ਇੱਕ ਸ਼ਾਮ ਸੂਫ਼ੀ-ਕਾਵਿ ਅਤੇ ਸੰਗੀਤ ਦੇ ਨਾਮ
ਬੋਸਟਨ: ਅਮਰੀਕਾ ਦੇ ਸ਼ਹਿਰ ਬੋਸਟਨ ਵਿੱਚ ਨਿਊ ਇੰਗਲੈਂਡ ਪੰਜਾਬੀ ਐਸੋਸੀਏਸ਼ਨ ਵੱਲੋਂ ਸੂਫ਼ੀ ਕਾਵਿ ਨੂੰ ਸਮਰਪਿਤ ਕਵੀ ਦਰਬਾਰ ਤੇ ਗੀਤ-ਸੰਗੀਤ ਦਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰੂਪਜਿਓਤ ਕੌਰ ਨੇ ਸੂਫ਼ੀ-ਕਾਵਿ ਬਾਰੇ ਜਾਣਕਾਰੀ ਦਿੰਦਾ ਪੇਪਰ ਪੜ੍ਹ ਕੇ ਕੀਤੀ ਤੇ ਦੱਸਿਆ ਕਿ...
ਬੋਸਟਨ: ਅਮਰੀਕਾ ਦੇ ਸ਼ਹਿਰ ਬੋਸਟਨ ਵਿੱਚ ਨਿਊ ਇੰਗਲੈਂਡ ਪੰਜਾਬੀ ਐਸੋਸੀਏਸ਼ਨ ਵੱਲੋਂ ਸੂਫ਼ੀ ਕਾਵਿ ਨੂੰ ਸਮਰਪਿਤ ਕਵੀ ਦਰਬਾਰ ਤੇ ਗੀਤ-ਸੰਗੀਤ ਦਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰੂਪਜਿਓਤ ਕੌਰ ਨੇ ਸੂਫ਼ੀ-ਕਾਵਿ ਬਾਰੇ ਜਾਣਕਾਰੀ ਦਿੰਦਾ ਪੇਪਰ ਪੜ੍ਹ ਕੇ ਕੀਤੀ ਤੇ ਦੱਸਿਆ ਕਿ ਸੂਫ਼ੀ-ਕਾਵਿ ਇੱਕੋ ਵੇਲੇ ਗੰਭੀਰ ਤੇ ਸਰਲ ਹੈ।
ਉਨ੍ਹਾਂ ਕਿਹਾ ਕਿ ਸੂਫ਼ੀ ਫਕੀਰ ਧਾਰਮਿਕ ਕੱਟੜਪੁਣੇ ਨੂੰ ਨਹੀਂ ਸੀ ਮੰਨਦੇ, ਇਸ ਲਈ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਲੋਕ ਬੋਲੀ ਵਿੱਚ ਪ੍ਰਚਲਿੱਤ ਬਿੰਬਾਂ, ਪ੍ਰਤੀਕਾਂ ਅਤੇ ਸਥਾਨਕ ਕਾਵਿ-ਰੂਪਾਂ, ਸਲੋਕਾਂ, ਛੰਦਾਂ ਤੇ ਕਾਫ਼ੀਆਂ ਆਦਿ ਵਿੱਚ ਪ੍ਰਗਟਾਇਆ ਜੋ ਹਰ ਇੱਕ ਦਿਲ ਨੂੰ ਟੁੰਬਦੇ ਹਨ। ਇਹੀ ਕਾਰਨ ਹੈ ਕਿ ਸਦੀਆਂ ਬਾਅਦ ਵੀ ਸੂਫ਼ੀ ਕਾਫ਼ੀਆਂ ਤੇ ਗੀਤ ਅੱਜ ਵੀ ਸਾਡੀ ਜ਼ੁਬਾਨ ’ਤੇ ਹਨ। ਸੂਫ਼ੀ ਕਲਾਮ ਰੱਬ ਦੇ ਪਿਆਰ ਵਿੱਚ ਡੁੱਬ ਕੇ ਤਰਨ ਦਾ ਨਾਮ ਹੈ, ਜਿਸ ਨੇ ਇਸ਼ਕ ਨੂੰ ਰੂਹਾਨੀਅਤ ਦਾ ਦਰਜ ਦੇ ਕੇ ‘ਇਸ਼ਕ ਹਕੀਕੀ’ ਨੂੰ ਲੋਕਾਂ ਦੇ ਦਿਲਾਂ ਵਿੱਚ ਧੁਰ-ਅੰਦਰ ਤੱਕ ਵਸਾਇਆ।
ਉਨ੍ਹਾਂ ਕਿਹਾ ਕਿ ਸੂਫ਼ੀ-ਕਾਵਿ ਮੱਧ-ਕਾਲ ਦੇ ਪੰਜਾਬੀ ਸਾਹਿਤ ਦੀ ਗੌਰਵਮਈ ਧਾਰਾ ਹੈ। ਇਸੇ ਕਰਕੇ ਇਹ ਇੱਕ ਤਰ੍ਹਾਂ ਨਾਲ ਬਗ਼ਾਵਤੀ ਤੇ ਇਨਕਲਾਬੀ ਕਾਵਿ ਹੈ ਤੇ ਸੂਫ਼ੀ ਹੋਣਾ ਅਸਲ ਵਿੱਚ ਸੂਰਮਾ ਹੋਣਾ ਹੈ। ਧਾਰਮਿਕ ਕੱਟੜਤਾ ਦਾ ਬਾਈਕਾਟ ਕਰਕੇ, ਜਾਨ ਦੀ ਬਾਜ਼ੀ ਲਗਾ ਕੇ ਸੂਫ਼ੀਆਂ ਨੇ ਸਭ ਨੂੰ ਇੱਕ ਹੋਣ ਦਾ ਹੋਕਾ ਦਿੱਤਾ ਹੈ, ਜਿਸ ਦੀ ਅੱਜਕੱਲ੍ਹ ਸਾਨੂੰ ਬਹੁਤ ਲੋੜ ਹੈ।
ਬੋਸਟਨ ਦੇ ਸਥਾਨਕ ਕਵੀਆਂ ਰੂਪਜਿਓਤ ਕੌਰ, ਡਾ. ਹਰਪ੍ਰੀਤ ਸਿੰਘ, ਪ੍ਰੋ. ਸੁਭਾਸ਼ ਚੰਦਰ ਤੇ ਪ੍ਰੀਤਪਾਲ ਸਿੰਘ ਮਿਰਜ਼ਪੁਰੀ ਨੇ ਬਾਬਾ ਸ਼ੇਖ਼ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬਾਬਾ ਬੁੱਲ੍ਹੇ ਸ਼ਾਹ, ਮੀਆਂ ਮੁਹੰਮਦ ਬਖ਼ਸ਼ ਅਤੇ ਆਪਣੇ ਕਲਾਮ ਪੜ੍ਹ ਕੇ ਖੂਬ ਰੰਗ ਬੰਨ੍ਹਿਆ। ਕਵੀ ਦਰਬਾਰ ਤੋਂ ਬਾਅਦ ਬੋਸਟਨ ਦੇ ਮਸ਼ਹੂਰ ਸੰਗੀਤ ਉਸਤਾਦ, ਹਾਰਮੋਨੀਅਮ ਮਾਸਟਰ ਤੇ ਆਲ ਇੰਡੀਆ ਰੇਡੀਓ ਆਰਟਿਸਟ ਪ੍ਰੋ. ਐੱਮ. ਰਾਮਾ ਰਾਓ, ਜਿਨ੍ਹਾਂ ਨੇ ਆਪਣਾ ਜੀਵਨ ਸੰਗੀਤ ਤੇ ਸੰਗੀਤ ਸਿੱਖਿਆ ਨੂੰ ਸਮਰਪਿਤ ਕੀਤਾ ਹੋਇਆ ਹੈ, ਨੇ ਅਤੇ ਉਨ੍ਹਾਂ ਦੇ ਸ਼ਾਗਿਰਦਾਂ ਅਮਨਦੀਪ ਸਿੰਘ, ਹਰਮਨ ਦੀਪ ਸਿੰਘ, ਨਰੇਸ਼ ਅਗਰਵਾਲ, ਕਮਲ ਚੱਢਾ, ਕ੍ਰਿਸ਼ਨਾ ਭਾਸਕਰਨ, ਗਿਰੀਸ਼ ਸਤਪੁਤੇ ਤੇ ਅਮਾਰਾ ਨਵਾਜ਼ ਖ਼ਾਨ ਨੇ ਸੂਫ਼ੀ ਗੀਤਾਂ, ਕਾਫ਼ੀਆਂ, ਕਵਾਲੀਆਂ ਤੇ ਗ਼ਜ਼ਲਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਰਾਜੇਸ਼ ਪਾਈ ਨੇ ਤਬਲੇ ’ਤੇ ਸੰਗਤ ਕੀਤੀ। ਰੂਪਜਿਓਤ ਕੌਰ ਤੇ ਵਿਕਰਮ ਸਿੰਘ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਵਡਮੁੱਲਾ ਯੋਗਦਾਨ ਪਾਇਆ। ਇਸ ਸੂਫ਼ੀ ਸ਼ਾਮ ਵਿੱਚ ਭਾਗ ਲੈਣ ਵਾਲੇ ਕਵੀ ਤੇ ਗਾਇਕ ਭਾਰਤ ਦੇ ਹਰ ਕੋਨੇ ਤੋਂ ਤੇ ਪਾਕਿਸਤਾਨ ਤੋਂ ਸਨ, ਜੋ ਕਿ ਪੰਜਾਬੀ ਸੂਫ਼ੀ-ਕਾਵਿ ਦੀ ਸਾਂਝੀਵਾਲਤਾ ਤੇ ਪ੍ਰਸਿੱਧੀ ਦਾ ਪ੍ਰਤੱਖ ਸਬੂਤ ਹੈ। ਇਸ ਤਰ੍ਹਾਂ ਸੂਫ਼ੀ-ਕਾਵਿ ਨੂੰ ਸਮਰਪਿਤ ਇਹ ਨਿਵੇਕਲੀ ਸ਼ਾਮ ਯਾਦਗਾਰੀ ਹੋ ਨਿੱਬੜੀ।
ਸੰਪਰਕ: +1-508-243-8846
