DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਪਣੇ ਆਪ ਨੂੰ ਸਦਾ ਕਸੌਟੀ ’ਤੇ ਪਰਖਦੇ ਰਹੋ

ਮਨੁੱਖ ਇੱਕ ਜਗਿਆਸੂ ਪ੍ਰਾਣੀ ਹੈ। ਉਹ ਜੋ ਕੁਝ ਵੀ ਵੇਖਦਾ ਹੈ, ਉਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਜਗਿਆਸਾ ਦੀ ਪ੍ਰਵਿਰਤੀ ਨੇ ਮਨੁੱਖ ਨੂੰ ਪ੍ਰੇਰਿਤ ਕੀਤਾ ਜਿਸ ਕਾਰਨ ਉਹ ਬ੍ਰਹਿਮੰਡ ਦੇ ਵੱਡੇ ਤੇ ਗੁੱਝੇ ਰਹੱਸ ਖੋਲਣ ’ਚ...

  • fb
  • twitter
  • whatsapp
  • whatsapp
Advertisement

ਮਨੁੱਖ ਇੱਕ ਜਗਿਆਸੂ ਪ੍ਰਾਣੀ ਹੈ। ਉਹ ਜੋ ਕੁਝ ਵੀ ਵੇਖਦਾ ਹੈ, ਉਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਜਗਿਆਸਾ ਦੀ ਪ੍ਰਵਿਰਤੀ ਨੇ ਮਨੁੱਖ ਨੂੰ ਪ੍ਰੇਰਿਤ ਕੀਤਾ ਜਿਸ ਕਾਰਨ ਉਹ ਬ੍ਰਹਿਮੰਡ ਦੇ ਵੱਡੇ ਤੇ ਗੁੱਝੇ ਰਹੱਸ ਖੋਲਣ ’ਚ ਸਫਲ ਰਿਹਾ ਹੈ। ਇਸ ਨਾਲ ਜੀਵਨ ਦੇ ਹਾਲਾਤ ਸੌਖੇ ਹੁੰਦੇ ਗਏ। ਮਨੁੱਖ ਨੇ ਬ੍ਰਹਿਮੰਡ ਨੂੰ ਤਾਂ ਕਿਸੇ ਹੱਦ ਤੱਕ ਜਾਣ ਲਿਆ ਹੈ, ਪਰ ਆਪਣੇ ਆਪ ਨੂੰ ਸਮਝਣ ਵਿੱਚ ਜ਼ਿਆਦਾ ਰੁਚੀ ਨਹੀਂ ਲੈਂਦਾ। ਗੁਰਬਾਣੀ ਦਾ ਕਥਨ ਹੈ ‘ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।। ਮਨੁੱਖ ਨੇ ਆਪਣੇ ਅੰਦਰ ਦਾ ਬ੍ਰਹਿਮੰਡ ਖੋਜਿਆ ਨਹੀਂ ਜੋ ਸਭ ਤੋਂ ਨੇੜੇ ਸੀ, ਪਰ ਸਾਰੀ ਤਾਕਤ ਬਾਹਰ ਲਗਾ ਰਿਹਾ ਹੈ। ਦ੍ਰਿਸ਼ਟੀ ਬਾਹਰ ਹੀ ਕੇਂਦਰਿਤ ਰਹਿੰਦੀ ਹੈ, ਅੰਦਰ ਵੇਖਣ ਦਾ ਸਮਾਂ ਹੀ ਨਹੀਂ ਲੱਭਦਾ।

ਬਾਹਰ ਨੂੰ ਬਹੁਤ ਜਾਣਨ ਤੋਂ ਬਾਅਦ ਵੀ ਮਨੁੱਖ ਨੂੰ ਉਸ ਦਾ ਲਾਭ ਨਹੀਂ ਮਿਲ ਰਿਹਾ ਕਿਉਂਕਿ ਅੰਦਰ ਦੇ ਬ੍ਰਹਿਮੰਡ ਨਾਲ ਤਾਲਮੇਲ ਹੀ ਨਹੀਂ ਹੋ ਪਾ ਰਿਹਾ। ਬਾਹਰ ਮਨੁੱਖ ਨੇ ਵੇਖ ਲਿਆ ਕਿ ਕੁਦਰਤ ਦੇ ਸਰੋਤਾਂ ਦੀ ਸੰਭਾਲ ਜ਼ਰੂਰੀ ਹੈ, ਪਰ ਤਾਲਮੇਲ ਨਾ ਹੋਣ ਕਾਰਨ ਮਨ ਨੇ ਇਸ ਨੂੰ ਸਵੀਕਾਰ ਹੀ ਨਹੀਂ ਕੀਤਾ। ਇਸ ਦਾ ਫਲ਼ ਹੈ ਕਿ ਕੁਦਰਤ ਦੇ ਸਰੋਤ ਨਿਰੰਤਰ ਆਪਣਾ ਭੰਡਾਰ ਗੁਆਉਂਦੇ ਜਾ ਰਹੇ ਹਨ। ਮਨੁੱਖ ਨੇ ਅਥਾਹ ਗਿਆਨ ਪ੍ਰਾਪਤ ਕਰ ਲਿਆ ਹੈ। ਸੰਸਾਰ ਅੰਦਰ ਵਰਤਮਾਨ ਵਿੱਚ ਜਿੰਨਾ ਗਿਆਨ ਉਪਲੱਬਧ ਹੈ, ਉਸ ਨੂੰ ਜਾਣਨ ਤੇ ਧਾਰਨ ਕਰਨ ਲਈ ਇੱਕ ਜੀਵਨ ਘੱਟ ਹੈ। ਗਿਆਨ ਕਿਤਾਬਾਂ, ਗ੍ਰੰਥਾਂ ਵਿੱਚ ਹੈ, ਪਰ ਮਨੁੱਖ ਦੇ ਜੀਵਨ ਵਿੱਚ ਨਹੀਂ ਕਿਉਂਕਿ ਉਹ ਆਪਣੇ ਜੀਵਨ ਪ੍ਰਤੀ ਗੰਭੀਰ ਹੀ ਨਹੀਂ ਹੈ।

Advertisement

ਦਰਅਸਲ, ਮਨੁੱਖ ਆਪਣੇ ਪ੍ਰਤੀ ਬੇਹੱਦ ਲਾਪਰਵਾਹੀ ਵਾਲਾ ਜੀਵਨ ਜੀ ਰਿਹਾ ਹੈ। ਉਸ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਸੁਭਾਅ, ਆਚਾਰ- ਵਿਚਾਰ ਦਾ ਪੂਰਾ ਗਿਆਨ ਹੈ। ਉਹ ਦੂਜੇ ਲੋਕਾਂ ਦੇ ਜੀਵਨ ਦੀ ਇੱਕ ਇੱਕ ਘਟਨਾ ’ਤੇ ਨਜ਼ਰ ਰੱਖਦਾ ਹੈ, ਚਰਚਾ ਕਰਦਾ ਹੈ, ਸਮੀਖਿਆ ਕਰਦਾ ਹੈ, ਪਰ ਆਪਣੇ ਅੰਦਰ ਕੀ ਚੱਲ ਰਿਹਾ ਹੈ, ਇਸ ਬਾਰੇ ਅਣਜਾਣ ਰਹਿੰਦਾ ਹੈ। ਆਪਣੇ ਆਚਾਰ- ਵਿਚਾਰ ਦੀ ਕਦੇ ਸਮੀਖਿਆ ਨਹੀਂ ਕਰਦਾ। ਇਹ ਮੰਨ ਲੈਂਦਾ ਹੈ ਕਿ ਉਹ ਜੋ ਕੁਝ ਕਰ ਰਿਹਾ ਹੈ, ਠੀਕ ਹੈ। ਇਹੋ ਕਾਰਨ ਹੈ ਕਿ ਆਪਣੀ ਤਿਲਮਾਤਰ ਆਲੋਚਨਾ, ਨਿੰਦਿਆ ਵੀ ਉਸ ਨੂੰ ਸਹਿਣ ਨਹੀਂ ਹੁੰਦੀ। ਆਪਣੇ ਆਪ ਨੂੰ ਮਨੁੱਖ ਸਦਾ ਕਿਸੇ ਵੀ ਪਰਖ ਤੋਂ ਬਾਹਰ ਰੱਖਣਾ ਚਾਹੁੰਦਾ ਹੈ ਕਿਉਂਕਿ ਆਪਣੇ ਮਿਆਰ ਉਹ ਆਪ ਤੈਅ ਕਰਦਾ ਹੈ। ਇਹ ਮਿਆਰ ਮਨੁੱਖੀ ਸਥਿਤੀਆਂ ਅਨੁਸਾਰ ਬਦਲਦੇ ਰਹਿੰਦੇ ਹਨ। ਕਿਸੇ ਪ੍ਰਤੀ ਉਹ ਦਿਆਲੂ ਹੁੰਦਾ ਹੈ, ਕਿਸੇ ਪ੍ਰਤੀ ਨਫ਼ਰਤ ਅਤੇ ਘਿਰਣਾ ਰੱਖਦਾ ਹੈ। ਕਿਸੇ ਨੂੰ ਉਹ ਖ਼ੁਸ਼ ਦੇਖਣਾ ਚਾਹੁੰਦਾ ਹੈ, ਪਰ ਕਿਸੇ ਦਾ ਨਾਸ਼। ਜੇ ਆਪਣੇ ਅੰਦਰ ਦੇ ਬ੍ਰਹਿਮੰਡ ਨੂੰ ਜਾਣਿਆ ਹੁੰਦਾ ਤਾਂ ਇਹ ਵਿਹਾਰ ਨਾ ਹੁੰਦਾ ਕਿਉਂਕਿ ਅੰਦਰ ਦਾ ਬ੍ਰਹਿਮੰਡ ਨਹੀਂ ਜਾਣਿਆ ਤਾਂ ਬਾਹਰ ਦੇ ਬ੍ਰਹਿਮੰਡ ਤੋਂ ਪ੍ਰੇਰਨਾ ਧਾਰਨ ਕਰਨ ਯੋਗ ਵੀ ਨਹੀਂ ਬਣਿਆ। ਬਾਹਰ ਪਵਨ ਵਗ ਰਹੀ ਹੈ ਤਾਂ ਸਾਰਿਆਂ ਲਈ ਇੱਕੋ ਜਿਹੀ, ਸੂਰਜ ਦੀਆਂ ਕਿਰਨਾਂ ਬਿਨਾਂ ਕਿਸੇ ਭੇਦਭਾਵ ਸਾਰਿਆਂ ’ਤੇ ਪੈ ਰਹੀਆਂ ਹਨ। ਸਵੇਰ ਹੁੰਦਿਆਂ ਹੀ ਚਿੜੀਆਂ ਚਹਿਕਣ ਲੱਗਦੀਆਂ ਹਨ ਤਾਂ ਕਿਸੇ ਖ਼ਾਸ ਲਈ ਨਹੀਂ, ਸਾਰਿਆਂ ਲਈ ਜੋ ਉਸ ਚਹਿਕ ਨੂੰ ਸੁਣ ਸਕਦੇ ਹਨ। ਬਾਗ਼ ਅੰਦਰ ਫੁੱਲਾਂ ਦੀ ਮਹਿਕ ਕਿਸੇ ਦੀ ਵੀ ਰਾਖਵੀਂ ਨਹੀਂ ਹੈ, ਪਰ ਮਨੁੱਖ ਅਜਿਹਾ ਨਹੀਂ ਹੈ ਕਿਉਂਕਿ ਉਸ ਦੇ ਅੰਦਰ ਦਾ ਬ੍ਰਹਿਮੰਡ ਸੁੱਤਾ ਪਿਆ ਹੈ। ਬ੍ਰਹਿਮੰਡ ਖੁੱਲ੍ਹਾਂ ਵੰਡ ਰਿਹਾ ਹੈ, ਪਰ ਮਨੁੱਖ ਜੋ ਕੁਝ ਹੈ ਆਪਣੇ ਤੱਕ ਸੀਮਤ ਕਰ ਲੈਣਾ ਚਾਹੁੰਦਾ ਹੈ। ਬ੍ਰਹਿਮੰਡ ਦੇ ਸਰੋਤ ਮਨੁੱਖ ਨੂੰ ਦੇ ਰਹੇ ਹਨ, ਪਰ ਉਸ ਦਾ ਕੋਈ ਮੁੱਲ ਨਹੀਂ ਚਾਹੁੰਦੇ। ਮਨੁੱਖ ਜੇ ਕੁਝ ਦੇ ਰਿਹਾ ਹੈ ਤਾਂ ਉਸ ਦਾ ਦੂਣਾ ਵਸੂਲਣ ਦੀ ਇੱਛਾ ਰੱਖਦਾ ਹੈ। ਇਸ ਪ੍ਰਵਿਰਤੀ ਨੇ ਸਮਾਜਿਕ ਵਿਹਾਰ ਨੂੰ ਪੂਰਾ ਖੋਖਲਾ ਕਰ ਦਿੱਤਾ ਹੈ। ਕੋਈ ਜੋ ਕਹਿ ਰਿਹਾ ਹੈ, ਕਿਉਂ ਕਹਿ ਰਿਹਾ ਹੈ ਜੋ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ, ਇਹ ਸਮਝਣਾ ਆਕਾਸ਼ ਤੋਂ ਤਾਰੇ ਤੋੜ ਕੇ ਲਿਆਉਣ ਜਿਹਾ ਹੋ ਗਿਆ ਹੈ। ਇਸ ਨਾਲ ਬੇਭਰੋਸਗੀ ਦੇ ਕਾਲੇ ਬੱਦਲ ਛਾਏ ਹੋਏ ਹਨ। ਕਿਸੇ ਵੀ ਸਬੰਧ ’ਤੇ ਵਿਸ਼ਵਾਸ ਕਰਨਾ ਔਖਾ ਹੋ ਗਿਆ ਹੈ। ਸੱਚ ਨੂੰ ਫਰੇਬ, ਫਰੇਬ ਨੂੰ ਸੱਚ ਮੰਨ ਕੇ ਮਨੁੱਖ ਲਗਾਤਾਰ ਠੱਗਿਆ ਜਾ ਰਿਹਾ ਹੈ।

Advertisement

ਮਨੁੱਖ ਸਿਆਣਾ ਹੈ, ਪਰ ਦੂਜਿਆਂ ਲਈ, ਆਪਣੇ ਲਈ ਨਹੀਂ। ਦੂਜਿਆਂ ਨੂੰ ਆਪਣੇ ਅਨੁਸਾਰ ਚਲਾਉਣਾ ਉਸ ਦਾ ਅਤਿ ਪਸੰਦੀਦਾ ਸ਼ੌਕ ਹੈ। ਮਾਤਾ-ਪਿਤਾ ਚਾਹੁੰਦੇ ਹਨ ਕਿ ਸੰਤਾਨ ਉਨ੍ਹਾਂ ਦੇ ਹੁਕਮ ਮੰਨੇ। ਪਤੀ ਚਾਹੁੰਦਾ ਹੈ ਕਿ ਪਤਨੀ ਉਸ ਦੀ ਆਗਿਆ ਵਿੱਚ ਰਹੇ। ਜੋ ਵੱਡਾ ਹੈ, ਸਮਰੱਥ ਹੈ ਉਹ ਚਾਹੁੰਦਾ ਹੈ ਕਿ ਨਿੱਕਾ, ਨਿਰਬਲ ਉਸ ਦੇ ਹੁਕਮ ਮੰਨੇ। ਜੋ ਯੋਗ ਹੈ ਉਹ ਆਪਣੇ ਤੋਂ ਘੱਟ ਯੋਗ ਨੂੰ ਆਪਣਾ ਦਾਸ ਬਣਾ ਲੈਣਾ ਚਾਹੁੰਦਾ ਹੈ। ਜੱਦੋ ਜਹਿਦ ਦੇ ਇਸ ਅੰਤਹੀਣ ਸਿਲਸਿਲੇ ਨੇ ਜੀਵਨ ਨੂੰ ਬਿਖਮ ਕਰ ਦਿੱਤਾ ਹੈ। ਸਮਾਜ ਅੰਦਰ ਤਣਾਅ, ਸੰਘਰਸ਼, ਵੈਰ ਵਿਰੋਧ, ਨਫ਼ਰਤ ਨੇ ਆਪਣੀ ਪੱਕੀ ਥਾਂ ਬਣਾ ਲਈ ਹੈ। ਸਿਆਣੇ ਮਨੁੱਖ ਨੇ ਇਸ ਨੂੰ ਕਲਯੁੱਗ ਦਾ ਨਾਮ ਦੇ ਦਿੱਤਾ ਹੈ। ਉਸ ਨੇ ਕਲਯੁੱਗ ਨੂੰ ਦੁੱਖ, ਪਾਪ ਦਾ ਯੁੱਗ ਬਣਾ ਦਿੱਤਾ ਹੈ ਤੇ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰ ਲਿਆ ਹੈ, ਪਰ ਕਲਯੁੱਗ ਲਿਆਉਣ ਵਾਲਾ ਉਹ ਆਪ ਹੀ ਹੈ। ਉਸ ਦੀ ਸੋਚ ਨੇ ਕਲਯੁੱਗ ਦੀ ਸਿਰਜਣਾ ਕੀਤਾ ਹੈ ਤੇ ਉਸ ਦੀ ਸੋਚ ਹੀ ਕਲਯੁੱਗ ਨੂੰ ਖ਼ਤਮ ਕਰ ਸਕਦੀ ਹੈ। ਜਿਸ ਯੁੱਗ ਵਿੱਚ ਗੁਰੂ ਨਾਨਕ ਸਾਹਿਬ ਜਿਹੇ ਅਵਤਾਰ ਹੋਏ ਹੋਣ, ਉਸ ਯੁੱਗ ਨੂੰ ਦੁੱਖ, ਪਾਪ ਦਾ ਯੁੱਗ ਕਿਵੇਂ ਕਿਹਾ ਜਾ ਸਕਦਾ ਹੈ। ਦੁੱਖ ਤੇ ਪਾਪ ਮਨੁੱਖ ਦੇ ਹੀ ਵਿਹਾਰ ਤੇ ਸੋਚ ਵਿੱਚ ਹੈ, ਸਮੇਂ ਵਿੱਚ ਨਹੀਂ।

ਮਨੁੱਖ ਆਪਣੇ ਲਈ ਸਤਯੁੱਗ ਲਿਆ ਸਕਦਾ ਹੈ ਜੇ ਉਹ ਆਪਣੇ ’ਤੇ ਹੁਕਮ ਚਲਾਉਣਾ, ਆਪਣੇ ਅੰਦਰ ਦੇ ਬ੍ਰਹਿਮੰਡ ’ਤੇ ਰਾਜ ਕਰਨਾ ਸਿੱਖ ਜਾਏ। ਆਪਣੇ ’ਤੇ ਹੁਕਮ ਚਲਾ ਕੇ ਆਪਣੇ ਅੰਦਰ ਦੇ ਬ੍ਰਹਿਮੰਡ ਨੂੰ ਜਿੱਤ ਲੈਣਾ, ਪੂਰੇ ਜਗਤ ਨੂੰ ਜਿੱਤ ਲੈਣ ਜਿਹਾ ਹੈ। ਮਨੁੱਖ ਆਪਣੇ ’ਤੇ ਹੁਕਮ ਚਲਾਏ। ਮਨ ਅੰਦਰ ਕਿਸੇ ਲਈ ਵੈਰ ਵਿਰੋਧ ਹੈ ਤਾਂ ਪੁੱਛੇ ਕਿ ਉਸ ਨੂੰ ਕੀ ਹੱਕ ਹੈ ਕਿਸੇ ਪ੍ਰਤੀ ਮੰਦੀ ਭਾਵਨਾ ਰੱਖਣ ਦਾ ਕਿਉਂਕਿ ਸਵਾਮੀ ਤਾਂ ਪਰਮਾਤਮਾ ਹੈ। ਜਿਸ ਨੇ ਜੀਵਨ ਦਿੱਤਾ, ਜੋ ਪ੍ਰਤਿਪਾਲਕ ਹੈ, ਨਿਆਂ ਕਰਨ ਦਾ ਹੱਕ ਤਾਂ ਉਸ ਨੂੰ ਹੈ। ਮਨੁੱਖ ਉਸ ਦੇ ਨਿਆਂ ਵਿੱਚ ਦਖਲ ਦੇਣ ਵਾਲਾ ਕੌਣ ਹੁੰਦਾ ਹੈ। ਮਨੁੱਖ ਤਾਂ ਆਪ ਉਸ ਸੁਆਮੀ ਪਰਮਾਤਮਾ ਦੇ ਹੁਕਮ ਅੰਦਰ ਹੈ। ਮਨੁੱਖ ਆਪਣੀਆਂ ਇੰਦਰੀਆਂ ’ਤੇ ਹੁਕਮ ਚਲਾਏ, ਉਨ੍ਹਾਂ ਨੂੰ ਆਪਣੇ ਵੱਸ ’ਚ ਰੱਖੇ। ਅੱਖਾਂ ਕਿਉਂ ਪਰਮਾਤਮਾ ਦਾ ਰੂਪ ਵੇਖਣ ਦੀ ਥਾਂ ਰੰਗ ਤਮਾਸ਼ੇ ਵੇਖ ਰਹੀਆਂ ਹਨ, ਕੰਨ ਪਰਮਾਤਮਾ ਦਾ ਨਾਂ ਸੁਣਨ ਦੀ ਥਾਂ ਕਿਉਂ ਨਿੰਦਾ, ਚੁਗਲੀ, ਕਾਮ ਵਾਸਨਾ ਦੇ ਗੀਤ ਸੁਣ ਰਹੇ ਹਨ। ਹੱਥ ਸੇਵਾ ਦੀ ਥਾਂ ਪਰਾਇਆ ਹੱਕ ਕਿਉਂ ਮਾਰ ਰਹੇ ਹਨ, ਜ਼ਬਰ, ਜ਼ੁਲਮ ਕਿਉਂ ਕਰ ਰਹੇ ਹਨ। ਰਸਨਾ ਨਾਮ ਦੇ ਰਸ ਦੀ ਥਾਂ ਪਦਾਰਥਾਂ ਦੇ ਸੁਆਦ ਵਿੱਚ ਕਿਉਂ ਪੈ ਗਈ ਹੈ। ਆਪਣੇ ਅੰਦਰ ਜੋ ਵਿਚਾਰ ਚੱਲ ਰਹੇ ਹਨ, ਕਾਮਨਾਵਾਂ ਪੈਦਾ ਹੋ ਰਹੀਆਂ ਹਨ, ਉਨ੍ਹਾਂ ’ਤੇ ਇੱਕ ਕਠੋਰ ਸ਼ਾਸਕ ਵਾਂਗ ਮਨੁੱਖ ਦਾ ਭੈਅ ਤੇ ਅੰਕੁਸ਼ ਲੱਗਿਆ ਰਹੇ। ਆਪਣੇ ਕਾਰਜਾਂ ’ਤੇ ਉਸ ਦਾ ਪੂਰਾ ਜ਼ੋਰ ਹੋਵੇ ਕਿ ਕਿਹੜੇ ਕਾਰਜ ਕਰਨੇ ਹਨ, ਕਿਹੜੇ ਨਹੀਂ। ਮਨੁੱਖ ਕਈ ਵਾਰ ਅਜਿਹੇ ਕੰਮ ਕਰ ਜਾਂਦਾ ਹੈ ਜੋ ਉਸ ਨੂੰ ਨਹੀਂ ਕਰਨੇ ਚਾਹੀਦੇ ਸਨ। ਮਨੁੱਖ ਕੰਮ ਕਰਨ ਤੋਂ ਬਾਅਦ ਸ਼ਰਮਿੰਦਾ ਹੁੰਦਾ ਹੈ, ਪਛਤਾਵਾ ਕਰਦਾ ਹੈ। ਉਹ ਆਪਣੇ ’ਤੇ ਜ਼ਿੰਮੇਵਾਰੀ ਨਾ ਲੈ ਕੇ ਦਲੀਲ ਦਿੰਦਾ ਹੈ ਕਿ ਕ੍ਰੋਧ ਕਾਰਨ, ਲੋਭ ਕਾਰਨ ਹੋ ਗਿਆ। ਕ੍ਰੋਧ ਵੀ ਤਾਂ ਉਸ ਦਾ ਹੀ ਸੀ, ਲੋਭ ਵੀ ਉਸ ਦਾ ਹੀ ਸੀ ਜਿਸ ਨੂੰ ਵੱਸ ਵਿੱਚ ਕਰਨਾ ਉਸ ਦੀ ਪੂਰੀ ਜ਼ਿੰਮੇਵਾਰੀ ਸੀ। ਕੰਮ ਕ੍ਰੋਧ ਜਾਂ ਲੋਭ ਵੱਸ ਹੋਇਆ, ਪਰ ਦੁੱਖ, ਦੰਡ ਤਾਂ ਮਨੁੱਖ ਨੂੰ ਹੀ ਭੋਗਣਾ ਪੈਂਦਾ ਹੈ। ਜੇ ਉਸ ਦੇ ਮਨ ਦੇ ਵਿਚਾਰ ਹੀ ਉਸ ਦਾ ਹੁਕਮ ਨਹੀਂ ਮੰਨਦੇ ਤਾਂ ਉਹ ਦੂਜਿਆਂ ਕੋਲੋਂ ਕਿਵੇਂ ਆਸ ਕਰ ਸਕਦਾ ਹੈ ਕਿ ਉਸ ਦਾ ਹੁਕਮ ਮੰਨਣ, ਉਸ ਦੀ ਇੱਛਾ ਅਨੁਸਾਰ ਚੱਲਣ।

ਸੰਸਾਰ ਉਸ ਦੀ ਇੱਛਾ ਅਨੁਸਾਰ ਚੱਲ ਸਕਦਾ ਹੈ ਜੇ ਉਹ ਆਪਣੇ ਵਿਚਾਰ ਤੇ ਆਚਾਰ ਨੂੰ ਆਪਣੇ ਵੱਸ ’ਚ ਕਰ ਲਵੇ। ਸੰਸਾਰ ਦਾ ਹਰ ਧਰਮ ਪ੍ਰੇਮ, ਸਬਰ, ਸੰਤੋਖ, ਦਇਆ, ਪਰੋਪਕਾਰ, ਸਹਿਜ ਦੀ ਸਿੱਖਿਆ ਦਿੰਦਾ ਹੈ। ਇਨ੍ਹਾਂ ਨੂੰ ਮਨੁੱਖ ਆਪਣੀ ਸੋਚ, ਅਚਾਰ ਦੀ ਕਸੌਟੀ ਬਣਾਏ। ਆਪਣੇ ਆਪ ਨੂੰ ਸਦਾ ਇਸ ਕਸੌਟੀ ’ਤੇ ਪਰਖਦਾ ਰਹੇ। ਸਾਰਾ ਸਮਾਂ, ਸਾਰਾ ਧਿਆਨ ਆਪਣੇ ਅੰਦਰ ਦੇ ਬ੍ਰਹਿਮੰਡ ’ਤੇ ਲਗਾਏ। ਧਿਆਨ ਆਪਣੇ ’ਤੇ ਕੇਂਦਰਿਤ ਰਹੇਗਾ ਤਾਂ ਬਾਹਰ ਵੇਖਣ ਦਾ ਸਮਾਂ ਹੀ ਨਹੀਂ ਮਿਲੇਗਾ। ਸਾਰੇ ਵਿਕਾਰਾਂ, ਔਗੁਣਾਂ ਤੋਂ ਬਚਣ ਦਾ ਇਹ ਇੱਕ ਅਸਰਦਾਰ ਢੰਗ ਹੋ ਸਕਦਾ ਹੈ ਕਿਉਂਕਿ ਕ੍ਰੋਧ, ਲੋਭ, ਮੋਹ, ਹੰਕਾਰ ਤੇ ਕਾਮ ਆਦਿਕ ਬਾਹਰ ਤੋਂ ਹੀ ਅੰਦਰ ਪ੍ਰੇਰਿਤ ਤੇ ਜਾਗ੍ਰਿਤ ਹੁੰਦੇ ਹਨ। ਜਦੋਂ ਸਰੋਕਾਰ ਅੰਦਰ ਦਾ ਬਣ ਜਾਂਦਾ ਹੈ ਤਾਂ ਬਾਹਰ ਦੇ ਸਰੋਕਾਰ ਨਹੀਂ ਸਤਾਉਂਦੇ। ਅੰਦਰ ਦੇ ਸਰੋਕਾਰ ਨਾਲ ਜੁੜਨਾ ਬਾਹਰ ਤੋਂ ਟੁੱਟਣਾ ਨਹੀਂ ਬਾਹਰ ਨਾਲ ਸ੍ਰੇਸ਼ਟ ਸਬੰਧ ਜੋੜਨਾ ਹੈ। ਅੰਦਰ ਸ੍ਰੇਸ਼ਟਤਾ ਹੋਵੇਗੀ ਤਾਂ ਬਾਹਰ ਵੀ ਪ੍ਰਗਟ ਹੋਵੇਗੀ। ਮਨ ਅੰਦਰ ਪ੍ਰੇਮ ਭਾਵ ਹੋਵੇ ਤਾਂ ਸਾਰਾ ਜਗਤ ਪ੍ਰੇਮ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ। ਮਨ ਅੰਦਰ ਸੁੱਖ ਹੈ ਤਾਂ ਸਾਰੇ ਸੁਖੀ ਲੱਗਦੇ ਹਨ। ਮਨੁੱਖ ਦਾ ਆਪਣੇ ’ਤੇ ਵੱਸ ਹੋ ਗਿਆ ਤਾਂ ਸਾਰਾ ਸੰਸਾਰ ਉਸ ਦੇ ਵੱਸ ’ਚ ਆ ਜਾਂਦਾ ਹੈ। ਇਸ ਦਾ ਅਰਥ ਹੈ ਕਿ ਸੰਸਾਰ ਨੂੰ ਵੇਖਣ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ। ਮਨੁੱਖ ਨੇ ਆਪਣੇ ਅੰਤਰ ਮਨ ਨੂੰ ਹੁਕਮ ਕਰ ਵਿਕਾਰਾਂ, ਮਾਇਆ ਤੋਂ ਦੂਰ ਕਰ ਦਿੱਤਾ ਹੈ ਤਾਂ ਸਾਰਾ ਜਗਤ ਮਿੱਤਰ ਲੱਗਣ ਲੱਗਦਾ ਹੈ। ਕਿਸੇ ਦਾ ਮੋਹ ਨਹੀਂ, ਪਰ ਕਿਸੇ ਨਾਲ ਵੈਰ ਨਹੀਂ। ਇਸ ਅਵਸਥਾ ਦੀ ਪ੍ਰਾਪਤੀ ਕਲਯੁੱਗ ਤੋਂ ਬਾਹਰ ਆ ਕੇ ਸੱਚ ਦੇ ਯੁੱਗ ਵਿੱਚ ਪ੍ਰਵੇਸ਼ ਕਰਨ ਜਿਹਾ ਹੈ। ਜਿਸ ਦੇ ਮਨ ਅੰਦਰ ਸੱਚ ਯੁੱਗ ਹੈ, ਉਸ ਲਈ ਬਾਹਰ ਵੀ ਸੱਚ ਯੁੱਗ ਹੈ। ਜੀਵਨ ਜਿਉਣ ਦੇ ਦੋ ਹੀ ਮਾਰਗ ਹਨ। ਇੱਕ ਸੱਚ ਦਾ ਦੂਜਾ ਝੂਠ ਦਾ। ਇੱਕ ਧਰਮ ਦਾ ਦੂਜਾ ਅਧਰਮ ਦਾ। ਸੱਚ ਜਾਂ ਧਰਮ ਅੰਦਰ ਹੀ ਪ੍ਰਗਟ ਕਰਨਾ ਪੈਂਦਾ ਹੈ ਜਿਸ ਦਾ ਅਕਸ ਬਾਹਰ ਵਿਖਾਈ ਦਿੰਦਾ ਹੈ।

ਸੱਚ ਨੂੰ ਸਮਝਣ ਤੇ ਧਾਰਨ ਕਰਨ ਲਈ ਪੂਰਨ ਸਮਰਪਣ ਦੀ ਲੋੜ ਹੈ। ਰਾਜ ਨੂੰ ਪ੍ਰਾਪਤ ਕਰਨ ਲਈ ਰਾਜਾ ਪੂਰੀ ਤਾਕਤ ਲਗਾ ਦਿੰਦਾ ਹੈ। ਸੱਚ ਨੂੰ ਧਾਰਨ ਕਰਨਾ ਧਰਤੀ ’ਤੇ ਰਾਜ ਕਾਇਮ ਕਰਨ ਤੋਂ ਕਿਤੇ ਵੱਧ ਮੁਸ਼ਕਿਲ ਹੈ। ਰਾਜਾ ਆਪਣੀ ਰਾਜ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾਂ ਚੌਕੰਨਾ ਰਹਿੰਦਾ ਹੈ। ਰਾਜ ਦੀ ਇੱਕ ਇੱਕ ਛੋਟੀ ਵੱਡੀ ਘਟਨਾ ’ਤੇ ਉਸ ਦੀ ਨਜ਼ਰ ਰਹਿੰਦੀ ਹੈ। ਸੱਚ ਦੀ ਅਵਸਥਾ ਬਣੀ ਰਹੇ, ਇਸ ਲਈ ਮਨੁੱਖ ਸਦਾ ਹੀ ਸਾਵਧਾਨ ਰਹੇ। ਮਨ ਦੇ ਚੁਫੇਰੇ ਸੰਕਲਪ ਦੀ ਬਾੜ ਲਗਾ ਕੇ ਰੱਖੇ। ਰਾਜ ਸਿਆਣੇ ਦਰਬਾਰੀਆਂ, ਸੈਨਾਪਤੀਆਂ ਦੇ ਸਹਿਯੋਗ ਨਾਲ ਚੱਲਦਾ ਹੈ। ਮਨ ’ਤੇ ਰਾਜ ਕਾਰਨ ਲਈ ਸੰਤੋਖ, ਸੰਜਮ, ਸਹਿਜ, ਪ੍ਰੇਮ, ਦਇਆ ਜਿਹੇ ਦਰਬਾਰੀ ਤੇ ਯੋਧਾ ਚਾਹੀਦੇ ਹਨ ਜੋ ਦਿਨ ਰਾਤ ਮੁਸ਼ਤੈਦ ਰਹਿਣ।

ਮਨੁੱਖ ਆਪਣੇ ਆਪ ਨੂੰ ਸਦਾ ਹੀ ਔਗੁਣਾਂ ਦੀ ਕੋਠੜੀ ਸਮਝੇ। ਇਹ ਸਮਝ ਹੀ ਉਸ ਨੂੰ ਔਗੁਣਾਂ, ਵਿਕਾਰਾਂ ਤੋਂ ਬਚਾ ਸਕਦੀ ਹੈ। ਔਗੁਣਾਂ ਤੋਂ ਮੁਕਤ ਕੇਵਲ ਪਰਮਾਤਮਾ ਹੈ ਜਾਂ ਉਹ ਜਿਸ ’ਤੇ ਪਰਮਾਤਮਾ ਨੇ ਮਿਹਰ ਕੀਤੀ।

ਈ-ਮੇਲ: akaalpurkh.7@gmail.com

Advertisement
×