਾਕਾਰ ਨੂੰ ਯਾਦ ਕੀਤਾ।

ਸਮਾਗਮ ਦੀ ਸਭ ਤੋਂ ਖ਼ੂਬਸੂਰਤ ਵਿਸ਼ੇਸ਼ਤਾ ਇਹ ਰਹੀ ਕਿ ਜਸਵਿੰਦਰ ਭੱਲਾ ਨੂੰ ਉਦਾਸੀ ਜਾਂ ਸੋਗ ਦੇ ਮਾਹੌਲ ਵਿੱਚ ਨਹੀਂ, ਸਗੋਂ ਹਾਸਿਆਂ ਦੇ ਰੰਗ ਵਿੱਚ ਯਾਦ ਕੀਤਾ ਗਿਆ। ਜਿਸ ਕਲਾਕਾਰ ਨੇ ਆਪਣੀ ਕਲਾ ਰਾਹੀਂ ਦਹਾਕਿਆਂ ਤੱਕ ਪੰਜਾਬੀਆਂ ਦੇ ਚਿਹਰਿਆਂ ’ਤੇ ਮੁਸਕਰਾਹਟਾਂ ਬਿਖੇਰੀਆਂ, ਉਸ ਨੂੰ ਉਸੇ ਹਾਸ-ਰਸ ਅਤੇ ਖੁਸ਼ਮਿਜ਼ਾਜ ਅੰਦਾਜ਼ ਵਿੱਚ ਯਾਦ ਕੀਤਾ ਗਿਆ, ਜਿਸ ਲਈ ਉਹ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ।

Advertisement

ਸਮਾਗਮ ਦਾ ਮੁੱਖ ਬੁਲਾਰਾ ਬਾਲ ਮੁਕੰਦ ਸ਼ਰਮਾ ਸਨ। ਉਨ੍ਹਾਂ ਨੇ ਜਸਵਿੰਦਰ ਭੱਲਾ ਨਾਲ ਲੰਬਾ ਸਮਾਂ ਕੰਮ ਕੀਤਾ ਅਤੇ ਉਨ੍ਹਾਂ ਦੀ ਕਲਾ-ਯਾਤਰਾ ਦੇ ਬਹੁਤ ਸਾਰੇ ਪੜਾਵਾਂ ਦੇ ਉਹ ਚਸ਼ਮਦੀਦ ਗਵਾਹ ਰਹੇ ਹਨ। ਬਾਲ ਮੁਕੰਦ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਜਸਵਿੰਦਰ ਭੱਲਾ ਨਾਲ ਬਿਤਾਏ ਕਈ ਸਾਲਾਂ ਦੀਆਂ ਅਨਮੋਲ ਯਾਦਾਂ ਬੇਹੱਦ ਖੂਬਸੂਰਤ ਅਤੇ ਦਿਲਚਸਪ ਲਹਿਜ਼ੇ ਵਿੱਚ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਜਸਵਿੰਦਰ ਭੱਲਾ ਦੇ ਕਲਾਤਮਕ ਸਫ਼ਰ ਦੇ ਮੁੱਢਲੇ ਦੌਰ ਕੈਸੇਟਾਂ ਅਤੇ ਭੰਡਾਂ ਦੀ ਕਲਾ ਤੋਂ ਲੈ ਕੇ ਪੰਜਾਬੀ ਫਿਲਮਾਂ ਤੱਕ ਉਨ੍ਹਾਂ ਦੀ ਸ਼ਾਨਦਾਰ ਕਲਾ-ਯਾਤਰਾ ਦੇ ਕਈ ਪੜਾਵਾਂ ਨੂੰ ਯਾਦ ਕੀਤਾ।

Advertisement

ਉਨ੍ਹਾਂ ਦੀ ਬਿਆਨਕਾਰੀ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਉਨ੍ਹਾਂ ਨੇ ਜਸਵਿੰਦਰ ਭੱਲਾ ਦੀ ਸ਼ਖ਼ਸੀਅਤ ਦੇ ਕਈ ਅਣਸੁਣੇ ਪੱਖ, ਅਣਕਹੀਆਂ ਗੱਲਾਂ ਅਤੇ ਅਣਮੁੱਲੀਆਂ ਯਾਦਾਂ ਪਹਿਲੀ ਵਾਰ ਸਰੋਤਿਆਂ ਦੇ ਸਾਹਮਣੇ ਰੱਖੀਆਂ। ਇਨ੍ਹਾਂ ਯਾਦਾਂ ਰਾਹੀਂ ਜਸਵਿੰਦਰ ਭੱਲਾ ਦੀ ਕਲਾ ਤੋਂ ਇਲਾਵਾ ਉਨ੍ਹਾਂ ਦੀ ਸਾਦਗੀ, ਮਿਲਾਪੜੇ ਸੁਭਾਅ, ਦੋਸਤੀ ਨਿਭਾਉਣ ਦੀ ਕਲਾ ਅਤੇ ਇਨਸਾਨੀਅਤ ਦੇ ਵੀ ਕਈ ਖ਼ੂਬਸੂਰਤ ਪੱਖ ਸਾਹਮਣੇ ਆਏ। ਬਾਲ ਮੁਕੰਦ ਸ਼ਰਮਾ ਦੀਆਂ ਗੱਲਾਂ ਵਿੱਚ ਦੋਸਤੀ ਦੀ ਗਰਮਾਹਟ ਵੀ ਸੀ, ਹਾਸੇ ਦਾ ਰੰਗ ਵੀ ਅਤੇ ਇੱਕ ਮਹਾਨ ਕਲਾਕਾਰ ਨੂੰ ਨੇੜਿਓਂ ਜਾਣਨ ਵਾਲੇ ਸਾਥੀ ਦੀ ਡੂੰਘੀ ਸਮਝ ਵੀ।

ਸਮਾਗਮ ਦੌਰਾਨ ਡਾ. ਸਾਧੂ ਸਿੰਘ, ਹਰਜਿੰਦਰ ਥਿੰਦ, ਦਵਿੰਦਰ ਬੈਨੀਪਾਲ, ਜਸਬੀਰ ਰੋਮਾਣਾ, ਜਸਬੀਰ ਚੀਮਾ, ਮਨਿੰਦਰ ਗਿੱਲ, ਗੁਰਮੰਤ ਗਰੇਵਾਲ, ਵਿਜੇ ਸੈਣੀ, ਮੋਹਨ ਗਿੱਲ, ਮਨਮੋਹਨ ਗਰੇਵਾਲ, ਜੋਤਿਸਨਾ ਸਲੂਜਾ, ਕੰਚਨ ਸ਼ਰਮਾ, ਹਰਕੀਰਤ ਚਾਹਲ, ਰਵੀ ਚੀਮਾ, ਰਾਣਾ ਰਣਬੀਰ, ਬੀ.ਸੀ. ਦੇ ਮੰਤਰੀ ਜਗਰੂਪ ਬਰਾੜ, ਡਾ. ਹਮੇਸ਼ ਤਿਵਾੜੀ, ਡਾ. ਰਮੇਸ਼ ਕੁਮਾਰ, ਡਾ. ਆਰ. ਐੱਸ. ਪਰਿਹਾਰ, ਸੁਖਵਿੰਦਰ ਸੁੱਖੀ ਅਤੇ ਹੋਰ ਕਈ ਬੁਲਾਰਿਆਂ ਨੇ ਜਸਵਿੰਦਰ ਭੱਲਾ ਨਾਲ ਜੁੜੀਆਂ ਯਾਦਾਂ, ਹਾਸੇ-ਮਜ਼ਾਕ ਵਾਲੇ ਕਿੱਸੇ ਅਤੇ ਉਨ੍ਹਾਂ ਦੀ ਕਲਾ ਨਾਲ ਸਬੰਧਿਤ ਦਿਲਚਸਪ ਪਲ ਸਰੋਤਿਆਂ ਨਾਲ ਸਾਂਝੇ ਕੀਤੇ। ਕਿਸੇ ਵੀ ਬੁਲਾਰੇ ਨੇ ਉਦਾਸੀ ਭਰੇ ਜਾਂ ਮਾਤਮੀ ਬੋਲਾਂ ਨਾਲ ਸਮਾਗਮ ਦੇ ਮਾਹੌਲ ਨੂੰ ਗ਼ਮਗੀਨ ਨਹੀਂ ਕੀਤਾ। ਹਰ ਕਿਸੇ ਨੇ ਉਨ੍ਹਾਂ ਨੂੰ ਹਾਸਿਆਂ ਦੇ ਬਾਦਸ਼ਾਹ, ਕਮੇਡੀ ਕਿੰਗ ਅਤੇ ਪੰਜਾਬੀ ਹਾਸ-ਰਸ ਦੇ ਅਮਿੱਟ ਚਿਹਰੇ ਵਜੋਂ ਯਾਦ ਕੀਤਾ।

ਇਸ ਮੌਕੇ ਬਾਲ ਮੁਕੰਦ ਸ਼ਰਮਾ ਵੱਲੋਂ ਜਸਵਿੰਦਰ ਭੱਲਾ ਦੀ ਯਾਦ ਨੂੰ ਸਮਰਪਿਤ ਲਿਖੀ ਗਈ ਯਾਦਗਾਰੀ ਪੁਸਤਕ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਵੀ ਰਿਲੀਜ਼ ਕੀਤੀ ਗਈ। ਇਹ ਪੁਸਤਕ ਜਸਵਿੰਦਰ ਭੱਲਾ ਦੀ ਕਲਾ ਅਤੇ ਸ਼ਖ਼ਸੀਅਤ ਨਾਲ ਜੁੜੀਆਂ ਯਾਦਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ।

ਸਮਾਗਮ ਵਿੱਚ ਨਾਵਲਕਾਰ ਜਰਨੈਲ ਸਿੰਘ ਸੇਖਾ, ਸੁਰਿੰਦਰ ਚਾਹਲ, ਡਾ. ਦਿਲਬਾਗ ਰਾਣਾ, ਰਾਜਵੰਤ ਰਾਜ, ਅੰਗਰੇਜ਼ ਬਰਾੜ, ਡਾ. ਸੁਖਦੇਵ ਮਾਨ, ਡਾ. ਜਸ ਬਾਸੀ, ਜਤਿੰਦਰ ਜੇ ਮਿਨਹਾਸ, ਮੇਅਰ ਉਮੀਦਵਾਰ ਹੋਨਵੀਰ ਰੰਧਾਵਾ, ਕੌਂਸਲਰ ਉਮੀਦਵਾਰ ਰਿੱਕੀ ਬਾਜਵਾ, ਪੀਏਯੂ ਫੈਮਿਲੀ ਐਸੋਸੀਏਸ਼ਨ ਅਤੇ ਡਾ. ਜਸਵਿੰਦਰ ਸਿੰਘ ਭੱਲਾ ਫਾਊਂਡੇਸ਼ਨ ਦੇ ਸਾਰੇ ਕਾਰਜਕਾਰੀ ਮੈਂਬਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਤ ਕਈ ਵਿਦਵਾਨ ਅਤੇ ਵਿਦਿਆਰਥੀ ਸ਼ਾਮਲ ਸਨ। ਅੰਤ ਵਿੱਚ ਡਾ. ਗੁਲਜ਼ਾਰ ਸਿੰਘ ਵਿਲਿੰਗ ਅਤੇ ਡਾ. ਸੁਖਵਿੰਦਰ ਸਿੰਘ ਨੇ ਸਮਾਗਮ ਵਿੱਚ ਹਾਜ਼ਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦਾ ਸੰਚਾਲਨ ਡਾ. ਅਮਰਜੀਤ ਭੁੱਲਰ ਨੇ ਬਾਖੂਬੀ ਕੀਤਾ। ਸਮੁੱਚੇ ਤੌਰ ’ਤੇ ਇਹ ਸਮਾਗਮ ਕਿਸੇ ਵਿੱਛੜੇ ਕਲਾਕਾਰ ਦਾ ਸਿਰਫ਼ ਯਾਦਗਾਰੀ ਸਮਾਗਮ ਨਹੀਂ ਸੀ, ਸਗੋਂ ਜਸਵਿੰਦਰ ਭੱਲਾ ਦੀ ਜ਼ਿੰਦਗੀ, ਕਲਾ, ਦੋਸਤੀ, ਇਨਸਾਨੀਅਤ ਅਤੇ ਹਾਸੇ ਨੂੰ ਮਨਾਉਣ ਦਾ ਇੱਕ ਖ਼ੂਬਸੂਰਤ ਜਸ਼ਨ ਸੀ। ਉਨ੍ਹਾਂ ਨੂੰ ਯਾਦ ਕਰਦਿਆਂ ਸਰੋਤਿਆਂ ਦੇ ਚਿਹਰਿਆਂ ’ਤੇ ਆਈ ਮੁਸਕਰਾਹਟ ਹੀ ਇਸ ਗੱਲ ਦੀ ਗਵਾਹ ਸੀ ਕਿ ਜਸਵਿੰਦਰ ਭੱਲਾ ਅੱਜ ਵੀ ਆਪਣੀ ਕਲਾ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।

ਸੰਪਰਕ: +1 604 308 6663

Advertisement
×