ਪਹਿਲੇ ਇਪਸਾ ਕਲਾ ਅਤੇ ਸੰਗੀਤ ਉਤਸਵ ਵਿੱਚ ਕਲਾਕਾਰਾਂ ਨੇ ਰੰਗ ਬੰਨ੍ਹਿਆ
ਬ੍ਰਿਸਬੇਨ: ਆਸਟਰੇਲੀਆ ਦੀ ਬਹੁਪੱਖੀ ਸੰਸਥਾ ਇਪਸਾ ਗਰੁੱਪ ਵੱਲੋਂ ਇੰਡੋ ਪੰਜਾਬੀ ਸਾਹਿਤ ਅਕਾਦਮੀ ਅਤੇ ਇੰਡੋ ਪੰਜਾਬੀ ਸੰਗੀਤ ਅਕਾਦਮੀ ਦੇ ਸਾਂਝੇ ਉੱਦਮ ਤਹਿਤ ਕਲਾ ਅਤੇ ਸੰਗੀਤ ਉਤਸਵ ਕਰਵਾਇਆ ਗਿਆ। ਫੈਸਟੀਵਲ ਦੇ ਪਹਿਲੇ ਭਾਗ ਵਿੱਚ ਭਾਰਤ ਤੋਂ ਆਏ ਨਾਮੀ ਚਿੱਤਰਕਾਰ ਅਮਰ ਸਿੰਘ ਆਰਟਿਸਟ...
ਬ੍ਰਿਸਬੇਨ: ਆਸਟਰੇਲੀਆ ਦੀ ਬਹੁਪੱਖੀ ਸੰਸਥਾ ਇਪਸਾ ਗਰੁੱਪ ਵੱਲੋਂ ਇੰਡੋ ਪੰਜਾਬੀ ਸਾਹਿਤ ਅਕਾਦਮੀ ਅਤੇ ਇੰਡੋ ਪੰਜਾਬੀ ਸੰਗੀਤ ਅਕਾਦਮੀ ਦੇ ਸਾਂਝੇ ਉੱਦਮ ਤਹਿਤ ਕਲਾ ਅਤੇ ਸੰਗੀਤ ਉਤਸਵ ਕਰਵਾਇਆ ਗਿਆ। ਫੈਸਟੀਵਲ ਦੇ ਪਹਿਲੇ ਭਾਗ ਵਿੱਚ ਭਾਰਤ ਤੋਂ ਆਏ ਨਾਮੀ ਚਿੱਤਰਕਾਰ ਅਮਰ ਸਿੰਘ ਆਰਟਿਸਟ ਅਤੇ ਸਥਾਨਕ ਆਰਟਿਸਟ ਕੁਮਨਦੀਪ ਸੋਹਲ ਦੀਆਂ ਕਲਾ-ਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ, ਬੱਚਿਆਂ ਲਈ ਲਾਈਵ ਪੇਂਟਿੰਗ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਆਤਮਾ ਸਿੰਘ ਹੇਅਰ ਦੇ ਕੁਝ ਪੋਰਟਰੇਟ ਵੀ ਪ੍ਰਦਰਸ਼ਿਤ ਕੀਤੇ ਗਏ। ਇਪਸਾ ਵੱਲੋਂ ਅਮਰ ਸਿੰਘ ਆਰਟਿਸਟ ਅਤੇ ਕੁਮਨਦੀਪ ਸੋਹਲ ਨੂੰ ਐਵਾਰਡ ਆਫ ਆਨਰ ਨਾਲ ਸਨਮਾਨਿਆ ਗਿਆ। ਫੈਸਟੀਵਲ ਦੀ ਸ਼ੁਰੂਆਤ ਸਾਹਿਤ ਅਕਾਦਮੀ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਭੰਗੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ।
ਫਾਈਨ ਆਰਟਸ ਫੈਸਟੀਵਲ ਦੇ ਦੂਸਰੇ ਭਾਗ ਵਿੱਚ ਇਪਸਾ ਵੱਲੋਂ ਗਾਇਨ ਕੈਟਾਗਰੀ ਤਹਿਤ ਸਨਮਾਨਿਤ ਕੀਤੇ ਗਏ ਗ਼ਜ਼ਲ ਗਾਇਕ ਰਹੀਮ ਜ਼ੁਲਾਹ, ਪਿੱਠਵਰਤੀ ਗਾਇਕ ਯੂਸਫ਼ ਅਲੀ ਖ਼ਾਨ ਅਤੇ ਗਾਇਕਾ ਬਿੰਨੀ ਜ਼ਰਾਦੀ ਨੇ ਆਪਣੀ ਕਲਾ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਇਪਸਾ ਦੇ ਪ੍ਰਤਿਭਾਸ਼ਾਲੀ ਗਾਇਕ ਪ੍ਰੀਤ ਸਰਗਮ ਨੇ ਆਪਣੀ ਖੂਬਸੂਰਤ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ। ਫੈਸਟੀਵਲ ਦੇ ਤੀਸਰੇ ਭਾਗ ਵਿੱਚ ਚਾਰ ਕੈਟਾਗਰੀਆਂ ਵਿੱਚ ਸ਼ਹਿਰ ਦੀਆਂ ਵੱਖ-ਵੱਖ ਕਲਾਤਮਕ ਹਸਤੀਆਂ ਦਾ ਐਵਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ। ਗਾਇਨ ਕੈਟਾਗਰੀ ਤਹਿਤ ਉਸਤਾਦ ਰਹੀਮ ਜ਼ੁਲਾਹ, ਯੂਸਫ਼ ਅਲੀ ਖਾਨ, ਬਿੰਨੀ ਜ਼ਰਾਦੀ ਨੂੰ ਇਪਸਾ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ। ਸਟੇਜ ਹੋਸਟ ਕੈਟਾਗਰੀ ਤਹਿਤ ਪੰਜਾਬੀ-ਇੰਗਲਿਸ਼ ਭਾਸ਼ਾ ਲਈ ਜੋਤੀ ਬੈਂਸ ਗੁਰਾਇਆ, ਪੰਜਾਬੀ-ਹਿੰਦੀ ਭਾਸ਼ਾ ਲਈ ਨੀਰਜ ਪੋਪਲੀ, ਪੰਜਾਬੀ-ਊਰਦੂ ਭਾਸ਼ਾ ਲਈ ਖਾਲਿਦ ਭੱਟੀ ਨੂੰ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। ਸਾਜ਼ ਕੈਟਾਗਰੀ ਤਹਿਤ ਸੁਧਾ ਮੈਨੀਅਨ ਨੂੰ ਸਿਤਾਰ ਵਾਦਕ ਵਜੋਂ, ਵਿਲਸਨ ਅੱਲੂ ਨੂੰ ਗਿਟਾਰ ਵਾਦਕ ਵਜੋਂ ਅਤੇ ਮੁਰਲੀ ਰਾਮਾਕ੍ਰਿਸ਼ਨਨ ਨੂੰ ਬਾਂਸਰੀ ਵਾਦਕ ਵਜੋਂ ਇਪਸਾ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਆਰਟਸ ਕੈਟਾਗਰੀ ਤਹਿਤ ਅਮਰ ਸਿੰਘ ਆਰਟਿਸਟ ਅਤੇ ਕੁਮਨਦੀਪ ਸੋਹਲ ਨੂੰ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ।
ਗਾਇਕ ਪ੍ਰੀਤ ਸਰਗਮ ਨੂੰ ਸਪੈਸ਼ਲ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੀ ਰਸਮ ਮੁੱਖ ਮਹਿਮਾਨ ਊਰਦੂ ਸ਼ਾਇਰਾ ਨੋਸ਼ੀ ਗਿਲਾਨੀ ਦੀ ਸਦਾਰਤ ਤਹਿਤ ਕੀਤੀ ਗਈ। ਉਨ੍ਹਾਂ ਨੇ ਆਪਣੀਆਂ ਦੋ ਗ਼ਜ਼ਲਾਂ ਨਾਲ ਵੀ ਹਾਜ਼ਰੀ ਲਵਾਈ। ਫੈਸਟੀਵਲ ਦੇ ਅੰਤਿਮ ਭਾਗ ਵਿੱਚ ਗਾਇਕ ਜਤਿੰਦਰ ਸਿੰਘ ਜਮਵਾਲ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਸਮਾਂ ਬੰਨ੍ਹ ਦਿੱਤਾ। ਪਹਿਲੀ ਗ਼ਜ਼ਲ ‘ਇਧਰ ਸੇ ਗੁਜ਼ਰਾ ਥਾ’ ਨੇ ਅਜਿਹੀ ਛਾਪ ਛੱਡੀ ਕਿ ਲੋਕ ਅਸ਼ ਅਸ਼ ਕਰ ਉੱਠੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਬਹੁਤ ਵਾਹ ਵਾਹ ਹਾਸਲ ਕੀਤੀ। ਤਕਰੀਬਨ ਡੇਢ ਘੰਟਾ ਚੱਲੇ ਗ਼ਜ਼ਲ ਗਾਇਨ ਨੇ ਹਾਲ ਵਿੱਚ ਇੱਕ ਅਲੱਗ ਹੀ ਮਾਹੌਲ ਬਣਾ ਦਿੱਤਾ। ਇਪਸਾ ਵੱਲੋਂ ਉਨ੍ਹਾਂ ਨੂੰ ਅੰਤ ਵਿੱਚ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਗਿਟਾਰ ਵਾਦਕ ਵਜੋਂ ਵਿਲਸਨ ਅੱਲੂ, ਮੈਡੋਂਲਿਨ ਵਾਦਕ ਵਜੋਂ ਚਾਈਨੀਜ਼ ਕਲਾਕਾਰ ਸ਼ੈਲੀ ਜੀ ਅਤੇ ਤਬਲਾ ਵਾਦਕ ਵਜੋਂ ਪਰਮਜੀਤ ਸਿੰਘ ਨੇ ਬਾਖੂਬੀ ਸਾਥ ਨਿਭਾਇਆ। ਇਸ ਮੌਕੇ ਡਾ. ਬਰਨਾਰਡ ਮਲਿਕ, ਸ਼ਾਇਰ ਸਈਅਦ ਖਾਨ, ਤਨਵੀ ਗੋਇਲ, ਪ੍ਰੇਰਨਾ ਪਾਹਵਾ, ਸਰਬਜੀਤ ਗੋਰਾਇਆ, ਡਾ. ਨੀਰਜ ਗਿੱਲ, ਸਤਵਿੰਦਰ ਟੀਨੂੰ, ਸਿੱਖ ਵਿਦਵਾਨ ਗੁਰਜੀਤ ਬੈਂਸ, ਗੀਤਕਾਰ ਨਿਰਮਲ ਦਿਓਲ, ਸ਼ਾਇਰ ਜਸਵੰਤ ਵਾਗਲਾ, ਗਾਇਕ ਪਰਮਿੰਦਰ ਹਰਮਨ, ਬਿਕਰਮਜੀਤ ਸਿੰਘ, ਰੁਪਿੰਦਰ ਸੋਜ਼, ਤਜਿੰਦਰ ਭੰਗੂ, ਸੁਮੀਤ ਸਿੰਘ ਦਿਓ, ਗੁਰਵਿੰਦਰ ਖੱਟੜਾ, ਪਾਲ ਰਾਊਕੇ, ਮਨਜੀਤ ਬੋਪਾਰਾਏ, ਸਰਬਜੀਤ ਸੋਹੀ, ਗੁਰਜੀਤ ਉੱਪਲ, ਸੁਖਮੰਦਰ ਸੰਧੂ, ਭਿੰਦਰ ਜਟਾਣਾ, ਕਮਲ ਬਾਜਵਾ, ਗੁਰਸੇਵਕ ਰਾਊਕੇ, ਅਸ਼ਵਨੀ ਬਜ਼ਰਾ, ਪੁਸ਼ਪਿੰਦਰ ਤੂਰ, ਜਸਵੰਤ ਭਾਟੀਆ, ਦੀਪਇੰਦਰ ਸਿੰਘ, ਗੁਰਦੀਪ ਜਗੇੜਾ, ਜਸਪਾਲ ਸੰਘੇੜਾ, ਜਸਪਾਲ ਢੀਂਡਸਾ, ਕੰਵਲਜੀਤ ਕਾਹਲੋਂ, ਤਜਿੰਦਰ ਭੰਗੂ, ਜਗਦੀਪ ਸਿੰਘ ਆਦਿ ਹਾਜ਼ਰ ਸਨ। ਅੰਤ ਵਿੱਚ ਇਪਸਾ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਜਸਕਰਨ ਸ਼ੀਂਹ ਵੱਲੋਂ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਰੀਤਿਕਾ ਅਹੀਰ ਵੱਲੋਂ ਬਾਖੂਬੀ ਨਿਭਾਈ ਗਈ।

