ਪੰਜਾਬੀ ਗੀਤਕਾਰੀ ਦੇ ‘ਗੁਆਚੇ ਲਾਲਾਂ’ ਦੇ ਖੋਜੀ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ
ਸਰੀ : ਪੰਜਾਬੀ ਸੱਭਿਆਚਾਰ, ਗੀਤਕਾਰੀ ਅਤੇ ਸੰਗੀਤ ਦੇ ਅਣਛੂਹੇ ਪੰਨਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਵਾਲੇ ਉੱਘੇ ਖੋਜੀ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਬੀਤੇ ਦਿਨੀਂ ਸਰੀ ਸਥਿਤ ‘ਗੁਲਾਟੀ ਪਬਲਿਸ਼ਰਜ਼ ਲਿਮਟਿਡ’ ਵਿਖੇ ਪਹੁੰਚਣ ’ਤੇ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਭਰਵਾਂ ਸਵਾਗਤ ਅਤੇ ਸਨਮਾਨ...
ਸਰੀ : ਪੰਜਾਬੀ ਸੱਭਿਆਚਾਰ, ਗੀਤਕਾਰੀ ਅਤੇ ਸੰਗੀਤ ਦੇ ਅਣਛੂਹੇ ਪੰਨਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਵਾਲੇ ਉੱਘੇ ਖੋਜੀ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਬੀਤੇ ਦਿਨੀਂ ਸਰੀ ਸਥਿਤ ‘ਗੁਲਾਟੀ ਪਬਲਿਸ਼ਰਜ਼ ਲਿਮਟਿਡ’ ਵਿਖੇ ਪਹੁੰਚਣ ’ਤੇ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਅਸ਼ੋਕ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਪੁਸਤਕਾਂ ‘ਮਿੱਟੀ ਨੂੰ ਫਰੋਲ ਜੋਗੀਆ’ (ਚੜ੍ਹਦਾ ਪੰਜਾਬ) ਅਤੇ ‘ਲੱਭ ਜਾਣਗੇ ਲਾਲ ਗੁਆਚੇ’ (ਲਹਿੰਦਾ ਪੰਜਾਬ) ਪਿਛਲੇ 20 ਸਾਲਾਂ ਦੀ ਸਖ਼ਤ ਮਿਹਨਤ ਅਤੇ ਲੰਮੀ ਜਦੋਜਹਿਦ ਦਾ ਸਿੱਟਾ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਤਾਬਾਂ ਨਹੀਂ, ਸਗੋਂ ਪੰਜਾਬੀ ਗੀਤ-ਕਲਾ ਦੇ ਉਨ੍ਹਾਂ ਅਣਗੌਲੇ ਸਿਤਾਰਿਆਂ ਦੀ ਇਬਾਦਤ ਹੈ ਜੋ ਪੰਜਾਬੀ ਜ਼ੁਬਾਨ ਦੀ ਝੋਲੀ ਅਮੀਰ ਕਰਕੇ ਖ਼ਾਮੋਸ਼ੀ ਨਾਲ ਜਹਾਨੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ ਸਿਵੇ ਜਗਾਉਣਾ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸਾਂਭਣਾ ਉਹ ਆਪਣਾ ਜਨੂੰਨ ਮੰਨਦੇ ਹਨ।
ਸਮਾਗਮ ਦੌਰਾਨ ਹਾਜ਼ਰ ਵਿਦਵਾਨਾਂ ਅਤੇ ਲੇਖਕਾਂ ਨੇ ਬਾਂਸਲ ਦੇ ਕਾਰਜ ਦੀ ਮਹੱਤਤਾ ’ਤੇ ਚਰਚਾ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਗੀਤਕਾਰ ਇੰਦਾ ਰਾਇਕੋਟੀ ਨੇ ਕਿਹਾ ਕਿ ਬਾਂਸਲ ਨੇ ਲਹਿੰਦੇ ਪੰਜਾਬ ਦੇ ਗੁਮਨਾਮ ਗੀਤਕਾਰਾਂ ਦੇ ਯੋਗਦਾਨ ਨੂੰ ਉਜਾਗਰ ਕਰਕੇ ਗੁੰਮ ਹੋ ਰਹੇ ਇਤਿਹਾਸ ਨੂੰ ਮੁੜ ਜੀਵਤ ਕਰ ਦਿੱਤਾ ਹੈ। ਸ਼ਾਇਰ ਜਸਵਿੰਦਰ ਨੇ ‘ਮਿੱਟੀ ਨੂੰ ਫਰੋਲ ਜੋਗੀਆ’ ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਵਿੱਚ ਚੜ੍ਹਦੇ ਪੰਜਾਬ ਦੇ ਗੀਤਕਾਰਾਂ ਦੇ ਸਫ਼ਰ ਨੂੰ ਬਹੁਤ ਸੂਝ-ਬੂਝ ਅਤੇ ਡੂੰਘੀ ਖੋਜ ਨਾਲ ਪੇਸ਼ ਕੀਤਾ ਗਿਆ ਹੈ।
ਲੇਖਕ ਜਸਵੀਰ ਭਲੂਰੀਆ ਨੇ ਅਸ਼ੋਕ ਬਾਂਸਲ ਨੂੰ ‘ਗੀਤਕਾਰਾਂ ਅਤੇ ਗਾਇਕਾਂ ਦੀ ਚੱਲਦੀ-ਫਿਰਦੀ ਲਾਇਬ੍ਰੇਰੀ’ ਕਰਾਰ ਦਿੰਦਿਆਂ ਕਿਹਾ ਕਿ ਸੰਗੀਤਕ ਇਤਿਹਾਸ ਬਾਰੇ ਜਿੰਨੀ ਮੁਕੰਮਲ ਜਾਣਕਾਰੀ ਉਨ੍ਹਾਂ ਕੋਲ ਹੈ, ਉਹ ਮਿਸਾਲੀ ਹੈ। ਐੱਚ.ਐੱਸ. ਮਾਨ ਨੇ ਕਿਹਾ ਕਿ ਬਾਂਸਲ ਪਿਛਲੀ ਅੱਧੀ ਸਦੀ ਤੋਂ ਸੰਗੀਤਕ ਖ਼ਜ਼ਾਨੇ ਦੀ ਖੋਜ ਕਰ ਰਹੇ ਹਨ ਅਤੇ ਅੱਜ ਉਹ ਪੰਜਾਬੀ ਗੀਤ-ਸੰਗੀਤ ਦੀ ਵਿਰਾਸਤ ਦੇ ਅਸਲ ‘ਪਹਿਰੇਦਾਰ’ ਵਜੋਂ ਉੱਭਰੇ ਹਨ। ਨਿਰੰਜਨ ਲਹਿਲ ਨੇ ਅਸ਼ੋਕ ਬਾਂਸਲ ਦੇ ਕਾਰਜ ਦੀ ਸਿਫ਼ਤ ਕਰਦਿਆਂ ਕਿਹਾ ਕਿ ਬਾਂਸਲ ਪੁਰਾਤਨ ਗੀਤਕਾਰੀ ਦੀਆਂ ਮਨਮੋਹਕ ਧੁਨਾਂ ਰਾਹੀਂ ਪੰਜਾਬੀ ਵਿਰਾਸਤ ਦੀ ਮਹਿਕ ਨੂੰ ਚਾਰ-ਚੁਫ਼ੇਰੇ ਬਿਖੇਰ ਰਹੇ ਹਨ ਅਤੇ ਉਨ੍ਹਾਂ ਦਾ ਇਹ ਉੱਦਮ ਸਹੀ ਮਾਅਨਿਆਂ ਵਿੱਚ ‘ਰੰਗਲੇ ਪੰਜਾਬ’ ਦੇ ਸੁਪਨੇ ਨੂੰ ਹਕੀਕੀ ਰੂਪ ਦੇ ਰਿਹਾ ਹੈ।
ਸੰਪਰਕ: +1 604 308 6663

