ਏਆਈ; ਮੁੱਢਲੀ ਜਾਣਕਾਰੀ ਅਤੇ ਵਰਤੋਂ
ਜ਼ਰਾ ਸੋਚੋ ਤੁਸੀਂ ਜਿਸ ਨੂੰ ਸਵਾਲ ਕਰ ਰਹੇ ਹੋ, ਉਸ ਨੂੰ ਸਭ ਕੁਝ ਪਤਾ ਹੈ! ਜਦੋਂ ਤੁਸੀਂ ਕਿਸੇ ਜਨਰੇਟਿਵ (ਰਚਨਾਤਮਕ) ਏਆਈ ਪ੍ਰੋਗਰਾਮ (ਚੈਟ ਜੀਪੀਟੀ, ਗੂਗਲ ਜੈਮਿਨੀ, ਕਲੌਡ, ਗਰੌਕ ਆਦਿ) ਨੂੰ ਕੋਈ ਸਵਾਲ ਪੁੱਛਦੇ ਹੋ ਤਾਂ ਤੁਹਾਨੂੰ ਗੂਗਲ ਵਾਂਗ ਇੰਟਰਨੈਟ ਦੇ...
ਜ਼ਰਾ ਸੋਚੋ ਤੁਸੀਂ ਜਿਸ ਨੂੰ ਸਵਾਲ ਕਰ ਰਹੇ ਹੋ, ਉਸ ਨੂੰ ਸਭ ਕੁਝ ਪਤਾ ਹੈ! ਜਦੋਂ ਤੁਸੀਂ ਕਿਸੇ ਜਨਰੇਟਿਵ (ਰਚਨਾਤਮਕ) ਏਆਈ ਪ੍ਰੋਗਰਾਮ (ਚੈਟ ਜੀਪੀਟੀ, ਗੂਗਲ ਜੈਮਿਨੀ, ਕਲੌਡ, ਗਰੌਕ ਆਦਿ) ਨੂੰ ਕੋਈ ਸਵਾਲ ਪੁੱਛਦੇ ਹੋ ਤਾਂ ਤੁਹਾਨੂੰ ਗੂਗਲ ਵਾਂਗ ਇੰਟਰਨੈਟ ਦੇ ਲਿੰਕ ਨਹੀਂ ਸਗੋਂ ਵਿਸਥਾਰਪੂਰਵਕ ਉੱਤਰ ਲਿਖਿਆ ਮਿਲਦਾ ਹੈ ਅਤੇ ਉਹ ਉੱਤਰ ਕਿਤੇ ਪਹਿਲਾਂ ਤੋਂ ਨਹੀਂ ਲਿਖਿਆ ਹੁੰਦਾ, ਸਗੋਂ ਉਸੇ ਵੇਲੇ ਸਕਿੰਟਾਂ ਦੇ ਅੰਦਰ ਏਆਈ ਨੇ ਤਿਆਰ ਕੀਤਾ ਹੁੰਦਾ ਹੈ। ਤੁਸੀਂ ਉਸੇ ਵਕਤ ਏਆਈ ਨੂੰ ਕਹਿ ਸਕਦੇ ਹੋ ਕਿ ਇਸ ਉੱਤਰ ਨੂੰ ਪੰਜ ਸਾਲ ਦੇ ਬੱਚੇ ਨੂੰ ਜਾਂ ਕਿਸੇ ਕਾਲਜ ਦੇ ਵਿਦਿਆਰਥੀ ਨੂੰ ਸਮਝਾਉਣ ਲਈ ਦੱਸੋ ਤੇ ਫਟਾ-ਫਟ ਤੁਹਾਨੂੰ ਉਸ ਦਾ ਤਸੱਲੀਬਖ਼ਸ਼ ਜਵਾਬ ਮਿਲ ਜਾਵੇਗਾ।
ਚੈਟ ਜੀਪੀਟੀ ਵਰਗੇ ਏਆਈ ਕੰਪਿਊਟਰ ਪ੍ਰੋਗਰਾਮ ਅਤਿ ਸ਼ਕਤੀਸ਼ਾਲੀ ਪ੍ਰੋਗਰਾਮ ਹਨ, ਜਿਨ੍ਹਾਂ ਨੂੰ ਕੰਪਨੀਆਂ ਨੇ ਇਕੱਤਰ ਕੀਤੇ ਗਏ ਡੇਟਾ ਨਾਲ ਸਿਖਲਾਈ ਦਿੱਤੀ ਹੈ। ਜਨਰੇਟਿਵ ਏਆਈ ਪ੍ਰੋਗਰਾਮ ਡੇਟਾ ਤੋਂ ਸਿੱਖੇ ਗਏ ਨਮੂਨਿਆਂ ਦੇ ਆਧਾਰ ’ਤੇ ਨਵੀਂ ਸਮੱਗਰੀ ਜਿਵੇਂ ਕਿ ਪਾਠ (Text), ਚਿੱਤਰ, ਸੰਗੀਤ, ਵੀਡੀਓ, ਕੰਪਿਊਟਰ ਕੋਡ ਆਦਿ ਬਣਾ ਸਕਦਾ ਹੈ। ਇਹ ਤਕਰੀਬਨ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਜਾਣਦਾ ਹੈ, ਪਰ ਕਈ ਭਾਸ਼ਾਵਾਂ ਵਿੱਚ ਇਹ ਜ਼ਿਆਦਾ ਵਧੀਆ ਉੱਤਰ ਦੇ ਸਕਦਾ ਜਿਵੇਂ ਕਿ ਅੰਗਰੇਜ਼ੀ, ਸਪੈਨਿਸ਼, ਹਿੰਦੀ ਆਦਿ ਤੇ ਕਈਆਂ ਵਿੱਚ ਘੱਟ ਜਿਵੇਂ ਕਿ ਡੱਚ, ਬੰਗਾਲੀ, ਪੰਜਾਬੀ ਆਦਿ।
ਚੈਟ ਜੀਪੀਟੀ (ChatGPT - ਚੈਟ ਜਨਰੇਟਿਵ ਪ੍ਰੀ-ਟਰੇਂਡ ਟ੍ਰਾਂਸਫਾਰਮਰ) ਵਰਗੇ ਏਆਈ ਪ੍ਰੋਗਰਾਮ ਇੱਕ ਵੱਡੇ ਟ੍ਰਾਂਸਫਾਰਮ-ਆਧਾਰਿਤ ਨਿਊਰਲ (ਤੰਤਵੀ) ਨੈੱਟਵਰਕ ’ਤੇ ਬਣੇ ਹੋਏ ਹਨ ਜੋ ਅਗਲੇ ਟੋਕਨ (ਸ਼ਬਦ ਜਾਂ ਸ਼ਬਦ-ਭਾਗ) ਦੀ ਭਵਿੱਖਬਾਣੀ ਕਰਨ ਦੇ ਕਾਬਲ ਤੇ ਸਿਖਲਾਈ ਪ੍ਰਾਪਤ ਹਨ ਅਤੇ ਜਿਨ੍ਹਾਂ ਨੂੰ ਮਨੁੱਖੀ ਪ੍ਰਤੀਕਰਮ (Feedback) ਦੇ ਕੇ ਵਧੀਆ ਢੰਗ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਉਹ ਇਕਸਾਰ ਭਾਸ਼ਾ ਪ੍ਰਤੀਕਿਰਿਆਵਾਂ ਪੈਦਾ ਕਰਕੇ ਅਤੇ ਕੁਦਰਤੀ ਭਾਸ਼ਾ ਦੀ ਵਰਤੋਂ ਕਰਕੇ ਗੱਲਬਾਤ, ਲੇਖ, ਸੰਖੇਪ, ਕੋਡ ਅਤੇ ਰਚਨਾਤਮਕ ਲਿਖਤ ਵਰਗੀ ਸਮੱਗਰੀ ਤਿਆਰ ਕਰ ਸਕਣ।
ਚੈਟ ਜੀਪੀਟੀ ਦਾ ਆਧਾਰ (ਇੰਜਣ) ਇੱਕ ਵੱਡਾ ਭਾਸ਼ਾ ਮਾਡਲ (LLM) ਹੈ ਜੋ ਕਿ ਇੱਕ ਨਿਊਰਲ ਨੈੱਟਵਰਕ ਦੇ ਉੱਤੇ ਬਣਿਆ ਹੋਇਆ ਹੈ। ਵੱਡੇ ਭਾਸ਼ਾ ਮਾਡਲ ਦਾ ਮਤਲਬ ਕਾਫ਼ੀ ਵਿਸਤ੍ਰਿਤ ਜਾਣਕਾਰੀ/ਡੇਟਾ ਤੇ ਸਿਖਲਾਈ ਪ੍ਰਾਪਤ (Training) ਕੰਪਿਊਟਰ ਸਿਸਟਮ ਹੈ ਜੋ ਅਰਬਾਂ ਸ਼ਬਦਾਂ ਅਤੇ ਵਾਕਾਂ ਤੋਂ ਨਮੂਨੇ ਸਿੱਖਦਾ ਹੈ ਤੇ ਇਹ ਭਵਿੱਖਬਾਣੀ ਕਰਦਾ ਹੈ ਕਿ ਇੱਕ ਵਾਕ ਵਿੱਚ ਦਿੱਤੇ ਗਏ ਸੰਦਰਭ ਅਨੁਸਾਰ ਅੱਗੇ ਕਿਹੜਾ ਟੋਕਨ (ਸ਼ਬਦ/ਭਾਗ) ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਇਨ੍ਹਾਂ ਅਨੁਮਾਨਾਂ ਨੂੰ ਜੋੜ ਕੇ ਮਨੁੱਖੀ ਭਾਸ਼ਾ ਵਿੱਚ ਇੱਕ ਵਾਕ ਹੀ ਨਹੀਂ ਸਗੋਂ ਇੱਕ ਪੈਰਾਗ੍ਰਾਫ਼, ਇੱਕ ਕਹਾਣੀ ਜਾਂ ਰਿਪੋਰਟ, ਚਿੱਤਰ, ਆਵਾਜ਼ ਆਦਿ ਤਿਆਰ ਕਰ ਸਕਦਾ ਹੈ। ਇਹ ਇੱਕ ਹੋਰ ਕੰਪਿਊਟਰ ਪ੍ਰੋਗਰਾਮ ਵੀ ਬਹੁਤ ਆਸਾਨੀ ਨਾਲ ਲਿਖ ਸਕਦਾ ਹੈ ਅਤੇ ਇਸ ਕੰਮ ਵਿੱਚ ਇਹ ਹਰ ਰੋਜ਼ ਹੋਰ ਬਿਹਤਰ ਹੋ ਰਿਹਾ ਹੈ।
ਨਿਊਰਲ ਨੈੱਟਵਰਕ ਇੱਕ ਕਿਸਮ ਦਾ ਏਆਈ ਮਾਡਲ ਹੈ ਜੋ ਮਨੁੱਖੀ ਦਿਮਾਗ ਤੋਂ ਪ੍ਰੇਰਿਤ ਹੁੰਦਾ ਹੈ। ਜਿਸ ਵਿੱਚ ਨਕਲੀ ਤੰਤੂਆਂ ਦੀਆਂ ਪਰਤਾਂ, ਗਣਿਤਕ ਵਜ਼ਨ ਜਾਂ ਸੰਖਿਆਵਾਂ ਤੇ ਉਨ੍ਹਾਂ ਪਰਤਾਂ ਵਿਚਕਾਰ ਸਬੰਧ ਸ਼ਾਮਲ ਹਨ। ਇਹ ਉਨ੍ਹਾਂ ਸੰਖਿਆਵਾਂ ਦਾ ਫੇਰ-ਬਦਲ ਕਰਕੇ ਸਿੱਖਦਾ ਹੈ ਤਾਂ ਜੋ ਇਹ ਕਿਸੇ ਕੰਮ ਵਿੱਚ ਬਿਹਤਰ ਹੋ ਸਕੇ- ਇੱਕ ਉੱਨਤ ਕੰਪਿਊਟਰ ਪ੍ਰੋਗਰਾਮ ਜੋ ਮਨੁੱਖੀ ਦਿਮਾਗ ਵਾਂਗ ਹੀ ਨਮੂਨਿਆਂ (ਪੈਟਰਨਾਂ) ਨੂੰ ਪਛਾਣਨ ਲਈ ਤਿਆਰ ਕੀਤਾ ਗਿਆ ਹੈ। ਇਸ ਨਿਊਰਲ ਨੈੱਟਵਰਕ ਵਿੱਚ ਸੈਂਕੜੇ ਅਰਬਾਂ ਮਾਪਦੰਡ (ਪੈਰਾਮੀਟਰ) ਹੁੰਦੇ ਹਨ, ਜੋ ਮਾਡਲ ਦੁਆਰਾ ਸਿੱਖੀਆਂ ਗਈਆਂ ਗੱਲਾਂ ਨੂੰ ਸਟੋਰ ਕਰਦੇ ਹਨ, ਉਵੇਂ ਹੀ ਜਿਵੇਂ ਮਨੁੱਖੀ ਦਿਮਾਗ ਯਾਦਦਾਸ਼ਤ ਦੇ ਰੂਪ ਵਿੱਚ ਕਰਦਾ ਹੈ। ਆਧੁਨਿਕ ਏਆਈ ਮਾਡਲ ਇੱਕ ਖ਼ਾਸ ਕਿਸਮ ਦੇ ਨਿਊਰਲ ਨੈੱਟਵਰਕ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਨੂੰ ਟ੍ਰਾਂਸਫਾਰਮਰ (ਪਰਿਵਰਤਕ) ਕਹਿੰਦੇ ਹਨ, ਜੋ ਕਿ 2017 ਵਿੱਚ ਗੂਗਲ ਬ੍ਰੇਨ ਦੇ ਖੋਜਕਰਤਾਵਾਂ ਨੇ ਪੇਸ਼ ਕੀਤਾ ਸੀ। ਟ੍ਰਾਂਸਫਾਰਮਰ ਕਿਸੇ ਵੀ ਸੰਦਰਭ ਨੂੰ ਸਮਝਣ, ਲੰਬੇ ਵਾਕਾਂ ਨੂੰ ਲਿਖਣ, ਪੈਰਾਗ੍ਰਾਫਾਂ ਵਿੱਚ ਵਿਚਾਰਾਂ ਨੂੰ ਜੋੜਨ ਦੇ ਬਹੁਤ ਚੰਗੀ ਤਰ੍ਹਾਂ ਮਾਹਰ ਹੁੰਦੇ ਹਨ। ਉਹ ਹੁਸ਼ਿਆਰੀ ਨਾਲ ਧਿਆਨ (Attention) ਦੀ ਵਰਤੋਂ ਕਰਦੇ ਹਨ, ਜੋ ਮਾਡਲ ਨੂੰ ਇਹ ਫ਼ੈਸਲਾ ਕਰਨ ਵਿੱਚ ਮਦਦ ਕਰਦੀ ਹੈ ਕਿ ਅਗਲੇ ਸ਼ਬਦ ਦੀ ਭਵਿੱਖਬਾਣੀ ਕਰਦੇ ਸਮੇਂ ਪਹਿਲਾਂ ਆਏ ਕਿਹੜੇ ਸ਼ਬਦ ਸਭ ਤੋਂ ਵੱਧ ਮਾਅਨੇ ਰੱਖਦੇ ਹਨ।
ਉਦਾਹਰਣ ਵਜੋਂ: “ਟਰਾਫੀ ਸੂਟਕੇਸ ਵਿੱਚ ਫਿੱਟ ਨਹੀਂ ਹੋਈ ਕਿਉਂਕਿ ਉਹ ਬਹੁਤ ਵੱਡੀ ਸੀ।”
ਮਾਡਲ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ‘ਉਹ’ ਟਰਾਫੀ ਨੂੰ ਦਰਸਾਉਂਦਾ ਹੈ ਨਾ ਕਿ ਸੂਟਕੇਸ ਨੂੰ। ‘ਧਿਆਨ ਵਿਧੀ’ ਇਸ ਕੰਮ ਵਿੱਚ ਮਦਦ ਕਰਦੀ ਹੈ।
ਇਸ ਤਰ੍ਹਾਂ ਚੈਟ ਜੀਪੀਟੀ ਨੂੰ ਓਪਨ ਏਆਈ ਕੰਪਨੀ ਦੇ ਵਿਗਿਆਨਕਾਂ, ਖੋਜੀਆਂ, ਮਨੁੱਖੀ ਰਿਵਿਉਕਾਰਾਂ ਨੇ ਦੁਨੀਆ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਕਿਤਾਬਾਂ, ਲੇਖ, ਵੈੱਬਸਾਈਟਾਂ, ਗੱਲਾਂ-ਬਾਤਾਂ, ਪਬਲਿਕ ਤੇ ਪ੍ਰਮਾਣਿਤ ਡੇਟੇ ਦੇ ਨਾਲ ਸਿਖਾਇਆ ਹੈ, ਪਰ ਧਿਆਨਯੋਗ ਗੱਲ ਹੈ ਕਿ ਸਿਖਲਾਈ ਦੇ ਦੌਰਾਨ ਉਸ ਨੂੰ ਇਹ ਨਹੀਂ ਦੱਸਿਆ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਸਗੋਂ ਉਹ ਇਹ ਗੱਲ ਆਪਣੇ ਡੇਟਾ ਦੇ ਨਮੂਨੇ ਤੋਂ ਇਸ ਤਰ੍ਹਾਂ ਸਿੱਖਦਾ ਹੈ ਕਿ ਜਦੋਂ ਲੋਕ ਇਹ ਪੁੱਛਣ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਤਾਂ ਅਗਲਾ ਅਨੁਮਾਨ ਚੰਡੀਗੜ੍ਹ ਹੈ। ਚੈਟ ਜੀਪੀਟੀ ਭਾਸ਼ਾ ਦੇ ਨਮੂਨੇ ਸਿੱਖਦਾ ਹੈ ਨਾ ਕਿ ਮਨੁੱਖਾਂ ਵਾਂਗ ਯਾਦ ਕਰਦਾ ਹੈ। ਉਹ ਅਨੁਮਾਨ ਲਗਾਉਂਦਾ ਹੈ ਕਿ ਅਗਲਾ ਸ਼ਬਦ ਕਿਹੜਾ ਹੋ ਸਕਦਾ ਹੈ ਤੇ ਇਹ ਅਨੁਮਾਨ ਉਹ ਬਹੁਤ ਤੇਜ਼ੀ ਨਾਲ (ਇੱਕ ਸਕਿੰਟ ਵਿਚ ਲੱਖਾਂ-ਕਰੋੜਾਂ ਅਨੁਮਾਨ) ਲਗਾਉਂਦਾ ਹੈ। ਇਹ ਕਿਸੇ ਜਾਦੂ ਵਾਂਗ ਮਹਿਸੂਸ ਹੁੰਦਾ ਹੈ, ਪਰ ਇਹ ਸਿਰਫ਼ ਗਣਿਤ ਅਤੇ ਸੰਭਾਵਨਾਵਾਂ ਦਾ ਸੁਮੇਲ ਹੈ। ਆਓ ਇਸ ਦੇ ਅਨੁਮਾਨ ਲਗਾਉਣ ਦੇ ਤਰੀਕੇ ਨੂੰ ਇੱਕ ਹੋਰ ਉਦਾਹਰਣ ਨਾਲ ਸਮਝੀਏ:
“ਮੈਂ ਚਾਹ ਦੁੱਧ ਤੇ....ਪਾ ਕੇ ਪੀਤੀ।”
ਤੁਹਾਡੇ ਖ਼ਿਆਲ ਵਿੱਚ ਖਾਲੀ ਥਾਂ ਨੂੰ ਭਰਨ ਲਈ ਕਿਹੜਾ ਸ਼ਬਦ ਵਰਤਿਆ ਜਾਵੇਗਾ? ਜ਼ਿਆਦਾਤਰ ਲੋਕ ‘ਖੰਡ’ ਕਹਿਣਗੇ, ਕਿਉਂਕਿ ਰੋਜ਼ਾਨਾ ਭਾਸ਼ਾ ਵਿੱਚ ਚਾਹ ਬਾਰੇ ਗੱਲ ਕਰਦੇ ਸਮੇਂ ‘ਦੁੱਧ ਅਤੇ ਖੰਡ’ ਇੱਕ ਬਹੁਤ ਹੀ ਆਮ ਵਾਕੰਸ਼ ਹੈ।
ਆਓ, ਹੁਣ ਇਹ ਜਾਣੀਏ ਕਿ ਏਆਈ ਦੇ ਪਰਦੇ ਪਿੱਛੇ ਕੀ ਹੁੰਦਾ ਹੈ-ਏਆਈ ਮਾਡਲ ਅੰਦਰੂਨੀ ਤੌਰ ’ਤੇ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਨਿਰਧਾਰਤ ਕਰ ਸਕਦਾ ਹੈ:
ਸੰਭਾਵੀ ਸ਼ਬਦ, ਸੰਭਾਵਨਾ
ਖੰਡ, 65%
ਸ਼ਹਿਦ, 15%
ਨਿੰਬੂ, 10%
ਲੂਣ, 0.1%
ਜੁੱਤੇ, 0.00001%
ਫਿਰ ਉਹ ਸਭ ਤੋਂ ਉੱਚ-ਸੰਭਾਵਨਾ ਵਾਲੇ ਸ਼ਬਦਾਂ ਵਿੱਚੋਂ ਇੱਕ ਚੁਣਦਾ ਹੈ ਜੋ ਸੰਦਰਭ ਵਿੱਚ ਫਿੱਟ ਬੈਠਦਾ ਹੈ। ਸੰਦਰਭ ਦੇ ਆਧਾਰ ’ਤੇ ਸੰਭਾਵਨਾਵਾਂ ਨੂੰ ਕ੍ਰਮਵਾਰ ਕਰਨ ਦੀ ਇਹ ਯੋਗਤਾ ਵੱਡੇ ਭਾਸ਼ਾ ਮਾਡਲ ਨੂੰ ਬੁੱਧੀਮਾਨ ਬਣਾਉਂਦੀ ਹੈ। ਸ਼ੁਰੂਆਤੀ ਸਿਖਲਾਈ ਤੋਂ ਬਾਅਦ ਮਨੁੱਖਾਂ ਨੇ ਇਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਜਿਵੇਂ ਕਿ ਜਵਾਬਾਂ ਨੂੰ ਦਰਜਾ ਦੇਣਾ, ਮਾੜੇ ਜਵਾਬਾਂ ਨੂੰ ਠੀਕ ਕਰਨਾ, ਨੁਕਸਾਨਦੇਹ ਸਮੱਗਰੀ ਤੋਂ ਬਚਣ ਲਈ ਇਸ ਨੂੰ ਸਿਖਾਉਣਾ, ਇਸ ਨੂੰ ਸਪੱਸ਼ਟ ਅਤੇ ਵਧੇਰੇ ਉਪਯੋਗੀ ਬਣਾਉਣ ਲਈ ਸਿਖਲਾਈ ਦੇਣਾ ਤਾਂ ਜੋ ਉਹ ਮਸ਼ੀਨ ਜਾਂ ਰੋਬੋਟ ਵਾਂਗ ਦਿਖਣ ਦੀ ਬਜਾਏ ਗੱਲਬਾਤ ਕਰਨ ਵਾਲਾ ਬਣ ਸਕੇ।
ਇਹ ਧਿਆਨਯੋਗ ਗੱਲ ਹੈ ਕਿ ਏਆਈ ਪ੍ਰੋਗਰਾਮ ਸੁਤੰਤਰ ਤੌਰ ’ਤੇ ਨਹੀਂ ਸੋਚ ਸਕਦਾ ਹਾਲਾਂਕਿ ਸਾਨੂੰ ਅਜਿਹਾ ਲੱਗਦਾ ਹੈ, ਇਸ ਦੀ ਆਪਣੀ ਕੋਈ ਰਾਇ ਨਹੀਂ, ਇਸ ਕੋਲ ਭਾਵਨਾਵਾਂ ਵੀ ਨਹੀਂ, ਇਸ ਦੇ ਆਧਾਰ ਮਾਡਲ ਦਾ ਡੇਟਾ ਪੁਰਾਣਾ ਹੋ ਸਕਦਾ ਹੈ ਤੇ ਅੱਜ ਦਾ ਨਹੀਂ (ਜੇ ਇਹ ਕਿਸੇ ਚਲੰਤ ਪ੍ਰੋਗਰਾਮ ਨਾਲ ਨਾ ਜੁੜਿਆ ਹੋਵੇ)। ਇਹ ਨਿੱਜੀ ਵੇਰਵਿਆਂ ਨੂੰ ਯਾਦ ਨਹੀਂ ਰੱਖਦਾ ਜਦੋਂ ਤੱਕ ਇਸ ਨੂੰ ਆਦੇਸ਼ ਨਾ ਦਿੱਤਾ ਜਾਵੇ। ਮੁੱਕਦੀ ਗੱਲ ਇਹ ਹੈ ਕਿ ਇਹ ਇੱਕ ਨਮੂਨੇ ਜਾਂ ਪੈਟਰਨ ਪਛਾਣਨ ਵਾਲੀ ਮਸ਼ੀਨ ਹੈ, ਦਿਮਾਗ ਨਹੀਂ। ਜਿਵੇਂ ਕਿ ਕਾਰ ਤੁਹਾਨੂੰ ਪੈਦਲ ਚੱਲਣ ਦੀ ਬਜਾਇ ਤੇਜ਼ੀ ਨਾਲ ਮੰਜ਼ਿਲ ’ਤੇ ਪਹੁੰਚਾ ਦਿੰਦੀ ਹੈ, ਇਸੇ ਤਰ੍ਹਾਂ ਇਹ ਵੀ ਤੇਜ਼ੀ ਨਾਲ ਤੁਹਾਨੂੰ ਜਵਾਬ ਦੇ ਸਕਦਾ ਹੈ ਤੇ ਕਿਸੇ ਚੀਜ਼ ਨੂੰ ਸਮਝਣ ਵਿੱਚ ਮਦਦ ਕਰ ਸਕਦਾ ਹੈ। ਪਰ ਜਿਵੇਂ ਕਾਰ ਚਲਾਉਣ ਲਈ ਟਰੈਫਿਕ ਨਿਯਮਾਂ ਦੀ ਲੋੜ ਹੈ, ਇਸ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨੀਕ ਦੀ ਵਰਤੋਂ ਲਈ ਵੀ ਨਿਯਮ ਬਣਾਏ ਜਾ ਰਹੇ ਹਨ ਜਾਂ ਬਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਇਹ ਵੀ ਮਹੱਤਵਪੂਰਨ ਹੈ ਕਿ ਜਿਵੇਂ ਤੁਸੀਂ ਕਾਰ ਦੇ ਡਰਾਈਵਰ ਤੇ ਇੰਚਾਰਜ ਬਣਦੇ ਹੋ, ਇਸੇ ਤਰ੍ਹਾਂ ਏਆਈ ਦੀ ਵਰਤੋਂ ਕਰਨ ਦੇ ਡਰਾਈਵਰ ਵੀ ਤੁਸੀਂ ਖ਼ੁਦ ਹੀ ਹੋ ਤੇ ਹਮੇਸ਼ਾਂ ਰਹਿਣਾ ਵੀ ਚਾਹੀਦਾ ਹੈ।
ਕਈ ਵਾਰ ਏਆਈ ਪ੍ਰੋਗਰਾਮ ਕੁਝ ਅਜਿਹਾ ਉੱਤਰ ਦਿੰਦਾ ਹੈ ਜੋ ਸਹੀ ਲੱਗਦਾ ਹੈ, ਪਰ ਸਹੀ ਨਹੀਂ ਹੁੰਦਾ, ਜਿਸ ਨੂੰ ਏਆਈ ਭਰਮ (Hallucinations) ਕਿਹਾ ਜਾਂਦਾ ਹੈ। ਇਹ ਜਾਣਬੁੱਝ ਕੇ ਝੂਠ ਨਹੀਂ ਬੋਲ ਰਿਹਾ ਹੁੰਦਾ, ਇਹ ਸਿਰਫ਼ ਅਗਲੇ ਸ਼ਬਦ ਦਾ ਅਨੁਮਾਨ ਲਗਾਉਂਦਾ ਹੈ ਅਤੇ ਕਈ ਵਾਰ ਇਹ ਗ਼ਲਤ ਅਨੁਮਾਨ ਲਗਾ ਦਿੰਦਾ ਹੈ। ਇਸ ਲਈ ਸਾਨੂੰ ਕਿਸੇ ਹੈਰਾਨੀਜਨਕ ਜਾਂ ਅਣਜਾਣ ਲੱਗਣ ਵਾਲੇ ਉੱਤਰ ਦੀ ਦੋ ਵਾਰ ਜਾਂਚ ਕਰਨੀ ਚਾਹੀਦੀ ਹੈ। ਚੈਟਜੀਪੀਟੀ ਵਰਗੇ ਮਾਡਲ ਨੂੰ ਸਿਖਲਾਈ ਦੇਣ ਲਈ ਬਹੁਤ ਸਾਰਾ ਡੇਟਾ ਅਤੇ ਸ਼ਕਤੀਸ਼ਾਲੀ ਕੰਪਿਊਟਰ ਵਰਤੇ ਜਾਂਦੇ ਹਨ ਜੋ ਕਿ ਲੱਖਾਂ-ਕਰੋੜਾਂ ਕਿਲੋਵਾਟ ਬਿਜਲੀ ਦੀ ਖਪਤ ਕਰਦੇ ਹਨ। ਸੋਚਣ ਵਾਲੀ ਗੱਲ ਹੈ ਕਿ ਇਹ ਬਿਜਲੀ ਕਿੱਥੋਂ ਆਉਂਦੀ ਹੈ। ਕਈ ਕੰਪਨੀਆਂ ਤਾਂ ਆਪਣੀ ਬਿਜਲਈ ਊਰਜਾ ਪੈਦਾ ਕਰਨ ਲੱਗ ਪਈਆਂ ਹਨ।
ਆਪਣੇ ਰੋਜ਼ਾਨਾ ਦੇ ਜੀਵਨ ਨੂੰ ਹੋਰ ਉਪਯੋਗੀ ਬਣਾਉਣ ਲਈ ਅਸੀਂ ਚੈਟ ਜੀਪੀਟੀ ਵਰਗੇ ਬਣਾਉਟੀ ਬੁੱਧੀ ਪ੍ਰੋਗਰਾਮਾਂ ਦੀ ਵਰਤੋਂ ਇਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹਾਂ;
1. ਸਿੱਖਣਾ ਅਤੇ ਸਿੱਖਿਆ: ਔਖੇ ਵਿਸ਼ਿਆਂ ਨੂੰ ਸਰਲ ਸ਼ਬਦਾਂ ਵਿੱਚ ਸਮਝਾਉਣਾ, ਈ-ਮੇਲ ’ਤੇ ਲੰਬੇ ਲੇਖਾਂ ਦਾ ਸਾਰ ਦੇਣਾ, ਭਾਸ਼ਾਵਾਂ ਦਾ ਅਭਿਆਸ ਕਰਨਾ, ਪ੍ਰਸ਼ਨੋਤਰੀ ਤਿਆਰ ਕਰਨਾ ਆਦਿ। ਜਿਵੇਂ ਕਿ ‘ਪ੍ਰਕਾਸ਼ ਸੰਸ਼ਲੇਸ਼ਣ ਨੂੰ ਇੱਕ 10 ਸਾਲ ਦੇ ਬੱਚੇ ਨੂੰ ਕਿਵੇਂ ਸਮਝਾਇਆ ਜਾਵੇ?’
2. ਲਿਖਣਾ ਅਤੇ ਸੰਚਾਰ: ਕੋਈ ਰਿਪੋਰਟ, ਲੇਖ ਜਾਂ ਈਮੇਲ ਨੂੰ ਪੇਸ਼ੇਵਰ ਢੰਗ ਨਾਲ ਲਿਖਣ ਲਈ, ਵਿਆਕਰਨ ਵਿੱਚ ਸੁਧਾਰ ਕਰਨ ਲਈ। ਉਦਾਹਰਣ ਦੇ ਤੌਰ ’ਤੇ ‘ਇਸ ਈਮੇਲ ਨੂੰ ਹੋਰ ਨਿਮਰ ਬਣਾਓ।’
3. ਕੰਮ ਅਤੇ ਰਚਨਾਤਮਕਤਾ: ਆਪਣੇ ਕੰਮ ਵਿੱਚ ਤੁਸੀਂ ਵਿਚਾਰਾਂ ’ਤੇ ਵਿਚਾਰ-ਵਟਾਂਦਰਾ ਕਰਨਾ, ਕਿਸੇ ਚੀਜ਼ ਦੀ ਰੂਪਰੇਖਾ, ਡਰਾਫਟ ਰਿਪੋਰਟ, ਚਿੱਤਰ, ਮੀਟਿੰਗ ਦੇ ਨੋਟ ਜਾਂ ਸਾਰ ਤਿਆਰ ਕਰਨ ਲਈ, ਕੰਪਿਊਟਰ ਪ੍ਰੋਗਰਾਮ/ਕੋਡ ਲਿਖਣ ਲਈ, ਪਾਵਰ ਪੁਆਇੰਟ ਪ੍ਰਸਤੂਤੀਆਂ (Presentations) ਬਣਾਉਣ ਲਈ ਆਦਿ ਵਰਤ ਸਕਦੇ ਹੋ। ਜਿਵੇਂ ਕਿ ‘ਤਿਮਾਹੀ ਵਿੱਕਰੀ ’ਤੇ ਇੱਕ ਪੰਨੇ ਦੀ ਸੰਖੇਪ ਰਿਪੋਰਟ ਬਣਾਓ। ਮੁਨਾਫ਼ਾ, ਰੁਝਾਨ ਅਤੇ ਸੁਧਾਰ ਲਈ ਸਲਾਹ ਵੀ ਦਿਓ।’
4. ਰਚਨਾਤਮਕਤਾ: ਲੇਖਕ ਤੇ ਕਲਾਕਾਰ ਇਸ ਨੂੰ ਕੋਈ ਕਹਾਣੀ ਕਵਿਤਾ ਜਾਂ ਗੀਤ ਦੇ ਬੋਲ ਲਿਖਣ, ਪਾਤਰ ਤੇ ਚਰਿੱਤਰ ਵਿਕਾਸ, ਮਾਰਕੀਟਿੰਗ ਕਰਨ ਆਦਿ ਲਈ ਵਰਤ ਸਕਦੇ ਹਨ। ਇਹ ਇੱਕ ਰਚਨਾਤਮਕ ਸਾਥੀ ਵਾਂਗ ਹੈ ਜੋ ਤੁਹਾਨੂੰ ਪ੍ਰੇਰਣਾ ਦੇ ਸਕਦਾ ਹੈ ਤੇ ਲੇਖਕ ਦੀਆਂ ਸੋਚਾਂ ਦੀ ਰੁਕਾਵਟ (Writer’s Block) ਤੋੜਨ ਵਿੱਚ ਮਦਦ ਕਰ ਸਕਦਾ ਹੈ। ਉਦਾਹਰਣ ਦੇ ਤੌਰ ’ਤੇ ‘ਨੌਜਵਾਨ ਪੇਸ਼ੇਵਰਾਂ ਨੂੰ ਮੁੱਖ ਰੱਖਦੇ ਹੋਏ, ਇੱਕ ਵਧੀਆ ਕੌਫ਼ੀ ਬ੍ਰਾਂਡ ਦੀ ਮਸ਼ਹੂਰੀ ਵਾਸਤੇ 5 ਮਨਮੋਹਣੇ ਗੀਤ ਲਿਖੋ।’
5. ਸਮੱਸਿਆ ਹੱਲ ਕਰਨਾ: ਤੁਸੀਂ ਇਸ ਨੂੰ ਵਿਕਲਪਾਂ ਦੀ ਤੁਲਨਾ, ਫਾਇਦੇ ਅਤੇ ਨੁਕਸਾਨ ਦਾ ਵਿਸ਼ਲੇਸ਼ਣ ਕਰਨ ਲਈ, ਯੋਜਨਾਵਾਂ ਸੁਝਾਉਣ ਲਈ ਕਹਿ ਸਕਦੇ ਹੋ। ਜਿਵੇਂ ਕਿ ‘ਮੈਨੂੰ 3 ਮਹੀਨੇ ਦੀ ਕਸਰਤ ਕਰਨ ਦੀ ਯੋਜਨਾ ਬਣਾਉਣ ਵਿੱਚ ਮਦਦ ਕਰੋ।’
6. ਰੋਜ਼ਾਨਾ ਜ਼ਿੰਦਗੀ: ਲੋਕ ਇਸ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਭੋਜਨ, ਯਾਤਰਾ ਯੋਜਨਾਬੰਦੀ, ਬਜਟ, ਇੰਟਰਵਿਊ ਦੀ ਤਿਆਰੀ, ਗੱਲਬਾਤ ਕਰਨ ਦਾ ਅਭਿਆਸ, ਤਸਵੀਰਾਂ ਤਿਆਰ ਕਰਨ ਆਦਿ ਲਈ ਵੀ ਵਰਤ ਸਕਦੇ ਹਨ। ਉਦਾਹਰਣ: ‘10,000 ਪ੍ਰਤੀ ਮਹੀਨਾ ਕਮਾਉਣ ਵਾਲੇ ਵਿਅਕਤੀ ਲਈ ਮਹੀਨਾਵਾਰ ਬਜਟ ਯੋਜਨਾ ਬਣਾਉਣ ਵਿੱਚ ਮੇਰੀ ਮਦਦ ਕਰੋ ਜਿਸ ਦਾ ਖਰਚਾ 2,500 ਮਕਾਨ ਦਾ ਕਿਰਾਇਆ ਅਤੇ 1500 ਕਾਰ ਦੇ ਕਰਜ਼ੇ ਦੀ ਕਿਸ਼ਤ, 3000 ਰਾਸ਼ਨ-ਪਾਣੀ ਆਦਿ ਹੈ।’
ਏਆਈ ਤੋਂ ਕੋਈ ਵੀ ਪ੍ਰਸ਼ਨ ਪੁੱਛਣ ਜਾਂ ਕੰਮ ਕਰਵਾਉਣ ਨੂੰ ਪ੍ਰੋਂਪਟ ਲਿਖਣਾ ਜਾਂ ਪ੍ਰੋਂਪਟ ਇੰਜੀਨੀਅਰਿੰਗ ਕਹਿੰਦੇ ਹਨ। ਪ੍ਰੋਂਪਟ ਲਿਖਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ;
ਉਦੇਸ਼ ਜਾਂ ਕਾਰਜ: ਸਭ ਤੋਂ ਪਹਿਲਾਂ ਇਹ ਸੋਚੋ ਕਿ ਤੁਹਾਡਾ ਪ੍ਰਸ਼ਨ ਪੁੱਛਣ ਦਾ ਉਦੇਸ਼ ਕੀ ਹੈ ਤੇ ਉਸ ਨੂੰ ਸਪੱਸ਼ਟ ਰੂਪ ਵਿੱਚ ਲਿਖੋ। ਜਿਵੇਂ ਕਿ ‘ਆਲਮੀ ਤਪਿਸ਼ ਦੀ ਵਿਆਖਿਆ ਕਰੋ’, ‘ਇਸ ਦਸਤਾਵੇਜ਼ ਦਾ ਸਾਰ ਦਿਓ’, ‘ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰੋ’ ਆਦਿ।
ਸੰਦਰਭ: ਏਆਈ ਉਦੋਂ ਵਧੀਆ ਜਵਾਬ ਦਿੰਦੀ ਹੈ ਜਦੋਂ ਉਸ ਨੂੰ ਸਹੀ ਸੰਦਰਭ ਦਿੱਤਾ ਜਾਂਦਾ ਹੈ ਤੇ ਸਥਿਤੀ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ। ਇਸ ਵਿੱਚ ਇਹ ਕਿਸ ਲਈ ਹੈ, ਤੁਹਾਨੂੰ ਇਸ ਦੀ ਲੋੜ ਕਿਉਂ ਹੈ, ਸਬੰਧਿਤ ਪਿਛੋਕੜ, ਤੁਹਾਡੀ ਭੂਮਿਕਾ ਆਦਿ ਸ਼ਾਮਲ ਹਨ। ਉਦਾਹਰਣ: ‘ਮੈਂ ਇੱਕ ਛੋਟੇ ਕਾਰੋਬਾਰ ਦਾ ਮਾਲਕ ਹਾਂ ਤੇ ਇੱਕ ਨਵੀਂ ਬੇਕਰੀ ਸ਼ੁਰੂ ਕਰ ਰਿਹਾ ਹੈ। ਉਸ ਵਾਸਤੇ ਫੇਸਬੂਕ ਤੇ ਇੰਸਟਾਗ੍ਰਾਮ ’ਤੇ ਪਾਉਣ ਲਈ ਇੱਕ ਦੋਸਤਾਨਾ ਪੋਸਟ ਲਿਖੋ।’
ਢਾਂਚਾ: ਤੁਸੀਂ ਉੱਤਰ ਲਈ ਕਿਸ ਤਰ੍ਹਾਂ ਦਾ ਢਾਂਚਾ (Format) ਚਾਹੁੰਦੇ ਹੋ, ਜਿਵੇਂ ਕਿ ਗ਼ੈਰ-ਤਕਨੀਕੀ ਸ਼ਬਦਾਂ ਦੀ ਵਰਤੋਂ ਕਰਨਾ, ਬੁਲੇਟ ਪੁਆਇੰਟ, ਸਾਰਣੀ, ਛੋਟਾ ਪੈਰਾ ਜਾਂ ਰਿਪੋਰਟ, 500 ਸ਼ਬਦਾਂ ਦੀ ਗਿਣਤੀ ਆਦਿ।
ਜੇ ਤੁਹਾਨੂੰ ਤਸੱਲੀਬਖ਼ਸ਼ ਉੱਤਰ ਨਹੀਂ ਮਿਲਦਾ ਤਾਂ ਦੁਬਾਰਾ ਸਵਾਲ ਤੇ ਸਬੂਤ ਪੁੱਛੋ ਜਾਂ ਕੋਈ ਹੋਰ ਤਰੀਕਾ ਅਪਣਾਓ, ਪਰ ਹਮੇਸ਼ਾਂ ਯਾਦ ਰੱਖੋ ਕਿ ਏਆਈ ਦੇ ਉੱਤਰ ਜਾਂ ਸਲਾਹ ਨੂੰ ਲਾਗੂ ਕਰਨ ਤੋਂ ਪਹਿਲਾਂ ਉਸ ਦੀ ਸਮੀਖਿਆ ਕਰੋ ਅਤੇ ਪ੍ਰਮਾਣ ਚੈੱਕ ਕਰੋ ਕਿਉਂਕਿ ਅੰਤਿਮ ਨਤੀਜੇ ਲਈ ਤੁਸੀਂ ਹੀ ਜ਼ਿੰਮੇਵਾਰ ਹੋ। ਏਆਈ ਦੀ ਵਰਤੋਂ ਕਰਕੇ ਜੋ ਕੁਝ ਵੀ ਤੁਸੀਂ ਬਣਾਉਂਦੇ ਹੋ ਉਸ ਦੇ ਹੱਕ (ਕਾਪੀਰਾਈਟ) ਵੀ ਤੁਹਾਡੇ ਹੀ ਹਨ।
ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਏਆਈ ਨੂੰ ਕਿਸੇ ਬਿਮਾਰੀ ਦੀ ਪਛਾਣ ਕਰਨ ਲਈ, ਡਾਕਟਰੀ ਇਲਾਜ, ਕਾਨੂੰਨੀ ਫੈਸਲੇ, ਵਿੱਤੀ ਨਿਵੇਸ਼ ਦੇ ਫੈਸਲੇ ਆਦਿ ਲਈ ਨਹੀਂ ਵਰਤਣਾ ਚਾਹੀਦਾ। ਏਆਈ ਤੁਹਾਡਾ ਇੱਕ ਪ੍ਰਭਾਵਸ਼ਾਲੀ ਸਹਾਇਕ ਹੈ- ਕਿਸੇ ਵਿਸ਼ੇ ’ਤੇ ਕੋਈ ਅੰਤਿਮ ਅਧਿਕਾਰ ਜਾਂ ਮਾਹਰ ਦਾ ਬਦਲ ਨਹੀਂ। ਕੋਈ ਜਾਦੂ ਜਾਂ ਸਭ ਬਿਮਾਰੀਆਂ ਦਾ ਇਲਾਜ ਤਾਂ ਬਿਲਕੁਲ ਵੀ ਨਹੀਂ।
ਚੈਟ ਜੀਪੀਟੀ ਜਾਂ ਕਿਸੇ ਹੋਰ ਏਆਈ ਪ੍ਰੋਗਰਾਮ ਨਾਲ ਕਦੇ ਵੀ ਆਪਣੀ ਨਿੱਜੀ ਤੇ ਗੁਪਤ ਜਾਣਕਾਰੀ (ਜਿਵੇਂ ਕਿ ਜਨਮ ਮਿਤੀ, ਪਾਸਵਰਡ ਆਦਿ) ਸਾਂਝੀ ਨਾ ਕਰੋ। ਖ਼ਾਸ ਤੌਰ ’ਤੇ ਬੱਚਿਆਂ ਨੂੰ ਏਆਈ ਪ੍ਰੋਗਰਾਮ ਨਹੀਂ ਵਰਤਣ ਦੇਣੇ ਚਾਹੀਦੇ। ਚੈਟ ਜੀਪੀਟੀ ਵਰਤਣ ਲਈ ਖਾਸ ਤੌਰ ’ਤੇ ਘੱਟੋ-ਘੱਟ ਉਮਰ 13 ਸਾਲ ਹੈ, ਪਰ 13-17 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਾਪਿਆਂ ਦੀ ਇਜਾਜ਼ਤ ਨਾਲ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਏਆਈ ਪ੍ਰੋਗਰਾਮ ਗ਼ਲਤੀਆਂ ਕਰ ਸਕਦਾ ਹੈ ਤੇ ਉਸ ਦੁਆਰਾ ਦੱਸੀ ਗਈ ਹਰ ਗੱਲ ਸੱਚ ਨਹੀਂ ਹੁੰਦੀ। ਸਾਨੂੰ ਸਮਝਣ ਦੀ ਲੋੜ ਹੈ ਕਿ ਏਆਈ ਪ੍ਰੋਗਰਾਮ ਕਈ ਵਾਰ ਮਨਘੜਤ ਗੱਲਾਂ ਬਣਾਉਂਦਾ ਹੈ, ਇਹ ਮਨੁੱਖੀ ਦੋਸਤ ਦਾ ਬਦਲ ਨਹੀਂ ਹੈ, ਇਹ ਅਧਿਆਪਕਾਂ ਜਾਂ ਮਾਪਿਆਂ ਦੀ ਥਾਂ ਨਹੀਂ ਲੈਂਦਾ। ਬੱਚਿਆਂ ਲਈ ਏਆਈ ਦੀ ਵਰਤੋਂ ਕਰਨ ਦਾ ਸਿਹਤਮੰਦ ਤਰੀਕਾ ਇਹ ਹੈ ਕਿ ਉਹ ਇਸ ਨੂੰ ਘਰ ਦੇ ਕੰਮ (ਹੋਮਵਰਕ) ਦੇ ਸੰਕਲਪਾਂ ਨੂੰ ਸਮਝਾਉਣ ਲਈ, ਵਿਚਾਰ ਕਰਨ ਜਾਂ ਲਿਖਣ ਦਾ ਅਭਿਆਸ ਕਰਨ ਲਈ ਵਰਤਣ ਨਾ ਕਿ ਜਵਾਬਾਂ ਦੀ ਅੰਨ੍ਹੇਵਾਹ ਨਕਲ ਕਰਨ ਲਈ।
ਇੱਥੇ ਨੈਤਿਕਤਾ ਅਤੇ ਪੱਖਪਾਤ ਬਾਰੇ ਗੱਲ ਕਰਨਾ ਤੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਏਆਈ ਮਾਡਲ ਅਕਸਰ ਉਸੇ ਪੱਖਪਾਤ (Bias) ਨੂੰ ਦਰਸਾਉਂਦੇ ਹਨ ਜੋ ਉਨ੍ਹਾਂ ਨੂੰ ਸਿਖਲਾਈ ਦੇਣ ਲਈ ਵਰਤੇ ਗਏ ਡੇਟਾ ਵਿੱਚ ਮੌਜੂਦ ਹੁੰਦਾ ਹੈ। ਏਆਈ ਮਾਡਲ ਆਪਣੇ ਸਿਖਲਾਈ ਡੇਟਾ ਵਿੱਚੋਂ ਨਮੂਨੇ ਸਿੱਖਦੇ ਹਨ। ਜੇਕਰ ਡੇਟਾ ਵਿੱਚ ਸਮਾਜਿਕ ਜਾਂ ਇਤਿਹਾਸਕ ਪੱਖਪਾਤ (ਜਿਵੇਂ ਕਿ ਲਿੰਗ, ਨਸਲ ਜਾਂ ਖੇਤਰ-ਆਧਾਰਿਤ) ਮੌਜੂਦ ਹੈ, ਤਾਂ ਏਆਈ ਵੀ ਉਸੇ ਤਰ੍ਹਾਂ ਦੇ ਪੱਖਪਾਤੀ ਨਤੀਜੇ ਦੇ ਸਕਦਾ ਹੈ। ਇਸ ਲਈ ਏਆਈ ਨੂੰ ਡੇਟਾ ਫੀਡ ਕਰਨ ਤੋਂ ਪਹਿਲਾਂ ਉਸ ਡੇਟਾ ਨੂੰ ਛਾਂਟਣਾ ਤੇ ਏਆਈ ਦੇ ਉੱਤਰਾਂ ਦੀ ਆਲੋਚਨਾਤਮਕ ਸਮੀਖਿਆ ਕਰਨਾ ਅਤਿ ਜ਼ਰੂਰੀ ਹੈ, ਖ਼ਾਸਕਰ ਜਦੋਂ ਏਆਈ ਦੀ ਵਰਤੋਂ ਮਹੱਤਵਪੂਰਨ ਫੈਸਲਿਆਂ (ਜਿਵੇਂ ਕਿ ਕਿਸੇ ਨੂੰ ਨੌਕਰੀ ’ਤੇ ਰੱਖਣਾ ਜਾਂ ਕਰਜ਼ਾ ਦੇਣਾ) ਲਈ ਕੀਤੀ ਜਾਂਦੀ ਹੈ।
ਅਸੀਂ ਕੰਪਿਊਟਰ ਸਾਇੰਸ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨੀਕ ਦਾ ਦੌਰ ਦੇਖ ਰਹੇ ਹਾਂ। ਪਹਿਲਾਂ ਭਾਸ਼ਾ, ਆਵਾਜ਼ ਤੇ ਵੀਡੀਓ ਲਈ ਅਲੱਗ-ਅਲੱਗ ਮਾਡਲ ਸਨ, ਪਰ ਹੁਣ ਮਲਟੀਮਾਡਲ ਆ ਗਏ ਹਨ ਜੋ ਇਹ ਸਭ ਕੁਝ ਕਰ ਸਕਦੇ ਹਨ। ਜਿਨ੍ਹਾਂ ਦੀ ਵਰਤੋਂ ਇੰਸ਼ੋਰੈਂਸ ਕਲੇਮ, ਐਕਸਰੇ, ਫੋਨ ਤੇ ਗਾਹਕਾਂ ਦੀਆਂ ਭਾਵਨਾਵਾਂ ਚੈੱਕ ਕਰਨ ਲਈ, ਕੰਪਿਊਟਰ ਕੋਡਿੰਗ, ਸਟਾਕ ਮਾਰਕੀਟ ਸਹਾਇਕ ਆਦਿ ਲਈ ਹੋ ਰਹੀ ਹੈ। ਪਰ ਦਾਰਸ਼ਨਿਕ ਸੰਕਲਪ ‘ਜਾਰ ਵਿੱਚ ਬੰਦ ਦਿਮਾਗ’ ਜਾਂ ‘ਖੂਹ ਦੇ ਡੱਡੂ’ ਦੇ ਵਾਂਗ ਅਜੇ ਇਹ ਮਾਡਲ ਇੱਕ-ਤਰਫ਼ਾ ਜਾਂ ਸੁਸਤ (Passive) ਹਨ - ਭਾਵ ਇਹ ਉਦੋਂ ਹੀ ਉੱਤਰ ਦੇ ਸਕਦੇ ਹਨ ਜਦੋਂ ਇਨ੍ਹਾਂ ਨੂੰ ਕੋਈ ਸਵਾਲ ਕੀਤਾ ਜਾਵੇ। ਉਨ੍ਹਾਂ ਤੋਂ ਸਰਗਰਮ ਮਦਦ ਲੈਣ ਲਈ, ਸਾਨੂੰ ਉਨ੍ਹਾਂ ਨੂੰ ਏਜੰਟਾਂ ਵਿੱਚ ਬਦਲਣਾ ਪਵੇਗਾ ਜਿਸ ਨੂੰ ਏਜੰਟਿਕ ਏਆਈ ਕਿਹਾ ਜਾਂਦਾ ਹੈ। ਏ.ਆਈ. ਏਜੰਟ ਇੱਕ ਖੁਦਮੁਖਤਿਆਰ ਪ੍ਰੋਗਰਾਮ (Bot) ਹਨ ਜੋ ਇੱਕ ਬਹੁਤ ਵਧੀਆ ਸਹਾਇਕ ਵਾਂਗ, ਬਿਨਾਂ ਕਿਸੇ ਨਿਗਰਾਨੀ ਦੇ ਤੁਹਾਡੇ ਲਈ ਕੰਮ ਕਰ ਸਕਦੇ ਹਨ। ਉਹ ਤੁਹਾਡੀ ਤਰਫੋਂ ਕਿਸੇ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ ਤੇ ਮੀਟਿੰਗ ਨੋਟ ਤਿਆਰ ਕਰ ਸਕਦੇ ਹਨ, ਟਿਕਟ ਬੁਕਿੰਗ, ਰੈਸਟੋਰੈਂਟ ਦੀ ਰਿਜ਼ਰਵੇਸ਼ਨ ਆਦਿ ਕਰ ਸਕਦੇ ਹਨ। ਮਜ਼ੇਦਾਰ ਗੱਲ ਹੈ ਕਿ ਹੁਣ ਏਆਈ ਏਜੰਟਾਂ ਦਾ ਵੀ ਆਪਣਾ ਸੋਸ਼ਲ ਨੈੱਟਵਰਕ ਬਣ ਚੁੱਕਾ ਹੈ ਜਿਸ ਨੂੰ ਕਿ ਮੋਲਟਬੁੱਕ ਕਹਿੰਦੇ ਹਨ, ਜਿੱਥੇ ਏਆਈ ਏਜੰਟ ਆਪਸ ਵਿੱਚ ਗੱਲਬਾਤ ਕਰਦੇ ਹਨ ਅਤੇ ਉਸ ਵਿੱਚ ਮਨੁੱਖਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ!
ਹਾਲੇ ਅੱਜ-ਕੱਲ੍ਹ ਦੀ ਏਆਈ ਸੀਮਤ (Artificial Narrow Intelligence) ਤੇ ਕਮਜ਼ੋਰ ਹੈ ਜੋ ਕਿ ਕੋਈ ਇੱਕ ਖ਼ਾਸ ਕਾਰਜ ਕਰ ਸਕਦੀ ਹੈ, ਪਰ ਭਵਿੱਖ ਵਿੱਚ ਅਜਿਹੀ ਬਣਾਉਟੀ ਸਾਧਾਰਨ ਬੁੱਧੀ (Artificial General Intelligence) ਵਿਕਸਤ ਹੋ ਜਾਵੇਗੀ ਜੋ ਕਿ ਮਨੁੱਖਾਂ ਦੇ ਬਰਾਬਰ ਤਰਕ ਤੇ ਆਪਣਾ ਗਿਆਨ ਵੱਖ-ਵੱਖ ਖੇਤਰਾਂ ਵਿੱਚ ਲਾਗੂ ਕਰ ਸਕੇਗੀ, ਉਹ ਏਆਈ ਬਹੁਤ ਸ਼ਕਤੀਸ਼ਾਲੀ ਹੋਵੇਗੀ। ਉਸ ਤੋਂ ਬਾਅਦ ਬਣਾਉਟੀ ਮਹਾਂ ਬੁੱਧੀ (Artificial Superintelligence) ਆਵੇਗੀ ਜੋ ਕਿ ਮਨੁੱਖਾਂ ਤੋਂ ਵੀ ਅੱਗੇ ਲੰਘ ਜਾਵੇਗੀ ਤੇ ਸਾਰੇ ਖੇਤਰਾਂ ਵਿੱਚ ਮਨੁੱਖੀ ਬੁੱਧੀ ਨੂੰ ਪਛਾੜ ਦੇਵੇਗੀ, ਸੰਭਾਵਤ ਤੌਰ ’ਤੇ ਆਪਣੇ ਆਪ ਨੂੰ ਸੁਧਾਰ ਸਕੇਗੀ ਤੇ ਮਨੁੱਖੀ ਸਮਰੱਥਾ ਤੋਂ ਪਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇਗੀ। ਏਆਈ ਨੂੰ ਨਿਯਮਤ ਕਰਨ ਦੇ ਸਬੰਧ ਵਿੱਚ ਪ੍ਰਸਿੱਧ ਵਿਗਿਆਨਕ ਸਟੀਫਨ ਹਾਕਿੰਗ ਨੇ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਭਵਿੱਖ ਵਿੱਚ ਏਆਈ ਆਪਣੀਆਂ ਇੱਛਾਵਾਂ ਵਿਕਸਤ ਕਰ ਸਕਦੀ ਹੈ ਤੇ ਮਨਮਰਜ਼ੀ ਕਰ ਸਕਦੀ ਹੈ, ਜੋ ਸਾਡੀਆਂ ਇੱਛਾਵਾਂ ਦੇ ਵਿਰੁੱਧ ਹੋ ਸਕਦੀਆਂ ਹਨ। ਹੁਣ ਸੰਸਾਰ ਦੇ ਦੇਸ਼ਾਂ ਲਈ ਏਆਈ ਤਕਨਾਲੋਜੀ ਵਿੱਚ ਤਰੱਕੀ ਕਰਨਾ ਤੇ ਇਸ ਨੂੰ ਕੰਟਰੋਲ ਕਰਕੇ ਬਾਕੀਆਂ ਤੋਂ ਅੱਗੇ ਲੰਘਣਾ ਹਥਿਆਰਾਂ ਦੀ ਦੌੜ ਵਾਂਗ ਹੈ ਜੋ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕਣੀ ਚਾਹੀਦੀ ਹੈ, ਕਿਉਂਕਿ ਉਸ ਜੰਗ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਜੋ ਏਆਈ ਦੇ ਕਰਕੇ ਜਾਂ ਉਸ ਨੂੰ ਕੰਟਰੋਲ ਕਰਨ ਲਈ ਹੋ ਸਕਦੀ ਹੈ! ਬਣਾਉਟੀ ਮਹਾਂ ਸਿਆਣਪ ਮਨੁੱਖਤਾ ਲਈ ਸਭ ਤੋਂ ਵਧੀਆ ਜਾਂ ਖਤਰਨਾਕ ਚੀਜ਼ ਹੋ ਸਕਦੀ ਹੈ। ਕਿਉਂਕਿ ਮਹਾਂ ਸਿਆਣਪ ਏਆਈ ਆਪਣੇ ਮੰਤਵ ਪੂਰੇ ਕਰਨ ਵਿੱਚ ਬਹੁਤ ਹੀ ਨਿਪੁੰਨ ਹੋਵੇਗੀ ਅਤੇ ਜੇ ਉਸ ਦੇ ਤੇ ਸਾਡੇ ਮੰਤਵ ਮੇਲ ਨਾ ਖਾਂਦੇ ਹੋਏ ਤਾਂ ਅਸੀਂ ਮੁਸੀਬਤ ਵਿੱਚ ਫਸ ਸਕਦੇ ਹਾਂ। ਮੂਰ ਦੇ ਨਿਯਮ ਅਨੁਸਾਰ ਹਰ 18-ਮਹੀਨੇ ਬਾਅਦ ਕੰਪਿਊਟਰ ਦੀ ਸਮਰੱਥਾ ਤੇ ਗਤੀ ਦੁੱਗਣੀ ਹੋ ਸਕਦੇ ਹਨ ਤੇ ਜੇ ਮੂਰ ਦਾ ਨਿਯਮ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਸ ਸਦੀ ਵਿੱਚ ਬਣਾਉਟੀ ਬੁੱਧੀ ਮਨੁੱਖੀ ਬੁੱਧੀ ਤੋਂ ਅੱਗੇ ਨਿਕਲ ਸਕਦੀ ਹੈ।
ਅੰਤ ਵਿੱਚ ਬਣਾਉਟੀ ਬੁੱਧੀ ਸਿਰਫ਼ ਇੱਕ ਤਕਨੀਕੀ ਕਾਢ ਨਹੀਂ, ਸਗੋਂ ਮਨੁੱਖੀ ਸਮਰੱਥਾ ਨੂੰ ਵਧਾਉਣ ਵਾਲਾ ਇੱਕ ਸ਼ਕਤੀਸ਼ਾਲੀ ਔਜ਼ਾਰ ਹੈ। ਜਿਵੇਂ ਕਿ ਸਟੀਫਨ ਹਾਕਿੰਗ ਕਹਿੰਦਾ ਹੈ ਕਿ ਏਆਈ ਦੀ ਸ਼ਕਤੀ ਅਨੰਤ ਹੈ, ਪਰ ਇਸ ਦੀ ਸਫਲਤਾ ਪੂਰੀ ਤਰ੍ਹਾਂ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਇਸ ਨੂੰ ਕਿਵੇਂ ਸੇਧ ਦਿੰਦੇ ਹਾਂ ਅਤੇ ਕਿਸ ਨੈਤਿਕ ਜ਼ਿੰਮੇਵਾਰੀ ਨਾਲ ਵਰਤਦੇ ਹਾਂ। ਇਹ ਹਰ ਰੋਜ਼ ਸਾਡੇ ਕੰਮ ਕਰਨ, ਸਿੱਖਣ ਅਤੇ ਸੋਚਣ ਦੇ ਢੰਗ ਨੂੰ ਬਦਲ ਰਹੀ ਹੈ। ਸਾਨੂੰ ਇਸ ਇਨਕਲਾਬੀ ਤਕਨਾਲੋਜੀ ਨੂੰ ਸਮਝ ਕੇ ਤੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਇਸ ਤੋਂ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਮਾਨਵਤਾ ਦੇ ਭਲੇ ਲਈ ਵਰਤਣਾ ਚਾਹੀਦਾ ਹੈ।
ਸੰਪਰਕ: +1-508-243-8846

