DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕੰਮ ਬੋਲਦੈ...ਮੇਰੇ ਅਧਿਆਪਨ ਦੇ ਸੁਨਹਿਰੀ ਦਿਨ

ਜ਼ਿੰਦਗੀ ਦਾ ਕੋਈ ਨਿਸ਼ਾਨਾ ਨਾ ਮਿੱਥਿਆ ਹੋਣ ਕਰਕੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਦੁਚਿੱਤੀ ਵਿੱਚ ਸਾਂ ਕਿ ਹੁਣ ਆਉਣ ਵਾਲੀ ਜ਼ਿੰਦਗੀ ਲਈ ਕਿਹੜਾ ਰਾਹ ਚੁਣਿਆ ਜਾਵੇ। ਇਸੇ ਜੱਕੋਤੱਕੀ ਵਿੱਚ ਅਰਥਸ਼ਾਸਤਰ ਦੀ ਮਾਸਟਰ ਡਿਗਰੀ ਵਿੱਚ ਦਾਖਲਾ ਲੈਣ ਹਿੱਤ ਆਪਣੇ ਇਲਾਕੇ ਦੇ ਇੱਕ...

  • fb
  • twitter
  • whatsapp
  • whatsapp
Advertisement

ਜ਼ਿੰਦਗੀ ਦਾ ਕੋਈ ਨਿਸ਼ਾਨਾ ਨਾ ਮਿੱਥਿਆ ਹੋਣ ਕਰਕੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਦੁਚਿੱਤੀ ਵਿੱਚ ਸਾਂ ਕਿ ਹੁਣ ਆਉਣ ਵਾਲੀ ਜ਼ਿੰਦਗੀ ਲਈ ਕਿਹੜਾ ਰਾਹ ਚੁਣਿਆ ਜਾਵੇ। ਇਸੇ ਜੱਕੋਤੱਕੀ ਵਿੱਚ ਅਰਥਸ਼ਾਸਤਰ ਦੀ ਮਾਸਟਰ ਡਿਗਰੀ ਵਿੱਚ ਦਾਖਲਾ ਲੈਣ ਹਿੱਤ ਆਪਣੇ ਇਲਾਕੇ ਦੇ ਇੱਕ ਨਾਮਵਰ ਕਾਲਜ ਵਿੱਚ ਗਿਆ। ਉਸ ਕਾਲਜ ਵਿੱਚ ਕਰੀਬ ਕਰੀਬ ਦਾਖਲਾ ਮਿਲ ਹੀ ਗਿਆ ਸੀ, ਪਰ ਇਸ ਕਾਲਜ ਦੇ ਇੱਕ ਸੀਨੀਅਰ ਕਲਰਕ ਨੇ ਸਲਾਹ ਦਿੱਤੀ ਕਿ ਇਸ ਮਾਸਟਰ ਡਿਗਰੀ ਕਰਨ ਤੋਂ ਪਹਿਲਾਂ ਪ੍ਰੋਫੈਸ਼ਨਲ ਡਿਗਰੀ (ਬੀ.ਐੱਡ) ਕਰਨਾ ਕਾਫ਼ੀ ਬਿਹਤਰ ਰਹੇਗਾ।

ਪੰਜਾਬ ਦੇ ਕਾਲਜਾਂ ਵਿੱਚ ਇਸ ਪ੍ਰੋਫੈਸ਼ਨਲ ਡਿਗਰੀ ਦੇ ਦਾਖਲੇ ਲਈ ਪ੍ਰਕਿਰਿਆ ਬੰਦ ਹੋ ਚੁੱਕੀ ਸੀ ਜਿਸ ਕਰਕੇ ਸੋਪੁਰ (ਜੰਮੂ ਕਸ਼ਮੀਰ) ਮੁਸਲਿਮ ਐਜੂਕੇਸ਼ਨ ਟਰੱਸਟ ਕਾਲਜ ਵਿੱਚ ਬੀ.ਐੱਡ ਕਰਨ ਲਈ ਦਾਖਲਾ ਮਿਲ ਗਿਆ। ਇੱਥੇ ਦਾਖਲਾ ਤਾਂ ਸੌਖਾ ਹੀ ਮਿਲ ਗਿਆ ਸੀ, ਪਰ ਮੀਡੀਅਮ ਅੰਗਰੇਜ਼ੀ ਹੋਣ ਕਰਕੇ ਪਹਿਲਾਂ ਪਹਿਲਾਂ ਇਹ ਡਿਗਰੀ ਪਾਸ ਕਰਨੀ ਕਾਫ਼ੀ ਔਖੀ ਜਾਪਣ ਲੱਗੀ, ਪਰ ਕਾਲਜ ਦੇ ਵਧੀਆ ਵਿਦਿਅਕ ਮਾਹੌਲ, ਵਧੀਆ ਵਾਤਾਵਰਨ, ਜਮਾਤੀਆਂ ਦੇ ਸਹਿਯੋਗ ਅਤੇ ਮਿਹਨਤ, ਲਗਨ ਸਦਕਾ ਇਹ ਡਿਗਰੀ ਚੰਗੇ ਨੰਬਰਾਂ ਨਾਲ ਪਾਸ ਕਰ ਹੀ ਲਈ।

Advertisement

ਉਪਰੰਤ ਇੱਕ ਪ੍ਰਾਈਵੇਟ ਸਕੂਲ ਪਹੁੰਚ ਕੀਤੀ ਜਿੱਥੋਂ ਕੁਝ ਸੇਵਾ ਫਲ ਵੀ ਤੇ ਪੜ੍ਹਾਉਣ ਦਾ ਤਜਰਬਾ ਵੀ ਹਾਸਲ ਹੋਣ ਲੱਗਾ। ਇਸ ਦੇ ਨਾਲ ਨਾਲ ਵਿਦਿਆਰਥੀਆਂ ਤੋਂ ਵੀ ਕੁਝ ਨਾ ਕੁਝ ਨਵਾਂ ਸਿੱਖਣ ਦਾ ਮੌਕਾ ਮਿਲੀ ਜਾਂਦਾ। ਜੋ ਪੜ੍ਹਾਉਣ ਤਜਰਬੇ ਨੂੰ ਹੋਰ ਨਿਖਾਰਨ ਵਿੱਚ ਸਹਾਈ ਹੁੰਦਾ ਗਿਆ ਤੇ ਫਿਰ ਤਜਰਬੇ ਦੇ ਨਿਖਾਰ ਕਰਕੇ ਉਸ ਸਮੇਂ ਦਾ ਬੀ.ਐਡ ਗ੍ਰੇਡ‌ ਵਜੋਂ ਸੇਵਾ ਫਲ ਵੀ ਮਿਲਣ ਲੱਗ ਪਿਆ। ਫਿਰ ਵੀ ਸਰਕਾਰੀ ਅਧਿਆਪਕ ਬਣਨ ਦੀ ਤੀਬਰ ਇੱਛਾ ਬਰਕਰਾਰ ਸੀ। ਇਹ ਅਸਾਮੀਆਂ ਨਿਕਲਣ ਦੀ ਉਤਸੁਕਤਾ ਭਰੀ ਉਡੀਕ ਵਿੱਚ ਕਰੀਬ ਛੇ ਸਾਲ ਦਾ ਸਮਾਂ ਲੰਘ ਗਿਆ। ਇਸ ਸਮੇਂ ਦੌਰਾਨ ਵਾਧੂ ਵਿਸ਼ਾ ਗਣਿਤ ਪਾਸ ਕਰਕੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਵਿੱਚ ਹੋਰ ਵਾਧਾ ਵੀ ਕਰ ਲਿਆ ਸੀ। ਆਖਰ ਸਰਕਾਰੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਅਖ਼ਬਾਰੀ ਇਸ਼ਤਿਹਾਰ ਆ ਹੀ ਗਿਆ। ਅਪਲਾਈ ਕੀਤਾ ਇੰਟਰਵਿਊ ਹੋਣ ਦੇ ਕਰੀਬ ਦੋ ਸਾਲ ਬਾਅਦ ਸਰਕਾਰੀ ਅਧਿਆਪਕ ਬਣਨ ਦਾ ਮਾਣ ਮਿਲ ਗਿਆ, ਪਰ ਇਸ ਮਾਣ ਭਰੀ ਖੁਸ਼ੀ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦ ਇਸ ਭਰਤੀ ਵਿਰੁੱਧ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਹੋ ਗਈ ਕਿ ਇਸ਼ਤਿਹਾਰ ਵਿੱਚ ਦਰਸਾਈਆਂ ਗਈਆਂ ਅਸਾਮੀਆਂ ਦੀ ਗਿਣਤੀ ਤੋਂ ਕਈ ਗੁਣਾ ਵੱਧ ਅਧਿਆਪਕਾਂ ਦੀ ਕੀਤੀ ਗਈ ਭਰਤੀ ਗ਼ੈਰ ਕਾਨੂੰਨੀ ਹੈ। ਮਨ ਨੂੰ ਧੁੜਕੂ ਜਿਹਾ ਲੱਗ ਗਿਆ ਪਤਾ ਨਹੀਂ ਹੁਣ ਕੀ ਬਣੂੰ? ਹਾਈਕੋਰਟ ਨੇ ਸਿੱਖਿਆ ਵਿਭਾਗ ਤੋਂ ਇਸ ਭਰਤੀ ਸਬੰਧੀ ਰਿਕਾਰਡ ਤਲਬ ਕਰ ਲਿਆ ਤੇ ਮੈਰਿਟ ਅਨੁਸਾਰ ਛਾਣਬੀਣ ਕਰਦਿਆਂ ਇਸ਼ਤਿਹਾਰ ਵਿੱਚ ਦਰਸਾਈਆਂ ਅਸਾਮੀਆਂ ਤੋਂ ਵੱਧ ਭਰਤੀ ਕੀਤੇ ਗਏ ਰੈਗੂਲਰ ਅਧਿਆਪਕਾਂ ਨੂੰ ਕੱਢਣ ਦਾ ਆਦੇਸ਼ ਦੇ ਦਿੱਤਾ, ਪਰ ਰੱਖੇ ਗਏ ਅਧਿਆਪਕਾਂ ਦੀ ਮੈਰਿਟ ਸੂਚੀ ਨੂੰ ਪੰਜਾਬੀ, ਅੰਗਰੇਜ਼ੀ ਦੇ ਵੱਖ ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕਰ ਦਿੱਤਾ। ਮੈਰਿਟ ਅਨੁਸਾਰ ਭਾਵੇਂ ਮੇਰੀ ਅਧਿਆਪਨ ਦੀ ਨੌਕਰੀ ਬਚੀ ਰਹੀ, ਪਰ ਬਾਕੀ ਅਧਿਆਪਕ ਸਾਥੀਆਂ ਨਾਲ ਵਾਪਰਨ ਵਾਲੇ ਇਸ ਦੁਖਾਂਤ ਦਾ ਮਨ ਨੂੰ ਬਹੁਤ ਧੱਕਾ ਲੱਗਾ।

Advertisement

ਸਿੱਖਿਆ ਵਿਭਾਗ ਵੱਲੋਂ ਕੱਢੇ ਜਾਣ ਵਾਲੇ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਐਡਹਾਕ ਤੌਰ ’ਤੇ ਜਾਰੀ ਰੱਖਣ ਲਈ ਅਪੀਲ ਰਾਹੀਂ ਹਾਈਕੋਰਟ ਤੋਂ ਮਨਜ਼ੂਰੀ ਲੈ ਲਈ। ਜਿਸ ਨਾਲ ਹੋਣ ਵਾਲੀ ਇਸ ਛਾਂਟੀ ਦੇ ਪੀੜਤ ਅਧਿਆਪਕਾਂ ਨੂੰ ਕੁਝ ਰਾਹਤ ਜ਼ਰੂਰ ਮਿਲ ਗਈ ਤੇ ਸਕੂਲਾਂ ਵਿੱਚ ਵਾਧੂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਘੱਟ ਅਸਾਮੀਆਂ ਦਾ ਇਸ਼ਤਿਹਾਰ ਦੇਣ ਦੀ ਨਾਲਾਇਕੀ ’ਤੇ ਵੀ ਕੁਝ ਪਰਦਾ ਪੈ ਗਿਆ। ਵੈਸੇ ਸਰਕਾਰੀ ਵਿਭਾਗਾਂ ਵਿੱਚ ਐਡਹਾਕ (ਕੱਚਿਆਂ) ਤੋਂ ਪੱਕੇ ਕਰਨ ਦੀ ਕਵਾਇਦ ਹੈ, ਪਰ ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਇੱਕ ਨਿਰਾਲੀ ਘਟਨਾ ਵਾਪਰੀ ਸੀ ਕਿ ਰੈਗੂਲਰ (ਪੱਕੇ) ਰੱਖੇ ਅਧਿਆਪਕਾਂ ਨੂੰ ਐਡਹਾਕ (ਕੱਚਾ) ਕਰ ਦੇਣਾ।

ਵਾਲ ਵਾਲ ਬਚੇ ਇਸ ਦੁਖਾਂਤ ਤੋਂ ਮੈਂ ਫਿਰ ਸਿੱਖਣ ਸਿਖਾਉਣ ਦੇ ਆਪਣੇ ਇਸ ਅਧਿਆਪਨ ਕਿੱਤੇ ਨਾਲ ਤਨੋਂ ਮਨੋਂ ਜੁੜਦਿਆਂ ਅਨੰਦ ਲੈਣਾ ਸ਼ੁਰੂ ਕਰ ਦਿੱਤਾ। ਪੜ੍ਹਾਉਣ ਵਿਧੀ ਨੂੰ ਰੋਚਕ ਬਣਾਉਣ ਲਈ ਵੱਧ ਤੋਂ ਵੱਧ ‘ਖੇਡੋ ਤੇ ਸਿੱਖੋ’ ਵਿਧੀਆਂ ਦੀ ਵਰਤੋਂ ਕਰਨ ਲੱਗਾ। ਜਿਸ ਨਾਲ ਵਿਦਿਆਰਥੀਆਂ ਵਿੱਚ ਬੜੇ ਚਾਅ ਨਾਲ ਕਲਾਸਾਂ ਲਾਉਣ ਦਾ ਰੁਝਾਨ ਤੇ ਕੁਝ ਨਾ ਕੁਝ ਨਵਾਂ ਸਿੱਖਣ ਲਈ ਉਤਸ਼ਾਹ ਵਧਣ ਲੱਗਾ। ਮੇਰੇ ਅਤੇ ਵਿਦਿਆਰਥੀਆਂ ਵਿੱਚ ਇੱਕ ਨਿੱਘਾ ਰਿਸ਼ਤਾ ਉਤਪੰਨ ਹੋਣ ਲੱਗਾ। ਭਾਵੇਂ ਕਿ ਵਿਦਿਆਰਥੀਆਂ ਦੀਆਂ ਸ਼ਰਾਰਤਾਂ ਪ੍ਰਤੀ ਮੈਂ ਕਾਫ਼ੀ ਸਖ਼ਤ ਸਾਂ, ਪਰ ਵਿਦਿਅਕ ਤੇ ਹੋਰ ਕਲਚਰਲ ਗਤੀਵਿਧੀਆਂ ਵਿੱਚ ਜੁੜਦੇ ਵਿਦਿਆਰਥੀਆਂ ਦੀ ਮਿਹਨਤ ਦਾ ਕਦਰਦਾਨ ਵੀ ਪੂਰਾ ਸਾਂ। ਵਿਦਿਆਰਥੀਆਂ ਤੇ ਮੇਰੇ ਵਿਚਾਲੇ ਇੱਕ ਅਨੋਖਾ ਸਨੇਹ ਭਰਿਆ ਰਿਸ਼ਤਾ ਵੀ ਜੁੜ ਗਿਆ। ਕਈ ਵਿਦਿਆਰਥੀ ਤਾਂ ਮੇਰੇ ਨਾਲ ਆਪਣੀਆਂ ਨਿੱਜੀ ਸਮੱਸਿਆਵਾਂ ਤੇ ਮਜਬੂਰੀਆਂ ਵੀ ਸਾਂਝੀਆਂ ਕਰ ਲੈਂਦੇ ਤਾਂ ਮੈਂ ਵੀ ਆਪਣੀ ਔਕਾਤ ਅਨੁਸਾਰ ਉਨ੍ਹਾਂ ਦੀ ਕਿਸੇ ਨਾ ਰੂਪ ਵਿੱਚ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ।

ਬਲਾਕ, ਤਹਿਸੀਲ , ਜ਼ਿਲ੍ਹਾ ਤੇ ਰਾਜ ਪੱਧਰ ਤੱਕ ਵਿਦਿਅਕ ਤੇ ਹੋਰ ਗਤੀਵਿਧੀਆਂ ਦੇ ਮੁਕਾਬਲਿਆਂ ਲਈ ਵਿਦਿਆਰਥੀਆਂ ਦੀ ਤਿਆਰੀ ਸਕੂਲ ਸਮੇਂ ਤੋਂ ਪਹਿਲਾਂ ਜਾਂ ਸਕੂਲ ਸਮੇਂ ਤੋਂ ਬਾਅਦ ਕਰਵਾਉਣ ਨੂੰ ਹੀ ਤਰਜੀਹ ਦਿੰਦਾ ਤਾਂ ਕਿ ਭਾਗੀਦਾਰ ਵਿਦਿਆਰਥੀਆਂ ਦੀ ਆਮ ਪੜ੍ਹਾਈ ਵਿੱਚ ਕਿਸੇ ਵੀ ਤਰ੍ਹਾਂ ਦਾ ਦੁਰਪ੍ਰਭਾਵ ਨਾ ਪਵੇ। ਸਕੂਲ ਪ੍ਰਸ਼ਾਸਨ ਤੋਂ ਸਹਿਯੋਗ ਲੈਂਦਿਆਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਯੋਗ ਪ੍ਰਬੰਧ ਕਰਕੇ ਵਿਦਿਆਰਥੀਆਂ ਦੀ ਭਾਗੀਦਾਰੀ ਯਕੀਨੀ ਬਣਾਉਣ ਨੂੰ ਆਪਣਾ ਜ਼ਰੂਰੀ ਫਰਜ਼ ਸਮਝਦਾ। ਵਿਦਿਆਰਥੀਆਂ ਨੇ ਵੀ ਹਿੰਮਤ ਲਗਨ ਤੇ ਮਿਹਨਤ ਨਾਲ ਕੋਈ ਨਾ ਕੋਈ ਪ੍ਰਾਪਤੀ ਕਰ ਹੀ ਜਾਣੀ, ਜਿਸ ਨਾਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਵਿੱਚ ਮੇਰੇ ਪ੍ਰਤੀ ਲਗਾਅ ਭਰਿਆ ਵਿਸ਼ਵਾਸ ਬਣਦਾ ਗਿਆ। ਵਿਦਿਆਰਥੀਆਂ ਨੂੰ ਕਿਸੇ ਮੁਕਾਬਲੇ ਦੀ ਤਿਆਰੀ ਲਈ ਸ਼ਾਮਾਂ ਵੀ ਪੈ ਜਾਂਦੀਆਂ ਤਾਂ ਵਿਦਿਆਰਥੀਆਂ ਦੇ ਮਾਪੇ ਕੋਈ ਉਜਰ ਨਾ ਕਰਦੇ ਸਗੋਂ ਮਾਣ ਕਰਦੇ ਕਿ ਸਾਡੇ ਬੱਚੇ ਕੁਝ ਨਾ ਕੁਝ ਨਵਾਂ ਖੱਟਣ ਦੀ ਤਿਆਰੀ ਕਰ ਰਹੇ ਹਨ। ਇੱਥੇ ਵਰਨਣਯੋਗ ਹੈ ਕਿ ਸਮੇਂ ਸਮੇਂ ਹੁੰਦੇ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਵਜੋਂ ਨਤੀਜੇ ਤੋਂ ਪਹਿਲਾਂ ਹੀ ਕਿਆਸ ਅਰਾਈਆਂ ਲੱਗ ਹੀ ਜਾਂਦੀਆਂ ਕਿ ਫਲਾਣੇ ਸਕੂਲ ਦੇ ਵਿਦਿਆਰਥੀਆਂ ਨੇ ਜਿੱਤਣਾ ਹੀ ਜਿੱਤਣਾ ਹੈ। ਇਹ ਕਿਆਸ ਅਰਾਈਆਂ ਲਗਭਗ ਸੱਚ ਹੀ ਹੋ ਨਿੱਬੜਦੀਆਂ, ਜਿਸ ਨਾਲ ਮੇਰੇ ਸਕੂਲ ਦੇ ਨਾਲ ਨਾਲ ਮੇਰੀ ਸੋਭਾ ਵੀ ਹੁੰਦੀ। ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੈਨੂੰ ਵੀ ਮਾਣ ਤਾਣ ਭਰਿਆ ਸਾਬਾਸ਼ ਦਾ ਥਾਪੜਾ ਮਿਲਣ ਲੱਗਾ, ਜਿਸ ਨਾਲ ਉਤਸ਼ਾਹ ਵਧਣ ਨਾਲ ਪੜ੍ਹਨ ਪੜ੍ਹਾਉਣ ਦੀ ਸਮਰਪਿਤ ਭਾਵਨਾ ਹੋਰ ਵਧਦੀ ਗਈ। ਸਮੇਂ ਸਮੇਂ ਲੱਗਦੇ ਅਧਿਆਪਕ ਸੈਮੀਨਾਰਾਂ ਦੌਰਾਨ ਵੀ ਮੇਰੇ ਤਿਆਰ ਕੀਤੇ ਜਾਂਦੇ ਲਰਨਿੰਗ ਮਟੀਰੀਅਲ (ਮਾਡਲ ਆਦਿ) ਅਕਸਰ ਵਿਸ਼ੇਸ਼ ਖਿੱਚ ਦਾ ਕੇਂਦਰ ਵੀ ਬਣਦੇ ਤੇ ਸਾਰਥਿਕ ਨਤੀਜਿਆਂ ਲਈ ਸਹਾਈ ਵੀ ਹੁੰਦੇ। ਮੇਰੇ ਪੜ੍ਹਨ ਲਿਖਣ ਦੇ ਆਪਣੇ ਸ਼ੌਕ ਖਾਸ ਕਰਕੇ ਵੱਖ ਵੱਖ ਅਖ਼ਬਾਰਾਂ/ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਜਾਂ ਛੇਵੀਂ / ਗਿਆਰਵੀਂ ਜਮਾਤਾਂ (ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠਕ੍ਰਮ) ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਲਿਖਤਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਾ ਤਾਂ ਉਨ੍ਹਾਂ ਵਿੱਚ ਵੀ ਕੁਝ ਨਾ ਕੁਝ ਸਿਰਜਣ / ਲਿਖਣ ਦੀ ਤਾਂਘ ਜਾਗਦੀ। ਫਿਰ ਲੇਖਕ ਵਿਦਿਆਰਥੀਆਂ ਦੀਆਂ ਰਚਨਾਵਾਂ ਵੱਖ ਵੱਖ ਬਾਲ ਰਸਾਲਿਆਂ ਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਵੀ ਹੋਣ ਲੱਗ ਪਈਆਂ।

ਆਪਣੇ ਵਿਸ਼ਿਆਂ (ਅੰਗਰੇਜ਼ੀ ਤੇ ਸਮਾਜਿਕ ਸਿੱਖਿਆ) ਨੂੰ ਰੋਚਕ ਬਣਾਉਣ ਖਾਤਰ ਅਭਿਆਸ ਲਈ ਤਿਆਰ ਕੀਤੇ ਚਾਰਟ /ਮਾਡਲ , ਅੰਗਰੇਜ਼ੀ -ਐੱਸ. ਐੱਸ.ਲੈਬ. ਤੇ ਗਰਾਊਂਡ ਮੈਪ ਦੀ ਸਥਾਪਨਾ ਅਤੇ ਮੇਰੇ ਅਧਿਆਪਨ ਕਾਰਜ ਦੀ ਚਰਚਾ ਸਿੱਖਿਆ ਵਿਭਾਗ ਵਿੱਚ ਛਿੜਨ ਲੱਗੀ। ਸਮੇਂ ਸਮੇਂ ਬਲਾਕ ਮੈਂਟਰ (ਬੀ ਐੱਮ) ਤੇ ਹੋਰ ਸਿੱਖਿਆ ਅਧਿਕਾਰੀਆਂ ਵੱਲੋਂ ਹੁੰਦੇ ਅਚਨਚੇਤੀ ਨਿਰੀਖਣਾਂ ਦੀ ‘ਗੁਡ ਬੁੱਕ’ ਵਿੱਚ ਨਾਂ ਆ ਜਾਣ ਕਰਕੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਨਾਲ ਸ਼ਾਬਾਸ਼ ਦਾ ਥਾਪੜਾ ਦੇ ਦਿੱਤਾ।

ਵੱਖ ਵੱਖ ਸਕੂਲ ਅਧਿਆਪਕਾਂ ਦੀ ਰਾਜ ਪੁਰਸਕਾਰ (ਸਟੇਟ ਐਵਾਰਡ) ਲਈ ਚੋਣ ਹਿੱਤ ਸਟੇਟ ਪੱਧਰੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਗਠਿਤ ਟੀਮ ਮੇਰੇ ਸਕੂਲ ਪਹੁੰਚੀ ਤਾਂ ਟਾਈਮ ਟੇਬਲ ਅਨੁਸਾਰ ਮੇਰੇ ਵੱਲੋਂ ਪੜ੍ਹਾਈਆਂ ਜਾਂਦੀਆਂ ਕਲਾਸਾਂ ਦਾ ਵਿਸ਼ੇਸ਼ ਤੌਰ ’ਤੇ ਨਿਰੀਖਣ ਕੀਤਾ ਤੇ ਮੇਰੀ ਕਾਰਜਸ਼ੈਲੀ ਦੇ ਪਿਛੋਕੜ ਦੀ ਪ੍ਰੋਫਾਈਲ ਵੀ ਚੈੱਕ ਕੀਤੀ ਤਾਂ ਉਸ ਨਿਰੀਖਕ ਟੀਮ ਦੇ ਮੁਖੀ ਨੇ ਆਖ ਹੀ ਦਿੱਤਾ ‘ਕੰਮ ਬੋਲਦੈ।’ ਤੇ ਉਸ ਸਾਲ ਪੰਜਾਬ ਭਰ ਸਟੇਟ ਐਵਾਰਡ ਲਈ ਚੁਣੇ ਗਏ ਮਾਸਟਰ ਕੇਡਰ ਅਧਿਆਪਕਾਂ ਦੀ ਸੂਚੀ ਵਿੱਚ ਮੇਰਾ ਨਾਂ ਸਭ ਤੋਂ ਉੱਪਰ ਸੀ ਤੇ ਮੈਨੂੰ ਵੀ ਤਸੱਲੀ ਭਰੀ ਖੁਸ਼ੀ ਇਹ ਹੋਈ ਕਿ ਇੱਥੇ ਵੀ ਕੋਈ ਸਿਫਾਰਸ਼ ਦੀ ਥਾਂ ਵਾਕ ‘ਕੰਮ ਈ ਬੋਲਿਆ’ ਸੀ। ਹੁਣ ਡਿਪਟੀ ਕਮਿਸ਼ਨਰ ਦੇ ਕੰਪਲੈਕਸ ਵਿੱਚ ‘ਸਿੱਖਿਆ ਵਿਭਾਗ ਦੇ ਮਾਣ ਤੇ ਸ਼ਾਨ ਅਧਿਆਪਕ ਰਾਜ ਪੁਰਸਕਾਰ ਵਿਜੇਤਾ’ ਦੇ ਸਿਰਲੇਖ ਹੇਠ ਲੱਗੇ ਬੈਨਰ ਦੀਆਂ ਤਸਵੀਰਾਂ ਵਿੱਚ ਸ਼ੁਮਾਰ ਮੇਰੀ ਤਸਵੀਰ ਹੁਣ (ਸੇਵਾ ਮੁਕਤੀ ਤੋਂ ਬਾਅਦ) ਵੀ ਜ਼ਿੰਦਗੀ ਵਿੱਚ ਅਧਿਆਪਨ ਦੇ ਸੁਨਹਿਰੀ ਦਿਨਾਂ ਦਾ ਇੱਕ ਵੱਖਰਾ ਹੀ ਗੁਦਗੁਦੀ ਭਰਿਆ ਸਕੂਨ ਭਰ ਰਹੀ ਹੈ।

ਸੰਪਰਕ: 98764-74858

Advertisement
×