ਬਾਬੇ ਧੰਨੂ ਦਾ ਅੱਡਾ
ਪਿੰਡ ਦੇ ਕੇਂਦਰ ਵਿੱਚ ਉੱਚਾ ਥੜ੍ਹਾ, ਗਲੀ ਵਾਲੇ ਪਾਸੇ ਖੁੱਲ੍ਹਦਾ ਇਕਹਿਰਾ ਕਮਰਾ ਅਤੇ ਨਿੱਕਾ ਜਿਹਾ ਲੱਕੜ ਦਾ ਦਰਵਾਜ਼ਾ। ਦਿਨ ਵੇਲੇ ਇਹ ਦਰਵਾਜ਼ਾ ਮਰਜ਼ੀ ਨਾਲ ਖੁੱਲ੍ਹਦਾ। ਇਸ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੁੰਦਾ ਸੀ। ਦਰਅਸਲ, ਗਲੀ...
ਪਿੰਡ ਦੇ ਕੇਂਦਰ ਵਿੱਚ ਉੱਚਾ ਥੜ੍ਹਾ, ਗਲੀ ਵਾਲੇ ਪਾਸੇ ਖੁੱਲ੍ਹਦਾ ਇਕਹਿਰਾ ਕਮਰਾ ਅਤੇ ਨਿੱਕਾ ਜਿਹਾ ਲੱਕੜ ਦਾ ਦਰਵਾਜ਼ਾ। ਦਿਨ ਵੇਲੇ ਇਹ ਦਰਵਾਜ਼ਾ ਮਰਜ਼ੀ ਨਾਲ ਖੁੱਲ੍ਹਦਾ। ਇਸ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੁੰਦਾ ਸੀ। ਦਰਅਸਲ, ਗਲੀ ਵੱਲ ਦਾ ਕਮਰਾ ਬਾਬੇ ਧੰਨੂ ਦਾ ਜੁੱਤੀਆਂ ਗੰਢਣ ਵਾਲਾ ਅੱਡਾ ਸੀ। ਇਸ ਦੇ ਪਿਛਵਾੜੇ ਵਿੱਚ ਉਸ ਦਾ ਪਰਿਵਾਰ ਵੱਸਦਾ ਰੱਸਦਾ ਸੀ। ਇੱਥੇ ਬਹਿ ਕੇ ਉਹ ਟੁੱਟੀਆਂ ਜੁੱਤੀਆਂ ਗੰਢਦਾ, ਨਵੀਆਂ ਜੁੱਤੀਆਂ ਤਿਆਰ ਕਰਦਾ, ਇੱਕ ਪਾਸੇ ਬਣਾਉਣ ਵਾਲੀਆਂ ਜੁੱਤੀਆਂ ਦੇ ਮੇਚ ਲੈ ਕੇ ਰੱਖੇ ਹੋਏ ਹੁੰਦੇ। ਕਿਸੇ ਦਾ ਪਤਾਵਾ ਪਾਉਣਾ, ਕਿਸੇ ਨੂੰ ਗੰਢਣਾ ਅਤੇ ਕਿਸੇ ਦੀ ਉੱਖੜੀ ਅੱਡੀ ਨੂੰ ਠੀਕ ਕਰਨਾ ਆਦਿ। ਪੱਤੀ ਦੇ ਸਾਰੇ ਸੇਪੀ ਵਾਲੇ ਘਰ ਉਸ ਦੇ ਗਾਹਕ ਸਨ।
ਉਹ ਮਨਮਰਜ਼ੀ ਦਾ ਮਾਲਕ ਸੀ। ਉਹ ਅੱਡੇ ’ਤੇ ਬੈਠਦੇ ਸਾਰ ਹੁੱਕੇ ਵਿੱਚ ਚਿਲਮ ਪਾਉਂਦਾ, ਪਾਣੀ ਭਰਦਾ ਅਤੇ ਹੁੱਕੇ ਦੀ ਗੁੜ-ਗੁੜ ਦੀ ਮਸਤੀ ਵਿੱਚ ਉਹ ਆਪਣੇ ਕੰਮ ਕਰਦਿਆਂ ਹਮੇਸ਼ਾਂ ਨੀਵੀਂ ਪਾਈ ਰੱਖਦਾ ਸੀ। ਉਹ ਕਦੇ ਕਦੇ ਸ਼ੇਵ ਕਰਦਾ, ਪਰ ਉਸ ਦੀਆਂ ਮੁੱਛਾਂ ਵਿਚਲਾ ਤਾਅ ਹਮੇਸ਼ਾਂ ਭਲਵਾਨੀ ਦਿੱਖ ਦਾ ਭਰਮ ਪਾਉਂਦਾ ਸੀ। ਸਿਰ ’ਤੇ ਵਲੇਵੇਂ ਮਾਰ ਕੇ ਬੱਝੀ ਘਸਮੈਲੀ ਜਿਹੀ ਪੱਗ ਦਾ ਲੰਮਾ ਲੜ ਉਸ ਦੇ ਢਿੱਡ ਤੱਕ ਪਹੁੰਚਦਾ ਸੀ। ਇਸ ਨੂੰ ਉਹ ਬਹੁਤ-ਭਾਂਤੀ ਵਰਤਦਾ ਸੀ। ਇਹੀ ਲੜ ਉਸ ਦਾ ਮੂੰਹ ਸਾਫ਼ ਕਰਨ ਜਾਂ ਮੁੜਕਾ ਪੂੰਝਣ ਲਈ ਤੌਲੀਆ ਵੀ ਹੁੰਦਾ ਸੀ।
ਉਸ ਦੀ ਬੋਲ ਬਾਣੀ ਬਹੁਤ ਕੁਰਖ਼ਤ ਸੀ। ਉਹ ਕਦੇ ਵੀ ਸਿੱਧੇ ਮੂੰਹ ਨਾ ਬੋਲਦਾ, ਪਰ ਉਹ ਗੁਣੀ ਬਹੁਤ ਸੀ। ਕਦੇ ਵੀ ਕਿਸੇ ਬੱਚੇ ਨੇ ਜੁੱਤੀ ਗੰਢਾਉਣ ਜਾਣਾ ਤਾਂ ਸਭ ਤੋਂ ਪਹਿਲਾਂ ਉਸ ਦਾ ਰੁੱਖਾ ਜਿਹਾ ਬੋਲ ਹੁੰਦਾ ਕਿ ਇੱਥੇ ਰੱਖ ਦੇ। ਜੇ ਕਦੇ ਪੁੱਛ ਲੈਣਾ ਕਿ ਕਦੋਂ ਗੰਢੀ ਜੁੱਤੀ ਲੈਣ ਆਵਾਂ ਤਾਂ ਕਹਿਣਾ ਕਿ ਆ ਜਾਵੀਂ। ਜੇ ਠੀਕ ਹੋ ਗਈ ਤਾਂ ਲੈ ਜਾਵੀਂ ਨਹੀਂ ਤਾਂ ਫਿਰ ਆ ਜਾਵੀਂ। ਕਿੰਨੀ ਕੁ ਦੂਰ ਆ ਤੇਰਾ ਘਰ? ਗੇੜਾ ਮਾਰਦਾ ਰਹੀਂ। ਕਈ ਗੇੜਿਆਂ ਤੋਂ ਬਾਅਦ ਜੁੱਤੀ ਗੰਢੀ ਜਾਂਦੀ, ਪਰ ਮੁਰੰਮਤ ਹੁੰਦੀ ਸਿੱਕੇਬੰਦ ਸੀ।
ਉਸ ਦੇ ਹੱਥਾਂ ਵਿੱਚ ਹੁਨਰ ਸੀ। ਪੈਰਾਂ ਦਾ ਮੇਚ ਲੈ ਕੇ ਬੱਚਿਆਂ ਦੇ ਮੌਜੇ ਬਣਾਉਣ ਦੀ ਉਸ ਨੂੰ ਬਹੁਤ ਮੁਹਾਰਤ ਸੀ ਅਤੇ ਮੌਜੇ ਟੁੱਟਦਿਆਂ ਵੀ ਨਹੀਂ ਸੀ ਟੁੱਟਦੇ। ਉਹ ਵੱਡਿਆਂ ਦੀਆਂ ਜੁੱਤੀਆਂ ਵੀ ਬਣਾਉਂਦਾ, ਪਰ ਸਾਈ ਲੈ ਕੇ ਕਈ ਮਹੀਨੇ ਲਾ ਦਿੰਦਾ। ਪੱਤੀ ਦੇ ਹਰ ਵਿਅਕਤੀ ਦੀ ਪਹਿਲੀ ਪਸੰਦ ਹੁੰਦੀ ਕਿ ਜੁੱਤੀ ਉਸ ਕੋਲੋਂ ਹੀ ਬਣਵਾਈ ਜਾਵੇ ਕਿਉਂਕਿ ਉਸ ਦੀ ਬਣਾਈ ਜੁੱਤੀ ਕਈ ਰੁੱਤਾਂ ਹੰਢਾ ਕੇ ਵੀ ਨਹੀਂ ਸੀ ਟੁੱਟਦੀ। ਦਰਅਸਲ, ਉਨ੍ਹਾਂ ਸਮਿਆਂ ਵਿੱਚ ਜੁੱਤੀਆਂ ਬਾਜ਼ਾਰੋਂ ਕੌਣ ਲੈਣ ਜਾਂਦਾ ਸੀ? ਸਾਰੇ ਜੀਅ ਪਿੰਡ ਦੇ ਮੋਚੀ ਦੀਆਂ ਬਣਾਈਆਂ ਹੋਈਆਂ ਜੁੱਤੀਆਂ ਹੀ ਪਾਉਂਦੇ ਸਨ। ਵੈਸੇ ਵੀ ਉਨ੍ਹਾਂ ਸਮਿਆਂ ਵਿੱਚ ਪੈਰੀਂ ਜੁੱਤੀ ਪਾਉਣ ਦਾ ਰਿਵਾਜ ਬਹੁਤ ਘੱਟ ਸੀ।
ਸਾਰਾ ਦਿਨ ਨੰਗੇ ਪੈਰੀਂ ਰਹਿਣਾ ਭਾਵੇਂ ਖੇਤੀਂ ਕੰਮ ਕਰਨਾ ਹੋਵੇ, ਹਲ਼ ਵਾਹੁਣਾ ਹੋਵੇ, ਪੱਠੇ ਵੱਢਣੇ ਹੋਣ, ਗੋਡੀ ਕਰਨੀ ਹੋਵੇ ਜਾਂ ਖੂਹ ’ਤੇ ਜਾਣਾ ਹੋਵੇ ਆਦਿ। ਬਹੁਤੀ ਵਾਰ ਤਾਂ ਬੱਚੇ ਸਕੂਲ ਵੀ ਨੰਗੇ ਪੈਰੀਂ ਹੀ ਚਲੇ ਜਾਂਦੇ ਸਨ। ਜੁੱਤੀ ਤਾਂ ਖਾਸ ਮੌਕਿਆਂ ਜਿਵੇਂ ਵਾਂਢੇ ਜਾਣ, ਮੇਲੇ ਜਾਂ ਮੱਸਿਆ ਜਾਣ ਲਈ ਹੁੰਦੀ ਸੀ, ਪਰ ਜੁੱਤੀ ਸਿਰਫ਼ ਨੇੜੇ ਜਾ ਕੇ ਹੀ ਪਾਈ ਜਾਂਦੀ ਸੀ ਕਿਉਂਕਿ ਇਹ ਫ਼ਿਕਰ ਹੁੰਦਾ ਕਿ ਜੁੱਤੀ ਮੈਲੀ ਨਾ ਹੋ ਜਾਵੇ। ਵੈਸੇ ਵੀ ਕਦੇ ਕਦਾਈਂ ਜੁੱਤੀ ਪਾਉਣ ਨਾਲ ਪੈਰਾਂ ਵਿੱਚ ਛਾਲੇ ਹੋਣ ਦਾ ਡਰ ਵੀ ਬਣਿਆ ਰਹਿੰਦਾ ਸੀ। ਉਂਜ ਉਨ੍ਹਾਂ ਸਮਿਆਂ ਵਿੱਚ ਮੰਗਵੀਂ ਜੁੱਤੀ, ਖੁੱਸਾ, ਚਿੱਟਾ ਚਾਦਰਾ, ਕੁੜਤਾ ਆਦਿ ਮੰਗ ਕੇ ਵਿਆਹਾਂ ’ਤੇ ਜਾਣ ਦਾ ਰਿਵਾਜ ਆਮ ਸੀ।
ਬਾਬਾ ਧੰਨੂ ਬਹੁਪੱਖੀ ਸ਼ਖ਼ਸ ਸੀ। ਸਾਡੀ ਪੱਤੀ ਦੇ ਹਰ ਘਰ ਵਿੱਚ ਹੋਣ ਵਾਲੇ ਕਿਸੇ ਵੀ ਸਮਾਗਮ, ਭੋਗ, ਮੰਗਣੀ, ਮਰਗ ਆਦਿ ’ਤੇ ਉਸ ਨੂੰ ਸਭ ਤੋਂ ਪਹਿਲਾਂ ਸੱਦਿਆ ਜਾਂਦਾ ਸੀ ਕਿਉਂਕਿ ਉਹ ਹਰ ਘਰ ਸੱਦਾ ਦੇਣ ਦਾ ਕਾਰਜ ਬਹੁਤ ਬਾਖੂਬੀ ਕਰਦਾ ਸੀ। ਹੱਥ ਵਿਚਲਾ ਅਣਘੜ ਡੰਡਾ ਖੜਕਾਉਂਦਾ ਅਤੇ ਠਿੱਬੀ ਜਿਹੀ ਜੁੱਤੀ ਨਾਲ ਇੱਕ ਵੱਖਰਾ ਹੀ ਰਾਗ ਪੈਦਾ ਕਰਦਾ, ਉਹ ਘਰ ਦਾ ਬੂਹਾ ਖੜਕਾਉਂਦਾ। ਖਾਸ ਸਮੇਂ ਅਤੇ ਵਿਸ਼ੇਸ਼ ਥਾਂ ’ਤੇ ਆਉਣ ਲਈ ਸੱਦਾ ਦਿੰਦਾ। ਕਿਸੇ ਨੂੰ ਚੁੱਲ੍ਹੇ ਨਿਉਂਦਾ ਅਤੇ ਕਿਸੇ ਨੂੰ ਨਿਉਂਦਾ ਦਿੰਦਾ। ਉਸ ਨੂੰ ਸਭ ਪਤਾ ਹੁੰਦਾ ਕਿ ਸੱਦਾ ਭੇਜਣ ਵਾਲੇ ਪਰਿਵਾਰ ਦੀ ਕਿਸ ਪਰਿਵਾਰ ਨਾਲ ਕਿੰਨੀ ਕੁ ਨੇੜਤਾ ਹੈ? ਕਿਹੜੇ ਘਰ ਨੂੰ ਨਿਉਂਦਾ ਜਾਂ ਚੁੱਲ੍ਹਾ ਨਿਉਂਦਾ ਦੇਣਾ ਹੈ?
ਬਾਬਾ ਧੰਨੂ ਅਕਸਰ ਖੰਘਦਾ ਰਹਿੰਦਾ ਸੀ ਕਿਉਂਕਿ ਉਹ ਹੁੱਕਾ ਪੀਣ ਦਾ ਆਦੀ ਸੀ, ਪਰ ਜੇ ਕਿਧਰੇ ਸਿਗਰਟ ਜਾਂ ਬੀੜੀ ਮਿਲ ਲਾਂਦੀ ਤਾਂ ਉਸ ਦਾ ਵੀ ਸੂਟਾ ਲਾ ਲੈਂਦਾ ਸੀ। ਉਸ ਦੀ ਇਹ ਸਭ ਤੋਂ ਵੱਡੀ ਖੂਬਸੂਰਤ ਆਦਤ ਸੀ ਕਿ ਉਹ ਕਦੇ ਵੀ ਜੱਟਾਂ ਦੇ ਘਰ ਆ ਕੇ ਹੁੱਕਾ ਨਹੀਂ ਸੀ ਪੀਂਦਾ ਕਿਉਂਕਿ ਉਹ ਜਾਣਦਾ ਸੀ ਕਿ ਸਿੱਖ ਪਰਿਵਾਰ ਤੰਬਾਕੂ ਨੂੰ ਨਫ਼ਰਤ ਕਰਦੇ ਹਨ।
ਬਾਬਾ ਧੰਨੂ ਪੱਤੀ ਵਿਚਲੇ ਹਰ ਘਰ ਦਾ ਪਰਿਵਾਰਕ ਮੈਂਬਰ ਸੀ। ਬਿਨਾਂ ਕਿਸੇ ਉਚੇਚ ਤੋਂ ਉਹ ਕਿਸੇ ਵੀ ਘਰ ਦਾ ਬੂਹਾ ਖੜਕਾ ਦਿੰਦਾ, ਲੋੜ ਦੱਸਦਾ ਅਤੇ ਕੋਈ ਵੀ ਘਰ ਉਸ ਦੀ ਲੋੜ ਪੂਰੀ ਕਰਨ ਤੋਂ ਨਹੀਂ ਸੀ ਉੱਕਦਾ। ਦਰਅਸਲ, ਪਿੰਡ ਦੇ ਸਮਾਜ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਸੀ ਕਿ ਉੱਥੇ ਕਿਸੇ ਦੀ ਜਾਤ ਨਹੀਂ ਸੀ ਪਰਖੀ ਜਾਂਦੀ। ਭਾਵੇਂ ਬਾਬਾ ਧੰਨੂ ਕਿੱਤੇ ਵਜੋਂ ਮੋਚੀ ਸੀ, ਪਰ ਹਰ ਘਰ ਵਿੱਚ ਉਸ ਨੂੰ ਪੂਰਨ ਇੱਜ਼ਤ ਮਿਲਦੀ ਸੀ। ਪਿੰਡ ਵਿੱਚ ਸਾਰੇ ਲਾਗੀ ਸਮਾਜਿਕ ਅਤੇ ਪਰਿਵਾਰਕ ਸਮਾਗਮਾਂ ਦਾ ਸਭ ਤੋਂ ਅਹਿਮ ਹਿੱਸਾ ਮੰਨੇ ਜਾਂਦੇ ਸਨ ਕਿਉਂਕਿ ਹਰ ਸਮਾਗਮ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੁੰਦਾ ਸੀ। ਹਰ ਜਾਤ ਅਤੇ ਕਿੱਤੇ ਨਾਲ ਸਬੰਧਤ ਵਿਅਕਤੀ ਆਪਣਾ ਯੋਗਦਾਨ ਪਾਉਂਦਾ ਤਾਂ ਕਿ ਕਿਸੇ ਕਿਸਮ ਦੀ ਘਾਟ ਜਾਂ ਕੁਤਾਹੀ ਮਹਿਮਾਨਾਂ ਦੇ ਸਾਹਮਣੇ ਨਾ ਹੋਵੇ। ਸਬੰਧਤ ਘਰ ਦੀ ਇੱਜ਼ਤ ਅਤੇ ਸ਼ਾਨ ਦਾ ਖਾਸ ਖ਼ਿਆਲ ਰੱਖਿਆ ਜਾਂਦਾ ਸੀ।
ਬਾਬਾ ਧੰਨੂ ਦੀ ਇਹ ਵੀ ਖ਼ਾਸੀਅਤ ਸੀ ਕਿ ਉਸ ਦਾ ਬੱਚਿਆਂ ਨਾਲ ਬਹੁਤ ਵਾਹ ਪੈਂਦਾ ਸੀ। ਹਰ ਕਿਸਮ ਦੇ ਸੁੱਖ ਸੁਨੇਹੇ ਦੇਣ ਲਈ ਹਰ ਘਰ ਵਿੱਚ ਗਾਹੇ-ਬਗਾਹੇ ਉਸ ਦਾ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਇਸ ਲਈ ਜਵਾਨ ਹੋ ਰਹੇ ਬੱਚੇ ਇਸ ਗੱਲ ਦਾ ਖਾਸ ਧਿਆਨ ਰੱਖਦੇ ਕਿ ਉਨ੍ਹਾਂ ਕੋਲੋਂ ਕੋਈ ਗ਼ਲਤੀ ਨਾ ਹੋ ਜਾਵੇ ਕਿਉਂਕਿ ਬਾਬਾ ਧੰਨੂ ਦੀ ਬਾਜ਼ ਅੱਖ ਜਵਾਨ ਹੋ ਰਹੇ ਬੱਚਿਆਂ ਨੂੰ ਵਾਚਣ ਵਿੱਚ ਬੜੀ ਮਾਹਿਰ ਸੀ। ਉਹ ਕਿਸੇ ਵੀ ਬੱਚੇ ਦੀ ਗ਼ਲਤੀ ਬਾਰੇ ਉਸ ਦੇ ਮਾਪਿਆਂ ਨੂੰ ਦੱਸਣ ਲੱਗਿਆਂ ਜ਼ਰਾ ਵੀ ਡਰਦਾ ਜਾਂ ਝਿਜਕਦਾ ਨਹੀਂ ਸੀ। ਉਸ ਦੀ ਸਲਾਹ ਨੂੰ ਹਰ ਕੋਈ ਅਹਿਮੀਅਤ ਦਿੰਦਾ ਸੀ। ਇਸ ਦੀ ਬਦੌਲਤ ਉਨ੍ਹਾਂ ਸਮਿਆਂ ਵਿੱਚ ਪ੍ਰਵਾਨ ਚੜ੍ਹੀ ਨੌਜਵਾਨ ਪੀੜ੍ਹੀ ਨੇ ਸਾਬਤ ਕਦਮੀਂ ਆਪਣੀਆਂ ਜੀਵਨ-ਰਾਹਾਂ ਨੂੰ ਬਾਖੂਬੀ ਸਿਰਜਿਆ ਅਤੇ ਆਪਣੀ ਪਛਾਣ ਬਣਾਈ।
ਬਾਬਾ ਧੰਨੂ ਦੀ ਸ਼ਖ਼ਸੀਅਤ ਦਾ ਇਹ ਕੇਹਾ ਆਲਮ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰ ਗਾਹੁੰਦਿਆਂ, ਦੇਸ਼-ਵਿਦੇਸ਼ਾਂ ਵਿੱਚ ਘੁੰਮਦਿਆਂ ਅਤੇ ਜੀਵਨ ਦੇ ਰੁਝੇਵਿਆਂ ਦੇ ਬਾਵਜੂਦ ਮੈਨੂੰ ਉਸ ਦੀ ਯਾਦ ਕਦੇ ਕਦਾਈਂ ਜੁੱਤੀ ਪਾਉਣ ਵੇਲੇ ਆ ਜਾਂਦੀ ਹੈ। ਆਧੁਨਿਕਤਾ ਦੇ ਦੌਰ ਵਿੱਚ ਕੌਣ ਹੁਣ ਪਿੰਡ ਦੇ ਮੋਚੀ ਕੋਲੋਂ ਜੁੱਤੀਆਂ ਗੰਢਾਉਂਦਾ ਹੈ ਅਤੇ ਕਿਹੜਾ ਮੇਚ ਦੇ ਕੇ ਸਾਈ ’ਤੇ ਜੁੱਤੀਆਂ ਬਣਵਾਉਂਦਾ ਹੈ? ਉਸ ਦਾ ਪੁੱਤ ਜੀਤ ਸਿੰਘ ਉਰਫ਼ ਜੀਤੂ ਕੁਝ ਸਮੇਂ ਤੱਕ ਪਿੰਡ ਦੇ ਬੱਸ ਅੱਡੇ ’ਤੇ ਜੁੱਤੀਆਂ ਗੰਢਦਾ ਰਿਹਾ। ਪਰ ਹੁਣ ਉਸ ਨੇ ਵੀ ਇਹ ਕੰਮ ਛੱਡ ਦਿੱਤਾ ਹੈ। ਉਸ ਦੀ ਔਲਾਦ ਹੋਰ ਕਿੱਤਿਆਂ ਵਿੱਚ ਰੁੱਝੀ ਆਪਣੇ ਜੀਵਨ ਨੂੰ ਆਪਣੇ ਰੰਗ-ਢੰਗ ਨਾਲ ਬਿਤਾ ਰਹੀ ਹੈ।
ਅਜੋਕੇ ਦੌਰ ਵਿੱਚ ਅਸੀਂ ਕੇਹੀ ਭਟਕਣ ਦਾ ਸ਼ਿਕਾਰ ਹੋ ਕੇ ਪਿੰਡ ਦੇ ਅਜਿਹੇ ਸੱਚੇ ਸੁੱਚੇ ਕਿਰਤੀਆਂ ਤੋਂ ਹੀ ਬੇਮੁਖ ਹੋ ਗਏ ਹਾਂ ਜੋ ਜ਼ਿਮੀਂਦਾਰਾਂ ਦੇ ਸਹਿਯੋਗੀ ਹੁੰਦੇ ਸਨ ਅਤੇ ਉਨ੍ਹਾਂ ਦੇ ਹਰ ਦੁੱਖ ਸੁੱਖ ਦੇ ਭਾਈਵਾਲ। ਇੱਕ ਦੂਜੇ ਦੀਆਂ ਲੋੜਾਂ ਦੀ ਪੂਰਤੀ ਦਾ ਅਹਿਸਾਸ ਵੀ ਹੁੰਦਾ ਸੀ। ਹਰ ਵਿਅਕਤੀ ਮਾਣਮੱਤੇ ਸਮਾਜ ਦਾ ਸਭ ਤੋੋਂ ਮਾਣਮੱਤਾ ਅਤੇ ਅਹਿਮ ਅੰਗ ਹੁੰਦਾ ਸੀ। ਸਰਬ ਭਾਈਵਾਲਤਾ ਪਿੰਡ ਦੀ ਸਭ ਤੋਂ ਵਧੀਆ ਤਹਿਜ਼ੀਬ ਹੁੰਦੀ ਸੀ। ਇਹ ਤਹਿਜ਼ੀਬ ਰੁੱਸ ਗਈ ਹੈ। ਹੁਣ ਹਰ ਪਰਿਵਾਰ ਆਪਣੇ ਆਪ ਵਿੱਚ ਸੁੰਗੜਿਆ ਆਪਣੀਆਂ ਤਰਜੀਹਾਂ ਮਿੱਥਦਾ, ਦੂਸਰੇ ਦੀ ਅਵੱਗਿਆ ਅਤੇ ਅਣਦੇਖੀ ਵਿੱਚੋਂ ਹੀ ਆਪਣਾ ਮੁਫ਼ਾਦ ਭਾਲਦਾ ਹੈ।
ਹੁਣ ਅਸੀਂ ਬ੍ਰਾਂਡੇਡ ਮਹਿੰਗੀਆਂ ਜੁੱਤੀਆਂ ਖ਼ਰੀਦਦੇ ਹਾਂ ਅਤੇ ਆਪਣੇ ਆਪ ਨੂੰ ਵੱਡੇ ਰੁਤਬੇ ਦਾ ਮਾਲਕ ਕਹਾਉਂਦੇ ਹਾਂ, ਪਰ ਬਾਬਾ ਧੰਨੂ ਦੇ ਬਣਾਏ ਮੌਜਿਆਂ ਨੂੰ ਪਾ ਕੇ ਵਾਂਢੇ ਜਾਂ ਕਿਸੇ ਮੱਸਿਆ/ਮੇਲੇ ’ਤੇ ਜਾਣ ਵੇਲੇ ਇੱਕ ਵੱਖਰੀ ਹੀ ਟੌਹਰ ਹੁੰਦੀ ਸੀ। ਨੰਗੇ ਪੈਰੀਂ ਰਹਿਣ ਕਾਰਨ ਮੌਜੇ ਦਾ ਚਮੜਾ ਸਖ਼ਤ ਹੋ ਜਾਂਦਾ ਸੀ। ਇਸ ਲਈ ਪੈਰੀਂ ਪਾਉਣ ਤੋਂ ਪਹਿਲਾਂ ਇਸ ਨੂੰ ਸਰ੍ਹੋਂ ਦਾ ਤੇਲ ਲਾ ਕੇ ਇੱਕ ਦਿਨ ਪਹਿਲਾਂ ਹੀ ਨਰਮ ਕਰ ਲਈਦਾ ਸੀ। ਨਵੇਂ ਮੌਜੇ ਤਾਂ ਕਦੇ ਕਦਾਈਂ ਖਾਸ ਮੌਕਿਆਂ ’ਤੇ ਪਾਈਦੇ ਸਨ। ਇਨ੍ਹਾਂ ਮੌਜਿਆਂ ਵਿੱਚ ਬਾਬਾ ਧੰਨੂ ਦੇ ਹੱਥਾਂ ਦੀ ਛੋਹ, ਉਸ ਦੀ ਕਾਰੀਗਰੀ ਦਾ ਕਮਾਲ, ਮੌਜੇ ਦੀ ਬਣਤਰ ਅਤੇ ਤਿਆਰੀ ਵਿੱਚ ਸੁੱਚੀਆਂ ਭਾਵਨਾਵਾਂ ਦੇ ਅਹਿਸਾਸ ਬ੍ਰਾਂਡੇਡ ਜੁੱਤੀਆਂ ਵਿੱਚ ਕਿੱਥੋਂ ਮਿਲਦੇ ਹਨ?
ਬਾਬਾ ਧੰਨੂ ਵਰਗੇ ਫੱਕਰ/ਮਲੰਗ ਲੋਕ ਆਪਣੇ ਰੰਗ ਵਿੱਚ ਆਪਣਾ ਜੀਵਨ ਜਿਊਣ ਵਾਲੇ, ਬਾਹਰੋਂ ਕੁਰਖ਼ਤ ਹੁੰਦਿਆਂ ਵੀ ਅੰਦਰੋਂ ਮਲਾਈ ਵਰਗੀ ਨਰਮੀ ਰੱਖਣ ਵਾਲੇ ਅਤੇ ਹਰ ਬੱਚੇ ਦੇ ਸਿਰ ’ਤੇ ਅਛੋਪਲੇ ਜਿਹੇ ਅਸੀਸ ਭਰਿਆ ਹੱਥ ਰੱਖਣ ਵਾਲੇ ਲੋਕ ਜਦੋਂ ਗੁੰਮ ਹੋ ਜਾਂਦੇ ਹਨ ਤਾਂ ਬੱਚਿਆਂ ਨੂੰ ਮਿਲਣ ਵਾਲੀਆਂ ਦੁਆਵਾਂ ਵੀ ਰੁੱਸ ਜਾਂਦੀਆਂ ਹਨ। ਸ਼ਾਇਦ ਇਹ ਰੁੱਸੀਆਂ ਹੋਈਆਂ ਦੁਆਵਾਂ ਅਤੇ ਅਸੀਸਾਂ ਦਾ ਅਸਰ ਹੀ ਹੈ ਕਿ ਅੱਜਕੱਲ੍ਹ ਪਿੰਡਾਂ ਵਿਚਲੀ ਨੌਜਵਾਨ ਪੀੜ੍ਹੀ ਆਪਣੇ ਅਕੀਦਿਆਂ ਤੋਂ ਥਿੜਕੀ, ਟੀਚਿਆਂ ਤੋਂ ਭਟਕੀ, ਆਪਣੇ ਸੁਪਨਿਆਂ ਨੂੰ ਸੂਲੀ ’ਤੇ ਟੰਗ, ਨਸ਼ਿਆਂ ਵਿੱਚ ਅਜਿਹੀ ਗਲਤਾਨ ਹੋ ਗਈ ਕਿ ਪਿੰਡਾਂ ਵਿੱਚੋਂ ਜਵਾਨੀ ਵੀ ਰੁੱਸ ਗਈ। ਪੜ੍ਹਾਕੂਆਂ ਦੇ ਘਰ ਵੀ ਪਰਵਾਸ ਕਰ ਗਏ। ਅੱਧੀ ਅੱਧੀ ਰਾਤ ਤੱਕ ਪਿੰਡ ਦੀ ਫਿਰਨੀ ਵਿੱਚ ਖੇਡਣ ਵਾਲੇ ਜੁਆਕ ਹੁਣ ਨਸ਼ਿਆਂ ਦੀ ਦਲਦਲ ਵਿੱਚ ਗੁਆਚੇ ਰਾਤ ਦਾ ਹਨੇਰਾ ਹੀ ਬਣ ਗਏ ਹਨ।
ਕਾਸ਼! ਬਾਬਾ ਧੰਨੂ ਵਰਗੇ ਲੋਕ ਅਚੇਤ ਰੂਪ ਵਿੱਚ ਬੱਚਿਆਂ ਦੀ ਪਾਕ ਮਾਨਸਿਕਤਾ ਵਿੱਚ ਸੁਮੱਤਾਂ ਧਰਨ। ਹਰ ਘਰ ਦੀਆਂ ਸੁੱਖਾਂ ਮੰਗਣ ਵਾਲੀ ਪਿੰਡ ਦੀ ਵਿਰਾਸਤ ਤੋਂ ਜੇਕਰ ਨੌਜਵਾਨ ਪੀੜ੍ਹੀ ਕੋਈ ਸੇਧ ਲੈ ਲਵੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਇਹ ਨਿੱਕੇ ਜਿਹੇ ਆਖੇ ਜਾਣ ਵਾਲੇ ਲੋਕਾਂ ਦੀਆਂ ਸਮਾਜ ਅਤੇ ਪਰਿਵਾਰ ਨੂੰ ਬਹੁਤ ਵੱਡੀਆਂ ਦੇਣਾਂ ਸਨ। ਤਾਂ ਹੀ ਉਨ੍ਹਾਂ ਸਮਿਆਂ ਵਿੱਚ ਹਰ ਪਰਿਵਾਰ ਦੇ ਬੱਚਿਆਂ ਨੇ ਆਪਣੇ ਹਿੱਸੇ ਦਾ ਅੰਬਰ ਅਤੇ ਧਰਤ ਨੂੰ ਤਲਾਸ਼ਣ ਵਿੱਚ ਕੋਈ ਕਸਰ ਨਹੀਂ ਛੱਡੀ।
ਬਾਬਾ ਧੰਨੂ ਵਰਗੇ ਕਿਰਤੀਆਂ ਨੂੰ ਤਹਿ ਦਿਲ ਤੋਂ ਸਲਾਮ ਕਿ ਉਹ ਹੁਣ ਤੀਕ ਵੀ ਉਨ੍ਹਾਂ ਲੋਕਾਂ ਦੇ ਚੇਤਿਆਂ ਵਿੱਚ ਵੱਸਦੇ ਹਨ ਜਿਨ੍ਹਾਂ ਨੇ ਕਈ ਦਹਾਕੇ ਪਹਿਲਾਂ ਪਿੰਡ ਤੋਂ ਉਡਾਰੀ ਮਾਰ ਲਈ ਸੀ। ਦਰਅਸਲ, ਅਜਿਹੇ ਅਣਗੌਲੇ ਲੋਕ ਹੀ ਪਿੰਡ ਦਾ ਮਾਣਮੱਤਾ ਸਿਰਨਾਵਾਂ ਸਨ ਜਿਨ੍ਹਾਂ ਨੂੰ ਯਾਦ ਕਰਨਾ ਸਾਡੀ ਤਹਿਰੀਕ ਸਾਨੂੰ ਸਮਝਾਉਂਦੀ ਹੈ। ਬਾਬਾ ਧੰਨੂ ਦਾ ਪਰਿਵਾਰ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ, ਪਰ ਉਸ ਦੀ ਵਿਰਾਸਤ ਤੱਕ ਪਹੁੰਚਣਾ ਅਸਾਨ ਨਹੀਂ; ਬਾਬਾ ਧਂੰਨੂ ਤੇਰੀ ਕੀਰਤੀ ਨੂੰ ਰੂਹ ਤੋਂ ਸਲਾਮ।
ਸੰਪਰਕ: 216-556-2080

