DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਦਰਤਿ ਕੇ ਸਭ ਬੰਦੇ

ਕਹਾਣੀ ਇੱਕ ਐਤਵਾਰ ਵਾਲੇ ਦਿਨ ਮੈਂ ਗੁਰਦੁਆਰੇ ਚਲਾ ਗਿਆ। ਵੈਸੇ ਤਾਂ ਮੈਂ ਹਮੇਸ਼ਾਂ ਆਪਣੀ ਪਤਨੀ ਕੰਵਲਦੀਪ ਕੌਰ, ਜਿਸ ਨੂੰ ਮੈਂ ਕੰਵਲ ਕਹਿ ਕੇ ਹੀ ਬੁਲਾਉਂਦਾ ਹਾਂ, ਨਾਲ ਹੀ ਗੁਰਦੁਆਰੇ ਜਾਂਦਾ ਸਾਂ, ਪਰ ਉਸ ਦਿਨ ਉਸ ਦੀ ਤਬੀਅਤ ਕੁਝ ਠੀਕ ਨਹੀਂ...

  • fb
  • twitter
  • whatsapp
  • whatsapp
Advertisement

ਕਹਾਣੀ

ਇੱਕ ਐਤਵਾਰ ਵਾਲੇ ਦਿਨ ਮੈਂ ਗੁਰਦੁਆਰੇ ਚਲਾ ਗਿਆ। ਵੈਸੇ ਤਾਂ ਮੈਂ ਹਮੇਸ਼ਾਂ ਆਪਣੀ ਪਤਨੀ ਕੰਵਲਦੀਪ ਕੌਰ, ਜਿਸ ਨੂੰ ਮੈਂ ਕੰਵਲ ਕਹਿ ਕੇ ਹੀ ਬੁਲਾਉਂਦਾ ਹਾਂ, ਨਾਲ ਹੀ ਗੁਰਦੁਆਰੇ ਜਾਂਦਾ ਸਾਂ, ਪਰ ਉਸ ਦਿਨ ਉਸ ਦੀ ਤਬੀਅਤ ਕੁਝ ਠੀਕ ਨਹੀਂ ਸੀ, ਇਸ ਲਈ ਮੈਂ ਇਕੱਲਾ ਹੀ ਗੁਰਦੁਆਰੇ ਚਲਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ। ਸੰਗਤ ਵਿੱਚ ਬੈਠ ਗਿਆ। ਸੰਗਤ ਬਹੁਤ ਥੋੜ੍ਹੀ ਸੀ। ਮਸਾਂ ਹੀ ਕੋਈ ਪੰਝੀ ਤੀਹ ਜਣੇ ਹੋਣਗੇ। ਰਾਗੀ ਸਿੰਘ ਮਧੁਰ ਕੀਰਤਨ ਕਰ ਰਹੇ ਸਨ; ਬਹੁਤ ਅਨੰਦ ਆ ਰਿਹਾ ਸੀ। ਕੀਰਤਨ ਤੋਂ ਬਾਅਦ ਗਿਆਨੀ ਜੀ ਨੇ ਅਰਦਾਸ ਕੀਤੀ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ। ਫਿਰ ਸੰਗਤ ਵਿੱਚ ਕੜਾਹ ਪ੍ਰਸ਼ਾਦਿ ਵਰਤਾਇਆ ਗਿਆ ਤੇ ਇਸ ਤਰ੍ਹਾਂ ਕੀਰਤਨ ਦਾ ਭੋਗ ਪਾਇਆ ਗਿਆ।

Advertisement

ਸਾਰੀ ਸੰਗਤ ਲੰਗਰ ਵਾਲੇ ਵੱਡੇ ਕਮਰੇ ਵਿੱਚ ਆ ਕੇ ਲੰਗਰ ਦੀ ਲਾਈਨ ਵਿੱਚ ਲੱਗ ਗਈ। ਮੈਂ ਵੀ ਥਾਲੀ ਫੜ ਕੇ ਲਾਈਨ ਵਿੱਚ ਖਲੋ ਗਿਆ। ਅਚਾਨਕ ਕਿਸੇ ਨੇ ਮੇਰੇ ਪਿੱਛੇ ਖਲੋ ਕੇ ‘ਸਤਿ ਸ੍ਰੀ ਅਕਾਲ’ ਬੁਲਾਈ। ਮੈਂ ਮੁੜ ਕੇ ਪਿੱਛੇ ਦੇਖਿਆ। ਮੈਂ ਉਸ ਨੌਜਵਾਨ ਨੂੰ ਪਛਾਣ ਨਾ ਸਕਿਆ। ਉਸ ਦੇ ‘ਸਤਿ ਸ੍ਰੀ ਅਕਾਲ’ ਦੇ ਜਵਾਬ ਵਿੱਚ ਮੈਂ ਵੀ ਉਸ ਨੂੰ ‘ਸਤਿ ਸ੍ਰੀ ਅਕਾਲ’ ਕਹਿ ਦਿੱਤੀ। ਉਸ ਨੇ ਸਿਰ ’ਤੇ ਕੇਸਰੀ ਰੰਗ ਦਾ ਪਟਕਾ ਬੰਨ੍ਹਿਆ ਹੋਇਆ ਸੀ। ਚਿਹਰੇ ’ਤੇ ਥੋੜ੍ਹੀ ਥੋੜ੍ਹੀ ਦਾੜ੍ਹੀ ਸੀ ਤੇ ਛੋਟੀਆਂ ਛੋਟੀਆਂ ਮੁੱਛਾਂ ਵੀ ਸਨ। ਕਹਿਣ ਲੱਗਾ;

Advertisement

‘‘ਭਾਅ ਜੀ! ਤੁਹਾਨੂੰ ਯਾਦ ਹੈ, ਅਸੀਂ ਟਰੇਨ ਵਿੱਚ ਮਿਲੇ ਸਾਂ। ਮੈਂ ਕ੍ਰਿਸ਼ਨ ਹਾਂ ਭਾਅ ਜੀ ! ਕ੍ਰਿਸ਼ਨ ਸ਼ਰਮਾ।’’

ਕ੍ਰਿਸ਼ਨ ਸ਼ਰਮਾ ਦੇ ਨਾਮ ਨਾਲ ਉਸ ਨੌਜਵਾਨ ਨੇ ਮੈਨੂੰ ਯਾਦ ਕਰਵਾਇਆ ਤੇ ਮੈਨੂੰ ਸਭ ਯਾਦ ਆ ਗਿਆ। ਉਸ ਨਾਲ ਹੋਈ ਪਹਿਲੀ ਮੁਲਾਕਾਤ ਮੈਨੂੰ ਪੂਰੀ ਤਰ੍ਹਾਂ ਯਾਦ ਆ ਗਈ। ਮੈਂ ਆਪਣੇ ਕੰਮ ਲਈ ਲੋਕਲ ਟਰੇਨ ਵਿੱਚ ਔਬਰਨ ਜਾ ਰਿਹਾ ਸਾਂ ਤੇ ਕ੍ਰਿਸ਼ਨ ਸ਼ਾਇਦ ਮੈਥੋਂ ਵੀ ਅੱਗੇ ਕਿਸੇ ਹੋਰ ਸਟੇਸ਼ਨ ਤੱਕ ਜਾ ਰਿਹਾ ਸੀ। ਮੈਂ ਗੱਡੀ ਬਲੈਕ ਟਾਊਨ ਤੋਂ ਫੜੀ ਸੀ। ਜਿਹੜੇ ਵੀ ਸਟੇਸ਼ਨ ’ਤੇ ਗੱਡੀ ਰੁਕਦੀ, ਆਸਟਰੇਲੀਆ ਦੇ ਅੰਗਰੇਜ਼ ਲੋਕ ਆਪਣੇ ਕੰਮਾਂ ’ਤੇ ਜਾਣ ਲਈ ਗੱਡੀ ਵਿੱਚ ਆ ਜਾਂਦੇ ਤੇ ਕੋਈ ਖਾਲੀ ਸੀਟ ਵੇਖ ਕੇ ਬੈਠ ਜਾਂਦੇ। ਮੇਰੇ ਨਾਲ ਵਾਲੀ ਸੀਟ ਖ਼ਾਲੀ ਸੀ, ਪਰ ਮੈਂ ਇੱਕ ਕੇਸਾਧਾਰੀ ਪਗੜੀ ਵਾਲਾ ਸਿੱਖ ਸਾਂ, ਮੇਰੇ ਨਾਲ ਕੋਈ ਨਹੀਂ ਸੀ ਬੈਠਦਾ। ਇਹ ਉਹ ਵਕਤ ਸੀ ਜਦੋਂ ਆਸਟਰੇਲੀਆ ਦੀ ਵਾੲ੍ਹੀਟ ਪਾਲਿਸੀ ਨੂੰ ਖ਼ਤਮ ਹੋਇਆਂ ਅਜੇ ਬਹੁਤਾ ਵਕਤ ਨਹੀਂ ਸੀ ਹੋਇਆ। ਆਸਟਰੇਲੀਆ ਵਿੱਚ ਅਜੇ ਭਾਰਤੀ ਲੋਕ ਬਹੁਤ ਘੱਟ ਗਿਣਤੀ ਵਿੱਚ ਸਨ। ਪਗੜੀ ਵਾਲਾ ਕੇਸਾਧਾਰੀ ਸਿੱਖ ਤਾਂ ਟਾਵਾਂ-ਟਾਵਾਂ ਹੀ ਨਜ਼ਰ ਆਉਂਦਾ ਸੀ। ਆਸਟਰੇਲੀਅਨ ਗੋਰਿਆਂ ਨੂੰ ਉਹ ਤਾਂ ਬਹੁਤ ਹੀ ਅਜੀਬ ਜਿਹਾ ਲੱਗਦਾ ਸੀ। ਉਸ ਦੇ ਨਾਲ ਪਈ ਖ਼ਾਲੀ ਸੀਟ ’ਤੇ ਕੀ ਬੈਠਣਾ, ਉਹ ਤਾਂ ਕੋਲ ਖਲੋਣ ਤੋਂ ਵੀ ਝਕਦੇ ਸਨ। ਹਾਂ ! ਮੈਂ ਇਕ ਗੋਰੇ ਬੱਚੇ ਨੂੰ ਉਸ ਦੇ ਮੂੰਹੋਂ ਆਪਣੀ ਗੋਰੀ ਮਾਂ ਨੂੰ ਕਹਿੰਦਿਆਂ ਸੁਣਿਆ ਸੀ, ‘‘ਮੱਮ ! ਲੁੱਕ ਐਟ ਦੈਟ ਫਨੀ ਮੈਨ।’’ ਮਤਲਬ ਕਿ ‘‘ਦੇਖੋ ਮੰਮੀ! ਉਸ ਅਜੀਬ ਜਿਹੇ ਆਦਮੀ ਨੂੰ।’’

ਜਿਉਂ ਹੀ ਗੱਡੀ ਪੈਰਾਮਾਟਾ ਸਟੇਸ਼ਨ ’ਤੇ ਰੁਕੀ, ਵੇਖਦਿਆਂ ਵੇਖਦਿਆਂ ਸਭ ਸੀਟਾਂ ਮੱਲੀਆਂ ਗਈਆਂ। ਮੇਰੇ ਨਾਲ ਵਾਲੀ ਖ਼ਾਲੀ ਸੀਟ ’ਤੇ ਨਾ ਕਿਸੇ ਨੇ ਬੈਠਣਾ ਸੀ ਤੇ ਨਾ ਹੀ ਕੋਈ ਬੈਠਿਆ। ਜਿਉਂ ਹੀ ਗੱਡੀ ਚੱਲੀ, ਮੇਰੇ ਨਾਲ ਦੀ ਸੀਟ ’ਤੇ ਇੱਕ ਨੌਜਵਾਨ ‘ਸਤਿ ਸ੍ਰੀ ਅਕਾਲ’ ਕਹਿੰਦਾ ਹੋਇਆ ਮੇਰੇ ਨਾਲ ਬੈਠ ਗਿਆ।

ਮੈਂ ਵੀ ਹੌਲੀ ਜਿਹੀ ‘ਸਤਿ ਸ੍ਰੀ ਅਕਾਲ’ ਕਹਿ ਦਿੱਤੀ।

‘‘ਮੇਰਾ ਨਾਮ ਕ੍ਰਿਸ਼ਨ ਸ਼ਰਮਾ ਹੈ ਜੀ। ਤੁਹਾਡਾ ਕੀ ਨਾਮ ਹੈ ?’’ ਉਸ ਨੇ ਆਪਣਾ ਨਾਮ ਦੱਸਿਆ ਤੇ ਮੇਰਾ ਨਾਮ ਪੁੱਛਿਆ। ਉਸ ਨੂੰ ਮੈਂ ਆਪਣਾ ਨਾਮ ਦੱਸਿਆ ਤੇ ਫਿਰ ਕਹਿਣ ਲੱਗਾ, ‘‘ਤੁਸੀਂ ਉਮਰ ਵਿੱਚ ਮੈਥੋਂ ਕਾਫ਼ੀ ਵੱਡੇ ਲੱਗਦੇ ਹੋ। ਮੈਂ ਤੁਹਾਨੂੰ ਭਾਜੀ ਕਿਹਾ ਕਰਾਂਗਾ।’’

‘‘ਸ਼ੁਕਰੀਆ ਕ੍ਰਿਸ਼ਨ ਸ਼ਰਮਾ ਜੀ !’’ ਮੈਂ ਹੌਲੀ ਜਿਹੀ ਕਿਹਾ।

‘‘ਭਾਅ ਜੀ ! ਤੁਸੀਂ ਮੈਨੂੰ ਸਿਰਫ਼ ਕ੍ਰਿਸ਼ਨ ਕਿਹਾ ਕਰੋ।’’ ਇਹ ਕ੍ਰਿਸ਼ਨ ਸ਼ਰਮਾ ਦੀ ਮੰਗ ਸੀ।

‘‘ਠੀਕ ਹੈ ! ਮੈਂ ਤੁਹਾਨੂੰ ਕ੍ਰਿਸ਼ਨ ਕਹਿ ਕੇ ਬੁਲਾਇਆ ਕਰਾਂਗਾ ਜੀ।’’ ਮੈਂ ਉਸ ਦੀ ਮੰਗ ਮਨਜ਼ੂਰ ਕਰ ਲਈ।

ਉਹ ਫਿਰ ਕਹਿਣ ਲੱਗਾ, ‘‘ਨਹੀਂ ਭਾਅ ਜੀ ! ਤੁਸੀਂ ਮੈਨੂੰ ‘ਤੁਹਾਨੂੰ’ ਜਾਂ ‘ਜੀ’ ਕਰ ਕੇ ਨਹੀਂ, ਸਿਰਫ਼ ‘ਤੂੰ’ ਕਰ ਕੇ ਬੁਲਾਇਆ ਕਰੋ। ਮੈਂ ਤੁਹਾਥੋਂ ਛੋਟਾ ਹਾਂ।’’

ਮੈਨੂੰ ਕ੍ਰਿਸ਼ਨ ਦੀ ਇਹ ਮੰਗ ਚੰਗੀ ਲੱਗੀ।

ਗੱਡੀ ਚੱਲਦੀ ਰਹੀ। ਸਟੇਸ਼ਨ ਆਉਂਦੇ ਰਹੇ। ਲੋਕ ਉਤਰਦੇ ਤੇ ਚੜ੍ਹਦੇ ਰਹੇ। ਮੈਂ ਤੇ ਕ੍ਰਿਸ਼ਨ ਗੱਲਾਂ ਕਰਦੇ ਰਹੇ। ਮੈਂ ਆਪਣੀ ਆਦਤ ਅਨੁਸਾਰ ਘੱਟ ਬੋਲਦਾ

ਸਾਂ ਤੇ ਕ੍ਰਿਸ਼ਨ ਜ਼ਿਆਦਾ।

‘‘ਤੁਸੀਂ ਭਾਅ ਜੀ ! ਰਸੋਈ ਦਾ ਸਾਮਾਨ ਕਿੱਥੋਂ ਲੈਂਦੇ ਹੋ ? ਮੇਰਾ ਮਤਲਬ ਹੈ ਆਟਾ, ਚੌਲ ਤੇ ਦਾਲਾਂ ਵਗੈਰਾ ?’’ ਕ੍ਰਿਸ਼ਨ ਨੇ ਸਵਾਲ ਕੀਤਾ।

‘‘ਆਹ ਪੈਰਾਮਾਟਾ ਵਿੱਚ ਹਮੀਦ ਲਹੌਰੀਏ ਦੀ ਹੱਟੀ ਹੈ। ਜ਼ਿਆਦਾ ਕਰਕੇ ਅਸੀਂ ਇੱਥੋਂ ਹੀ ਲੈਂਦੇ ਹਾਂ। ਕਦੀ ਕਦੀ ਯਗੂਨਾ ਵੀ ਚਲੇ ਜਾਂਦੇ ਹਾਂ, ਉੱਥੇ ਜੌਨ

ਗਰਾਹਮ ਦੀ ਹੱਟੀ ਹੈ।’’ ਮੈਂ ਉਸ ਨੂੰ ਜਵਾਬ ਦਿੱਤਾ।

‘‘ਆਹ ਪੈਰਾਮਾਟਾ ਵਾਲਾ ਹਮੀਦ ਲਹੌਰੀਆ ਤਾਂ ਮੁਸਲਮਾਨ ਹੈ ਤੇ ਫਿਰ ਪਾਕਿਸਤਾਨੀ ਵੀ। ਤੁਸੀਂ ਉਸ ਕੋਲੋਂ ਰਸੋਈ ਦਾ ਸਾਮਾਨ ਲੈਂਦੇ ਹੋ ?’’ ਕ੍ਰਿਸ਼ਨ

ਨੇ ਅਜੀਬ ਜਿਹਾ ਸਵਾਲ ਕੀਤਾ।

‘‘ਕਿਉਂ, ਉਸ ਦਾ ਆਟਾ, ਚੌਲ ਤੇ ਦਾਲਾਂ ਮੁਸਲਮਾਨ ਹਨ ?’’ ਮੈਂ ਸਵਾਲ ਕੀਤਾ।

‘‘ਨਹੀਂ ਭਾਅ ਜੀ ! ਸਾਡੇ ਤਾਂ ਖਾਨਦਾਨ ਵਿੱਚੋਂ ਕਦੇ ਕਿਸੇ ਨੇ ਕਿਸੇ ਮੁਸਲਮਾਨ ਕੋਲੋਂ ਕੋਈ ਚੀਜ਼ ਨਹੀਂ ਖ਼ਰੀਦੀ। ਫਿਰ ਪਾਕਿਸਤਾਨ ਨਾਲ ਤਾਂ ਸਾਡੀਆਂ ਜੰਗਾਂ ਵੀ ਹੋ ਚੁੱਕੀਆਂ ਨੇ।’’ ਕ੍ਰਿਸ਼ਨ ਇੱਕ ਅਜੀਬ ਤਰ੍ਹਾਂ ਦੇ ਜੋਸ਼ ਨਾਲ ਬੋਲ ਰਿਹਾ ਸੀ ਜੋ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ। ਇਸ ਤੋਂ ਪਹਿਲਾਂ ਕਿ ਮੈਂ ਉਸ ਦੀ ਕਿਸੇ ਗੱਲ ਦਾ ਜਵਾਬ ਦਿਆਂ ਕਿ ਮੇਰਾ ਸਟੇਸ਼ਨ ਆ ਗਿਆ। ਮੈਂ ਕ੍ਰਿਸ਼ਨ ਤੋਂ ਖਹਿੜਾ ਛੁਡਾਉਂਦਾ ਹੋਇਆ ਸਟੇਸ਼ਨ ’ਤੇ ਉਤਰਨ ਲਈ ਦਰਵਾਜ਼ੇ ਵੱਲ ਤੁਰ ਪਿਆ।

‘‘ਭਾਅ ਜੀ ! ਆਪਣਾ ਫੋਨ ਨੰਬਰ ਤਾਂ ਦਿੰਦੇ ਜਾਉ। ਅਸੀਂ ਫਿਰ ਮਿਲਾਂਗੇ।’’

ਕ੍ਰਿਸ਼ਨ ਨੇ ਪਿੱਛੋਂ ਆਵਾਜ਼ ਮਾਰੀ ਤੇ ਮੈਂ ਉਸ ਦੀ ਇਹ ਆਵਾਜ਼ ਅਣਸੁਣੀ ਹੀ ਕਰ ਦਿੱਤੀ। ਉਸ ਦਿਨ ਤੋਂ ਬਾਅਦ ਅੱਜ ਕ੍ਰਿਸ਼ਨ ਗੁਰਦੁਆਰੇ ਵਿੱਚ ਮਿਲ ਗਿਆ। ਅਸੀਂ ਲੰਗਰ ਲੈ ਕੇ ਬਾਹਰ ਗੁਰਦੁਆਰੇ ਦੇ ਬਗ਼ੀਚੇ ਵਿੱਚ ਇੱਕ ਬੈਂਚ ’ਤੇ ਬੈਠ ਕੇ ਲੰਗਰ ਛਕਣ ਲੱਗ ਪਏ। ਅਜੇ ਗੁਰਦੁਆਰੇ ਨੂੰ ਸ਼ੁਰੂ ਹੋਇਆਂ ਕੁਝ ਮਹੀਨੇ ਹੀ ਹੋਏ ਸਨ। ਸੰਗਤ ਬਹੁਤ ਥੋੜ੍ਹੀ ਸੀ, ਇਸ ਲਈ ਸ਼ਾਇਦ ਪੰਗਤ ਦਾ ਰਿਵਾਜ ਨਹੀਂ ਸੀ।

‘‘ਕ੍ਰਿਸ਼ਨ ! ਅੱਜ ਤੁਹਾਡਾ ਗੁਰਦੁਆਰੇ ਕਿਵੇਂ ਆਉਣਾ ਹੋਇਆ ?’’ ਮੈਂ ਇੱਕ ਸਵਾਲ ਕੀਤਾ।

‘‘ਭਾਅ ਜੀ। ਗੁਰਦੁਆਰੇ ਤਾਂ ਮੈਂ ਕਦੇ ਕਦੇ ਆ ਜਾਂਦਾ ਹਾਂ। ਮੈਨੂੰ ਕੀਰਤਨ ਸੁਣਨਾ ਬਹੁਤ ਚੰਗਾ ਲੱਗਦਾ ਏ।’’ ਕ੍ਰਿਸ਼ਨ ਨੇ ਜਵਾਬ ਦਿੱਤਾ।

‘‘ਤੁਸਾਂ ਅੱਜ ਦਾ ਕੀਰਤਨ ਸੁਣਿਐ ? ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸਨ;

ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ।।

ਕ੍ਰਿਸ਼ਨ ਚੁੱਪ ਜਿਹਾ ਕਰ ਗਿਆ। ਫਿਰ ਗੱਲ ਨੂੰ ਬਦਲਦਿਆਂ ਉਸ ਨੇ ਪੁੱਛਿਆ, ‘‘ਭਾਅ ਜੀ! ਤੁਸੀਂ ਨੌਕਰੀ ਕਰਦੇ ਹੋ ਜਾਂ ਕੁਝ ਹੋਰ ? ਮੈਂ ਤਾਂ ਨੈਸ਼ਨਲ

ਬੈਂਕ ਵਿੱਚ ਕਲਰਕ ਹਾਂ।’’

ਮੈਂ ਉਸ ਨੂੰ ਆਪਣੀ ਨੌਕਰੀ ਬਾਰੇ ਦੱਸਿਆ।

‘‘ਭਾਅ ਜੀ ! ਆਪਣਾ ਫੋਨ ਨੰਬਰ ਦਿਉ।’’ ਕ੍ਰਿਸ਼ਨ ਨੇ ਮੈਥੋਂ ਮੇਰਾ ਫੋਨ ਨੰਬਰ ਮੰਗ ਲਿਆ। ਪਤਾ ਨਹੀਂ ਕਿਉਂ ਨਾ ਚਾਹੁੰਦਿਆਂ ਹੋਇਆਂ ਵੀ ਮੈਂ ਉਸ ਨੂੰ ਆਪਣਾ ਫੋਨ ਨੰਬਰ ਦੇ ਦਿੱਤਾ।

ਸਮਾਂ ਬੀਤਦਾ ਗਿਆ। ਕਦੇ ਕ੍ਰਿਸ਼ਨ ਮੈਨੂੰ ਟਰੇਨ ਵਿੱਚ ਮਿਲ ਜਾਂਦਾ ਤੇ ਕਦੇ ਗੁਰਦੁਆਰੇ ਵਿੱਚ। ਸਾਡੀ ਦੋਸਤੀ ਗੂੜ੍ਹੀ ਹੁੰਦੀ ਜਾ ਰਹੀ ਸੀ। ਉਸ ਦੀ ਮੁਸਲਮਾਨ ਵਾਲੀ ਗੱਲ ਉੱਪਰ ਸਮੇਂ ਦੀ ਧੂੜ ਜੰਮਦੀ ਜਾ ਰਹੀ ਸੀ। ਇੱਕ ਦਿਨ ਕ੍ਰਿਸ਼ਨ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਉਸ ਨੇ

ਆਪਣੀ ਪਤਨੀ ਗੀਤਾ ਨੂੰ ਮੇਰੇ ਬਾਰੇ ਦੱਸਿਆ ਤਾਂ ਉਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਅਤੇ ਤੁਹਾਡੀ ਪਤਨੀ ਨੂੰ ਆਪਣੇ ਘਰ ਬੁਲਾਵਾਂ।

‘‘ਭਾਅ ਜੀ ! ਗੀਤਾ ਕਹਿੰਦੀ ਹੈ ਕਿ ਜਦੋਂ ਕੋਈ ਵੱਡਾ ਉਨ੍ਹਾਂ ਦੇ ਘਰ ਆਉਂਦਾ ਹੈ ਤਾਂ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਸਿਰ ’ਤੇ ਕਿਸੇ ਵੱਡੇ ਦਾ ਹੱਥ ਹੈ। ਭਾਅ ਜੀ ! ਆਉਂਦੇ ਸ਼ਨਿਚਰਵਾਰ ਨੂੰ ਤੁਸੀਂ ਤੇ ਭਰਜਾਈ ਜੀ ਰਾਤ ਦਾ ਖਾਣਾ ਸਾਡੇ ਘਰ ਖਾਓ। ਗੀਤਾ ਤਾਂ ਤੁਹਾਡੀਆਂ ਅਸੀਸਾਂ ਲੈ ਕੇ ਬਹੁਤ ਖ਼ੁਸ਼ ਹੋਏਗੀ।’’

ਸਾਡਾ ਮੇਲ-ਮਿਲਾਪ ਵਧਦਾ ਗਿਆ। ਕਦੇ ਕ੍ਰਿਸ਼ਨ ਤੇ ਗੀਤਾ ਸਾਡੇ ਘਰ ਆ ਜਾਂਦੇ ਤੇ ਕਦੇ ਮੈਂ ਤੇ ਕੰਵਲ ਉਨ੍ਹਾਂ ਦੇ ਘਰ ਚਲੇ ਜਾਂਦੇ। ਇੱਕ ਵਾਰੀ ਕੀ ਹੋਇਆ ਕਿ ਕ੍ਰਿਸ਼ਨ ਦਾ ਕਈ ਦਿਨ ਮੈਨੂੰ ਕੋਈ ਫੋਨ ਨਹੀਂ ਆਇਆ। ਨਾ ਉਹ ਮੈਨੂੰ ਟਰੇਨ ਵਿੱਚ ਮਿਲਿਆ ਤੇ ਨਾ ਹੀ ਗੁਰਦੁਆਰੇ ਵਿੱਚ। ਮੈਂ ਵੀ ਆਪਣੇ ਰੁਝੇਵਿਆਂ ਵਿੱਚ ਰੁੱਝਾ ਰਿਹਾ।

ਇੱਕ ਦਿਨ ਮੇਰੀ ਪਤਨੀ ਕੰਵਲ ਕਹਿਣ ਲੱਗੀ, ‘‘ਕਈ ਦਿਨਾਂ ਤੋਂ ਗੀਤਾ ਦਾ ਕੋਈ ਫੋਨ ਨਹੀਂ ਆਇਆ। ਪਤਾ ਤਾਂ ਕਰੋ ਕਿੱਥੇ ਗਵਾਚ ਗਏ ਨੇ।’’

ਅਗਲੇ ਦਿਨ ਐਤਵਾਰ ਸੀ। ਮੈਂ ਕ੍ਰਿਸ਼ਨ ਦੇ ਘਰ ਫੋਨ ਕੀਤਾ। ਕਿਸੇ ਨੇ ਫੋਨ ਨਹੀਂ ਚੁੱਕਿਆ। ਸਾਨੂੰ ਫ਼ਿਕਰ ਜਿਹਾ ਲੱਗ ਗਿਆ। ਕਦੇ ਮੈਂ ਤੇ ਕਦੇ ਕੰਵਲ

ਫੋਨ ਕਰਦੇ ਰਹੇ, ਫੋਨ ’ਤੇ ਸੁਨੇਹੇ ਵੀ ਛੱਡੇ, ਪਰ ਕੋਈ ਜਵਾਬ ਨਹੀਂ ਆਇਆ।

ਰਾਤ ਦੇ ਕੋਈ ਦਸ ਕੁ ਵਜੇ ਹੋਣਗੇ। ਸਾਡੇ ਫੋਨ ਦੀ ਘੰਟੀ ਵੱਜੀ। ਮੈਂ ਫੋਨ ਚੁੱਕਿਆ। ਹੈਲੋ ਕਿਹਾ। ਅੱਗੋਂ ਆਵਾਜ਼ ਆਈ;

‘‘ਭਾਅ ਜੀ ! ਮੈਂ ਗੀਤਾ ਬੋਲ ਰਹੀ ਹਾਂ।’’ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਗੀਤਾ ਉੱਚੀ ਉੱਚੀ ਰੋਣ ਲੱਗ ਪਈ। ਮੈਂ ਇਕਦਮ ਘਬਰਾ ਗਿਆ। ਪੁੱਛਣ ਲੱਗਾ;

‘‘ਗੀਤਾ ਕੀ ਹੋਇਆ ? ਰੋ ਕਿਉਂ ਰਹੀ ਏਂ ? ਕ੍ਰਿਸ਼ਨ ਕਿੱਥੇ ਹੈ ? ਕ੍ਰਿਸ਼ਨ ਠੀਕ ਤਾਂ ਹੈ ?’’ ਮੈਂ ਕਿੰਨੇ ਹੀ ਸਵਾਲ ਕਰ ਗਿਆ।

ਗੀਤਾ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਕਹਿਣ ਲੱਗੀ, ‘‘ਭਾਅ ਜੀ! ਕ੍ਰਿਸ਼ਨ ਠੀਕ ਨਹੀਂ ਹੈ। ਉਹ ਹਸਪਤਾਲ ਵਿੱਚ ਦਾਖਲ ਹੈ। ਡਾਕਟਰ ਕਹਿੰਦੇ

ਨੇ ਕਿ ਉਸ ਨੂੰ ਬਲੱਡ ਕੈਂਸਰ ਹੋ ਗਿਆ ਹੈ।’’ ਗੀਤਾ ਫਿਰ ਜ਼ੋਰ ਜ਼ੋਰ ਦੀ ਰੋਣ ਲੱਗ ਪਈ।

ਬਲੱਡ ਕੈਂਸਰ ਸੁਣ ਕੇ ਮੇਰਾ ਅੰਦਰ ਵੀ ਹਿੱਲ ਗਿਆ। ਮੈਂ ਫਿਰ ਪੁੱਛਿਆ, ‘‘ਗੀਤਾ ! ਉਹ ਕਿਹੜੇ ਹਸਪਤਾਲ ਵਿੱਚ ਹੈ ? ਅਸੀਂ ਸਵੇਰੇ ਹੀ ਉਸ

ਕੋਲ ਪਹੁੰਚ ਜਾਵਾਂਗੇ। ਗੀਤਾ ! ਫ਼ਿਕਰ ਨਾ ਕਰ। ਵਾਹਿਗੁਰੂ ਸਭ ਠੀਕ ਕਰੇਗਾ। ਅਸੀਂ ਕ੍ਰਿਸ਼ਨ ਦੀ ਚੰਗੀ ਸਿਹਤ ਲਈ ਅਰਦਾਸ ਕਰਾਂਗੇ। ਅਸੀਂ ਤੁਹਾਡੇ ਨਾਲ ਖੜ੍ਹੇ ਹਾਂ।’’

ਗੀਤਾ ਨੇ ਰੋਂਦਿਆਂ ਰੋਂਦਿਆਂ ਹਸਪਤਾਲ ਬਾਰੇ ਦੱਸਿਆ। ਅਗਲੇ ਦਿਨ ਅਸੀਂ ਦੋਵੇਂ ਆਪਣੇ ਆਪਣੇ ਦਫ਼ਤਰੋਂ ਛੁੱਟੀ ਲੈ ਕੇ ਸਿੱਧਾ ਹਸਪਤਾਲ ਪਹੁੰਚ ਗਏ। ਗੀਤਾ ਸਾਥੋਂ ਪਹਿਲਾਂ ਹੀ ਉੱਥੇ ਪਹੁੰਚ ਚੁੱਕੀ ਸੀ। ਕ੍ਰਿਸ਼ਨ ਤਕਰੀਬਨ ਇੱਕ ਮਹੀਨਾ ਹਸਪਤਾਲ ਵਿੱਚ ਰਿਹਾ। ਮੈਂ ਤੇ ਕੰਵਲ ਇਹ ਸਾਰਾ ਵਕਤ ਕ੍ਰਿਸ਼ਨ ਤੇ ਗੀਤਾ ਦਾ ਸਾਥ ਦਿੰਦੇ ਰਹੇ। ਹਸਪਤਾਲ ਵਿੱਚ ਕ੍ਰਿਸ਼ਨ ਦਾ ਇਲਾਜ ਚੱਲਦਾ ਰਿਹਾ। ਤਕਰੀਬਨ ਇੱਕ ਮਹੀਨੇ ਦੇ ਵਕਤ ਵਿੱਚ ਪਤਾ ਨਹੀਂ ਕਿੰਨੀਆਂ ਬੋਤਲਾਂ ਖ਼ੂਨ ਦੀਆਂ ਚੜ੍ਹਾਈਆਂ ਗਈਆਂ। ਕਿੰਨੇ ਟੀਕੇ ਲਗਾਏ ਗਏ। ਡਾਕਟਰਾਂ ਨੇ ਬਲੱਡ ਕੈਂਸਰ ਨੂੰ ਕਾਬੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਇੱਕ ਡਾਕਟਰ ਨੇ ਕ੍ਰਿਸ਼ਨ ਕੋਲ ਆ ਕੇ ਖ਼ੁਸ਼ੀ ਵਾਲੀ ਖ਼ਬਰ ਸੁਣਾਈ।

‘‘ਕ੍ਰਿਸ਼ਨ ! ਤੂੰ ਠੀਕ ਹੋ ਗਿਆ ਹੈਂ। ਤੇਰੇ ਅੰਦਰ ਹੁਣ ਕੋਈ ਕੈਂਸਰ ਨਹੀਂ ਹੈ। ਜਲਦੀ ਹੀ ਤੂੰ ਬਿਲਕੁਲ ਨਾਰਮਲ ਹੋ ਜਾਏਂਗਾ। ਤੂੰ ਪਹਿਲਾਂ ਵਾਂਗ ਹੀ ਨਾਰਮਲ ਜ਼ਿੰਦਗੀ ਗੁਜ਼ਾਰੇਂਗਾ।’’

ਕ੍ਰਿਸ਼ਨ ਘਰ ਆ ਗਿਆ, ਪਰ ਡਾਕਟਰਾਂ ਦੀ ਰਾਏ ਮੁਤਾਬਕ ਉਸ ਨੂੰ ਪੰਦਰਾਂ ਕੁ ਦਿਨਾਂ ਬਾਅਦ ਵਾਪਸ ਹਸਪਤਾਲ ਜਾ ਕੇ ਕੁਝ ਦਿਨ ਰਹਿਣਾ ਪੈਂਦਾ ਸੀ। ਇਸ ਦੌਰਾਨ ਮੈਂ ਤੇ ਕੰਵਲ ਆਪਣੇ ਆਪਣੇ ਕੰਮ ਤੋਂ ਛੁੱਟੀ ਲੈਂਦੇ ਰਹੇ ਤੇ ਕ੍ਰਿਸ਼ਨ ਤੇ ਗੀਤਾ ਦਾ ਸਾਥ ਦਿੰਦੇ ਰਹੇ।

ਕ੍ਰਿਸ਼ਨ ਤੇ ਗੀਤਾ ਨੇ ਆਪਣੇ ਘਰ ਦੇ ਇੱਕ ਕਮਰੇ ਵਿੱਚ ਗਣੇਸ਼ ਜੀ ਦਾ ਮੰਦਰ ਬਣਾ ਲਿਆ। ਜਦੋਂ ਵੀ ਵਕਤ ਮਿਲਦਾ, ਉਹ ਦੋਵੇਂ ਜਣੇ ਉਸ ਮੰਦਰ

ਵਿੱਚ ਬੈਠ ਕੇ ਪੂਜਾ ਕਰਦੇ ਤੇ ਰੱਬ ਦਾ ਸ਼ੁਕਰ ਮਨਾਉਂਦੇ।

ਇੱਕ ਦਿਨ ਦੀ ਗੱਲ ਹੈ। ਕ੍ਰਿਸ਼ਨ ਦੇ ਬੈਂਕ ਤੋਂ ਉਸ ਦਾ ਇੱਕ ਦੋਸਤ ਉਸ ਦਾ ਹਾਲ-ਚਾਲ ਜਾਣਨ ਲਈ ਉਸ ਦੇ ਘਰ ਆਇਆ। ਗੀਤਾ ਨੇ ਉਸ ਦੀ ਚਾਹ

ਪਾਣੀ ਨਾਲ ਸੇਵਾ ਕੀਤੀ। ਉਹ ਕੁਝ ਦੇਰ ਕ੍ਰਿਸ਼ਨ ਨਾਲ ਉਸ ਦੇ ਕੰਮ ਬਾਰੇ ਗੱਲਾਂ ਕਰਦਾ ਰਿਹਾ। ਫਿਰ ਕਹਿਣ ਲੱਗਾ, ‘‘ਅੱਛਾ ਕ੍ਰਿਸ਼ਨ ! ਹੁਣ ਮੈਂ ਚੱਲਦਾ ਹਾਂ।’’

‘‘ਕਿਉਂ ਐਨੀ ਜਲਦੀ ਕਿਉਂ? ਥੋੜ੍ਹੀ ਦੇਰ ਹੋਰ ਬੈਠ ਜਾ।’’ ਕ੍ਰਿਸ਼ਨ ਨੇ ਇੱਕ ਤਰਲਾ ਜਿਹਾ ਮਾਰਿਆ।

‘‘ਮੈਂ ਬੈਠ ਤਾਂ ਜਾਂਦਾ ਯਾਰ ! ਪਰ ਮੇਰੀ ਨਮਾਜ਼ ਦਾ ਵਕਤ ਹੋ ਰਿਹੈ। ਮੈਨੂੰ ਜਾਣਾ ਹੀ ਪੈਣਾ ਹੈ। ਅੱਜ ਸ਼ੁੱਕਰਵਾਰ ਹੈ ਤੇ ਅੱਜ ਜੁੰਮੇ ਦੀ ਨਮਾਜ਼ ਮੈਂ ਮਸਜਿਦ

ਵਿੱਚ ਜਾ ਕੇ ਪੜ੍ਹਨੀ ਹੈ ਤੇ ਮਸਜਿਦ ਪਹੁੰਚਣ ਲਈ ਤਕਰੀਬਨ ਇੱਕ ਘੰਟਾ ਲੱਗ ਜਾਣਾ ਹੈ।’’ ਦੋਸਤ ਨੇ ਜਲਦੀ ਜਾਣ ਦੀ ਸਫ਼ਾਈ ਪੇਸ਼ ਕੀਤੀ।

ਕ੍ਰਿਸ਼ਨ ਨੇ ਕੁਝ ਸੋਚਿਆ ਤੇ ਫਿਰ ਕਹਿਣ ਲੱਗਾ, ‘‘ਯਾਰ ਅਹਿਮਦ! ਜੇ ਬੁਰਾ ਨਾ ਮੰਨੇ ਤਾਂ ਇੱਕ ਗੱਲ ਕਹਾਂ ?’’

‘‘ਹਾਂ ! ਜ਼ਰੂਰ ਕਹਿ।’’ ਅਹਿਮਦ ਨੇ ਕਿਹਾ।

‘‘ਤੁਸੀਂ ਮੁਸਲਮਾਨ ਲੋਕ ਮਸਜਿਦ ਨੂੰ ਰੱਬ ਦਾ ਘਰ ਮੰਨਦੇ ਹੋ ਤੇ ਅਸੀਂ ਮਸਜਿਦ, ਮੰਦਿਰ, ਗੁਰਦੁਆਰਾ ਤੇ ਚਰਚ ਸਭ ਨੂੰ ਰੱਬ ਦਾ ਘਰ ਮੰਨਦੇ ਹਾਂ।’’ ਕ੍ਰਿਸ਼ਨ ਨੇ ਕਿਹਾ।

ਅੱਗੋਂ ਅਹਿਮਦ ਕਹਿਣ ਲੱਗਾ, ‘‘ਮੈਂ ਵੀ ਹਰ ਧਰਮ ਦੀ ਇੱਜ਼ਤ ਕਰਦਾ ਹਾਂ। ਰੱਬ ਤਾਂ ਇੱਕ ਹੀ ਹੈ। ਉਸ ਨੂੰ ਭਾਵੇਂ ਮਸਜਿਦ ਵਿੱਚ ਬੈਠ ਕੇ ਯਾਦ ਕਰ

ਲਉ, ਭਾਵੇਂ ਮੰਦਿਰ ਵਿੱਚ, ਭਾਵੇਂ ਗੁਰਦੁਆਰੇ ਜਾਂ ਚਰਚ ਵਿੱਚ ਤੇ ਫਿਰ ਆਪਣੇ ਘਰ ਵਿੱਚ।’’

ਕ੍ਰਿਸ਼ਨ ਕਹਿਣ ਲੱਗਾ, ‘‘ਸਾਡੇ ਘਰ ਵਿੱਚ ਵੀ ਰੱਬ ਦਾ ਘਰ ਹੈ। ਤੂੰ ਇਸ ਘਰ ਵਿੱਚ ਬੈਠ ਕੇ ਨਮਾਜ਼ ਪੜ੍ਹ ਲੈ।’’ ਅਹਿਮਦ ਹੈਰਾਨ ਜਿਹਾ ਹੋ ਗਿਆ ਜਿਵੇਂ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕ੍ਰਿਸ਼ਨ ਦੇ ਘਰ ਵੀ ਕੋਈ ਰੱਬ ਦਾ ਘਰ ਹੈ। ਕ੍ਰਿਸ਼ਨ, ਅਹਿਮਦ ਨੂੰ ਆਪਣੇ ਗਣੇਸ਼ ਜੀ ਦੇ ਮੰਦਰ ਲੈ ਗਿਆ।

‘‘ਅਹਿਮਦ ਤੂੰ ਇੱਥੇ ਬੈਠ ਕੇ ਨਮਾਜ਼ ਪੜ੍ਹ ਸਕਦਾ ਹੈਂ।’’ ਕ੍ਰਿਸ਼ਨ ਨੇ ਅਹਿਮਦ ਨੂੰ ਕਿਹਾ।

ਅਹਿਮਦ ਅਜੇ ਵੀ ਕਿਸੇ ਸੋਚ ਵਿੱਚ ਡੁੱਬਾ ਹੋਇਆ ਸੀ। ਕ੍ਰਿਸ਼ਨ ਨੇ ਫਿਰ ਅਹਿਮਦ ਨੂੰ ਕਿਹਾ, ‘‘ਅਹਿਮਦ ਵੀਰ ! ਤੂੰ ਕਿਹੜੀਆਂ ਸੋਚਾਂ ਵਿੱਚ ਡੁੱਬਾ ਹੋਇਆ ਏਂ ? ਮੈਂ ਤੈਨੂੰ ਮਜਬੂਰ ਨਹੀਂ ਕਰਦਾ ਕਿ ਤੂੰ ਇੱਥੇ ਗਣੇਸ਼ ਜੀ ਦੇ ਸਾਹਮਣੇ ਬੈਠ ਕੇ ਨਮਾਜ਼ ਪੜ੍ਹੇਂ।’’

ਅਹਿਮਦ ਸੋਚਾਂ ਵਿੱਚੋਂ ਨਿਕਲਿਆ ਤੇ ਕਹਿਣ ਲੱਗਾ, ‘‘ਨਹੀਂ ਕ੍ਰਿਸ਼ਨ ! ਮੈਨੂੰ ਕੋਈ ਇਤਰਾਜ਼ ਨਹੀਂ ਹੈ। ਮੈਂ ਇੱਥੇ ਆਪਣੇ ਭਰਾ ਦੇ ਘਰ ਵਿਚਲੇ ਰੱਬ ਦੇ ਘਰ ਵਿੱਚ ਨਮਾਜ਼ ਪੜ੍ਹਾਂਗਾ।’’

ਉਸੇ ਦਿਨ ਸ਼ਾਮ ਦੇ ਵਕਤ ਮੈਂ ਆਪਣੇ ਦਫ਼ਤਰੋਂ ਜਲਦੀ ਵਿਹਲਾ ਹੋ ਗਿਆ। ਕ੍ਰਿਸ਼ਨ ਦਾ ਹਾਲ-ਚਾਲ ਪਤਾ ਕਰਨ ਲਈ ਸਿੱਧਾ ਉਸ ਦੇ ਘਰ ਪਹੁੰਚ ਗਿਆ। ਕ੍ਰਿਸ਼ਨ ਦੇ ਚਿਹਰੇ ’ਤੇ ਇੱਕ ਖੇੜਾ ਝਲਕ ਰਿਹਾ ਸੀ। ਬਹੁਤ ਖ਼ੁਸ਼ ਨਜ਼ਰ ਆ ਰਿਹਾ ਸੀ। ਗੀਤਾ ਵੀ ਬਹੁਤ ਖ਼ੁਸ਼ ਨਜ਼ਰ ਆਈ। ਮੈਂ ਤੇ ਕ੍ਰਿਸ਼ਨ ਗੱਲਾਂ ਬਾਤਾਂ ਕਰਨ ਲੱਗ ਪਏ। ਗੀਤਾ ਰਸੋਈ ਵਿੱਚ ਚਲੀ ਗਈ। ਸ਼ਾਇਦ ਚਾਹ ਬਣਾਉਣ ਗਈ ਹੋਵੇ।

ਕ੍ਰਿਸ਼ਨ ਨੇ ਮੈਨੂੰ ਦੱਸਿਆ ਕਿ ਅੱਜ ਸਵੇਰੇ ਅਹਿਮਦ ਆਇਆ ਸੀ। ‘‘ਤੁਹਾਨੂੰ ਯਾਦ ਹੈ ਭਾਅ ਜੀ! ਤੁਸੀਂ ਅਹਿਮਦ ਨੂੰ ਹਸਪਤਾਲ ਵਿੱਚ ਮਿਲੇ ਸੀ ਜਦੋਂ ਉਹ ਮੇਰੀ ਖ਼ਬਰ ਲੈਣ ਆਇਆ ਸੀ। ਅੱਜ ਉਹ ਹਮੀਦ ਲਹੌਰੀਏ ਦੀ ਹੱਟੀ ਤੋਂ ਮਠਿਆਈ ਦਾ ਡੱਬਾ ਲੈ ਕੇ ਆਇਆ ਸੀ। ਸੱਚੀਂ ਭਾਅ ਜੀ! ਹਮੀਦ ਦੀ ਮਠਿਆਈ ਬਹੁਤ ਹੀ ਸਵਾਦ ਸੀ। ਅਜੇ ਵੀ ਬਚੀ ਪਈ ਹੈ। ਚਾਹ ਨਾਲ ਫਿਰ ਖਾਵਾਂਗੇ।’’

ਫਿਰ ਕਹਿਣ ਲੱਗਾ, ‘‘ਭਾ ਜੀ ! ਤੁਹਾਨੂੰ ਮੇਰੇ ਨਾਲ ਇਤਰਾਜ਼ ਰਹਿੰਦਾ ਸੀ ਨਾ ਕਿ ਮੈਂ ਮੁਸਲਮਾਨਾਂ ਨੂੰ ਚੰਗਾ ਨਹੀਂ ਸਮਝਦਾ। ਅੱਜ ਤਾਂ ਅਹਿਮਦ ਨੇ ਸਾਡੇ ਗਣੇਸ਼ ਜੀ ਦੇ ਮੰਦਰ ਵਿੱਚ ਬੈਠ ਕੇ ਨਮਾਜ਼ ਪੜ੍ਹੀ ਹੈ। ਅਜੇ ਵੀ ਤੁਹਾਨੂੰ ਮੇਰੇ ’ਤੇ ਕੋਈ ਇਤਰਾਜ਼ ਹੈ।’’

ਮੈਨੂੰ ਜਾਪਿਆ ਕਿ ਕ੍ਰਿਸ਼ਨ ਕੁਝ ਜਜ਼ਬਾਤੀ ਹੋ ਰਿਹਾ ਹੈ। ਕਹਿਣ ਲੱਗਾ;

‘‘ਭਾਅ ਜੀ! ਮੈਂ ਤਕਰੀਬਨ ਇੱਕ ਮਹੀਨਾ ਹਸਪਤਾਲ ਰਿਹਾ ਹਾਂ। ਮੈਨੂੰ ਇੰਝ ਮਹਿਸੂਸ ਹੁੰਦਾ ਸੀ ਕਿ ਮੈਂ ਹੁਣ ਕਦੇ ਵੀ ਘਰ ਵਾਪਸ ਨਹੀਂ ਆਵਾਂਗਾ। ਪਤਾ ਨਹੀਂ ਕਿਹੜੇ ਮੁਸਲਮਾਨ ਦਾ ਖੂਨ ਮੇਰੇ ਅੰਦਰ ਗਿਆ। ਕਿਹੜੇ ਈਸਾਈ ਨੇ ਮੈਨੂੰ ਖੂਨ ਦੇ ਕੇ ਬਚਾਇਆ ਹੈ। ਕਿਹੜੇ ਸਿੱਖ ਦਾ ਖੂਨ ਮੇਰੇ ਅੰਦਰ ਦੌੜ ਰਿਹਾ ਹੈ। ਕਿਹੜੇ ਕਿਹੜੇ ਹੋਰ ਧਰਮ ਵੀ ਹਨ, ਜਿਨ੍ਹਾਂ ਨੇ..... ਤੇ ਭਾਅ ਜੀ! ਜਿਨ੍ਹਾਂ ਡਾਕਟਰਾਂ ਨੇ ਮੇਰੀ ਜਾਨ ਬਚਾਈ, ਉਹ ਸਾਰੇ ਈਸਾਈ ਸਨ। ਕੋਈ ਮਾਈਕਲ ਸੀ ਤੇ ਕੋਈ ਕ੍ਰਿਸ। ਭਾਅ ਜੀ! ਇੱਕ ਡਾਕਟਰ ਦੀ ਚਮੜੀ ਦਾ ਰੰਗ ਤਾਂ ਬਿਲਕੁਲ ਕਾਲਾ ਸੀ। ਇਕਦਮ ਪੁੱਠੇ ਤਵੇ ਵਰਗਾ। ਉਹ ਕੈਂਸਰ ਵਿਭਾਗ ਦਾ ਹੈੱਡ ਸੀ ਤੇ ਨਾਈਜੀਰਿਆ ਤੋਂ ਆਇਆ ਸੀ।’’ ਕ੍ਰਿਸ਼ਨ ਪੂਰੇ ਜਜ਼ਬਾਤ ਵਿੱਚ ਬੋਲੀ ਜਾ ਰਿਹਾ ਸੀ ਤੇ ਮੈਂ ਚੁੱਪ ਕਰ ਕੇ ਸੁਣੀ ਜਾ ਰਿਹਾ ਸਾਂ। ਪਤਾ ਨਹੀਂ ਉਹ ਹੋਰ ਕੀ ਬੋਲੀ ਜਾਂਦਾ ਜੇ ਗੀਤਾ ਚਾਹ ਲੈ ਕੇ ਨਾ ਆ ਜਾਂਦੀ।

‘‘ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ, ਪਰ ਪਹਿਲਾਂ ਗਰਮ ਗਰਮ ਚਾਹ ਪੀ ਲਓ।’’ ਇਹ ਕਹਿੰਦਿਆਂ ਹੋਇਆਂ ਗੀਤਾ ਨੇ ਚਾਹ ਮੇਜ਼ ’ਤੇ ਰੱਖੀ। ਨਾਲ

ਕੁਝ ਬਿਸਕੁਟ ਤੇ ਨਮਕੀਨ ਵੀ ਰੱਖਿਆ। ਮਠਿਆਈ ਵਾਲੀ ਇੱਕ ਪਲੇਟ ਵੀ ਰੱਖ ਦਿੱਤੀ।

‘‘ਭਾਅ ਜੀ ! ਇਹ ਹਮੀਦ ਲਹੌਰੀਏ ਦੀ ਹੱਟੀ ਤੋਂ ਆਈ ਮਠਿਆਈ ਹੈ। ਆਹ ਜਲੇਬੀਆਂ ਤਾਂ ਬਹੁਤ ਹੀ ਸਵਾਦ ਹਨ। ਮੈਂ ਗਰਮ ਕਰ ਕੇ ਲਿਆਈ ਹਾਂ। ਭਾਅ ਜੀ ! ਮੈਨੂੰ ਪਤਾ ਹੈ ਕਿ ਤੁਹਾਨੂੰ ਜਲੇਬੀਆਂ ਬਹੁਤ ਪਸੰਦ ਹਨ।’’ ਇਹ ਕਹਿੰਦਿਆਂ ਗੀਤਾ ਰਸੋਈ ਵਿੱਚ ਜਾ ਕੇ ਕਿਸੇ ਕੰਮ ਲੱਗ ਗਈ। ਮੈਂ ਤੇ ਕ੍ਰਿਸ਼ਨ ਨੇ ਚਾਹ ਪੀਤੀ, ਬਿਸਕੁਟ ਖਾਧੇ, ਨਮਕੀਨ ਵੀ ਖਾਧਾ ਤੇ ਫਿਰ ਜਲੇਬੀਆਂ ਦਾ ਤਾਂ ਆਪਣਾ ਹੀ ਸਵਾਦ ਸੀ। ਕੁਝ ਦੇਰ ਬਾਅਦ ਮੈਂ ਉੱਠਿਆ

ਤੇ ਕ੍ਰਿਸ਼ਨ ਕੋਲੋਂ ਘਰ ਜਾਣ ਦੀ ਇਜਾਜ਼ਤ ਲਈ।

ਕ੍ਰਿਸ਼ਨ ਨੇ ਗੀਤਾ ਨੂੰ ਆਵਾਜ਼ ਦਿੱਤੀ, ‘‘ਗੀਤਾ! ਭਾਅ ਜੀ ਜਾ ਰਹੇ ਨੇ।’’ ਗੀਤਾ ਨੇ ਰਸੋਈ ਵਿੱਚੋਂ ਹੀ ਆਵਾਜ਼ ਲਗਾਈ, ‘‘ਭਾਅ ਜੀ ! ਤੁਸੀਂ ਖਾਣਾ ਖਾਧੇ ਬਗੈਰ ਨਹੀਂ ਜਾ ਸਕਦੇ।’’

ਮੈਂ ਆਪਣੀ ਘੜੀ ’ਤੇ ਵਕਤ ਵੇਖਿਆ ਤੇ ਗੀਤਾ ਨੂੰ ਆਵਾਜ਼ ਦਿੱਤੀ, ‘‘ਗੀਤਾ ! ਅਜੇ ਤਾਂ ਪੰਜ ਵਜੇ ਹਨ। ਖਾਣਾ ਤਾਂ ਮੈਂ ਰਾਤੀਂ ਅੱਠ ਵਜੇ ਖਾਂਦਾ ਹਾਂ।

ਏਨੀ ਦੇਰ ਮੈਂ ਏਥੇ ਥੋੜ੍ਹਾ ਹੀ ਬੈਠਾ ਰਹਾਂਗਾ। ਕੰਵਲ ਤਾਂ ਮੈਨੂੰ ਉਡੀਕ ਉਡੀਕ ਕੇ ਪਾਗਲ ਹੋ ਜਾਏਗੀ।’’

ਮੇਰਾ ਜਵਾਬ ਸੁਣ ਕੇ ਗੀਤਾ ਰਸੋਈ ਵਿੱਚੋਂ ਬਾਹਰ ਆ ਕੇ ਮੇਰਾ ਰਸਤਾ ਰੋਕ ਕੇ ਮੇਰੇ ਸਾਹਮਣੇ ਖੜ੍ਹੀ ਹੋ ਗਈ। ਕਹਿਣ ਲੱਗੀ, ‘‘ਭਰਜਾਈ ਜੀ ਨੂੰ ਮੈਂ

ਫੋਨ ਕਰ ਦਿਆਂਗੀ। ਉਹ ਇੱਥੇ ਆ ਜਾਣਗੇ। ਭਾਅ ਜੀ! ਮੇਰੀ ਗੱਲ ਸੁਣੋ।’’

ਮੈਂ ਗੀਤਾ ਦਾ ਚਿਹਰਾ ਵੇਖਿਆ, ਗੀਤਾ ਭਾਵੁਕ ਹੋ ਗਈ ਜਾਪਦੀ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਭਰੇ ਹੋਏ ਸਨ। ਕਹਿਣ ਲੱਗੀ, ‘‘ਭਾਅ ਜੀ ! ਮੈਂ ਤੁਹਾਨੂੰ ਹਮੇਸ਼ਾਂ ਭਾਅ ਜੀ ਕਹਿ ਕੇ ਬੁਲਾਉਂਦੀ ਹਾਂ। ਕੀ ਤੁਹਾਨੂੰ ਪਤਾ ਹੈ ਕਿ ਮੇਰੇ ਅੰਦਰ ਤੁਹਾਡਾ ਕੀ ਰੁਤਬਾ ਹੈ ? ਭਾਅ ਜੀ ! ਤੁਸੀਂ ਮੇਰੇ ਅੰਦਰ ਮੇਰੇ ਪਿਤਾ ਬਣ ਕੇ ਵੱਸੇ ਹੋਏ ਹੋ ਤੇ ਇੱਕ ਪਿਤਾ ਆਪਣੀ ਧੀ ਦੇ ਘਰੋਂ ਖਾਣਾ ਖਾਧੇ ਬਗੈਰ ਨਹੀਂ ਜਾ ਸਕਦਾ।’’

ਗੀਤਾ ਦੀਆਂ ਅੱਖਾਂ ਵਿੱਚੋਂ ਭਰੇ ਹੋਏ ਹੰਝੂ ਛਲਕ ਪਏ। ਮੈਨੂੰ ਮੇਰੇ ਅੰਦਰੋਂ ਹੀ ਆਵਾਜ਼ ਆਈ, ‘‘ਰੱਬ ਦਾ ਅਸਲੀ ਘਰ ਤਾਂ ਇਹ ਹੈ ਜਿੱਥੇ ਮਨੁੱਖਤਾ ਲਈ ਬਸ ਪਿਆਰ ਹੀ ਪਿਆਰ ਵਸਦਾ ਹੈ। ਫਿਰ ਮੈਨੂੰ ਭਗਤ ਕਬੀਰ ਜੀ ਦਾ ਉਹ ਸ਼ਬਦ ਯਾਦ ਆ ਗਿਆ ਜੋ ਬਚਪਨ ਤੋਂ ਹੀ ਮੇਰੇ ਅੰਦਰ ਵੱਸਿਆ ਹੋਇਆ ਹੈ;

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।

ਸੰਪਰਕ: 61403125209

Advertisement
×