DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਬਾ ਜੀ

ਕਹਾਣੀ ਫ਼ੌਜ ’ਚ ਰਿਹਾ ਹੋਣ ਕਾਰਨ ਬਾਬਾ ਵਰਿਆਮ ਸਿੰਘ ਫ਼ੌਜ ਦੀਆਂ ਗੱਲਾਂ ਬੜੀ ਉੱਚੀ-ਉੱਚੀ ਤੇ ਚੁਸਕੀਆਂ ਲੈ-ਲੈ ਕਰਦਾ। ਉਸ ਦੀ ਗਰਜਵੀਂ ’ਵਾਜ਼ ਦੂਰ ਤੱਕ ਸੁਣਾਈ ਦਿੰਦੀ। ਇੱਕ ਵਾਰ ਗੱਲ ਸ਼ੁਰੂ ਹੋ ਜਾਂਦੀ ਤਾਂ ਲੜੀ ਟੁੱਟਣ ਹੀ ਨਾ ਦਿੰਦਾ ਜਿਵੇਂ ਫ਼ੌਜ...

  • fb
  • twitter
  • whatsapp
  • whatsapp
Advertisement

ਕਹਾਣੀ

ਫ਼ੌਜ ’ਚ ਰਿਹਾ ਹੋਣ ਕਾਰਨ ਬਾਬਾ ਵਰਿਆਮ ਸਿੰਘ ਫ਼ੌਜ ਦੀਆਂ ਗੱਲਾਂ ਬੜੀ ਉੱਚੀ-ਉੱਚੀ ਤੇ ਚੁਸਕੀਆਂ ਲੈ-ਲੈ ਕਰਦਾ। ਉਸ ਦੀ ਗਰਜਵੀਂ ’ਵਾਜ਼ ਦੂਰ ਤੱਕ ਸੁਣਾਈ ਦਿੰਦੀ। ਇੱਕ ਵਾਰ ਗੱਲ ਸ਼ੁਰੂ ਹੋ ਜਾਂਦੀ ਤਾਂ ਲੜੀ ਟੁੱਟਣ ਹੀ ਨਾ ਦਿੰਦਾ ਜਿਵੇਂ ਫ਼ੌਜ ਦਾ ਜਨੂੰਨ ਉਸ ਦੇ ਸਿਰ ਚੜ੍ਹ ਬੋਲਦਾ ਹੋਵੇ, ਪਰ ਅੱਜ ਬਾਬਾ ਆਪਣੇ ਸੁਭਾਅ ਦੇ ਬਿਲਕੁਲ ਉਲਟ ਜਾਪਿਆ। ਉਹ ਪਿੰਡ ਦੇ ਪੁਲ ’ਤੇ ਫ਼ੌਜੀ ਕੈਲੇ ਨਾਲ ਬੈਠਾ ਬੜੇ ਸਲੀਕੇ ਨਾਲ ਇਵੇਂ ਗੱਲਾਂ ਕਰ ਰਿਹਾ ਸੀ ਜਿਵੇਂ ਉਸ ਵਰਗਾ ਕੋਈ ਦਾਨਾ ਵਿਅਕਤੀ ਹੀ ਨਾ ਹੋਵੇ।

Advertisement

ਸਕੂਲ ਦੇ ਗਰਾਊਂਡ ’ਚ ਖੇਡਦਿਆਂ ਅਚਾਨਕ ਰਾਜੂ ਦੀ ਨਿਗ੍ਹਾ ਪੁਲ਼ ’ਤੇ ਬੈਠੇ ਬਾਬੇ ’ਤੇ ਪਈ। ਉਹ ਅਹੁਲ ਕੇ ਬੋਲਿਆ, “ਔਹ ਵੇਖੋ, ਅੱਜ ਬਾਬਾ ਜੀ ਪੁਲ ’ਤੇ ਬੈਠੇ ਐ। ਆਓ ਬਾਬੇ ਦੀਆਂ ਗੱਲਾਂ ਸੁਣੀਏਂ।” ਰਾਜੂ ਦੇ ਇਵੇਂ ਆਖਣ ’ਤੇ ਅਸੀਂ ਤਿੰਨ-ਚਾਰ ਬੱਚੇ ਬਾਬਾ ਜੀ ਕੋਲ ਨੱਠੇ ਗਏ।

Advertisement

“ਪੁੱਤਰੋ, ਆ ਜਾਓ... ਆ ਜਾਓ...ਆ ਜਾਓ। ਮੇਰਾ ਵੀ ਮਨ ਅੱਜ ਕੁਝ ਉਦਾਸ ਜਿਹਾ ਐ। ਥੋਡੇ ਨਾਲ ਗੱਲਾਂ ਕਰ ਕੇ ਮਨ ਹੋਦਰ ਪਾਈਏ।”

“ਬਾਬਾ ਜੀ, ਥੋਡਾ ਮਨ ਵੀ ਉਦਾਸ ਹੋ ਜਾਂਦਾ ਐ? ਸਾਡੇ ਮਨ ਤਾਂ ‘ਥੋਡੀਆਂ’ ਗੱਲਾਂ ਸੁਣ ਕੇ ਖ਼ੁਸ਼ ਹੋ ਜਾਂਦੇ ਆ।” ਰਾਜੂ ਅੱਗੋਂ ਝੱਟ ਬੋਲਿਆ।

“ਬੱਚੂ, ਥੋਨੂੰ ਖ਼ੁਸ਼ ਕਰਨ ਲਈ ਮੈਨੂੰ ਆਪਣੇ ਕਈ ਦਰਦ ਲਕੋਣੇਂ ਪੈਂਦੇ ਆ। ਬਈ ਹੋਰ ਨਾ ਕਿਤੇ ਮੇਰੀਆਂ ਖ਼ੁਸ਼ਕ ਜਈਆਂ ਗੱਲਾਂ ਨਾਲ ਥੋਡੇ ਸੋਹਲ ਮਨਾਂ ’ਤੇ ਕੋਈ ਮਾੜਾ ਅਸਰ ਪੈ ਜਾਏ। ਬੱਚੂ, ਤੁਸੀਂ ਤਾਂ ਅਜੇ ਕੋਮਲ ਕਲੀਆਂ ਐਂ ਕਲੀਆਂ। ਇਨ੍ਹਾਂ ਕਲੀਆਂ ਨੂੰ ਮਿੱਧ ਕੇ ਮੈਂ ਕੋਈ ਪਾਪ ਲੈਣਾਂ ਐਂ।” ਇੰਜ ਆਖ ਬਾਬਾ ਮੁਸਕੜੀ ਜਏ ਹੱਸਿਆ। ਜਦੋਂ ਬਾਬਾ ਮੁਸਕੜੀ ਹੱਸਦਾ ਤਾਂ ਅਸੀਂ ਸਭ ਬੱਚੇ ਸਮਝ ਜਾਂਦੇ ਕਿ ਬਾਬਾ ਹੁਣ ਗੱਲ ਸੁਣਾਉਣ ਦੇ ਰੌਂਅ ਵਿੱਚ ਆ ਗਿਆ ਏ। ਉਸ ਦਾ ਖ਼ੁਸ਼ ਚਿਹਰਾ ਵੇਖ ਅਸੀਂ ਉਸ ਦੁਆਲੇ ਇਵੇਂ ਘੇਰਾ ਘੱਤੀ ਬੈਠ ਗਏ, ਜਿਵੇਂ ਸ਼ਹਿਦ ਦੁਆਲੇ ਮੱਖੀਆਂ।

“ਬਾਬਾ, ਤੂੰ ਸਾਰੀ ਦਿਹਾੜੀ ਬੱਚਿਆਂ ਨੂੰ ਪੁੱਠੀਆਂ ਮੱਤਾਂ ਦਿੰਨਾ ਰਹਿਨੈਂ। ਕਦੇ ਸਿਆਣਿਆਂ ’ਚ ਬਹਿ ਕੇ ਸਿਆਣੀ ਗੱਲ ਵੀ ਕਰ ਲਿਆ ਕਰ।” ਇੰਨੇ ਨੂੰ ਪੁਲ ਉੱਤੋਂ ਲੰਘਦਿਆਂ ਪਿੰਡ ਦੇ ਹੀ ਇੱਕ ਬਜ਼ੁਰਗ ਨੇ ਬਾਬੇ ਨੂੰ ਟਾਂਚ ਕੀਤੀ।

ਉਸ ਬਜ਼ੁਰਗ ਦੀ ਆਖੀ ਇਹ ਗੱਲ ਸੁਣ ਕੇ ਬਾਬਾ ਅੱਗ ਬਗੋਲਾ ਹੋ ਗਿਆ। ਮੈਂ ਬਾਬੇ ਨੂੰ ਐਨਾ ਗੁੱਸੇ ’ਚ ਵੇਖ ਬੜਾ ਹੈਰਾਨ ਸਾਂ। ਉਸ ਦਾ ਅਜਿਹਾ ਮਿਜ਼ਾਜ ਮੈਂ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ। ਬਾਬਾ ਉਸ ਵਿਅਕਤੀ ਵੱਲ ਖ਼ਾਸਾ ਸਮਾਂ ਅੱਖਾਂ ਕੱਢ-ਕੱਢ ਵੇਖਦਾ ਰਿਹਾ।

“ਜੇ ਅਕਲ ਦਾ ਖਾਨਾ ਖਾਲੀ ਐ ਤਾਂ ਮੂੰਹ ਜ਼ਰੂਰ ਅੱਡਣਾ ਸੀ?” ਕੁਝ ਸਮੇਂ ਬਾਅਦ ਬਾਬਾ ਮੂੰਹ ’ਚ ਬੁੜਬੁੜਾਇਆ।

“ਲੱਗਦੈ ਬਾਬੇ ਦਾ, ਇਹ ਉਮਰ ’ਚ ਮੈਥੋਂ ਵੱਡਾ ਹੋਣੈਂ। ਆਪ ਜੁਆਕ ਬਣੀ ਫਿਰਦੈ, ਮੈਨੂੰ ਬਾਬਾ ਆਖਦੈ।” ਉਸ ਨੇ ਦੁਬਾਰਾ ਫਿਰ ਆਪਣਾ ਗੁੱਸਾ ਕੱਢਿਆ। ਹੁਣ ਮੈਨੂੰ ਸਮਝ ਲੱਗ ਗਈ ਸੀ ਕਿ ਇਸ ਨੇ ‘ਬਾਬਾ’ ਆਖੇ ’ਤੇ ਗੁੱਸਾ ਕੀਤਾ ਏ।

“ਬਾਬਾ ਜੀ, ਅਸੀਂ ਹੁਣ ਥੋਨੂੰ ਕੀ ਸੱਦਿਆ ਕਰੀਏ?” ਢਾਣੀ ’ਚ ਬੈਠੇ ਇੱਕ ਬੱਚੇ ਨੇ ਡਰਦਿਆਂ-ਡਰਦਿਆਂ ਪੁੱਛਿਆ।

“ਓਹ ਛੋਟੂ, ਤੁਸੀਂ ਤਾਂ ਊਂਈ ਮੇਰੇ ਪੋਤੇ-ਪੋਤੀਆਂ ਵਰਗੇ ਐਂ। ਥੋਡੇ ਤਾਂ ਕਈਆਂ ਦੇ ਬਾਪ ਮੇਰੇ ਮੁੰਡਿਆਂ ਦੇ ਹਾਣੀ ਹੋਣੇ ਆਂ। ਤੁਸੀਂ ਜੋ ਮਰਜ਼ੀ ਆਖੋ।” ਉਸ ਦੇ ਇੰਜ ਆਖਣ ’ਤੇ ਅਸੀਂ ਸਭ ਬੱਚੇ ਖ਼ੁਸ਼ ਹੋ ਗਏ।

ਕੁਝ ਦੇਰ ਬਾਅਦ ਇੱਕ ਫ਼ੌਜੀ ਗੱਡੀਆਂ ਦਾ ਕਾਫ਼ਲਾ ਮੇਨ ਸੜਕ ਤੋਂ ਲੰਘਿਆ। ਉਨ੍ਹਾਂ ਗੱਡੀਆਂ ਨੂੰ ਵੇਖ ਬਾਬੇ ਦਾ ਗੁੱਸੇਖੋਰ ਮਿਜ਼ਾਜ ਇੱਕਦਮ ਖ਼ੁਸ਼ੀ ਵਿੱਚ ਬਦਲ ਗਿਆ। ਤੇ ਉਦਾਸ ਚਿਹਰਾ ਦਗ-ਦਗ ਕਰਨ ਲੱਗਾ। “ਬਾਬਾ ਜੀ, ਤੁਸੀਂ ਇਨ੍ਹਾਂ ਗੱਡੀਆਂ ਨੂੰ ਦੇਖ ਕੇ ਐਨੇ ਖ਼ੁਸ਼ ਕਾਹਤੇ ਹੋ ਗਏ?” ਮੈਂ ਪੁੱਛ ਹੀ ਲਿਆ।

“ਓ ਪੁੱਤਰਾ, ਮੈਂ ਫ਼ੌਜ ’ਚ ਵੀ ਨੌਕਰੀ ਕੀਤੀ ਆ। ਤੁਹਾਡੇ ਬਾਪੂ ਜਾਣਦੇ ਆ ਇਹ ਗੱਲ। ਤੁਹਾਡੇ ਜਨਮ ਤੋਂ ਪਹਿਲੀਆਂ ਗੱਲਾਂ ਐਂ ਇਹ। ਆਜ਼ਾਦੀ ਤੋਂ ਬਾਅਦ ਮੈਂ ਫ਼ੌਜ ’ਚ ਭਰਤੀ ਹੋ ਗਿਆ ਸੀ। ਲੇਖੇ ਦੇ ਵੀਹ ਵਰ੍ਹੇ ਫ਼ੌਜ ਦੀ ਨੌਕਰੀ ਕੀਤੀ ਐ। ਫਿਰ ਹੌਲਦਾਰ ਦੀ ਪੈਨਸ਼ਨ ਲੈ ਕੇ ਆਇਆ ਸੀ।” ਬਾਬੇ ਨੇ ਆਪਣੀ ਇਹ ਗੱਲ ਮਜ਼ਾ ਲੈ-ਲੈ ਸੁਣਾਈ ਜਿਵੇਂ ਮਸਤੀ ਵਿੱਚ ਝੂਮਦਾ ਹੋਵੇ।

“ਬਾਬਾ ਜੀ, ਫਿਰ ਤਾਂ ਥੋਨੂੰ ਪੈਨਸ਼ਨ ਵੀ ਮਿਲਦੀ ਹੋਣੀ ਆਂ?” ਮੈਂ ਸਰਸਰੀ ਜਏ ਪੁੱਛਿਆ।

“ਹਾਂ, ਦਲਬੀਰ ਪੈਨਸ਼ਨ ਵੀ ਮਿਲਦੀ ਐ। ਲੈ ਫਿਰ ਪੈਨਸ਼ਨ ਦੀ ਗੱਲ ਸੁਣ। ਇਹ ਗੱਲ ਉੱਨੀ ਸੌ ਸੱਤਰ-ਬਹੱਤਰ ਦੇ ਲਾਗੇ-ਚਾਗੇ ਦੀ ਐ। ਮੈਨੂੰ ਫ਼ੌਜ ’ਚੋਂ ਕੁਝ ਪੈਨਸ਼ਨ ਦਾ ਬਕਾਇਆ ਮਿਲਿਆ ਸੀ। ਮੈਂ ਸੋਚਿਆ ਕਿ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਨਾਲੋਂ ਕਿਉਂ ਨਾ ਕਿਸੇ ਚੰਗੀ ਜਗ੍ਹਾ ਕੋਈ ਪਲਾਟ ਖ਼ਰੀਦ ਲਵਾਂ। ਫਿਰ ਮੈਂ ਵੀਹ ਹਜ਼ਾਰ ਦਾ ਇੱਕ ਪਲਾਟ ਡਲਹੌਜ਼ੀ ’ਚ ਖ਼ਰੀਦ ਲਿਆ। ਫਿਰ ਦਸ ਸਾਲ ਬਾਅਦ ਮੈਂ ਉਹ ਪਲਾਟ ਤਿੰਨ ਲੱਖ ਦਾ ਵੇਚ ਦਿੱਤਾ।” ਉਸ ਦੇ ਇੰਜ ਆਖਣ ’ਤੇ ਅਸੀਂ ਸਭ ਬੱਚੇ ਉਸ ਦੀ ਗੱਲ ਗਹੁ ਨਾਲ ਸੁਣਨ ਲੱਗੇ।

“ਇਹ ਪੁਰਾਣੇ ਸਮਿਆਂ ਦੀ ਗੱਲ ਐ। ਬਸ ਹੁਣ ਉਸ ਪੈਸੇ ਦੇ ਸਿਰ ’ਤੇ ਈ ਮੌਜਾਂ ਲੁੱਟਦੇ ਆਂ।” ਬਾਬੇ ਨੇ ਆਪਣੀ ਗੱਲ ਨੂੰ ਆਪੇ ਅੱਗੇ ਤੋਰਦਿਆਂ ਉੱਚੀ-ਉੱਚੀ ਹੱਸਦਿਆਂ ਆਖਿਆ।

“ਓ ਦੇਖ ਓਏ, ਬਾਬਾ ਕਿੰਨਾ ਸਕੀਮੀ ਐਂ।” ਉੱਥੇ ਬੈਠੇ ਜੱਸੇ ਦੇ ਮੂੰਹੋਂ ਸਹਿਜ-ਸੁਭਾਅ ਨਿਕਲਿਆ। ਬਾਬਾ ਹੋਰ ਖ਼ੁਸ਼ ਹੋ ਗਿਆ।

“ਬਾਬਾ ਜੀ, ਫਿਰ ਤਾਂ ਤੁਸੀਂ ਡਲਹੌਜ਼ੀ ਦੀਆਂ ਠੰਢੀਆਂ ਹਵਾਵਾਂ ਦਾ ਪੂਰਾ ਆਨੰਦ ਮਾਣਿਆਂ ਹੋਣੈ?” ਬਾਬੇ ਦੇ ਖ਼ਰੀਦੇ ਪਲਾਟ ਬਾਰੇ ਸੁਣ ਕੇ ਚੁੱਪ ਬੈਠੇ ਰਾਜੂ ਨੇ ਵੀ ਬਾਬੇ ਨੂੰ ਸਵਾਲ ਕੀਤਾ।

“ਕਾਕਾ, ਮੈਂ ਤਾਂ ਹਰ ਸਾਲ ਗਰਮੀਆਂ ’ਚ ਡਲਹੌਜ਼ੀ ਜਾਂਦਾ ਸੀ। ਮੈਂ ਉਸ ਪਲਾਟ ’ਚ ਇੱਕ ਛੋਟਾ ਕਮਰਾ ਬਣਾ ਲਿਆ ਸੀ। ਇੱਕ ਬੈੱਡ ਤੇ ਤਿੰਨ-ਚਾਰ ਕੁਰਸੀਆਂ ਉੱਥੇ ਰੱਖ ਲਈਆਂ। ਤੁਹਾਡੇ ਬਾਬੇ ਨੇ ਫੁੱਲ ਨਜ਼ਾਰੇ ਲਏ ਕਿ...।”

“ਬਾਬਾ ਜੀ, ਉੱਥੇ ’ਕੱਲੇ ਕੀ ਕਰਦੇ ਹੁੰਦੇ ਸੀ?” ਢਾਣੀ ਵਿੱਚੋਂ ਹੀ ਇੱਕ ਹੋਰ ਬੱਚੇ ਨੇ ਬਾਬਾ ਜੀ ਨੂੰ ਪੁੱਛਿਆ।

“ਪੁੱਤਰਾ, ਜਦੋਂ ਸਾਡੇ ਐਧਰ ਪੂਰੀ ਅੱਗ ਵਰ੍ਹਦੀ ਹੁੰਦੀ ਸੀ ਤਾਂ ਪਹਾੜਾਂ ’ਚ ਪੂਰੀ ਠੰਢ ਹੁੰਦੀ ਸੀ। ਰੰਮ ਮੈਂ ਐਧਰੋਂ ਲੈ ਜਾਣੀਊਂ। ਤੁਹਾਨੂੰ ਪਤਾ ਈ ਐ, ਫ਼ੌਜੀਆਂ ਨੂੰ ਚੜ੍ਹੇ ਮਹੀਨੇ ਕੋਟਾ ਮਿਲਦਾ ਹੁੰਦੈ। ਉੱਥੇ ਸ਼ਾਮ ਵੇਲੇ ਪੂਰਾ ਨਜ਼ਾਰਾ ਬੰਨ੍ਹਣਾ ਕਿ...।”

“ਬਾਬਾ ਜੀ, ਰੋਟੀ ਪਾਣੀ ਦਾ ਕੀ ਜੁਗਾੜ ਹੁੰਦਾ ਸੀ ਓਥੇ?” ਮੈਂ ਵਿਚਾਲਿਓਂ ਪੁੱਛਿਆ।

“ਦਲਬੀਰ, ’ਕੱਲੇ ਬੰਦੇ ਦੀ ਰੋਟੀ ਦਾ ਕਿਆ ਹੁੰਦੈ। ਇੱਕ ਸਟੋਪ ਤੇ ਨਾਲ ਦੋ-ਤਿੰਨ ਕੁ ਭਾਂਡੇ ਮੈਂ ਪੱਕੇ ਈ ਉੱਥੇ ਰੱਖੇ ਹੁੰਦੇ ਸੀ। ਨਾਲ ਈ ਬਾਜ਼ਾਰ ਸੀ, ਜੋ ਮਰਜ਼ੀ ਖ਼ਰੀਦ ਕੇ ਖਾ ਲਉ। ਤੁਹਾਡੇ ਬਾਬਾ ਜੀ ਨੇ ਪੂਰੇ ਨਜ਼ਾਰੇ ਲਏ ਕਿ...।” ਬਾਬਾ ਮੇਲ੍ਹ-ਮੇਲ੍ਹ ਦੱਸ ਰਿਹਾ ਸੀ। ਬਾਬੇ ਨੂੰ ਐਨਾ ਖ਼ੁਸ਼ ਵੇਖ ਬੱਚਿਆਂ ’ਚ ਹੈਰਾਨੀ ਭਰੀ ਚੁੱਪ ਸੀ।

“ਬੱਚੂ, ਕਿਤੇ ਤੁਸੀਂ ਵੀ ਡਲਹੌਜ਼ੀ ਦੀਆਂ ਸੀਤ ਹਵਾਵਾਂ ’ਚ ਤਾਂ ਨ੍ਹੀਂ ਗੁੰਮ ਗਏ? ਇਹ ਜੁਆਨੀ ਵੇਲੇ ਦੀਆਂ ਗੱਲਾਂ ਐਂ। ਕਿਤੇ ਹੁਣ ਦੀਆਂ ਨਾ ਸਮਝ ਲਿਓ।” ਬੱਚਿਆਂ ਨੂੰ ਚੁੱਪ ਵੇਖ ਬਾਬਾ ਜੀ ਨੇ ਉੱਚੀ ਦੇਣੀ ਹੱਸਦਿਆਂ ਆਖਿਆ। ਫਿਰ ਸਾਰੇ ਬੱਚੇ ਵੀ ਬਾਬੇ ਦੇ ਨਾਲ ਹੀ ਉੱਚੀ-ਉੱਚੀ ਹੱਸਣ ਲੱਗੇ।

“ਹੁਣ ਫ਼ੌਜ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਐਂ। ਲਓ ਫਿਰ ਤੁਅ੍ਹਾਨੂੰ ਮੈਂ ਫ਼ੌਜ ਦੀ ਇੱਕ ਹੋਰ ਗੱਲ ਸੁਣਾਨੈਂ।” ਬਾਬੇ ਨੇ ਇੰਜ ਆਖਦਿਆਂ ਨਾਲ ਲੱਗਦੇ ਹੀ ਇੱਕ ਹੋਰ ਗੱਲ ਸ਼ੁਰੂ ਕਰ ਲਈ। “ਇੱਕ ਵਾਰ ਸਾਡੇ ਸੂਬੇਦਾਰ ਮੇਜਰ ਨੇ ਮੈਨੂੰ ਉੱਚੀ ਦੇਣੀ ਆਖਿਆ, ‘ਵਰਿਆਮ ਗੱਲ ਸੁਣ।’ ਪਰ ਮੈਂ ਸੂਬੇਦਾਰ ਮੇਜਰ ਦੀ ਗੱਲ ਸੁਣੀ-ਅਣਸੁਣੀ ਕਰ ਦਿੱਤੀ। ਤੇ ਜਾਣ-ਬੁੱਝ ਕੇ ਮਚਲਾ ਜਿਹਾ ਬਣ ਗਿਆ। ਉਸ ਨੇ ਫਿਰ ’ਵਾਜ਼ ਮਾਰੀ, ‘ਵਰਿਆਮ ਇੱਧਰ ਆ। ਤੈਨੂੰ ਸੁਣਦਾ ਨ੍ਹੀਂ?’ ਮੈਂ ਫਿਰ ਵੀ ਇੱਕ ਹੋਰ ਜੁਆਨ ਨਾਲ ਗੱਲਾਂ ਕਰਨ ’ਚ ਹੀ ਰੁੱਝਿਆ ਰਿਹਾ, ਜਿਵੇਂ ਆਲੇ-ਦੁਆਲੇ ਤੋਂ ਅਣਜਾਣ ਹੋਵਾਂ। ਤੀਸਰੀ ਵਾਰ ਫਿਰ ਸੂਬੇਦਾਰ ਮੇਜਰ ਗੁੱਸੇ ਨਾਲ ਭਰਿਆ ਪੀਤਾ ਉੱਚੀ ’ਵਾਜ਼ ’ਚ ਬੋਲਿਆ, ‘ਵਰਿਆਮ ਸਿੰਘ, ਤੈਨੂੰ ਸੁਣਦਾ ਨ੍ਹੀਂ? ਕਿੰਨੀ ਦੇਰ ਤੋਂ ਮੈਂ ਤੈਨੂੰ ’ਵਾਜ਼ਾਂ ਦੇ ਰਿਹੈਂ।’ ‘ਸੌਰੀ ਸਰ।’ ਮੈਂ ਤੁਰੰਤ ਜਵਾਬ ਦਿੱਤਾ। ਸੂਬੇਦਾਰ ਮੇਜਰ ਮੇਰੇ ‘ਸੌਰੀ’ ਆਖਣ ’ਤੇ ਖ਼ੁਸ਼ ਹੋ ਗਿਆ, ਪਰ ਮੈਂ ਵਰਿਆਮ ਸਿੰਘ ਕਹਿਣ ’ਤੇ ਹੀ ਬੋਲਿਆ। ਫਿਰ ਜਦੋਂ ਵੀ ਸੂਬੇਦਾਰ ਮੇਜਰ ਮੈਨੂੰ ’ਵਾਜ਼ ਦਿੰਦਾ ਤਾਂ ਵਰਿਆਮ ਸਿੰਘ ਆਖ ਕੇ ਹੀ ਬੁਲਾਉਂਦਾ।” ਬਾਬੇ ਨੇ ਇਹ ਗੱਲ ਬੜੇ ਮਾਣ ਨਾਲ ਸੁਣਾਈ।

“ਬਾਬਾ ਜੀ, ਕਈ ਬੰਦੇ ਤਾਂ ਪਿੰਡ ’ਚ ਵੀ ਤੁਹਾਨੂੰ ਵਰਿਆਮ ਆਖ ਦਿੰਦੇ ਐ।” ਮੈਂ ਆਖਿਆ।

“ਦਲਬੀਰ, ਐਂ ਤਾਂ ਮੇਰੀ ਮਾਂ ਵੀ ਮੈਨੂੰ ਵਾਮੂ ਆਖਦੀ ਹੁੁੰਦੀ ਸੀ। ਪਿਆਰ ਨਾਲ ਜੋ ਮਰਜ਼ੀ ਆਖੋ, ਪਰ ਉੱਥੇ ਤਾਂ ਸਾਡੀ ਸਿੱਖ ਪਲਟਨ ਦੀ ਪਛਾਣ ਦਾ ਮਸਲਾ ਸੀ ਨਾ। ਜਿਵੇਂ ਤੂੰ ਰਘਵੀਰ ਸਿੰਘ ਦਾ ਲੜਕਾ ਏਂ। ਮੈਂ ਆਖਾਂ, ਇਹ ਰਘਵੀਰ ਦਾ ਲੜਕਾ ਏ। ਇਹ ਚੰਗਾ ਲੱਗੂ?” ਮੈਂ ਨਾਂਹ ਵਿੱਚ ਸਿਰ ਹਿਲਾਇਆ। “ਹੁਣ ਲੱਗਿਆ ਪਤਾ? ਇਹ ਹੁੰਦਾ ਪਛਾਣ ਤੇ ਸਤਿਕਾਰ ’ਚ ਫ਼ਰਕ।” ਉਸ ਨੇ ਬੜੀ ਗੰਭੀਰਤਾ ਨਾਲ ਆਖਿਆ।

“ਬਾਬਾ ਜੀ, ਥੋਡੀ ਗੱਲ ਬਿਲਕੁਲ ਠੀਕ ਆ।” ਮੈਂ ਝੱਟ ਜਵਾਬ ਦਿੱਤਾ।

“ਲਓ ਫਿਰ, ਥੋਨੂੰ ਮੈਂ ਇੱਕ ਗੱਲ ਹੋਰ ਸੁਣਾਉਂਨੈ, ਜਦੋਂ ਮਿਲਟਰੀ ’ਚ ਮੈਂ ਫੁੱਟਬਾਲ ਖੇਡਦਾ ਹੁੰਦਾ ਸੀ, ਲੋਕ ਮੈਨੂੰ ਖੜ੍ਹ-ਖੜ੍ਹ ਵੇਖਦੇ ਹੁੰਦੇ ਸੀ।” ਬਾਬਾ ਦੁਬਾਰਾ ਫਿਰ ਪੂਰੇ ਜਲੌਅ ’ਚ ਬੋਲਿਆ।

“ਬਾਬਾ ਜੀ, ਤੁਸੀਂ ਫੁੱਟਬਾਲ ਵੀ ਖੇਡਦੇ ਹੁੰਦੇ ਸੀ?” ਸਾਡੇ ’ਚੋਂ ਇੱਕ ਬੱਚੇ ਨੇ ਹੈਰਾਨ ਹੁੰਦਿਆਂ ਆਖਿਆ।

“ਕਾਕਾ, ਫੁੱਟਬਾਲ ਦਾ ਤਾਂ ਮੈਂ ਬਹੁਤ ਵਧੀਆ ਪਲੇਅਰ ਹੁੰਦਾ ਸੀ। ਫੁੱਲਬੈਕ ਖੇਡਦਾ ਸੀ ਮੈਂ। ਮੈਨੂੰ ਟੀਮ ਦੀ ਕੰਧ ਮੰਨਿਆ ਜਾਂਦਾ ਸੀ ਕੰਧ। ਇੱਕ ਗੱਲ ਹੋਰ ਸੁਣੋ। ਜਦੋਂ ਮੈਂ ਫੁੱਟਬਾਲ ਖੇਡਦਾ ਸੀ ਤਾਂ ਸਿਰ ’ਤੇ ਰੁਮਾਲਾ ਜ਼ਰੂਰ ਬੰਨ੍ਹਦਾ ਸੀ।” ਇਹ ਗੱਲ ਬਾਬੇ ਨੇ ਛਾਤੀ ਚੌੜੀ ਕਰਕੇ ਆਖੀ। “ਬਾਬਾ ਜੀ, ਇਹ ਕਿਉਂ?” ਇੱਕ ਬੱਚੇ ਨੇ ਅਹੁਲ ਕੇ ਪੁੱਛਿਆ।

“ਕਾਕਾ ਜੀ, ਇਹੀ ਤਾਂ ਸਾਡੀ ਪਛਾਣ ਏਂ। ਇਹਦੇ ਕਰਕੇ ਤਾਂ ਗਰਾਊਂਡ ’ਚ ਵਰਿਆਮ ਸਿੰਘ-ਵਰਿਆਮ ਸਿੰਘ ਹੁੰਦੀ ਸੀ। ਹਰ ਕੌਮ ਦੀ ਆਪੋ-ਆਪਣੀ ਪਛਾਣ ਹੁੰਦੀ ਏ। ਇਸੇ ਤਰ੍ਹਾਂ ਇਹ ਸਾਡਾ ਪਛਾਣ-ਚਿੰਨ੍ਹ ਏਂ। ਕਿਉਂ ਦਲਬੀਰ, ਤੈਨੂੰ ਪਹਿਲਾਂ ਵੀ ਮੈਂ ਇਹ ਗੱਲ ਦੱਸੀ ਸੀ ਨ੍ਹਾ।” ਬਾਬਾ ਜੀ ਨੇ ਮੈਨੂੰ ਸੰਬੋਧਨ ਹੁੰਦਿਆਂ ਆਪਣੀ ਗੱਲ ਖ਼ਤਮ ਕੀਤੀ। ਮੈਂ ਝੱਬਦੇ ਬਾਬੇ ਦੀ ਹਾਂ ਵਿੱਚ ਹਾਂ ਮਿਲਾਈ। ਬਾਬੇ ਦੀ ਇਹ ਗੱਲ ਸੁਣ ਕੇ ਸਭ ਬੱਚੇ ਸੋਚੀਂ ਪੈ ਗਏ ਜਿਵੇਂ ਮੰਤਰ-ਮੁਗਧ ਹੋ ਗਏ ਹੋਣ।

“ਬਾਬਾ ਜੀ, ਸਾਨੂੰ ਵੀ ਫੁੱਟਬਾਲ ਖੇਡਣ ਦਾ ਕੋਈ ਗੁਰਮੰਤਰ ਦੱਸ ਦਿਉ।” ਇੰਨੇ ਨੂੰ ਸ਼ਿੰਦਾ ਬੋਲਿਆ।

“ਕਾਕਾ, ਮੈਂ ਤੁਹਾਨੂੰ ਗੁਰਮੰਤਰ ਤਾਂ ਬਥੇਰੇ ਦੱਸ ਦੇਵਾਂ, ਪਰ ਕਈਆਂ ਦੇ ਬਾਪੂ ਮੇਰੇ ਵੱਲ ਐਂ ਝਾਕਦੇ ਆ ਜਿੱਦਾਂ ਕੌੜ ਮੱਝ ਹੁੰਦੀ ਐ। ਤੁਸੀਂ ਦੇਖਿਆ ਨ੍ਹੀਂ ਅੱਜ ਪਿੰਡ ਦਾ ਬੁੱਢਾ ਰੁਲਦੂ ਮੈਨੂੰ ਕਿਆ ਆਖ ਕੇ ਗਿਆ ਸੀ। ਕਹਿੰਦਾ, ਤੂੰ ਨਿਆਣਿਆਂ ਨੂੰ ਪੁੱਠੀਆਂ ਮੱਤਾਂ ਦਿੰਨਾਂ ਰਹਿਨੈ। ਭਲਾ ਮੈਂ ਤੁਹਾਨੂੰ ਕਿਸੇ ਗ਼ਲਤ ਰਸਤੇ ਪਾਉਨੈਂ? ਕੋਈ ਚੱਜ ਦੀ ਗੱਲ ਈ ਦੱਸਦੈਂ। ਪੁਰਾਣੀਆਂ ਅੱਠ ਜਮਾਤਾਂ ਪਾਸ ਐਂ ਮੈਂ। ਸਾਰਾ ਦਿੱਲੀ-ਦੱਖਣ ਗਾਹਿਆ ਹੋਇਆ। ਉਹ ਆਪ ਕਦੇ ਪਿੰਡੋਂ ਬਾਹਰ ਨ੍ਹੀਂ ਨਿਕਲਿਆ ਹੋਣਾ। ਦੂਜਿਆਂ ਨੂੰ ਮੱਤਾਂ ਦਿੰਦਾ ਫਿਰਦਾ।” ਬਾਬੇ ਨੇ ਉਸ ਬਜ਼ੁਰਗ ’ਤੇ ਦੁਬਾਰਾ ਫਿਰ ਆਪਣਾ ਗੁੱਸਾ ਕੱਢਿਆ। “ਅਹਿ ਦਲਬੀਰ ਦਾ ਬਾਪ ਐ। ਊਂ ਮੈਨੂੰ ਆਂਹਦਾ ਤਾਂ ਕੁਝ ਨ੍ਹੀਂ, ਪਰ ਸਮਝਦਾ ਟਿੱਚ ਈ ਆ। ਇਹ ਸਾਡੇ ਗੁਰਮੇਲ ਨਾਲ ਈ ਪੜ੍ਹਦਾ ਹੁੰਦਾ ਸੀ। ਉਹ ਦਸ ਜਮਾਤਾਂ ਪਾਸ ਕਰਕੇ ਫ਼ੌਜ ’ਚ ਭਰਤੀ ਹੋ ਗਿਆ। ਇਹ ਗਾਹਾਂ ਪੜ੍ਹ ਕੇ ਮਾਸਟਰ ਲੱਗ ਗਿਆ। ਕਈ ਵਾਰ ਇਹ ਸਕੂਲ ਤੋਂ ਨੱਠ ਜਾਂਦਾ ਹੁੰਦਾ ਸੀ। ਮੈਂ ਇਹਨੂੰ ਘਨੇੜੀ ਚੁੱਕ ਕੇ ਸਕੂਲ ਛੱਡ ਕੇ ਆਉਣਾ। ਹੁਣ ਉਹ ਸਾਡੇ ਅਰਗਿਆਂ ਨਾਲ ਅੱਖ ਈ ਨ੍ਹੀਂ ਮਿਲਾਉਂਦਾ।” ਮੇਰੇ ਡੈਡੀ ਨੂੰ ਕੋਲੋਂ ਲੰਘਦਾ ਵੇਖ ਬਾਬਾ ਆਪਣੇ ਸੁਭਾਅ ਅਨੁਸਾਰ ਗੱਲ ਲਮਕਾਅ-ਲਮਕਾਅ ਕੇ ਕਰਦਾ ਹੋਇਆ ਗੱਲ ਕਿਸੇ ਹੋਰ ਪਾਸੇ ਹੀ ਲੈ ਗਿਆ।

“ਬਾਬਾ ਜੀ, ਮੇਰੇ ਡੈਡੀ ਮੈਨੂੰ ਥੋਡੇ ਕੋਲ ਬੈਠਣ ਤੋਂ ਤਾਂ ਕਦੇ ਨ੍ਹੀਂ ਰੋਕਦੇ। ਉਹ ਤਾਂ ਬਸ ਪੜ੍ਹਨ ਲਈ ਆਖਦੇ ਹੁੰਦੇ ਐ।” ਆਪਣੇ ਡੈਡੀ ’ਤੇ ਗੱਲ ਆਈ ਵੇਖ ਮੈਂ ਝੱਟ ਬੋਲਿਆ।

“ਦਲਬੀਰ, ਤੇਰਾ ਬਾਪੂ ਤਾਂ ਜਾਣਦਾ ਐ ਸਭ ਗੱਲਾਂ। ਮੈਥੋਂ ਤਾਂ ਊਂਈ ਤੇਰੇ ਬਾਪੂ ਨੂੰ ਵੇਖ ਕੇ ਗੱਲਾਂ ਵਿੱਚ ਗੱਲ ਹੋ ਗਈ।” ਬਾਬੇ ਨੇ ਝੱਟ ਗੱਲ ਪਲਟਦਿਆਂ ਮੈਨੂੰ ਜਵਾਬ ਦਿੱਤਾ।

“ਓਹ ਸੱਚ ਗੱਲ ਸ਼ੁਰੂ ਤਾਂ ਹੋਈ ਸੀ ਗੁਰਮੰਤਰ ਤੋਂ। ਚਲੇ ਕਿਸੇ ਹੋਰ ਈ ਪਾਸੇ ਗਈ।” ਫਿਰ ਬਾਬੇ ਨੇ ਆਪੇ ਇਸ ਗੱਲ ਨੂੰ ਸਮੇਟਦਿਆਂ ਆਖਿਆ। ਤੇ ਫਿਰ ਬਾਬਾ ਮੁਸਕੜੀ ਜਏ ਹੱਸਿਆ। ਬਾਬੇ ਨੂੰ ਇੰਝ ਹੱਸਦਿਆਂ ਵੇਖ ਅਸੀਂ ਬੱਚੇ ਵੀ ਉੱਚੀ ਦੇਣੀਂ ਹੱਸੇ। “ਬਾਬਾ ਜੀ, ਥੋਡੀਆਂ ਗੱਲਾਂ ਸੁਣ ਕੇ ਇੱਕ ਵਾਰ ਤਾਂ ਸੁਆਦ ਆ ਜਾਂਦਾ ਸੁਆਦ। ਘਰ ਦਾ ਵੀ ਚੇਤਾ ਭੁੱਲ ਜਾਂਦਾ ਐ।” ਮੈਂ ਖ਼ੁਸ਼ ਹੋ ਕੇ ਆਖਿਆ।

“ਦਲਬੀਰ, ਮੈਂ ਵੀ ਥੋਨੂੰ ਕੋਈ ਜ਼ਿੰਦਗੀ ਦਾ ਗੁਰਮੰਤਰ ਈ ਦੱਸਦੈਂ। ਮੈਂ ਕਿਹੜਾ ਕੋਈ ਗ਼ਲਤ ਰਾਹ ਪਾਉਨੈਂ। ਮੈਂ ਥੋਨੂੰ ਇੱਕ ਦਿਨ ਆਪਣੇ ਡਲਹੌਜ਼ੀ ’ਚ ਲਏ ਪਲਾਟ ਦੀ ਗੱਲ ਦੱਸੀ ਸੀ ਨਾ। ਉਹ ਬੰਦੇ ਨੂੰ ਤਰੱਕੀ ਕਰਨ ਦਾ ਢੰਗ ਈ ਸੀ। ਹੋਰ ਕੀ ਸੀ?” ਬਾਬੇ ਨੇ ਸਿਰ ਉੱਚਾ ਚੁੱਕ ਦੁਬਾਰਾ ਫਿਰ ਪਿਛਲੀ ਗੱਲ ਦੁਹਰਾਈ।

“ਬਾਬਾ ਜੀ, ਗੱਲ ਥੋਡੀ ਬਿਲਕੁਲ ਠੀਕ ਆ।” ਮੈਂ ਬਾਬਾ ਜੀ ਦੀ ਗੱਲ ਦਾ ਝੱਟ ਹੁੰਗਾਰਾ ਭਰਿਆ।

“ਲੈ ਦਲਬੀਰ, ਇੱਕ ਗੱਲ ਮੈਨੂੰ ਹੋਰ ਯਾਦ ਆ ਗਈ। ਸਾਡੇ ਪਿੰਡ ਦਾ ਹੌਲਦਾਰ ਹਰੀ ਸਿੰਘ ਐਂ ਨਾ। ਅਸੀਂ ਦੋਵੇਂ ’ਕੱਠੇ ਫ਼ੌਜ ’ਚ ਭਰਤੀ ਹੋਏ ਸੀ। ਉਹਨੂੰ ਇੱਕ ਵਾਰ ਪਿੰਡ ਦੇ ਕਿਸੇ ਬੰਦੇ ਨੇ ‘ਫ਼ੌਜੀ’ ਕਹਿ ਦਿੱਤਾ। ਹਰੀ ਸਿੰਘ ਉਹਦੇ ਨਾਲ ਲੜਨੇ ਨੂੰ ਫਿਰੇ। ਅਖੇ ਤੂੰ ਮੈਨੂੰ ਫ਼ੌਜੀ ਕਾਹਤੇ ਕਿਹਾ, ਮੈਂ ਹੌਲਦਾਰ ਐਂ। ਆਪੋ ਆਪਣੀ ਸੋਚ ਹੁੰਦੀ ਐ। ਮੈਨੂੰ ਜੇ ਕੋਈ ਫ਼ੌਜੀ ਕਹੇ ਤਾਂ ਮੈਂ ਖ਼ੁਸ਼ ਹੁੰਨੈਂ। ਬੁੱਢਾ ਹੋ ਕੇ ਵੀ ਬੰਦਾ ਆਪਣੇ ਆਪ ਨੂੰ ਨੌਜੁਆਨ ਮਹਿਸੂਸ ਕਰਦੈ। ਮੈਨੂੰ ਬੱਚਿਆਂ ’ਚ ਬੈਠਣਾ ਵੀ ਤਾਂ ਹੀ ਚੰਗਾ ਲੱਗਦੈ। ਬੱਚਿਆਂ ’ਚ ਬੈਠਣ ਨਾਲ ਬੰਦਾ ਆਪਣੇ ਆਪ ਨੂੰ ਬੱਚਾ ਈ ਸਮਝਦੈ।” ਬਾਬੇ ਨੇ ਆਪਣੀ ਸ਼ੁਰੂ ਕੀਤੀ ਇਹ ਗੱਲ ਖਾਸੀ ਦੇਰ ਬਾਅਦ ਮੁਕਾਈ।

“ਬਾਬਾ ਜੀ, ਇਹਦਾ ਮਤਲਬ ਤੁਸੀਂ ਬੱਚਿਆਂ ’ਚ ਬੱਚੇ ਬਣ ਜਾਨੇ ਐਂ?” ਮੈਂ ਗੱਲ ਅੱਗੇ ਤੋਰਨ ਲਈ ਪੁੱਛਿਆ।

“ਦਲਬੀਰ ਕਾਕਾ, ਬੱਚਿਆਂ ’ਚ ਬੱਚਾ ਬਣਨਾ ਕਿਹੜਾ ਸੌਖੀ ਗੱਲ ਹੁੰਦੀ ਐ। ਕਈ ਤਾਂ ਵੱਡੇ ਹੋ ਕੇ ਆਪਣੇ ਆਪ ਨੂੰ ਕਿਸੇ ਹੋਰ ਦੁਨੀਆ ਦੇ ਵਾਸੀ ਈ ਸਮਝਣ ਲੱਗ ਪੈਂਦੇ ਐ। ਅਸਲ ਵਿੱਚ ਸਿਆਣਾ ਬੰਦਾ ਓਹੀ ਹੁੰਦਾ ਜਿਹੜਾ ਬੱਚਿਆਂ ’ਚ ਬੱਚਾ ਤੇ ਸਿਆਣਿਆਂ ’ਚ ਸਿਆਣਾ ਬਣ ਜਾਵੇ। ਕਿਉਂ ਬਈ ਕਾਕਾ, ਥੋਨੂੰ ਮੇਰੇ ਅਰਗਾ ‘ਬਾਬਾ ਜੀ’ ਪਿੰਡ ’ਚ ਦਿਸਦਾ ਕੋਈ ਹੋਰ?” ਆਪਣੀ ਗੱਲ ਉੱਚੀ ਦੇਣੀਂ ਮੁਕਾਉਂਦਿਆਂ ਫਿਰ ਬਾਬੇ ਨੇ ਸਾਨੂੰ ਸਭ ਬੱਚਿਆਂ ਨੂੰ ਇਹ ਸਵਾਲ ਕੀਤਾ।

“ਬਾਬਾ ਜੀ, ਥੋਡੇ ਵਰਗਾ ਤਾਂ ਸਾਡੇ ਪਿੰਡ ’ਚ ਇੱਕ ਵੀ ਬੰਦਾ ਨ੍ਹੀਂ ਐਂ। ਕਈ ਬਜ਼ੁਰਗ ਤਾਂ ਗੱਲਾਂ ਈ ਐਂ ਖ਼ੁਸ਼ਕ ਜਿਹੀਆਂ ਕਰਦੇ ਆ, ਜਿੱਦਾਂ ਉਨ੍ਹਾਂ ਅੰਦਰ ਦਿਲ ਨਾਂਅ ਦੀ ਕੋਈ ਚੀਜ਼ ਈ ਨ੍ਹੀਂ ਹੁੰਦੀ।” ਪੰਮੇ ਨੇ ਅੱਗੋਂ ਬਾਬਾ ਜੀ ਦੀ ਝੱਟ ਸਿਫ਼ਤ ਕਰ ਦਿੱਤੀ।

“ਬਾਬਾ ਜੀ, ਲੰਬੜ ਦੁਰਗਾ ਤਾਂ ਸਾਡੇ ਵੱਲ ਐਂ ਦੇਖਦਾ ਹੁੰਦਾ, ਜਿੱਦਾਂ ਉਹਦੀ ਅਸੀਂ ਮੱਝ ਖੋਲ੍ਹ ਲਈ ਹੁੰਦੀ ਐ। ਉਹਨੂੰ ਕੋਈ ਪੁੱਛੇ, ਇਹ ਤੇਰਾ ਈ ਪਿੰਡ ਆ ’ਕੱਲੇ ਦਾ, ਸਾਡਾ ਨ੍ਹੀਂ ਐਂ।” ਸ਼ਿੰਦੇ ਨੇ ਵੀ ਇਸੇ ਬਹਾਨੇ ਲੰਬੜ ਦੁਰਗੇ ’ਤੇ ਆਪਣਾ ਉਬਾਲ ਕੱਢਿਆ।

“ਬਾਬਾ ਜੀ, ਫੁੱਟਬਾਲ ਖੇਡਣ ਦਾ ਗੁਰਮੰਤਰ ਦੱਸਣ ਵਾਲੀ ਗੱਲ ਤਾਂ ਥੋਡੀ ਵਿਚਾਲੇ ਈ ਰਹਿ ਗਈ। ਉਹ ਵੀ ਦੱਸੋ।” ਚੱਲਦੀਆਂ ਗੱਲਾਂ ਵਿੱਚ ਹੀ ਰਾਜੂ ਨੇ ਬਾਬੇ ਨੂੰ ਭੁੱਲੀ ਇਹ ਗੱਲ ਯਾਦ ਕਰਾਈ।

“ਕਾਕਾ ਜੀ, ਕੋਈ ਵੀ ਖੇਡ ਹੋਵੇ ਜਾਂ ਪੜ੍ਹਾਈ ਹੋਵੇ, ਸਭ ਦਾ ਗੁਰਮੰਤਰ ਇੱਕ ਈ ਐ, ਅਭਿਆਸ, ਲਗਨ ਤੇ ਜਨੂੰਨ। ਸਮਝੇ?” ਬਾਬਾ ਜੀ ਆਪਣੇ ਸੁਭਾਅ ਮੁਤਾਬਕ ਫਿਰ ਉੱਚੀ ਦੇਣੀਂ ਬੋਲੇ।

“ਬਾਬਾ ਜੀ, ਪਰ ਸਾਡੇ ਪਿੰਡ ਤਾਂ ਖੇਡਣ ਲਈ ਗਰਾਊਂਡ ਈ ਹੈਨ੍ਹੀਂ। ਇੱਥੇ ਗੁਰਮੰਤਰ ਕਿਆ ਕਰੂ।” ਮੈਂ ਝਬਦੇ ਆਖਿਆ। ਮੇਰਾ ਸਵਾਲ ਸੁਣ ਕੇ ਬਾਬਾ ਸੋਚੀਂ ਪੈ ਗਿਆ।

“ਬਾਬਾ ਜੀ, ਥੋਡਾ ਗੁਰਮੰਤਰ ਤਾਂ ਹੁਣ ਫੇਲ੍ਹ ਹੋ ਗਿਐ।” ਇੰਨੇ ਨੂੰ ਇੱਕ ਬੱਚਾ ਵਿੱਚੋਂ ਬੋਲਿਆ।

“ਬੱਚੂ, ਸਿਆਣਿਆਂ ਕਿਹਾ, ਜਿਨ੍ਹਾਂ ਉੱਗਣਾ ਹੁੰਦੈ, ਉਹ ਪੱਥਰਾਂ ਦਾ ਸੀਨਾ ਪਾੜ ਕੇ ਵੀ ਉੱਗ ਪੈਂਦੇ ਐ। ਬਹਾਨੇਬਾਜ਼ ਨੂੰ ਸੌ ਬਹਾਨੇ।” ਇੰਝ ਆਖ ਬਾਬਾ ਮੁਸਕੜੀ ਜਏ ਹੱਸਿਆ। ਬਾਬੇ ਦਾ ਇਹ ਜਵਾਬ ਸੁਣ ਕੇ ਸਭ ਬੱਚੇ ਛਿੱਥੇ ਜਏ ਪੈ ਗਏ, ਜਿਵੇਂ ਆਪਣੇ ਆਪ ਨੂੰ ਬਹਾਨੇਬਾਜ਼ ਸਮਝਦੇ ਹੋਣ। ਫਿਰ ਕਿਸੇ ਵੀ ਬੱਚੇ ਨੇ ਬਾਬਾ ਜੀ ਨੂੰ ਕੋਈ ਸਵਾਲ ਨਾ ਕੀਤਾ।

“ਬੱਚੂ, ਜਾਓ ਘਰ ਨੂੰ ਹੁਣ। ਸ਼ਾਹ ਵੇਲੇ ਦੇ ਬੈਠੇ ਐਂ, ਲੌਢਾ ਵੇਲ਼ਾ ਹੋ ਗਿਐ। ਘਰ ਜਾ ਕੇ ਕੰਮ-ਧੰਦੇ ਵੀ ਕਰਨੇ ਐਂ। ਨਾਲੇ ਤੁਸੀਂ ਪੜ੍ਹਨਾ ਵੀ ਐ। ਹੋਰ ਨਾ, ਥੋਡੇ ਬਾਪੂ ਵੀ ਉਸ ਬੁੱਢੇ ਰੁਲਦੂ ਵਾਂਗ ਆਖਣ।” ਉੱਠ ਕੇ ਤੁਰਨ ਲੱਗਿਆਂ ਬਾਬੇ ਨੇ ਉਸ ਬਜ਼ੁਰਗ ਰੁਲਦੂ ’ਤੇ ਫਿਰ ਸੂਈ ਰੱਖ ਦਿੱਤੀ, ਜਿਵੇਂ ਉਸ ਦੀ ਆਖੀ ਗੱਲ ਅਜੇ ਤੱਕ ਵੀ ਚੁਭ ਰਹੀ ਹੋਵੇ। ਅਸੀਂ ਸਭ ਬੱਚੇ ਵੀ ਬਾਬੇ ਮਗਰ ਆਪੋ-ਆਪਣੇ ਘਰਾਂ ਨੂੰ ਹੋ ਤੁਰੇ।

ਇੱਕ ਦਿਨ ਦੁਪਹਿਰ ਵਕਤ ਬਾਬੇ ਦੇ ਉੱਚੀ-ਉੱਚੀ ਹੱਸਣ ਦੀ ਆਵਾਜ਼ ਸੁਣਾਈ ਦਿੱਤੀ। “ਦਲਬੀਰ, ਆ ਆਪਾਂ ਬਾਬੇ ਨੂੰ ਤਾਸ਼ ਖੇਡਦਾ ਵੇਖਣ ਚੱਲੀਏ।” ਮੇਰੇ ਗੁਆਂਢੀ ਪੰਮੇ ਨੇ ਮੈਨੂੰ ਆਖਿਆ। ਮੈਂ ਤੇ ਪੰਮਾ ਜੰਨ ਘਰ ਵੱਲ ਦੌੜੇ ਗਏ। ਬਾਬਾ ਉੱਥੇ ਤਾਸ਼ ਦੀ ਢਾਣੀ ਜਮਾਈ ਬੈਠਾ ਸੀ। ਸ਼ਿੰਦਾ, ਰਾਜੂ ਤੇ ਕਈ ਹੋਰ ਬੱਚੇ ਉੱਥੇ ਪਹਿਲਾਂ ਹੀ ਗਏ ਹੋਏ ਸਨ। ਬਾਬਾ ਸੀਪ ਖੇਡਣ ਦਾ ਬੜਾ ਮਾਹਰ ਸੀ। ਉਹ ਆਪਣੀ ਬਾਜ਼ੀ ਘੱਟ ਹੀ ਹਾਰਦਾ ਸੀ। ਜਦੋਂ ਉਹ ਜਿੱਤ ਜਾਂਦਾ ਤਾਂ ਉੱਚੀ-ਉੱਚੀ ਹੱਸਦਾ। ਅਸੀਂ ਸਭ ਬੱਚੇ ਉਸ ਦਾ ਇਹ ਹਾਸਾ ਵੇਖਣ ਬਾਬੇ ਵਾਲੇ ਪਾਸੇ ਹੀ ਹੁੰਦੇ। ਅੱਜ ਬਾਬਾ ਪਹਿਲੀ ਪਾਰੀ ਜਿੱਤਣ ਤੋਂ ਬਾਅਦ ਦੂਜੀ ਪਾਰੀ ਖੇਡ ਰਿਹਾ ਸੀ। ਅਚਾਨਕ ਉਹ ਦੂਜੀ ਪਾਰੀ ਹਾਰ ਗਿਆ। ਬਾਬਾ ਆਪਣੇ ਨਾਲ ਦੇ ਸਾਥੀ ’ਤੇ ਝਈਆਂ ਲੈ-ਲੈ ਪੈ ਰਿਹਾ ਸੀ।

“ਵਰਿਆਮ ਸਿਆਂ, ਇਹ ਤਾਂ ਪੱਤਿਆਂ ਦੀ ਖੇਡ ਆ। ਕੋਈ ਵੀ ਹਾਰ ਸਕਦਾ ਐ।” ਕੋਲ ਬੈਠਾ ਇੱਕ ਬਜ਼ੁਰਗ ਬੋਲਿਆ।

“ਓਹ ਭਾਈ, ਇਸ ਗੱਲ ਦਾ ਤਾਂ ਮੈਨੂੰ ਵੀ ਪਤਾ ਐ ਬਈ ਬੰਦਾ ਹਾਰ-ਹਾਰ ਕੇ ਈ ਜਿੱਤਣਾ ਸਿੱਖਦਾ ਐ। ਪਰ ਖੇਡਣਾ ਤਾਂ ਧਿਆਨ ਨਾਲ ਚਾਹੀਦਾ। ਹਰ ਇੱਕ ਖੇਡ ਦਾ ਇੱਕ ਗੁਰਮੰਤਰ ਹੁੰਦੈ। ਕੀ ਬਈ ਕਾਕਾ, ਮੇਰੀ ਗੱਲ ਠੀਕ ਨ੍ਹੀਂ ਐਂ?” ਇੰਝ ਆਖ ਬਾਬਾ, ਬੱਚਿਆਂ ਵੱਲ ਵੇਖ ਉੱਚੀ ਦੇਣੀਂ ਹੱਸਿਆ।

“ਬਾਬਾ ਜੀ, ਅੱਜ ਸਾਡੇ ਨਾਲ ਵੀ ਤਾਸ਼ ਦੀ ਬਾਜ਼ੀ ਲਾ ਲਓ।” ਬਾਬੇ ਦਾ ਖ਼ੁਸ਼ ਲਹਿਜਾ ਵੇਖ ਮੈਂ ਬਾਬੇ ਨੂੰ ਆਖਿਆ। ਬਾਬਾ ਬੱਚਿਆਂ ਨਾਲ ਖੇਡਣਾ ਝੱਟ ਮੰਨ ਗਿਆ। ਪਰ ਬਾਬਾ ਸਾਡੇ ਨਾਲ ਖੇਡਦਾ ਆਪਣੀ ਪਾਰੀ ਸੌਖਿਆਂ ਹੀ ਹਾਰ ਗਿਆ। ਅਸੀਂ ਸਭ ਬੱਚੇ ਉਸ ਨੂੰ ਹਰਾ ਕੇ ਬੜੇ ਖ਼ੁਸ਼ ਹੋਏ। ਅਸੀਂ ਉੱਚੀ-ਉੱਚੀ ਰੌਲਾ ਪਾਉਣ ਲੱਗ ਪਏ, “ਬਾਬਾ ਹਾਰ ਗਿਆ-ਬਾਬਾ ਹਾਰ ਗਿਆ।” ਅੱਗੋਂ ਉਹ ਮਲਕੜੇ ਦੇਣੀਂ ਬੋਲਿਆ, “ਓ ਬੱਚੂ, ਥੋਤੋਂ ਤਾਂ ਮੈਂ ਜਾਣਬੁੱਝ ਕੇ ਹਾਰਿਆਂ, ਬਈ ਥੋਡੇ ਕੋਮਲ ਮਨਾਂ ’ਚ ਜਿੱਤਣ ਦੀ ਭਾਵਨਾ ਪੈਦਾ ਹੋਵੇ।”

ਬਾਬਾ ਵਰਿਆਮ ਸਿੰਘ ਕੋਲ ਬੈਠਣ ਨਾਲ ਭਾਵੇਂ ਕਈ ਵੇਰਾਂ ਅਸਾਂ ਸਭ ਬੱਚੇ ਆਪਣੇ ਘਰਦਿਆਂ ਤੋਂ ਗੁੱਸਾ ਵੀ ਸਹੇੜਦੇ, ਪਰ ਫਿਰ ਵੀ ਜਦੋਂ ਕਦੇ ਮੌਕਾ ਮਿਲਦਾ ਅਸੀਂ ਬਾਬੇ ਨੂੰ ਲੱਭ ਹੀ ਲੈਂਦੇ। ਉਸ ਦੀਆਂ ਗੱਲਾਂ ਸੁਣ-ਸੁਣ ਬੜਾ ਰਸ ਲੈਂਦੇ। ਦਿਨ, ਮਹੀਨੇ, ਵਰ੍ਹੇ ਬੀਤ ਗਏ। ਬਚਪਨ ਦੀਆਂ ਇਹ ਗੱਲਾਂ ਅਕਸਰ ਕਦੇ-ਕਦਾਈਂ ਯਾਦ ਆ ਜਾਂਦੀਆਂ।

ਇੱਕ ਦਿਨ ਮੇਰਾ ਨਿੱਕਾ ਜਿਹਾ ਪੋਤਰਾ ਬੈੱਡ ’ਤੇ ਮੇਰੇ ਨਾਲ ਖੇਡਦਾ ਆਖ ਰਿਹਾ ਸੀ, “ਬਾਬਾ ਜੀ, ਅੱਜ ਮੈਂ ਥੋਡੇ ਨਾਲ ਘੋਲ ਕਰਨੀ ਆਂ।” ਅੱਜ ਮੈਂ ਵੀ ਬਾਬਾ ਜੀ ਦੇ ਤਾਸ਼ ਵਿੱਚ ਬੱਚਿਆਂ ਤੋਂ ਹਾਰਨ ਵਾਂਗ ਉਸ ਤੋਂ ਕਈ ਵਾਰ ਢਹਿ ਗਿਆ ਸੀ। ਅੱਜ ਬਾਬਾ ਵਰਿਆਮ ਸਿੰਘ ਮੈਨੂੰ ਫਿਰ ਬੜਾ ਯਾਦ ਆ ਰਿਹਾ ਸੀ, ਪਰ ਉਹ ਤਾਂ ਇਸ ਦੁਨੀਆ ਤੋਂ ਕਈ ਦਹਾਕੇ ਪਹਿਲਾਂ ਰੁਖ਼ਸਤ ਹੋ ਚੁੱਕਾ ਸੀ।

ਸੰਪਰਕ: 97797-16924

Advertisement
×