ਆਸਟਰੇਲੀਆ ’ਚ ਮੌਸਮ ਦਾ ਵਿਗੜਿਆ ਮਿਜ਼ਾਜ; ਗੜੇਮਾਰੀ ਕਾਰਨ 9 ਵਿਅਕਤੀ ਜ਼ਖ਼ਮੀ
ਆਮ ਜਨਜੀਵਨ ਪ੍ਰਭਾਵਿਤ; ਸਿਡਨੀ ’ਚ ਦਿਨ ਦਾ ਤਾਪਮਾਨ 20 ਡਿਗਰੀ ਦਰਜ
Austarlia weather ਆਸਟਰੇਲੀਆ ਦੇ ਕਈ ਖੇਤਰਾਂ ਵਿੱਚ ਬੇਮੌਸਮੇ ਮੀਂਹ ਤੇ ਗੜੇਮਾਰੀ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਨਵੰਬਰ ਮਹੀਨੇ ਆਮ ਤੌਰ ’ਤੇ ਗਰਮੀ ਤੇ ਸੂਰਜ ਦੀ ਤਪਸ਼ ਰਹਿੰਦੀ ਹੈ ਪਰ ਇਸ ਵਾਰ ਠੰਢਕ ਨੇ ਨਹੀਂ ਪਿਰਤ ਪਾਈ ਹੈ। ਸਿਡਨੀ ਸਮੇਤ ਹੋਰਨਾਂ ਖੇਤਰਾਂ ’ਚ ਮੌਸਮ ਦੇ ਇਸ ਵਿਗੜੇ ਮਿਜ਼ਾਜ ਨੇ ਲੋਕਾਂ ਨੂੰ ਵੀ ਬਿਮਾਰ ਕੀਤਾ ਹੈ। ਸਿਡਨੀ ’ਚ ਦਿਨ ਵੇਲੇ ਦਾ ਤਾਪਮਾਨ 20 ਡਿਗਰੀ ਦਰਜ ਕੀਤਾ ਗਿਆ ਜੋ ਕਿ ਦੋ ਦਿਨ ਪਹਿਲਾਂ 10 ਡਿਗਰੀ ਤੋਂ ਵੀ ਹੇਠਾਂ ਸੀ।
ਸ਼ਨਿੱਚਵਾਰ ਦੁਪਹਿਰ ਨੂੰ ਦੱਖਣ-ਪੂਰਬੀ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਖਤਰਨਾਕ ਤੂਫਾਨ ਆਇਆ ਸੀ। ਖੇਤਰ ਦੇ ਐਸਕ ਸਟੇਟ ਸਕੂਲ ਦੀ 150ਵੀਂ ਵਰ੍ਹੇਗੰਢ ਸਮਾਰੋਹ ਵਿੱਚ ਸ਼ਾਮਲ ਕਈ ਲੋਕ ਗੜੇਮਾਰੀ ਕਾਰਨ ਜ਼ਖ਼ਮੀ ਹੋ ਗਏ। ਪੈਰਾਮੈਡਿਕਸ ਨੇ ਪੁਸ਼ਟੀ ਕੀਤੀ ਕਿ ਕੁਈਨਜ਼ਲੈਂਡ ਐਂਬੂਲੈਂਸ ਸੇਵਾ ਵੱਲੋਂ 9 ਲੋਕਾਂ ਦਾ ਇਲਾਜ ਕੀਤਾ ਗਿਆ। ਗੜੇਮਾਰੀ ਨਾਲ ਕਈ ਕਾਰਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਕਰੀਬ 20 ਸਾਲਾਂ ਦੇ ਇੱਕ ਆਦਮੀ, 20 ਤੇ 30 ਸਾਲਾਂ ਦੀਆਂ ਦੋ ਔਰਤਾਂ ਨੂੰ ਵੀ ਮਾਮੂਲੀ ਸੱਟਾਂ ਕਾਰਨ ਹਸਪਤਾਲ ਲਿਜਾਇਆ ਗਿਆ।

