Akali Dal Canada Conference Firing: ਬਰੈਂਪਟਨ ’ਚ ਅਕਾਲੀ ਕਾਨਫਰੰਸ ਵਾਲੇ ਹਾਲ ਉੱਪਰ ਚੱਲੀਆਂ ਤਾਬੜਤੋੜ ਗੋਲੀਆਂ; ਪੁਲੀਸ ਵੱਲੋਂ ਇਮਾਰਤ ਸੀਲ
ਹਮਲੇ ਦੇ ਬਾਵਜੂਦ ਪ੍ਰਬੰਧਕਾਂ ਨੇ ਖੜ੍ਹੇ ਪੈਰ ਥਾਂ ਬਦਲ ਕੇ ਗੈਰਾਜ ’ਚ ਕੀਤੀ ਕਾਨਫਰੰਸ; ਬੈਂਚਾਂ ’ਤੇ ਖੜ੍ਹ ਕੇ ਆਗੂਆਂ ਨੇ ਦਿੱਤੇ ਭਾਸ਼ਣ, ਜੁੜੀ ਭਾਰੀ ਸੰਗਤ
Akali Dal Canada Conference Firing: ਕੈਨੇਡਾ ਦੌਰੇ ’ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਆਖ਼ਰੀ ਕਾਨਫਰੰਸ ਤੋਂ ਪਹਿਲਾਂ ਇੱਥੋਂ ਦੇ ਨੂਰ ਕਨਵੈਨਸ਼ਨ ਸੈਂਟਰ (ਸਟੀਲ ਰੋਡ) ਵਿਖੇ ਰਾਤ ਦੇ ਨੇ੍ਹਰੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਤ ਤੜਕੇ ਢਾਈ ਵਜੇ ਦੇ ਕਰੀਬ ਵਾਪਰੀ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੈਨੇਡਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਨੂਰ ਕਨਵੈਨਸ਼ਨ ਸੈਂਟਰ ਨੂੰ ਸੀਲ ਕਰ ਦਿੱਤਾ। ਹਾਲ ਦੇ ਬਾਹਰਲੇ ਸ਼ੀਸ਼ਿਆਂ ’ਚੋਂ ਗੋਲੀਆਂ ਦੇ ਨਿਸ਼ਾਨ ਆਰ-ਪਾਰ ਸਾਫ਼ ਦੇਖੇ ਜਾ ਸਕਦੇ ਹਨ। ਪੁਲੀਸ ਵੱਲੋਂ ਇਸ ਗੱਲ ਦੀ ਡੂੰਘਾਈ ਨਾਲ ਛਾਨਬੀਣ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਪੈਲੇਸ ਮਾਲਕਾਂ ਤੋਂ ਫਿਰੌਤੀ ਮੰਗਣ ਦਾ ਹੈ ਜਾਂ ਫਿਰ ਕੋਈ ਨਿੱਜੀ ਰੰਜਿਸ਼।
ਪੁੁਲੀਸ ਵੱਲੋਂ ਹਾਲ ਸੀਲ
ਪੁਲੀਸ ਵੱਲੋਂ ਹਾਲ ਸੀਲ ਕੀਤੇ ਜਾਣ ਕਾਰਨ ਦਿਨ ਵੇਲੇ ਹੋਣ ਵਾਲੀ ਕਾਨਫਰੰਸ ਰੱਦ ਕਰਨੀ ਪਈ, ਜਿਸ ਮਗਰੋਂ ਪ੍ਰਬੰਧਕਾਂ ਨੇ ਖੜ੍ਹੇ ਪੈਰ ਰਣਨੀਤੀ ਬਦਲਦਿਆਂ ਕਾਨਫਰੰਸ ਦੀ ਥਾਂ ਬਦਲ ਦਿੱਤੀ। ਇਹ ਸਮਾਗਮ ਇੱਕ ਟ੍ਰਾਂਸਪੋਰਟ ਕੰਪਨੀ ਦੇ ਗੈਰਾਜ ਵਿੱਚ ਕਰਵਾਇਆ ਗਿਆ, ਜਿੱਥੇ ਨਾ ਤਾਂ ਕੁਰਸੀਆਂ ਸਨ ਅਤੇ ਨਾ ਹੀ ਮੇਜ਼। ਅਕਾਲੀ ਆਗੂਆਂ ਨੂੰ ਬੈਂਚਾਂ ’ਤੇ ਖੜ੍ਹੇ ਹੋ ਕੇ ਭਾਸ਼ਣ ਕਰਨੇ ਪਏ, ਜਿਨ੍ਹਾਂ ਨੂੰ ਪੁੱਜੀ ਸੰਗਤ ਨੇ ਵੀ ਖੜ੍ਹੇ ਹੋ ਕੇ ਪੂਰੇ ਜੋਸ਼ ਨਾਲ ਸੁਣਿਆ ਅਤੇ ਗੋਲੀਆਂ ਦੇ ਖ਼ੌਫ਼ ਨੂੰ ਨਕਾਰ ਦਿੱਤਾ।
ਕੈਨੇਡਾ ਦੀ ਧਰਤੀ ਤੋਂ ‘ਗ਼ਦਰੀ ਲਹਿਰ’ ਵਾਂਗ ਅਕਾਲੀ ਲਹਿਰ ਖੜ੍ਹੀ ਕਰਨ ਦਾ ਸੱਦਾ
ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ, ਚੰਡੀਗੜ੍ਹ ਦੀ ਸਾਬਕਾ ਮੇਅਰ ਅਤੇ ਐੱਸ.ਜੀ.ਪੀ.ਸੀ. (SGPC) ਦੀ ਕਾਰਜਕਾਰੀ ਮੈਂਬਰ ਬੀਬੀ ਹਰਜਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਗੋਲੀ ਚੱਲਣ ਦੇ ਪਿੱਛੇ ਚਾਹੇ ਕੋਈ ਵੀ ਮਨਸ਼ਾ ਹੋਵੇ, ਪਰ ਪੰਜਾਬੀ ਭਾਈਚਾਰੇ ਨੇ ਬਦਲਵੀਂ ਥਾਂ ’ਤੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਸਾਬਤ ਕਰ ਦਿੱਤਾ ਹੈ ਕਿ ਗੋਲੀਆਂ ਉਨ੍ਹਾਂ ਨੂੰ ਡਰਾ ਨਹੀਂ ਸਕਦੀਆਂ। ਉਨ੍ਹਾਂ ਅਪੀਲ ਕੀਤੀ, “ ਅੱਜ ਸਾਨੂੰ ਦੇਸ਼-ਕੌਮ ਲਈ ਇੱਕ ਵਾਰ ਫਿਰ ਅਕਾਲੀ ਲਹਿਰ ਚਲਾਉਣ ਦੀ ਲੋੜ ਹੈ, ਜਿਸ ਦਾ ਮੁੱਢ ਗ਼ਦਰੀ ਲਹਿਰ ਵਾਂਗ ਕੈਨੇਡਾ ਦੀ ਧਰਤੀ ਤੋਂ ਹੀ ਬੰਨ੍ਹਿਆ ਜਾਵੇ। ਸਿੱਖ ਸਿਧਾਂਤਾਂ ਦੀ ਰਾਖੀ ਅਤੇ ਪੰਜਾਬ ਵਿੱਚ ਅਗਲੀ ਪੰਥਕ ਸਰਕਾਰ ਬਣਾਉਣ ਲਈ ਐੱਨ.ਆਰ.ਆਈ. (NRI) ਵੀਰ ਅੱਜ ਤੋਂ ਹੀ ਜਹਾਜ਼ਾਂ ਦੀਆਂ ਟਿਕਟਾਂ ਬੁੱਕ ਕਰਵਾਉਣ ਅਤੇ ਚੋਣਾਂ ਤੋਂ ਪਹਿਲਾਂ ਪੰਜਾਬ ਪਹੁੰਚ ਕੇ ਆਪੋ-ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣ।”
ਉਨ੍ਹਾਂ ਸੰਗਤ ਨੂੰ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਸਿਧਾਂਤਾਂ ’ਤੇ ਪਹਿਰਾ ਦੇਣ ਦੀ ਅਪੀਲ ਕਰਦਿਆਂ ਸੁਖਬੀਰ ਸਿੰਘ ਬਾਦਲ ਦੀ ਪੰਥਕ ਸੋਚ ਦਾ ਖੁੱਲ੍ਹ ਕੇ ਸਾਥ ਦੇਣ ਲਈ ਕਿਹਾ। ਇਸ ਮੌਕੇ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਅਸਮਾਨ ਗੂੰਜਾ ਦਿੱਤਾ।
ਕੈਨੇਡਾ ਦੇ ਵਿਗੜ ਰਹੇ ਅਮਨ-ਕਾਨੂੰਨ ’ਤੇ ਚਿੰਤਾ
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਪੰਜਾਬ ਵਾਂਗ ਹੁਣ ਕੈਨੇਡਾ ਵਿੱਚ ਵੀ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਮਾੜੀ ਹੋ ਚੁੱਕੀ ਹੈ। ਕੁਝ ਮਾੜੇ ਅਨਸਰ ਕੰਮ-ਕਾਰ ਕਰਨ ਵਾਲੇ ਮਿਹਨਤੀ ਲੋਕਾਂ ਨੂੰ ਲੁੱਟਣ ਲਈ ਡਰਾ-ਧਮਕਾ ਰਹੇ ਹਨ, ਜਿਨ੍ਹਾਂ ਦੇ ਤਾਰ ਪੰਜਾਬ ਦੀ ਗੈਰ-ਸਿੱਖ ਸਰਕਾਰ ਨਾਲ ਜੁੜਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਪੰਜਾਬ ਵਿੱਚ ਆਪਣੀ ਹਕੂਮਤ ਹੋਣ ’ਤੇ ਹੀ ਨਿਕਲ ਸਕਦਾ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਸਿੱਖੀ ’ਤੇ ਹੋ ਰਹੇ ਹਮਲਿਆਂ ਦਾ ਜਵਾਬ ਇਕੱਠੇ ਹੋ ਕੇ ਦੇਣ ਦੀ ਗੱਲ ਕਹੀ ਅਤੇ ਕੈਨੇਡਾ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਅੱਗੇ ਆਉਣ ਦਾ ਸੱਦਾ ਦਿੱਤਾ। ਸਤਿੰਦਰਪਾਲ ਸਿੰਘ ਢੱਟ ਨੇ ਪੁਰਾਣੀਆਂ ਅਕਾਲੀ ਸਰਕਾਰਾਂ ਦੇ ਸਮੇਂ ਹੋਏ ਵਿਕਾਸ ਅਤੇ ਪਰਵਾਸੀਆਂ ਦੇ ਜਾਨ-ਮਾਲ ਦੀ ਰਾਖੀ ਦਾ ਜ਼ਿਕਰ ਕਰਦਿਆਂ ਭਰੋਸਾ ਦਿੱਤਾ ਕਿ ਅਕਾਲੀ ਸਰਕਾਰ ਬਣਨ ’ਤੇ ਐੱਨ.ਆਰ.ਆਈ. ਵੀਰਾਂ ਦੀਆਂ ਮੁਸ਼ਕਿਲਾਂ ਸਿੰਗਲ ਵਿੰਡੋ ਰਾਹੀਂ ਹੱਲ ਕੀਤੀਆਂ ਜਾਣਗੀਆਂ। ਪਰਮਜੀਤ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਦਿੱਲੀ ਦੇ ਸਿਆਸੀ ਲੋਕ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਅਤੇ ਪੰਜਾਬ ਦੀ ਹੋਂਦ ਉੱਥੋਂ ਦੇ ਸਥਾਨਕ ਲੋਕਾਂ ਦਾ ਰਾਜ ਹੋਣ ਨਾਲ ਹੀ ਬਚ ਸਕਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਕਮਲ ਸਿੰਘ ਐਡਵੋਕੇਟ, ਹਰਜਾਪ ਸਿੰਘ ਸੰਘਾ, ਅਜਾਇਬ ਸਿੰਘ ਚੱਠਾ, ਨਿਰਵੈਰ ਸਿੰਘ ਸਹੋਤਾ ਅਤੇ ਸਵਿੰਦਰ ਸਿੰਘ ਸਲਾਬਤਪੁਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪੰਜਾਬ ਤੋਂ ਆਏ ਅਕਾਲੀ ਆਗੂਆਂ ਅਤੇ ਸੰਗਤ ਦੇ ਇਸ ਉਤਸ਼ਾਹਜਨਕ ਇਕੱਠ ਦਾ ਕੈਨੇਡਾ ਅਕਾਲੀ ਦਲ ਦੇ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ ਨੇ ਤਹਿ ਦਿਲੋਂ ਧੰਨਵਾਦ ਕੀਤਾ।
