Australia inflation: ਆਸਟਰੇਲੀਆ ’ਚ ਗੁਜ਼ਾਰਾ ਕਰਨਾ ਹੋਇਆ ਔਖਾ; 43 ਲੱਖ ਲੋਕਾਂ ਨੇ ਖ਼ਰਚਾ ਬਚਾਉਣ ਲਈ ਟਾਲੀ ਕਾਰਾਂ ਦੀ ਮੁਰੰਮਤ
ਆਸਟਰੇਲੀਆ ਵਿੱਚ ਵਧਦੀ ਮਹਿੰਗਾਈ ਨੇ ਲੋਕਾਂ ਦੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਮਾਰਚ 2026 ਤੱਕ ਦੇ 12 ਮਹੀਨਿਆਂ ਵਿੱਚ ਆਸਟਰੇਲੀਆ ਦੀ ਮਹਿੰਗਾਈ ਦਰ 4.6 ਫੀਸਦੀ ਤੱਕ ਪਹੁੰਚ ਗਈ, ਜੋ ਰਿਜ਼ਰਵ ਬੈਂਕ ਦੇ ਟੀਚੇ ਤੋਂ...
ਆਸਟਰੇਲੀਆ ਵਿੱਚ ਵਧਦੀ ਮਹਿੰਗਾਈ ਨੇ ਲੋਕਾਂ ਦੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਮਾਰਚ 2026 ਤੱਕ ਦੇ 12 ਮਹੀਨਿਆਂ ਵਿੱਚ ਆਸਟਰੇਲੀਆ ਦੀ ਮਹਿੰਗਾਈ ਦਰ 4.6 ਫੀਸਦੀ ਤੱਕ ਪਹੁੰਚ ਗਈ, ਜੋ ਰਿਜ਼ਰਵ ਬੈਂਕ ਦੇ ਟੀਚੇ ਤੋਂ ਕਾਫ਼ੀ ਉੱਪਰ ਹੈ। ਇਸ ਕਾਰਨ ਖਾਣ-ਪੀਣ, ਬਿਜਲੀ, ਕਿਰਾਏ ਅਤੇ ਹੋਰ ਜ਼ਰੂਰੀ ਖਰਚਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਿੱਤੀ ਦਬਾਅ ਕਾਰਨ ਹੁਣ ਲੋਕ ਆਪਣੀਆਂ ਕਾਰਾਂ ਦੀ ਸਰਵਿਸ ਅਤੇ ਜ਼ਰੂਰੀ ਮੁਰੰਮਤ ਵੀ ਟਾਲ ਰਹੇ ਹਨ। ਸੁਪਰਚੀਪ ਆਟੋ ਵੱਲੋਂ ਕੀਤੀ ਗਈ ਖੋਜ ਮੁਤਾਬਕ ਕਰੀਬ 43 ਲੱਖ ਆਸਟਰੇਲੀਆਈ ਬਾਲਗਾਂ ਨੇ ਪਿਛਲੇ ਇੱਕ ਸਾਲ ਦੌਰਾਨ ਕਾਰ ਦੀ ਰੁਟੀਨ ਸਰਵਿਸ ਜਾਂ ਮੁਰੰਮਤ ਦੇਰੀ ਨਾਲ ਕਰਵਾਈ ਜਾਂ ਛੱਡ ਦਿੱਤੀ।
ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ 11 ਲੱਖ ਲੋਕਾਂ ਨੇ ਤਾਂ ਜ਼ਿਆਦਾਤਰ ਜਾਂ ਪੂਰੀ ਸਰਵਿਸਿੰਗ ਹੀ ਹੀ ਨਹੀਂ ਕਰਵਾਈ। ਸਰਵੇਅ ਵਿੱਚ ਸਾਹਮਣੇ ਆਇਆ ਕਿ ਹਰ 3 ਵਿੱਚੋਂ ਲਗਭਗ 2 ਆਸਟਰੇਲੀਆਈ, ਯਾਨੀ 64 ਫੀਸਦੀ ਲੋਕ, ਕਾਰ ਦੀ ਦੇਖਭਾਲ ਟਾਲ ਰਹੇ ਹਨ। ਇਨ੍ਹਾਂ ਵਿੱਚੋਂ 43 ਫੀਸਦੀ ਲੋਕਾਂ ਨੇ ਇਸ ਦਾ ਸਿੱਧਾ ਕਾਰਨ ਮਹਿੰਗਾਈ ਅਤੇ ਵਧਦੇ ਘਰੇਲੂ ਖਰਚਿਆਂ ਨੂੰ ਦੱਸਿਆ। ਕਾਰਾਂ ਦੀ ਮੁਰੰਮਤ ਤੋਂ ਇਲਾਵਾ ਲੋਕ ਕਿਰਾਏ, ਹੋਮ ਲੋਨ ਦੀਆਂ ਕਿਸ਼ਤਾਂ, ਬਿਜਲੀ ਬਿੱਲਾਂ, ਪੈਟਰੋਲ, ਖਾਣ-ਪੀਣ ਅਤੇ ਬੱਚਿਆਂ ਦੀ ਸਿੱਖਿਆ ਦੇ ਵਧਦੇ ਖਰਚਿਆਂ ਨਾਲ ਵੀ ਜੂਝ ਰਹੇ ਹਨ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰੇਕ, ਟਾਇਰ ਅਤੇ ਇੰਜਣ ਦੀ ਸਮੇਂ ਸਿਰ ਜਾਂਚ ਨਾ ਕਰਵਾਉਣ ਨਾਲ ਸੜਕ ਹਾਦਸਿਆਂ ਦਾ ਖਤਰਾ ਵਧ ਸਕਦਾ ਹੈ। ਛੋਟੀ ਬਚਤ ਲਈ ਕੀਤੀ ਲਾਪਰਵਾਹੀ ਭਵਿੱਖ ਵਿੱਚ ਵੱਡੇ ਖਰਚੇ ਅਤੇ ਜਾਨੀ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ।

