DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਚੀ ਦੀਪੋ ਦੀ ਭੱਠੀ

ਸਵੇਰੇ ਸਵੇਰੇ ਘਰ ਦੀ ਬੈੱਲ ਵੱਜਦੀ ਹੈ। ਦਰਵਾਜ਼ਾ ਖੋਲ੍ਹਦਾ ਹਾਂ। ਗੇਟ ਮੂਹਰੇ ਮੇਰੇ ਪਿੰਡ ਦੀ ਝਿਊਰੀ ਚਾਚੀ ਦੀਪੋ ਆਪਣੀ ਧੀ ਅਤੇ ਆਪਣੀ ਦੋਹਤੀ ਨਾਲ ਖੜ੍ਹੀਆਂ ਹਨ। ਮੈਨੂੰ ਦੇਖਦਿਆਂ ਹੀ ਚਾਚੀ ਦੇ ਚਿਹਰੇ ’ਤੇ ਖੁਸ਼ੀ ਫੈਲ ਜਾਂਦੀ ਹੈ। ਮੈਂ ਬੜਾ ਖੁਸ਼...

  • fb
  • twitter
  • whatsapp
  • whatsapp
Advertisement

ਸਵੇਰੇ ਸਵੇਰੇ ਘਰ ਦੀ ਬੈੱਲ ਵੱਜਦੀ ਹੈ। ਦਰਵਾਜ਼ਾ ਖੋਲ੍ਹਦਾ ਹਾਂ। ਗੇਟ ਮੂਹਰੇ ਮੇਰੇ ਪਿੰਡ ਦੀ ਝਿਊਰੀ ਚਾਚੀ ਦੀਪੋ ਆਪਣੀ ਧੀ ਅਤੇ ਆਪਣੀ ਦੋਹਤੀ ਨਾਲ ਖੜ੍ਹੀਆਂ ਹਨ। ਮੈਨੂੰ ਦੇਖਦਿਆਂ ਹੀ ਚਾਚੀ ਦੇ ਚਿਹਰੇ ’ਤੇ ਖੁਸ਼ੀ ਫੈਲ ਜਾਂਦੀ ਹੈ। ਮੈਂ ਬੜਾ ਖੁਸ਼ ਅਤੇ ਹੈਰਾਨ ਹਾਂ ਕਿ ਇੰਨੇ ਸਾਲਾਂ ਬਾਅਦ ਚਾਚੀ ਦੀਪੋ ਨੂੰ ਇੰਝ ਮੇਰੇ ਘਰ ਆਉਣ ਦੀ ਲੋੜ ਕਿਉਂ ਪਈ? ਉਸ ਨੂੰ ਮੇਰੇ ਘਰ ਦਾ ਪਤਾ ਕਿਵੇਂ ਲੱਗਾ ਅਤੇ ਉਹ ਆਪਣੀ ਧੀ ਅਤੇ ਦੋਹਤੀ ਨੂੰ ਕਿਉਂ ਨਾਲ ਲਿਆਈ ਹੈ?

ਮੈਂ ਕੁਝ ਵੀ ਪੁੱਛਣ ਦੀ ਬਜਾਏ ਸਾਰਿਆਂ ਨੂੰ ਕਿਹਾ ਕਿ ਧੰਨਭਾਗ ਚਾਚੀ ਜੀ ਤੁਸੀਂ ਆਏ ਹੋ। ਕਮਰੇ ਵਿੱਚ ਬੈਠਦਿਆਂ ਸਾਰ ਹੀ ਚਾਚੀ ਸ਼ੁਰੂ ਹੋ ਗਈ, ‘‘ਮੈਂ ਆਪਣੀ ਧੀ ਨੂੰ ਕਿਹਾ ਸੀ ਕਿ ਪੀਤੋ ਦਾ ਬਖ਼ਸ਼ੀ ਸ਼ਹਿਰ ਦੇ ਕਾਲਜ ਵਿੱਚ ਪ੍ਰੋਫੈਸਰ ਲੱਗਾ ਹੋਇਆ ਹੈ। ਜਦ ਵੀ ਤੈਨੂੰ ਕਿਸੇ ਕਿਸਮ ਦੀ ਲੋੜ ਹੋਈ ਤਾਂ ਮੈਨੂੰ ਜ਼ਰੂਰ ਦੱਸੀਂ। ਮੇਰਾ ਕਿਹਾ ਤਾਂ ਉਹ ਮੋੜ ਨਹੀਂ ਸਕਦਾ। ਵੈਸੇ ਤੂੰ ਵੀ ਉਸ ਕੋਲ ਜਾ ਸਕਦੀ ਏ। ਬਖ਼ਸ਼ੀ ਦੱਸਾਂ! ਮੇਰੀ ਦੋਹਤੀ ਤੇਰੇ ਕਾਲਜ ਵਿੱਚ ਪੜ੍ਹਦੀ ਆ। ਇਸ ਨੂੰ ਫੀਸ ਦੇਣ ਵਿੱਚ ਮੁਸ਼ਕਲ ਆ ਰਹੀ ਸੀ। ਮੈਂ ਕਿਹਾ ਕਿ ਆਪਾਂ ਬਖ਼ਸ਼ੀ ਨੂੰ ਕਹਾਂਗੇ, ਉਹ ਆਪੇ ਫੀਸ ਮੁਆਫ਼ ਕਰਵਾ ਦੇਵੇਗਾ। ਬਖ਼ਸ਼ੀ ਨੂੰ ਤਾਂ ਮੈਂ ਨਿੱਕੇ ਹੁੰਦੇ ਤੋਂ ਜਾਣਦੀ ਹਾਂ ਜਦ ਉਹ ਭੱਠੀ ’ਤੇ ਦਾਣੇ ਭੁੰਨਾਉਣ ਆਉਂਦਾ ਸੀ ਜਾਂ ਕਦੇ ਕਦੇ ਤਾਂ ਅੱਧੀ ਛੁੱਟੀ ਵੇਲੇ ਦਾਣੇ ਭੁੰਨਾਉਣ ਲਈ ਇਹ ਸਭ ਤੋਂ ਕਾਹਲਾ ਹੁੰਦਾ ਸੀ। ਉਹ ਬਹੁਤ ਪੜ੍ਹਾਕੂ ਸੀ। ਭਾਵੇਂ ਇਸ ਦਾ ਭਾਪਾ ਅਤੇ ਪੀਤੋ ਦੋਵੇਂ ਅਨਪੜ੍ਹ ਸਨ, ਪਰ ਇਹ 16 ਜਮਾਤਾਂ ਪੜ੍ਹ ਗਿਆ। ਦੇਖ ਲੈ ਹੁਣ ਪ੍ਰੋਫੈਸਰ ਬਣ ਗਿਆ ਜਦ ਕਿ ਇਸ ਦੇ ਨਾਲ ਦੇ ਕਈ ਜੁਆਕ ਤਾਂ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ। ਚੰਗਾ ਸਗੋਂ ਇਹ ਸਾਡੇ ਵਰਗਿਆਂ ਦੇ ਕੰਮ ਤਾਂ ਆਉਗਾ।’’ ਚਾਚੀ ਲਗਾਤਾਰ ਬੋਲੀ ਜਾ ਰਹੀ ਸੀ ਅਤੇ ਮੈਨੂੰ ਕੁਝ ਪੁੱਛਣ ਦਾ ਮੌਕਾ ਹੀ ਨਹੀਂ ਸੀ ਦਿੰਦੀ।

Advertisement

ਆਖਰ ਨੂੰ ਮੈਂ ਉਸ ਨੂੰ ਕੰਮ ਪੁੱਛਿਆ। ਜਦ ਉਸ ਨੇ ਫੀਸ ਮੁਆਫ਼ੀ ਦੀ ਗੱਲ ਕੀਤੀ ਤਾਂ ਮੈਂ ਆਖਿਆ ਕਿ ਤੁਹਾਡਾ ਕੰਮ ਹੋ ਜਾਵੇਗਾ। ਉਸ ਦੀ ਦੋਹਤੀ ਨੂੰ ਕਿਹਾ, ‘‘ਕਾਲਜ ਵਿੱਚ ਕੋਈ ਵੀ ਕੰਮ ਹੋਵੇ ਤਾਂ ਚਾਚੀ ਨੂੰ ਪਿੰਡੋਂ ਸੱਦਣ ਦੀ ਖੇਚਲ ਨਹੀਂ ਕਰਨੀ। ਬਿਨਾਂ ਝਿਜਕ ਮੈਨੂੰ ਆ ਕੇ ਮਿਲ ਲੈਣਾ। ਤੂੰ ਤਾਂ ਸਾਡੇ ਪਿੰਡ ਦੀ ਦੋਹਤੀ ਏਂ। ਤੇਰੀ ਮਦਦ ਕਰਨਾ ਤਾਂ ਮੇਰਾ ਪਹਿਲਾ ਫਰਜ਼ ਆ।’’ ਘੰਟਾ ਕੁ ਬਹਿ, ਚਾਹ ਪਾਣੀ ਪੀਂਦਿਆਂ ਪਿੰਡ ਦੀਆਂ ਸਾਰੀਆਂ ਬੀਤੀਆਂ ਸਾਂਝੀਆਂ ਕਰਦੀ ਰਹੀ। ਮੇਰੀ ਵਿੱਛੜ ਚੁੱਕੀ ਮਾਂ ਦੀਆਂ ਗੱਲਾਂ ਕਰਦੀ ਵਿੱਚ-ਵਿੱਚ ਭਾਵੁਕ ਵੀ ਹੋ ਜਾਂਦੀ। ਮੇਰੀ ਪਤਨੀ ਨੇ ਉਸ ਦੀ ਦੋਹਤੀ ਨੂੰ ਸ਼ਗਨ ਦਿੱਤਾ ਤਾਂ ਉਹ ਬਹੁਤ ਹੀ ਭਾਵੁਕ ਹੋ ਗਈ ਅਤੇ ਢੇਰ ਸਾਰੀਆਂ ਅਸੀਸਾਂ ਦਿੰਦੀ ਚਲੇ ਗਈ।

Advertisement

ਦਰਅਸਲ, ਉਸ ਦੀ ਬੇਟੀ ਕਪੂਰਥਲੇ ਵਿਆਹੀ ਹੋਈ ਸੀ ਜਿਸ ਦੀ ਬੇਟੀ ਰਣਧੀਰ ਕਾਲਜ ਵਿੱਚ ਪੜ੍ਹਦੀ ਸੀ। ਸ਼ਾਇਦ ਚਾਚੀ ਦੀ ਦੋਹਤੀ ਨੇ ਘਰ ਗੱਲ ਕੀਤੀ ਹੋਵੇ ਕਿ ਕੋਈ ਪ੍ਰੋ. ਭੰਡਾਲ ਕਾਲਜ ਵਿੱਚ ਪੜ੍ਹਾਉਂਦਾ ਹੈ ਅਤੇ ਉਹ ਸਾਡੀ ਮਦਦ ਕਰ ਸਕਦਾ ਹੈ। ਉਨ੍ਹੀਂ ਦਿਨੀਂ ਚਾਚੀ ਕਪੂਰਥਲੇ ਆਈ ਹੋਈ ਸੀ ਤਾਂ ਉਹ ਆਪਣੀ ਧੀ ਅਤੇ ਦੋਹਤੀ ਨੂੰ ਲੈ ਕੇ ਮੇਰੇ ਕਾਲਜ ਜਾਣ ਤੋਂ ਪਹਿਲਾਂ ਹੀ ਘਰ ਆ ਗਈਆਂ। ਉਸ ਦਾ ਮਾਵਾਂ ਵਰਗਾ ਦਾਈਆ ਰੱਖਣਾ ਅਤੇ ਅਪਣੱਤ ਨਾਲ ਮੇਰੇ ਘਰ ਆਉਣਾ ਦਰਅਸਲ ਪੰਜਾਬੀ ਤਹਿਜ਼ੀਬ ਦਾ ਸਭ ਤੋਂ ਸੁਨਹਿਰਾ ਪੱਖ ਹੈ। ਪਿੰਡ ਦਾ ਕੋਈ ਬੱਚਾ ਪੜ੍ਹ ਲਿਖ ਕੇ ਕਿੰਨਾ ਵੀ ਵੱਡਾ ਹੋ ਜਾਵੇ, ਉਹ ਪਿੰਡ ਵਾਲਿਆਂ ਲਈ ਕਦੇ ਵੀ ਵੱਡਾ ਜਾਂ ਓਪਰਾ ਨਹੀਂ ਹੁੰਦਾ। ਉਹ ਉਨ੍ਹਾਂ ਦਾ ਆਪਣਾ ਹੁੰਦਾ ਜਿਸ ਨੂੰ ਉਸ ਦੇ ਬਚਪਨੀ ਨਾਮ ਨਾਲ ਸੰਬੋਧਨ ਕਰਕੇ ਨਿੱਘੇ ਰਿਸ਼ਤਿਆਂ ਦਾ ਆਨੰਦ ਮਾਣਿਆ ਜਾਂਦਾ।

ਚਾਚੀ ਦੀਪੋ ਮੱਧਰੀ ਜਿਹੀ। ਪੱਕਾ ਰੰਗ। ਮੂੰਹ ’ਤੇ ਮਾਤਾ ਦੇ ਦਾਗ। ਹਰ ਕੰਮ ਵਿੱਚ ਬਹੁਤ ਛੋਹਲੀ ਅਤੇ ਨਿਪੁੰਨ। ਉਸ ਦਾ ਘਰਵਾਲਾ ਦੋਧੀ ਸੀ ਅਤੇ ਛੇਤੀ ਹੀ ਉਸ ਦੀ ਮੌਤ ਹੋ ਗਈ। ਆਪਣੀਆਂ ਧੀਆਂ ਦੀ ਜ਼ਿੰਮੇਵਾਰੀ ਉਸ ਦੇ ਸਿਰ ਆ ਪਈ। ਪਿੰਡਾਂ ਵਿੱਚ ਝਿਊਰ ਘਰਾਂ ਵਿੱਚ ਪਾਣੀ ਭਰਨ ਦਾ ਕੰਮ ਕਰਦੇ ਸਨ, ਪਰ ਨਲਕੇ ਲੱਗਣ ਨਾਲ ਝਿਊਰਾਂ ਦਾ ਤਾਂ ਕੋਈ ਕੰਮ ਨਾ ਰਿਹਾ। ਉਹ ਸਵੇਰੇ ਬਾਲਣ ਇਕੱਠਾ ਕਰਦੀ। ਹਰ ਰੋਜ਼ ਅੱਧੀ ਛੁੱਟੀ ਵੇਲੇ ਅਤੇ ਸ਼ਾਮ ਨੂੰ ਭੱਠੀ ਤਪਾਉਂਦੀ। ਦਾਣੇ ਭੁੰਨਣ ਵਿੱਚ ਬੜੀ ਮਾਹਰ ਸੀ ਭਾਵੇਂ ਇਹ ਮੱਕੀ ਦੇ ਹੋਣ, ਕਣਕ ਜਾਂ ਛੋਲੇ ਹੋਣ। ਮੱਕੀ ਦੀਆਂ ਖਿੱਲਾਂ ਪਹਿਲਾਂ ਕੱਢ ਦੇਣੀਆਂ ਅਤੇ ਬਾਕੀ ਦਾਣੇ ਚੰਗੀ ਤਰ੍ਹਾਂ ਰਾੜ੍ਹ ਦੇਣੇ। ਕਈ ਵਾਰ ਅੱਧ-ਭੁੰਨੇ ਮੱਕੀ ਦੇ ਦਾਣੇ ਵੀ ਕੱਢ ਲੈਣਾ ਜੋ ਬਹੁਤ ਹੀ ਸਵਾਦ ਹੁੰਦੇ ਜਿਨ੍ਹਾਂ ਨੂੰ ਆਭੂ ਕਹਿੰਦੇ ਸਨ। ਅੱਧੀ ਛੁੱਟੀ ਵੇਲੇ ਦਾਣੇ ਭੁੰਨਾਉਣ ਵਾਲੇ ਤਾਂ ਸਕੂਲ ਜਾਣ ਵਾਲੇ ਬੱਚੇ ਹੀ ਹੁੰਦੇ, ਪਰ ਸ਼ਾਮ ਨੂੰ ਉਸ ਦੀ ਭੱਠੀ ’ਤੇ ਬਹੁਤ ਰੌਣਕ ਹੁੰਦੀ। ਦਾਣੇ ਭੁੰਨਣ ਲੱਗਿਆਂ ਲੱਪ ਭਰ ਕੇ ਭਾੜਾ ਕੱਢ ਲੈਂਦੀ ਭਾਵੇਂ ਕੋਈ ਬੱਚਾ ਹੋਵੇ ਜਾਂ ਜਵਾਨ। ਅਕਸਰ ਘਰ ਵਾਲੇ ਛੋਟੇ ਬੱਚਿਆਂ ਨੂੰ ਦਾਣੇ ਭੰਨਾਉਣ ਲਈ ਭੇਜਦੇ। ਚਾਚੀ ਦਾਣੇ ਭੁੰਨ ਕੇ, ਸਾਫ਼ੇ ਜਾਂ ਪੌਣੇ ਵਿੱਚ ਪਾ ਕੇ ਉੱਪਰੋਂ ਗੰਢ ਮਾਰ ਦਿੰਦੀ ਤਾਂ ਕਿ ਬੱਚਿਆਂ ਕੋਲੋਂ ਕਿਧਰੇ ਡਿੱਗ ਪਏ ਤਾਂ ਦਾਣਿਆਂ ਨੇ ਖਿੱਲਰ ਜਾਣਾ। ਕਈ ਬੱਚੇ ਤਾਂ ਝੱਗੇ ਦੀ ਝੋਲੀ ਵਿੱਚ ਹੀ ਦਾਣੇ ਪਾ ਕੇ ਦਾਣੇ ਭੁੰਨਾਉਣ ਆ ਜਾਂਦੇ। ਉਹ ਪੱਤੀ ਦੇ ਹਰ ਬੱਚੇ ਨੂੰ ਛੋਟਾ ਨਾਂ ਲੈ ਕੇ ਬੁਲਾਉਂਦੀ ਅਤੇ ਨਾਲ ਹੀ ਉਸ ਦੀ ਮਾਂ ਨੂੰ ਕਈ ਵਾਰ ਸੁਨੇਹਾ ਵੀ ਭੇਜ ਦਿੰਦੀ।

ਪੱਤੀ ਦੇ ਹਰ ਘਰ ਵਿੱਚ ਹੋਣ ਵਾਲੇ ਸਾਰੇ ਸਮਾਗਮ ਭਾਵੇਂ ਇਹ ਅਖੰਡ ਪਾਠ ਹੋਵੇ, ਨਵ-ਜਨਮੇ ਬੱਚੇ ਦਾ ਤੇਰ੍ਹਵਾਂ ਹੋਵੇ, ਮੰਗਣੀ ਜਾਂ ਵਿਆਹ ਹੋਵੇ ਜਾਂ ਮਰਗ ਦਾ ਭੋਗ ਹੋਵੇ, ਉਹ ਭਾਂਡੇ ਮਾਂਜਣ ਲਈ ਸਵੇਰੇ ਆ ਜਾਂਦੀ ਅਤੇ ਸੰਦੇਹਾਂ ਵਾਪਸ ਪਰਤਦੀ। ਘਰ ਦੇ ਲਾਗੀਆਂ ਵਿੱਚ ਉਸ ਦਾ ਖਾਸਾ ਰੋਅਬ ਹੁੰਦਾ। ਉਹ ਆਪਣੀ ਮਨਮਰਜ਼ੀ ਦਾ ਲਾਗ ਲੈਂਦੀ। ਇਹ ਇਸ ’ਤੇ ਨਿਰਭਰ ਕਰਦਾ ਕਿ ਵਿਆਹ ਵਾਲਾ ਪਰਿਵਾਰ ਮਾਲਦਾਰ ਅਸਾਮੀ ਜਾਂ ਆਧਾਰਨ ਪਰਿਵਾਰ ਹੈ?

ਦਰਅਸਲ, ਪਿੰਡਾਂ ਵਿੱਚ ਲਾਗੀ ਹਰ ਘਰ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ। ਘਰ ਦੇ ਹਰ ਰਾਜ਼ ਤੋਂ ਜਾਣੂ। ਪਰਿਵਾਰ ਦੇ ਹਰ ਜੀਅ ਦੀਆਂ ਆਦਤਾਂ ਜਾਣੂ। ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਕਿ ਕਿਹੜੇ ਜੀਅ ਨੇ ਜਲਦੀ ਨਾਰਾਜ਼ ਹੋਣਾ, ਕਿਹੜਾ ਖੁਸ਼ ਹੀ ਰਹਿੰਦਾ? ਕਿਸੇ ਆਏ ਹੋਏ ਪ੍ਰਾਹੁਣੇ ਸਾਹਮਣੇ ਘਰ ਦੀ ਇੱਜ਼ਤ ਮਾਣ ਕਿਵੇਂ ਵਧਾਉਣੀ ਏ? ਉਹ ਘਰ ਦੇ ਜੀਆਂ ਵਾਂਗ ਵਿਚਰਦੇ। ਹਰ ਸਮਾਗਮ ਦੇ ਸੁੱਖੀ ਸਾਂਦੀ ਪੂਰਾ ਹੋਣ ਬਹੁਤ ਖੁਸ਼ ਹੁੰਦੇ। ਤੇ ਫਿਰ ਲਾਗੀ ਦੀ ਮਰਜ਼ੀ ਚੱਲਦੀ ਕਿ ਕਿੰਨੀ ਭਾਜੀ ਲੈਣੀ, ਕਿੰਨਾ ਲਾਗ ਲੈਣਾ ਅਤੇ ਕਿਸ ਤਰ੍ਹਾਂ ਦਾ ਸੂਟ/ਕੱਪੜੇ ਆਦਿ ਲੈਣੇ। ਹਰ ਸਵਾਣੀ ਦੀ ਇਹੀ ਭਾਵਨਾ ਹੁੰਦੀ ਕਿ ਘਰ ਆਏ ਹਰ ਲਾਗੀ ਦਾ ਹੱਕ ਪੂਰਾ ਕੀਤਾ ਜਾਵੇ ਜਿਨ੍ਹਾਂ ਨੇ ਆਪਣੇ ਜੀਅ-ਜਾਨ ਨਾਲ ਸਮਾਗਮ ਵਿੱਚ ਹਰ ਪ੍ਰਕਾਰ ਦਾ ਹੱਥ ਵਟਾ ਕੇ ਸੰਪੂਰਨ ਕੀਤਾ। ਪਿੰਡ ਦੇ ਸਮਾਜਿਕ ਤਾਣੇ-ਬਾਣਾ ਦਾ ਇਹ ਸਭ ਤੋਂ ਖੂਬਸੂਰਤ ਪਹਿਲੂ ਹੁੰਦਾ ਸੀ ਕਿ ਕਿਸੇ ਪਰਿਵਾਰ ਦਾ ਕੋਈ ਵੀ ਸਮਾਗਮ ਇੱਕ ਪਰਿਵਾਰ ਦਾ ਨਹੀਂ, ਸਗੋਂ ਸਮੁੱਚੇ ਕਬੀਲੇ/ਪੱਤੀ ਦਾ ਹੁੰਦਾ ਸੀ। ਹਰ ਕੋਈ ਇਸ ਨੂੰ ਆਪਣਾ ਸਮਝ ਕੇ ਇਸ ਦੀ ਸੰਪੂਰਨਤਾ ਵਿਚ ਹੱਥ ਵਟਾਉਂਦਾ ਸੀ।

ਦੀਪੋ ਚਾਚੀ ਤਾਂ ਮੇਰੀ ਮਾਂ ਨੂੰ ਅਕਸਰ ਹੀ ਕਹਿ ਦਿੰਦੀ ਕਿ ਇਹ ਤੇਰਾ ਪੁੱਤ ਜ਼ਿਆਦਾ ਨਹੀਂ। ਮੇਰਾ ਵੀ ਓਨਾ ਹੀ ਹੈ। ਭਾਵੇਂ ਇਹ ਪ੍ਰੋਫੈਸਰ ਹੋਊ ਕਾਲਜ ਵਿੱਚ। ਮੇਰਾ ਤਾਂ ਉਹੀ ਬਖ਼ਸ਼ੀ ਆ ਜਿਹੜਾ ਭੱਠੀ ’ਤੇ ਦਾਣੇ ਭੰਨਾਉਣ ਆਉਂਦਾ ਸੀ। ਮੈਂ ਇਸ ਨੂੰ ਤੇਰੇ ਤੋਂ ਵੀ ਜ਼ਿਆਦਾ ਆਪਣਾ ਸਮਝਦੀ ਹਾਂ। ਤਾਂ ਹੀ ਉਸ ਨੇ ਮੇਰੇ ਵਿਆਹ ਵੇਲੇ ਮੇਰੇ ਮਾਂ ਕੋਲੋਂ ਧੱਕੇ ਅਤੇ ਰੋਅਬ ਨਾਲ ਜ਼ਿਆਦਾ ਲਾਗ ਲਿਆ ਸੀ।

ਦੀਪੋ ਦੀ ਸਭ ਤੋਂ ਵੱਡੀ ਸ਼ਖ਼ਸੀ ਖੂਬਸੂਰਤੀ ਇਹ ਸੀ ਕਿ ਉਹ ਹਰੇਕ ਦੇ ਮੂੰਹ ’ਤੇ ਸੱਚ ਕਹਿ ਦਿੰਦੀ ਸੀ ਭਾਵੇਂ ਕਿਸੇ ਨੂੰ ਇਹ ਚੁੱਭੇ ਹੀ ਕਿਉਂ ਨਾ। ਸਾਰੀ ਪੱਤੀ ਵਾਲੇ ਉਸ ਦੀ ਇਸ ਆਦਤ ਤੋਂ ਵਾਕਫ਼ ਸਨ। ਕੋਈ ਵੀ ਉਸ ਦੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਸੀ ਕਰਦਾ। ਬਹੁਤ ਹੀ ਬੇਬਾਕ, ਜਿੰਦਾਦਿਲ ਅਤੇ ਹੱਸਮੁੱਖ ਸੀ ਚਾਚੀ ਦੀਪੋ।

ਚਾਚੀ ਦੀਪੋ ਉਨ੍ਹਾਂ ਬੱਚਿਆਂ ਨੂੰ ਬਹੁਤ ਘੂਰਦੀ ਸੀ ਜਿਹੜੇ ਜਾਣਬੁੱਝ ਕੇ ਸਕੂਲ ਨਾ ਜਾਂਦੇ। ਉਹ ਕਿਸੇ ਵੀ ਪਰਿਵਾਰ ਦੇ ਬੱਚੇ ਨੂੰ ਝਿੜਕ ਸਕਦੀ ਸੀ। ਉਸ ਦੇ ਮਾਪਿਆਂ ਨੂੰ ਬੱਚੇ ਦੀ ਕਿਸੇ ਵੀ ਭੈੜੀ ਆਦਤ ਤੋਂ ਜਾਣੂ ਕਰਵਾਉਣਾ ਆਪਣਾ ਧਰਮ ਸਮਝਦੀ ਸੀ। ਉਸ ਦੀਆਂ ਸੂਖ਼ਮ ਅਤੇ ਅਚੇਤ ਰੂਪ ਵਿੱਚ ਦਿੱਤੀਆਂ ਹੋਈ ਮੱਤਾਂ ਨੂੰ ਆਪਣੇ ਮਨ ਵਿੱਚ ਯਾਦ ਕਰਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਸਾਡੇ ਬਜ਼ੁਰਗ ਬਹੁਤ ਸਿਆਣੇ ਅਤੇ ਸਮਝਦਾਰ ਹੁੰਦੇ ਸਨ। ਨਿੱਕੀਆਂ ਨਿੱਕੀਆਂ ਸਲਾਹੁਤਾਂ, ਸਮਝੌਤੀਆਂ ਅਤੇ ਸਿਆਣਪਾਂ ਦਿੰਦੀ, ਸੀਮਤ ਜਿਹੀ ਆਮਦਨ ਨਾਲ ਆਪਣੀ ਜ਼ਿੰਦਗੀ ਨੂੰ ਹੱਸ ਕੇ ਜਿਉਣ ਵਾਲੀ ਅਤੇ ਆਪਣੀਆਂ ਬੱਚੀਆਂ ਦੇ ਸਭ ਕਾਰਜ ਪੂਰੇ ਕਰਨ ਵਾਲੀ ਚਾਚੀ ਦੀਪੋ ਆਖਰੀ ਦਮ ਤੱਕ ਪਿੰਡ ਵਿੱਚ ਹੀ ਰਹੀ।

ਕਦੋਂ ਮਿਲਦੇ ਨੇ ਪਿੰਡ ਦੇ ਬਾਕਮਾਲ ਚਾਚੀ ਦੀਪੋ ਜਿਹੇ ਪਾਤਰ ਜਿਨ੍ਹਾਂ ਲਈ ਆਪਣੇ ਆਪ ਤੋਂ ਵੀ ਉੱਪਰ ਹੁੰਦਾ ਸੀ ਪਿੰਡ, ਭਾਈਚਾਰੇ ਦੇ ਲੋਕ ਅਤੇ ਪੱਤੀ ਦਾ ਹਰ ਨਿਆਣਾ-ਸਿਆਣਾ ਅਤੇ ਜਿਨ੍ਹਾਂ ਦੇ ਕੰਮ ਆ ਕੇ ਸ਼ੁਕਰ-ਸਬੁਰੀ ਵਿੱਚੋਂ ਹੀ ਆਪਣੇ ਜੀਵਨ ਦੀ ਧੰਨਭਾਗਤਾ ਸਮਝਦੇ ਸਨ। ਚਾਚੀ ਦੀਪੋ ਵਰਗੇ ਕੁਝ ਅਣਗੌਲੇ, ਪਰ ਖੂਬਸੂਰਤ ਲੋਕ ਹੀ ਹੁੰਦੇ ਸਨ ਜਿਹੜੇ ਪਿੰਡ ਦੀ ਫ਼ਿਜ਼ਾ ਨੂੰ ਪਾਕੀਜ਼ਗੀ ਬਖ਼ਸ਼ ਕੇ ਪਿੰਡ ਨੂੰ ਸਵਰਗ ਬਣਾਉਣ ਵਿੱਚ ਹੀ ਆਪਣੀ ਬੰਦਗੀ ਸਮਝਦੇ ਸਨ।

ਚਾਚੀ ਦੀਪੋ ਦਾ ਚੇਤਾ ਆਉਣ ’ਤੇ ਮੈਂ ਆਪਣੇ ਬਚਪਨ ਦੇ ਉਨ੍ਹਾਂ ਨੂੰ ਪਲ੍ਹਾਂ ਨੂੰ ਮੁੜ ਜਿਊਣ ਗੋਚਰਾ ਹੋਇਆਂ ਜਿਹੜੇ ਪਲ ਹੁਣ ਵੀ ਮੈਨੂੰ ਸਕੂਨ ਦਿੰਦੇ ਨੇ। ਤਾਂ ਹੀ ਮੈਂ ਗਾਹੇ-ਬਗਾਹੇ ਪਿੰਡ ਦਾ ਗੇੜਾ ਲਾਉਂਦਾ ਹਾਂ ਭਾਵੇਂ ਕਿ ਪਿੰਡ ਹੁਣ ਉਹ ਨਹੀਂ ਰਿਹਾ ਜਿਹੜਾ ਮੇਰੀਆਂ ਯਾਦਾਂ ਵਿੱਚ ਵੱਸਦਾ ਹੈ।

ਸੰਪਰਕ: 216-556-2080

Advertisement
×