ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੁਲਾਈ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਰੋਜ਼ੀ-ਰੋਟੀ ਲਈ ਕੁਵੈਤ ਗਏ 8 ਲੱਖ ਭਾਰਤੀਆਂ, ਜਿਨ੍ਹਾਂ ’ਤੇ ਕੁਵੈਤ ਛੱਡਣ ਦੀ ਤਲਵਾਰ ਲਟਕ ਗਈ ਹੈ, ਦਾ ਮਾਮਲਾ ਕੁਵੈਤ ਸਰਕਾਰ ਕੋਲ ਉਠਾਉਣ। ਸ੍ਰੀ ਮਾਨ ਨੇ ਦੱਸਿਆ ਕਿ ਕੁਵੈਤ ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਲਈ ਵਿਦੇਸ਼ੀ ਕੋਟਾ ਬਿੱਲ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਮਗਰੋਂ 8 ਲੱਖ ਦੇ ਕਰੀਬ ਭਾਰਤੀ ਬੇਰੁਜ਼ਗਾਰ ਹੋ ਜਾਣਗੇ।
ਸ੍ਰੀ ਮਾਨ ਨੇ ਕਿਹਾ ਕਿ ਭਾਵੇਂ ਇਹ ਕੁਵੈਤ ਸਰਕਾਰ ਦਾ ਸੁਤੰਤਰ ਫ਼ੈਸਲਾ ਹੈ ਪਰ ਇਸ ਦਾ ਭਾਰਤੀ ਕਾਮਿਆਂ ’ਤੇ ਬਹੁਤ ਮਾੜਾ ਪ੍ਰਭਾਵ ਪਵੇਗਾ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਵੈਤ ਸਰਕਾਰ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕੁਵੈਤ ਸਰਕਾਰ 8 ਲੱਖ ਭਾਰਤੀ ਕਾਮਿਆਂ ਨੂੰ ਵਾਪਸ ਭਾਰਤ ਆਉਣ ਲਈ ਮਜਬੂਰ ਕਰ ਦਿੰਦੀ ਹੈ ਤਾਂ ਦੇਸ਼ ਵਿਚ ਬੇਰੁਜ਼ਗਾਰੀ ਦਾ ਸੰਕਟ ਹੋਰ ਵਧ ਜਾਵੇਗਾ। ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਜੇ ਕੇਂਦਰ ਸਰਕਾਰ ਬੇਰੁਜ਼ਗਾਰਾਂ ਨੂੰ ਹਰ ਸਾਲ 2 ਕਰੋੜ ਅਤੇ ਪੰਜਾਬ ਸਰਕਾਰ ਘਰ-ਘਰ ਨੌਕਰੀਆਂ ਦੇ ਦਿੰਦੀ ਤਾਂ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੂੰ ਖਾੜੀ ਦੇਸ਼ਾਂ ਵਿਚ ਨੌਕਰੀਆਂ ਕਰਨ ਲਈ ਮਜਬੂਰ ਨਾ ਹੋਣਾ ਪੈਂਦਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਨੇ ਵਿਸ਼ਵ ਵਿਚ ਰੁਜ਼ਗਾਰ ਦੇ ਸਾਧਨ ਸੀਮਤ ਕਰ ਦਿੱਤੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਭਾਰਤ ਵਿਚ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ ਚਾਹੀਦੇ ਹਨ।