DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ

ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਨਵੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਜਸਵੰਤ ਸਿੰਘ ਸੇਖੋਂ, ਕੁਲਦੀਪ ਕੌਰ ਘਟੌੜਾ ਅਤੇ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬਲਜਿੰਦਰ ਕੌਰ ਮਾਂਗਟ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ...

  • fb
  • twitter
  • whatsapp
  • whatsapp
Advertisement

ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਨਵੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਜਸਵੰਤ ਸਿੰਘ ਸੇਖੋਂ, ਕੁਲਦੀਪ ਕੌਰ ਘਟੌੜਾ ਅਤੇ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬਲਜਿੰਦਰ ਕੌਰ ਮਾਂਗਟ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।

ਸਮਾਗਮ ਦੇ ਆਗਾਜ਼ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਚੌਰਾਸੀ ਦੇ ਕਤਲੇਆਮ, ਦਿੱਲੀ ਹਿੰਸਾ ਅਤੇ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਹੋਏ ਲੋਕਾਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਿਆ ਗਿਆ ਅਤੇ ਸਭਾ ਦੇ ਸੁਹਿਰਦ ਦੋਸਤ ਜੈਤੇਗ ਸਿੰਘ ਅਨੰਤ ਦੀ ਧਰਮ ਪਤਨੀ ਬੀਬੀ ਜਸਪਾਲ ਕੌਰ ਦੇ ਵਿਛੋੜੇ ’ਤੇ ਦੁੱਖ ਪ੍ਰਗਟ ਕੀਤਾ ਗਿਆ।

Advertisement

ਰਚਨਾਤਮਕ ਦੌਰ ਵਿੱਚ ਸਰਦੂਲ ਸਿੰਘ ਲੱਖਾ ਨੇ ਆਪਣੀ ਕਵਿਤਾ ਰਾਹੀਂ ਮਨੁੱਖਤਾ ਅਤੇ ਜੀਵਨ ਪ੍ਰੇਮ ਦਾ ਸੁਨੇਹਾ ਦਿੱਤਾ। ਬਲਕਾਰ ਸਿੰਘ ਨੇ ਆਪਣੇ ਤਜਰਬੇ ਰਾਹੀਂ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਜਸਵਿੰਦਰ ਸਿੰਘ (ਦਿੱਲੀ) ਨੇ 1984 ਦੇ ਕਤਲੇਆਮ ਦੀਆਂ ਹੱਡ-ਬੀਤੀਆਂ ਸੁਣਾਈਆਂ ਜਿਨ੍ਹਾਂ ਨਾਲ ਮਾਹੌਲ ਗ਼ਮਗੀਨ ਹੋ ਗਿਆ। ਬਲਦੇਵ ਸਿੰਘ ਦੁੱਲਟ ਨੇ ਪਹਿਲੇ ਵਿਸ਼ਵ ਯੁੱਧ ਦੇ ਹੀਰੋ ਬੁੱਕਮ ਸਿੰਘ ਬਾਰੇ ਜਾਣਕਾਰੀ ਦਿੱਤੀ, ਜਦੋਂਕਿ ਕੁਲਦੀਪ ਕੌਰ ਘਟੌੜਾ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ।

Advertisement

ਛੋਟੇ ਬੱਚੇ ਜੋਧਵੀਰ ਸਿੰਘ ਨੇ ਸ਼ਬਦ ‘ਤੁਮ ਦਇਆ ਕਰੋ ਮੇਰੇ ਸਾਈਂ’ ਇਸ ਕਦਰ ਮਿੱਠੀ ਆਵਾਜ਼ ਵਿੱਚ ਗਾਇਆ ਕਿ ਸਰੋਤੇ ਮੋਹਿਤ ਹੋ ਗਏ। ਡਾ. ਮਨਮੋਹਨ ਸਿੰਘ ਬਾਠ ਨੇ ‘ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ’ ਗਾ ਕੇ ਸਮਾਗਮ ਨੂੰ ਰੰਗਤ ਬਖ਼ਸ਼ੀ। ਜੈ ਸਿੰਘ ਉੱਪਲ, ਜਸਵੀਰ ਸਿੰਘ ਸਿਹੋਤਾ ਅਤੇ ਡਾ. ਹਰਮਿੰਦਰਪਾਲ ਨੇ ਗੁਰਪੁਰਬ ਮੌਕੇ ਕਵਿਤਾਵਾਂ ਤੇ ਸ਼ਬਦਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੁਨੇਹਾ ਫੈਲਾਇਆ।

ਸਤਨਾਮ ਸਿੰਘ ਢਾਅ ਅਤੇ ਜਸਵੰਤ ਸਿੰਘ ਸੇਖੋਂ ਦੀ ਜੋੜੀ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਰਚਨਾ ‘ਸਿੱਖਾਂ ਦੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੀਆਂ ਲੜੀਆਂ’ ਜੋਸ਼ ਭਰਪੂਰ ਅੰਦਾਜ਼ ਵਿੱਚ ਪੇਸ਼ ਕਰਕੇ ਹਾਲ ਤਾਲੀਆਂ ਨਾਲ ਗੂੰਜਾ ਦਿੱਤਾ। ਸਰੂਪ ਸਿੰਘ ਮੰਡੇਰ ਨੇ ‘ਗੁਰੂ ਨਾਨਕ ਦੀ ਫ਼ਿਲਾਸਫ਼ੀ’ ਕਵਿਤਾ ਨਾਲ ਸੰਗਤ ਨੂੰ ਮੰਤਰਮੁਗਧ ਕੀਤਾ, ਜਦੋਂਕਿ ਡਾ. ਜੋਗਾ ਸਿੰਘ ਸਹੋਤਾ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਹਾਰਮੋਨੀਅਮ ਨਾਲ ਗਾ ਕੇ ਦਰਦਨਾਕ ਦ੍ਰਿਸ਼ ਜੀਵੰਤ ਕਰ ਦਿੱਤਾ। ਭਾਰਤ ਤੋਂ ਆਏ ਅੰਗਰੇਜ਼ ਸਿੰਘ ਨੇ ਆਪਣੀ ਕਵਿਤਾ ‘ਐਵੇਂ ਨਾ ਪਰਖ ਸਿਦਕ ਸਾਡਾ’ ਨਾਲ ਵਾਹ ਵਾਹ ਖੱਟੀ। ਜੀਰ ਸਿੰਘ ਬਰਾੜ ਨੇ ਗੁਰੂ ਨਾਨਕ ਦੇਵ ਜੀ ਦੀ ਦਾਨ ਦੀ ਫ਼ਿਲਾਸਫ਼ੀ ਤੇ ਪ੍ਰੇਰਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਦਰਸ਼ ਘਟੌੜਾ, ਮਾਹੀ ਘਟੌੜਾ, ਅਮਰੀਕ ਸਿੰਘ, ਦਲਜੀਤ ਕੌਰ, ਸੁਖਦੇਵ ਕੌਰ ਢਾਅ ਅਤੇ ਮਹਿੰਦਰ ਕੌਰ ਕਾਲੀਰਾਏ ਨੇ ਵੀ ਸਰਗਰਮ ਹਾਜ਼ਰੀ ਭਰੀ।

ਅੰਤ ਵਿੱਚ ਜਸਵੰਤ ਸਿੰਘ ਸੇਖੋਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਉਨ੍ਹਾਂ ਦੇ ਸਰੀਰ ਤੇ ਸੀਸ ਦੇ ਸਸਕਾਰ ਦਾ ਵਿਸ਼ਾ ਕਵੀਸ਼ਰੀ ਰੰਗ ਵਿੱਚ ਪੇਸ਼ ਕਰਕੇ ਸਭਾ ਨੂੰ ਭਾਵੁਕ ਕਰ ਦਿੱਤਾ। ਬਲਜਿੰਦਰ ਕੌਰ ਮਾਂਗਟ ਨੇ ਸੁਚੱਜੇ ਅੰਦਾਜ਼ ਵਿੱਚ ਸਮੁੱਚੇ ਪ੍ਰੋਗਰਾਮ ਦੀ ਰੌਣਕ ਬਣਾਈ ਰੱਖੀ।

ਸੰਪਰਕ: +1 604 308 6663

Advertisement
×