DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਲਿਟਲਟਨ ਪੋਰਟ ਦੇ ਅੰਦਰ ਦੀ ਸੈਰ

ਜਦੋਂ ਵੀ ਮੈਂ ਲਿਟਲਟਨ ਬੰਦਰਗਾਹ ਦੇ ਲਾਗੋਂ ਲੰਘਦਾ ਹਾਂ ਤਾਂ ਆਪ ਮੁਹਾਰੇ ਹੀ ਸੜਕ ਦੇ ਉਸ ਥਾਂ ’ਤੇ ਜਾ ਖੜ੍ਹਦਾ ਹਾਂ ਜਿਹੜੀ ਥਾਂ ਸਰਕਾਰ ਵੱਲੋਂ ਬੰਦਰਗਾਹ ਵੇਖਣ ਲਈ ਬਣਾਈ ਗਈ ਹੇੈ। ਸਮੁੰਦਰ ਦੀ ਹਿੱਕ ’ਤੇ ਖੜੇ ਵਿਸ਼ਾਲ ਸਮੁੰਦਰੀ ਜਹਾਜ਼, ਕਰੂਜ਼...

  • fb
  • twitter
  • whatsapp
  • whatsapp
Advertisement

ਜਦੋਂ ਵੀ ਮੈਂ ਲਿਟਲਟਨ ਬੰਦਰਗਾਹ ਦੇ ਲਾਗੋਂ ਲੰਘਦਾ ਹਾਂ ਤਾਂ ਆਪ ਮੁਹਾਰੇ ਹੀ ਸੜਕ ਦੇ ਉਸ ਥਾਂ ’ਤੇ ਜਾ ਖੜ੍ਹਦਾ ਹਾਂ ਜਿਹੜੀ ਥਾਂ ਸਰਕਾਰ ਵੱਲੋਂ ਬੰਦਰਗਾਹ ਵੇਖਣ ਲਈ ਬਣਾਈ ਗਈ ਹੇੈ। ਸਮੁੰਦਰ ਦੀ ਹਿੱਕ ’ਤੇ ਖੜੇ ਵਿਸ਼ਾਲ ਸਮੁੰਦਰੀ ਜਹਾਜ਼, ਕਰੂਜ਼ ਅਤੇ ਕਿਸ਼ਤੀਆਂ ਵੇਖਦਾ ਹਾਂ। ਇਹ ਥਾਂ ਬੰਦਰਗਾਹ ਤੋਂ ਬਹੁਤ ਉੱਚੀ ਪਹਾੜੀ ’ਤੇ ਹੈ। ਜਦੋਂ ਹੇਠਾਂ ਪੋਰਟ ਵੱਲ ਵੇਖੀਏ ਤਾਂ ਸਿਵਾਏ ਵੱਡੀਆਂ ਵੱਡੀਆਂ ਕਰੇਨਾਂ ਅਤੇ ਸਟਰੈਡਲ (ਜਿਹੜੀਆਂ ਮਸ਼ੀਨਾਂ ਪੋਰਟ ਤੋਂ ਵੱਡੇ ਵੱਡੇ ਕੰਟੇਨਰ ਚੁੱਕਦੀਆਂ ਹਨ) ਤੋਂ ਸਿਵਾਏ ਕੁਝ ਵੀ ਦਿਖਾਈ ਨਹੀਂ ਦਿੰਦਾ। ਇਸ ਲਈ ਮੇਰੇ ਮਨ ਵਿੱਚ ਬੰਦਰਗਾਹ ਦੇ ਅੰਦਰ ਹੁੰਦੇ ਕੰਮ ਕਾਰ ਬਾਰੇ ਜਾਣਨ ਲਈ ਉਕਸੁਕਤਾ ਰਹਿੰਦੀ ਸੀ। ਮੇਰੀ ਇਸ ਇੱਛਾ ਨੂੰ ਛੇਤੀ ਹੀ ਬੂਰ ਪੈ ਗਿਆ ਜਦੋਂ ਮੇਰੇ ਪੁੱਤਰ ਨੇ ਦੱਸਿਆ ਕਿ ਤੁਹਾਡੀਆਂ (ਮੇਰੀ, ਮੇਰੀ ਪਤਨੀ ਅਤੇ ਮੇਰੇ ਪੋਤੇ) ਬੱਸ ਦੀਆਂ ਤਿੰਨ ਟਿਕਟਾਂ ਬੁੱਕ ਕਰਵਾ ਦਿੱਤੀਆਂ ਹਨ। ਇਹ ਬੱਸ ਤੁਹਾਨੂੰ ਪੋਰਟ ਦੇ ਅੰਦਰ ਦੀ ਸੈਰ ਕਰਵਾਏਗੀ।

ਪੋਰਟ ਦੇ ਅੰਦਰ ਸਿਵਾਏ ਬੰਦਰਗਾਹ ’ਤੇ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਬਿਨਾਂ ਕੋਈ ਨਹੀਂ ਜਾ ਸਕਦਾ। ਇਨ੍ਹਾਂ ਸਾਰਿਆਂ ਨੂੰ ਵੀ ਪਛਾਣ ਪੱਤਰ ਜਾਰੀ ਕੀਤਾ ਜਾਂਦਾ ਹੈ ਅਤੇ ਉਹ ਸਵਾਈਪ ਕਰਕੇ ਹੀ ਤੁਸੀਂ ਅੰਦਰ ਜਾ ਸਕਦੇ ਹੋ। ਜਿਸ ਤਰ੍ਹਾਂ ਵਿਦੇਸ਼ ਜਾਣ ਸਮੇਂ ਕਸਟਮ ਵਿਭਾਗ ਪੜਤਾਲ ਕਰਦਾ ਹੈ, ਇਸੇ ਤਰ੍ਹਾਂ ਇੱਥੇ ਕਸਟਮ ਵਿਭਾਗ ਦੀ ਪੜਤਾਲ ਬਾਅਦ ਹੀ ਅੰਦਰ ਜਾਇਆ ਜਾਂਦਾ ਹੈ। ਇੱਥੇ ਅੱਜਕੱਲ੍ਹ ਸਰਦੀਆਂ ਦਾ ਮੌਸਮ ਹੈੇ ਅਤੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਹਨ। ਇਨ੍ਹਾਂ ਦਿਨਾਂ ਵਿੱਚ ਐੱਲਪੀਸੀ (ਲਿਟਲਟਨ ਪੋਰਟ ਕੰਪਨੀ) ਵੱਲੋਂ ਬੱਸ ਟੂਰ ਕੀਤਾ ਜਾਂਦਾ ਹੈ। ਇਹ ਇੱਕ ਘੰਟੇ ਦਾ ਟੂਰ ਹੁੰਦਾ ਹੈ। ਮੇਰੇ ਵਰਗੇ ਅਜਿਹੇ ਟੂਰ ਨੂੰ ਉਡੀਕਦੇ ਹਨ। ਸਾਰੀਆਂ ਟਿਕਟਾਂ ਕੁਝ ਸਮੇਂ ਵਿੱਚ ਹੀ ਬੁੱਕ ਹੋ ਜਾਂਦੀਆਂ ਹਨ। ਟਿਕਟ ’ਤੇ ਹਦਾਇਤ ਸੀ ਕਿ ਆਪਣਾ ਪਾਸਪੋਰਟ ਜਾਂ ਨਿਊਜ਼ੀਲੈਂਡ ਦਾ ਡਰਾਈਵਿੰਗ ਲਾਇਸੈਂਸ ਨਾਲ ਲੈ ਕੇ ਆਉਣਾ, ਇਸ ਤੋਂ ਬਿਨਾਂ ਤੁਹਾਨੂੰ ਬੱਸ ਵਿੱਚ ਚੜ੍ਹਨ ਨਹੀਂ ਦਿੱਤਾ ਜਾਵੇਗਾ। ਇਸ ਤੋਂ ਸਪੱਸ਼ਟ ਹੈ ਕਿ ਤੁਹਾਡਾ ਪਾਸਪੋਰਟ ਕਿੰਨੀ ਅਹਿਮੀਅਤ ਰੱਖਦਾ ਹੈ। ਇੱਥੇ ਡਰਾਈਵਿੰਗ ਲਾਇਸੈਂਸ ਵੀ ਤੁਹਾਡੀ ਪਛਾਣ ਹੈ। ਅਸੀਂ ਆਪਣੇ ਪਾਸਪੋਰਟ ਨਾਲ ਲੈ ਲਏ। ਮਿੱਥੀ ਮਿਤੀ ’ਤੇ ਅਸੀਂ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਏ, ਪਰ ਅਜੇ ਬੱਸ ਦਾ ਅਮਲਾ ਨਹੀਂ ਆਇਆ ਸੀ। ਬੱਸ ਖਾਲੀ ਸੀ, ਪਰ ਕਿਸੇ ਨੇ ਵੀ ਅੰਦਰ ਜਾ ਕੇ ਸੀਟ ਮੱਲਣ ਦੀ ਹਿਮਾਕਤ ਨਹੀਂ ਸੀ ਕੀਤੀ। ਬੱਸ ’ਤੇ ਚੜ੍ਹਨ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ। ਇੱਥੇ ਲੋਕ ਸਾਡੇ ਵਾਂਗ ਭੀੜ ਨਹੀਂ ਪਾਉਂਦੇ ਬਲਕਿ ਲਾਈਨ ਵਿੱਚ ਖੜ੍ਹਦੇ ਹਨ ਅਤੇ ਲਾਈਨ ਵਿੱਚ ਵੀ ਇੱਕ ਜਾਂ ਦੋ ਕਦਮਾਂ ਦਾ ਫਾਸਲਾ ਰੱਖਦੇ ਹਨ। ਬੱਚੇ ਵੀ ਕਾਫ਼ੀ ਗਿਣਤੀ ਵਿੱਚ ਸਨ। ਅਸੀਂ ਵੀ ਲਾਈਨ ਵਿੱਚ ਲੱਗ ਗਏ। ਸਿਵਾਏ ਸਾਡੇ ਤੋਂ ਲਾਈਨ ਵਿੱਚ ਲੱਗੇ ਸਾਰੇ ਯਾਤਰੀ ਇੱਥੋਂ ਦੇ ਵਸਨੀਕ ਸਨ।

Advertisement

ਫਿਰ ਬੱਸ ਦਾ ਡਰਾਈਵਰ ਆਪਣੀ ਸੀਟ ’ਤੇ ਆ ਕੇ ਬੈਠ ਗਿਆ। ਇੱਕ ਕਰਮਚਾਰਨ ਨੇ ਆ ਕੇ ਆਪਣੀ ਲਿਸਟ ਖੋਲ੍ਹੀ। ਇੱਕ ਸਕਿਉੂਰਿਟੀ ਕਰਮਚਾਰੀ ਉਸ ਦੇ ਨਾਲ ਖੜ੍ਹਾ ਸਭ ਕਾਸੇ ਦੀ ਨਿਗਰਾਨੀ ਕਰ ਰਿਹਾ ਸੀ। ਕਿਸੇ ਦੀ ਟਿਕਟ ਚੈੱਕ ਨਹੀਂ ਕੀਤੀ। ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਵੇਖ ਕੇ ਅਤੇ ਆਪਣੀ ਲਿਸਟ ਨਾਲ ਮਿਲਾਨ ਕਰਕੇ ਅੰਦਰ ਜਾਣ ਦਿੱਤਾ। ਲਾਈਨ ਵਿੱਚ ਮੈਂ ਕਾਫ਼ੀ ਪਿੱਛੇ ਸੀ। ਬੱਸ ਡਬਲ ਡੈਕਰ ਸੀ। ਸਾਰੇ ਯਾਤਰੀ ਉੱਪਰਲੀ ਮੰਜ਼ਿਲ ’ਤੇ ਜਾ ਰਹੇ ਸਨ। ਮੈਨੂੰ ਲੱਗਾ ਜਿਵੇਂ ਉੱਪਰਲੀਆਂ ਸਾਰੀਆਂ ਸੀਟਾਂ ਭਰ ਜਾਣਗੀਆਂ ਅਤੇ ਅਸੀਂ ਹੇਠਲੀ ਮੰਜ਼ਿਲ ’ਤੇ ਹੀ ਬੈਠਾਂਗੇ। ਉੱਪਰਲੀ ਮੰਜ਼ਿਲ ’ਤੇ ਬੈਠਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ, ਨਾਲੇ ਉੱਪਰੋਂ ਆਲਾ ਦੁਆਲਾ ਵਧੀਆ ਨਜ਼ਰ ਆਉਂਦਾ ਹੈ, ਥੱਲੇ ਤਾਂ ਬਸ ਟਾਈਮ ਪਾਸ ਹੀ ਸੀ। ਮੇਰਾ ਇਹ ਡਰ ਨਿਰਮੂਲ ਸਾਬਤ ਹੋਇਆ ਕਿਉਂਕਿ ਬੱਸ ਦੀਆਂ ਟਿਕਟਾਂ ਸਿਰਫ਼ ਉੱਪਰਲੀ ਮੰਜ਼ਿਲ ਲਈ ਹੀ ਸਨ, ਗਰਾਊਂਡ ਫਲੋਰ ਖਾਲੀ ਸੀ ਕਿਉਂਕਿ ਟਿਕਟਾਂ ਸਿਰਫ਼ ਉੱਪਰਲੀ ਮੰਜ਼ਿਲ ਲਈ ਹੀ ਜਾਰੀ ਕੀਤੀਆਂ ਗਈਆਂ ਸਨ। ਅਧਿਕਾਰੀ ਇਹ ਜਾਣਦੇ ਸਨ ਕਿ ਉੱਪਰਲੀ ਮੰਜ਼ਿਲ ’ਤੇ ਬੈਠ ਕੇ ਹੀ ਆਲਾ ਦੁਆਲਾ ਵਧੀਆ ਵੇਖਿਆ ਜਾ ਸਕਦਾ ਹੈ।

Advertisement

ਐੱਲਪੀਸੀ ਦਾ ਇਸ ਬੱਸ ਟੂਰ ਦਾ ਮਕਸਦ ਪੈਸਾ ਕਮਾਉਣਾ ਨਹੀਂ ਬਲਕਿ ਜਿੰਨੀ ਵੀ ਇਸ ਟੂਰ ਤੋਂ ਆਮਦਨ ਹੋਣੀ ਸੀ, ਉਹ ਚੈਰਿਟੀ (ਦਾਨ) ਵਿੱਚ ਦੇਣੀ ਸੀ। ਕੰਪਨੀ ਲੋਕਾਂ ਪ੍ਰਤੀ ਕਿੰਨੀ ਸੁਹਿਰਦ ਹੈ, ਤੁਸੀਂ ਇਸ ਦਾ ਅੰਦਾਜ਼ਾ ਆਪੇ ਹੀ ਲਾ ਲਉ। ਬੱਸ ਤੁਰ ਪਈ। ਅੱਗੇ ਸਕਿਊਰਿਟੀ ਦੀ ਗੱਡੀ ਸੀ। ਕਰਮਚਾਰਨ ਨੇ ਆ ਕੇ ਸਾਰਿਆਂ ਨੂੰ ‘ਸ਼ੁਭ ਸਵੇਰ’ ਆਖੀ ਅਤੇ ਦੱਸਿਆ ਕਿ ਉਹ ਇਸ ਟੂਰ ਦੀ ਜਾਣਕਾਰੀ ਦੇਵੇਗੀ। ਬੱਸ ਕਸਟਮ ਦਫ਼ਤਰ ਦੇ ਅੱਗੇ ਆ ਕੇ ਰੁਕ ਪਈ। ਮੈਨੂੰ ਲੱਗਦਾ ਸੀ ਕਿ ਸਾਰੀਆਂ ਸਵਾਰੀਆਂ ਹੇਠਾਂ ਉਤਾਰੀਆਂ ਜਾਣਗੀਆਂ ਅਤੇ ਸਖ਼ਤ ਪੜਤਾਲ ਤੋਂ ਬਾਅਦ ਬੱਸ ਅੱਗੇ ਜਾਵੇਗੀ, ਪਰ ਅਜਿਹਾ ਕੁਝ ਵੀ ਨਾ ਹੋਇਆ। ਗੇਟ ਖੁੱਲ੍ਹਿਆ ਅਤੇ ਬੱਸ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਈ ਅਤੇ ਸਕਿਊਰਿਟੀ ਦੀ ਗੱਡੀ ਉੱਥੇ ਹੀ ਰਹੀ, ਬੱਸ ਦੇ ਨਾਲ ਨਹੀਂ ਗਈ।

ਸੱਜੇ ਪਾਸੇ ਸਭ ਤੋਂ ਪਹਿਲਾਂ ਪ੍ਰਸ਼ਾਸਨਿਕ ਦਫ਼ਤਰ ਆਇਆ। ਇਹ ਦਫ਼ਤਰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਦਾ ਹੈ, ਪਰ ਬਾਕੀ ਸਾਰਾ ਅਮਲਾ ਸਾਰਾ ਹਫ਼ਤਾ ਚੌਵੀ ਘੰਟੇ ਕੰਮ ਕਰਦਾ ਹੈ। ਕੰਮ ਤਿੰਨ ਸ਼ਿਫਟਾਂ ਵਿੱਚ ਹੁੰਦਾ ਹੈ। ਕੰਮ ਚੱਲਦਾ ਰਹਿੰਦਾ ਹੈ, ਸਿਵਾਏ ਉਸ ਸਮੇਂ ਜਦੋਂ ਮੌਸਮ ਬਹੁਤ ਖ਼ਰਾਬ ਹੋਵੇ। ਅੱਗੇ ਵਰਕਸ਼ਾਪ ਸੀ ਜਿੱਥੇ ਲੋੜ ਪੈਣ ’ਤੇ ਜਹਾਜ਼ਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਇੱਕ ਜਹਾਜ਼ ਮੁਰੰਮਤ ਲਈ ਖੜ੍ਹਾ ਸੀ। ਜਿੱਥੇ ਜਹਾਜ਼ ਖੜ੍ਹਾ ਸੀ, ਉਹ ਥਾਂ ਜ਼ਮੀਨ ਦੇ ਪੱਧਰ ਤੋਂ ਕਾਫ਼ੀ ਹੇਠਾਂ ਸੀ ਕਿਉਂਕਿ ਜਹਾਜ਼ ਵਰਕਸ਼ਾਪ ਲਿਜਾਣ ਤੋਂ ਬਾਅਦ ਪਾਣੀ ਉੱਥੋਂ ਕੱਢ ਦਿੱਤਾ ਜਾਂਦਾ ਹੈ ਤਾਂ ਕਿ ਜਹਾਜ਼ ਦੀ ਮੁਰੰਮਤ ਹੋ ਸਕੇ। ਇਸ ਨੂੰ ਖੁਸ਼ਕ ਬੰਦਰਗਾਹ ਕਿਹਾ ਜਾਂਦਾ ਹੈ। ਡਰਾਈਵਰ ਨੇ ਫਿਰ ਬੱਸ ਉਸ ਥਾਂ ’ਤੇ ਖੜ੍ਹੀ ਕਰ ਦਿੱਤੀ ਜਿੱਥੇ ਬਾਹਰੋਂ ਆਈਆਂ ਕਾਰਾਂ ਪਾਰਕ ਕੀਤੀਆਂ ਜਾ ਰਹੀਆਂ ਸਨ। ਜਦੋਂ ਜਹਾਜ਼ ਆਉਂਦਾ ਹੈ ਤਾਂ ਕਾਰਾਂ ਇੱਕ ਪੁਲ ਰਾਹੀਂ ਚਲਾ ਕੇ ਪਾਰਕਿੰਗ ਵਾਲੀ ਥਾਂ ’ਤੇ ਲਿਜਾਈਆ ਜਾਂਦੀਆਂ ਹਨ। ਕਾਰਾਂ ਦੀ ਐਕਸਰੇ ਮਸ਼ੀਨਾਂ ਰਾਹੀਂ ਪੜਤਾਲ ਕੀਤੀ ਜਾਂਦੀ ਹੈ। ਬੱਸ ਪੰਜ ਕੁ ਮਿੰਟ ਉੱਥੇ ਖੜ੍ਹੀ ਰਹੀ। ਕਾਰਾਂ ਟਰੱਕਾਂ ਰਾਹੀਂ ਮਾਲਕਾਂ ਨੂੰ ਪਹੁੰਚਾਈਆਂ ਜਾਂਦੀਆਂ ਹਨ। ਅਸੀਂ ਇਹ ਪ੍ਰਕਿਰਿਆ ਦੇਖਦੇ ਰਹੇ। ਇਹ ਵਧੀਆ ਤਜਰਬਾ ਸੀ।

ਇੱਥੋਂ ਅੰਟਾਰਕਟਿਕਾ ਨੂੰ ਕਰੂਜ਼ ਜਾਂਦੇ ਹਨ। ਜਦੋਂ ਕੋਈ ਕਰੂਜ਼ ਇੱਥੇ ਆਉਂਦਾ ਹੈ ਤਾਂ ਯਾਤਰੀਆਂ ਨੂੰ ਬੱਸਾਂ ਰਾਹੀਂ ਸ਼ਹਿਰ ਦਿਖਾਇਆ ਜਾਂਦਾ ਹੈ। ਇਸ ਤਰ੍ਹਾਂ ਕਰੂਜ਼ ਦਾ ਆਉਣਾ ਆਰਥਿਕਤਾ ਵਿੱਚ ਹਿੱਸਾ ਪਾਉਣਾ ਹੇੈ। ਯਾਤਰੀ ਸ਼ਹਿਰ ਵਿੱਚ ਘੁੰਮਦੇ ਹਨ, ਖਾਣਾ ਖਾਂਦੇ ਅਤੇ ਵਸਤਾ ਖ਼ਰੀਦਦੇ ਹਨ। ਕਰੂਜ਼ ਦੇ ਪੋਰਟ ’ਤੇ ਖੜ੍ਹਨ ਦਾ ਕਿਰਾਇਆ ਵਸੂਲ ਕੀਤਾ ਜਾਂਦਾ ਹੈ। ਵਪਾਰਕ ਜਹਾਜ਼ਾਂ ਦੇ ਕੰਟੇਨਰਾਂ ਵਿੱਚ ਵੱਖ ਵੱਖ ਤਰ੍ਹਾਂ ਦਾ ਸਾਮਾਨ ਹੁੰਦਾ ਹੈ। ਚਿੱਟੇ ਰੰਗ ਦੇ ਕੰਟੇਨਰਾਂ ਵਿੱਚ ਖਾਣਾ ਜਾਂ ਖਾਣ ਦੀਆਂ ਵਸਤਾਂ ਹੁੰਦੀਆਂ ਹਨ। ਇਨ੍ਹਾਂ ਕੰਟੇਨਰਾਂ ਨੂੰ ਉਤਾਰਦੇ ਹੀ ਇਕ ਵੱਖਰੇ ਬਲਾਕ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਕੰਟੇਨਰਾਂ ਨੂੰ ਪਲੱਗ ਨਾਲ ਜੋੜ ਦਿੱਤਾ ਜਾਂਦਾ ਹੈ ਭਾਵ ਫਰਿਜ ਸਟਾਰਟ ਕਰ ਦਿੱਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਵਿਚਲੀਆਂ ਵਸਤੂਆਂ ਖ਼ਰਾਬ ਨਾ ਹੋਣ। ਪੋਰਟ ਤੋਂ ਕੰਟੇਨਰ ਲਿਆਉਣ ਅਤੇ ਲਿਜਾਣ ਲਈ ਕਰੇਨਾਂ ਦੀ ਬਹੁਤ ਮਹੱਤਤਾ ਹੈ। ਇੱਕ ਕੰਟੇਨਰ ਦਾ ਭਾਰ 30000 ਕਿਲੋ ਤੱਕ ਹੋ ਸਕਦਾ ਹੈ, ਪਰ ਇਹ ਕੰਟੇਨਰ ਦੇ ਆਕਾਰ ’ਤੇ ਨਿਰਭਰ ਕਰਦਾ ਹੈ। ਕੰਟੇਨਰਾਂ ਦਾ ਆਕਾਰ 20 ਤੋਂ 40 ਫੁੱਟ ਹੁੰਦਾ ਹੈ। ਇਸ ਕਰਕੇ ਭਾਰ ਵੀ ਆਕਾਰ ’ਤੇ ਨਿਰਭਰ ਕਰਦਾ ਹੈ।

ਫਿਰ ਡਰਾਈਵਰ ਨੇ ਬੱਸ ਪੋਰਟ ’ਤੇ ਖੜ੍ਹੇ ਇੱਕ ਵੱਡੇ ਵਪਾਰਕ ਜਹਾਜ਼ ਦੇ ਸਾਹਮਣੇ ਖੜ੍ਹੀ ਕਰ ਦਿੱਤੀ। ਮੇਰੇ ਲਈ ਕਿਸੇ ਸ਼ਿਪ ਨੂੰ ਬਿਲਕੁਲ ਨੇੜੇ ਹੋ ਕੇ ਵੇਖਣ ਦਾ ਪਹਿਲਾ ਮੌਕਾ ਸੀ। ਸਾਰੇ ਯਾਤਰੀ ਉਕਸੁਕਤਾ ਨਾਲ ਵੇਖ ਰਹੇ ਸਨ। ਫਿਰ ਬੱਸ ਕੋਲੇ ਦੇ ਯਾਰਡ ਕੋਲ ਪਹੁੰਚ ਗਈ। ਕੋਲੇ ਦੇ ਭਰੇ ਕੰਟੇਨਰਾਂ ਦੀ ਗੱਡੀ ਇੱਥੇ ਆਉਂਦੀ ਹੈ। ਕੋਲਾ ਇੱਥੇ ਸਟੋਰ ਕੀਤਾ ਜਾਂਦਾ ਹੈ ਅਤੇ ਜਿੱਥੇ ਲੋੜ ਹੋਵੇ, ਉੱਥੇ ਭੇਜਿਆ ਜਾਂਦਾ ਹੈ। ਕੰਟੇਨਰ ਸਾਡੀਆਂ ਗੱਡੀਆਂ ਵਾਂਗ ਉੱਪਰੋਂ ਖੁੱਲ੍ਹੇ ਨਹੀਂ ਹੁੰਦੇ ਬਲਕਿ ਪੂਰੀ ਤਰ੍ਹਾਂ ਬੰਦ ਹੁੰਦੇ ਹਨ ਕਿਉਂਕਿ ਕੰਪਨੀ ਅਤੇ ਇਸ ਦੇ ਆਲੇ ਦੁਆਲੇ ਰਹਿੰਦੇ ਲੋਕ ਵਾਤਾਵਰਨ ਪ੍ਰਤੀ ਬਹੁਤ ਸੁਚੇਤ ਹਨ। ਕੰਪਨੀ ਵੱਲੋਂ ਪਾਣੀ ਅਤੇ ਹਵਾ ਦੀ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਇੱਕ ਘੰਟੇ ਦੀ ਸੈਰ ਪਤਾ ਹੀ ਨਾ ਲੱਗਾ ਕਦੋਂ ਖ਼ਤਮ ਹੋ ਗਈ। ਮੇਰੀਆਂ ਅੱਖਾਂ ਸਾਹਮਣੇ ਸਾਰੇ ਦ੍ਰਿਸ਼ ਹਮੇਸ਼ਾਂ ਲਈ ਯਾਦਗਰ ਬਣ ਗਏ।

ਸੰਪਰਕ: 92177-01415

Advertisement
×