ਪ੍ਰੋਫੈਸਰ ਤੇਜਾ ਸਿੰਘ ਦੇ ਪਦਚਿੰਨ੍ਹਾਂ ’ਤੇ ਚੱਲਣ ਦਾ ਅਹਿਦ
ਸਰੀ: ਕੈਨੇਡਾ ਵਿੱਚ ਸਿੱਖੀ ਵਿਰਸੇ ਤੇ ਇਤਿਹਾਸ ਨੂੰ ਚੇਤੇ ਕਰਦਿਆਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਅਤੇ ਅਕਾਲ ਅਕੈਡਮੀ ਸਰੀ ਦੇ ਸਾਂਝੇ ਉਪਰਾਲੇ ਨਾਲ ਪ੍ਰੋਫੈਸਰ ਸੰਤ ਤੇਜਾ ਸਿੰਘ ਦਿਵਸ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ...
ਸਰੀ: ਕੈਨੇਡਾ ਵਿੱਚ ਸਿੱਖੀ ਵਿਰਸੇ ਤੇ ਇਤਿਹਾਸ ਨੂੰ ਚੇਤੇ ਕਰਦਿਆਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਅਤੇ ਅਕਾਲ ਅਕੈਡਮੀ ਸਰੀ ਦੇ ਸਾਂਝੇ ਉਪਰਾਲੇ ਨਾਲ ਪ੍ਰੋਫੈਸਰ ਸੰਤ ਤੇਜਾ ਸਿੰਘ ਦਿਵਸ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਸੰਤ ਤੇਜਾ ਸਿੰਘ ਵੱਲੋਂ ਸਿੱਖ ਕੌਮ, ਭਾਰਤੀ ਭਾਈਚਾਰੇ ਅਤੇ ਕੈਨੇਡਾ ਲਈ ਪਾਏ ਗਏ ਅਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। ਉਪਰੰਤ ਰਸਭਿੰਨਾ ਕੀਰਤਨ, ਗੁਰਮਤਿ ਕਥਾ, ਢਾਡੀ ਜਥੇ ਦੀ ਪ੍ਰਭਾਵਸ਼ਾਲੀ ਵਾਰ ਅਤੇ ਵਿਦਵਾਨ ਬੁਲਾਰਿਆਂ ਦੇ ਵਿਚਾਰ ਹੋਏ।
ਇਸ ਮੌਕੇ ਭਾਈ ਗਿਆਨ ਸਿੰਘ ਸੰਧੂ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਡਾ. ਪ੍ਰਗਟ ਸਿੰਘ ਭੁਰਜੀ, ਪੰਜਾਬ ਤੋਂ ਆਏ ਭਾਈ ਲਖਵਿੰਦਰ ਸਿੰਘ ਕਾਹਨੇਕੇ ਅਤੇ ਭਾਈ ਅਵਤਾਰ ਸਿੰਘ ਗਿੱਲ ਨੇ ਸੰਤ ਤੇਜਾ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀਆਂ ਇਤਿਹਾਸਕ ਸੇਵਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਬੁਲਾਰਿਆਂ ਨੇ ਦੱਸਿਆ ਕਿ ਪ੍ਰੋਫੈਸਰ ਸੰਤ ਤੇਜਾ ਸਿੰਘ ਨੇ ਉੱਤਰੀ ਅਮਰੀਕਾ ਵਿੱਚ ਖਾਲਸਾ ਦੀਵਾਨ ਸੁਸਾਇਟੀਆਂ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਭਾਰਤੀਆਂ ਨੂੰ ਬ੍ਰਿਟਿਸ਼ ਹੋਂਡੂਰਸ ਭੇਜਣ ਦੀ ਯੋਜਨਾ ਨੂੰ ਅਸਫਲ ਬਣਾਉਣ ਲਈ ਸੰਘਰਸ਼ ਕੀਤਾ ਅਤੇ ਕੈਨੇਡਾ ਵਿੱਚ ਭਾਰਤੀਆਂ ਨੂੰ ਬਰਾਬਰੀ ਦੇ ਅਧਿਕਾਰ ਦਿਵਾਉਣ ਲਈ ਨਿਰੰਤਰ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਕੈਨੇਡਾ ਦੇ ਇਤਿਹਾਸ ਵਿੱਚ ਪਹਿਲਾ ਅੰਮ੍ਰਿਤ ਸੰਚਾਰ ਅਤੇ ਪਹਿਲਾ ਨਗਰ ਕੀਰਤਨ ਕਰਕੇ ਸਿੱਖ ਇਤਿਹਾਸ ਵਿੱਚ ਨਵਾਂ ਅਧਿਆਇ ਲਿਖਿਆ।
ਬੁਲਾਰਿਆਂ ਨੇ ਦੱਸਿਆ ਕਿ ਪ੍ਰੋਫੈਸਰ ਸੰਤ ਤੇਜਾ ਸਿੰਘ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਉੱਚ ਸਿੱਖਿਆ ਦੇ ਮਹਾਨ ਹਮਾਇਤੀ ਸਨ। ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਕਈ ਗ਼ੈਰ-ਸਿੱਖ ਵੀ ਉਨ੍ਹਾਂ ਦੇ ਸ਼ਰਧਾਲੂ ਬਣੇ। ਉਸ ਸਮੇਂ ਦੇ ਵੈਨਕੂਵਰ ਤੋਂ ਛਪਦੇ ਨਾਮੀਂ ਅਖ਼ਬਾਰਾਂ ਨੇ ਉਨ੍ਹਾਂ ਬਾਰੇ ਵਿਸ਼ੇਸ਼ ਲੇਖ ਪ੍ਰਕਾਸ਼ਿਤ ਕਰਕੇ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਨੂੰ ਉਜਾਗਰ ਕੀਤਾ ਸੀ। ਆਪਣੇ ਸੰਬੋਧਨ ਵਿੱਚ ਭਾਈ ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਸੰਤ ਤੇਜਾ ਸਿੰਘ ਕੈਨੇਡਾ ਵਿੱਚ ਸਿੱਖਾਂ ਦੇ ਹੱਕਾਂ, ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਨਿਆਂ ਦੀਆਂ ਸਭ ਤੋਂ ਵੱਡੀਆਂ ਆਵਾਜ਼ਾਂ ਵਿੱਚੋਂ ਇੱਕ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਕੈਨੇਡੀਅਨਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼ ਦੇ ਸੰਸਥਾਪਕ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਸੰਤ ਤੇਜਾ ਸਿੰਘ ਦੂਰਅੰਦੇਸ਼ੀ ਆਗੂ ਸਨ, ਜਿਨ੍ਹਾਂ ਨੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੀ ਕੈਨੇਡਾ ਵਿੱਚ ਸਿੱਖ ਯੂਨੀਵਰਸਿਟੀ ਸਥਾਪਿਤ ਕਰਨ ਦਾ ਸੁਪਨਾ ਦੇਖਿਆ ਸੀ। ਇਹ ਉਨ੍ਹਾਂ ਦੀ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸੋਚ ਦਾ ਪ੍ਰਤੀਕ ਸੀ।
ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਦੇ ਪ੍ਰਤੀਨਿਧ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਉੱਚ ਸਿੱਖਿਆ ਪ੍ਰਾਪਤ ਕਰਕੇ ਪ੍ਰੋਫੈਸਰ ਸੰਤ ਤੇਜਾ ਸਿੰਘ ਵਾਂਗ ਸਮਾਜ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਲਖਵਿੰਦਰ ਸਿੰਘ ਕਾਹਨੇਕੇ ਨੇ ਦੱਸਿਆ ਕਿ ਸੰਤ ਅਤਰ ਸਿੰਘ ਮਸਤੂਆਣਾ ਦੀ ਪ੍ਰੇਰਨਾ ਨਾਲ ਸੰਤ ਤੇਜਾ ਸਿੰਘ ਵੱਲੋਂ ਸੰਸਾਰ ਭਰ ਵਿੱਚ ਸਿੱਖੀ ਦਾ ਨਿਸ਼ਾਨ ਚਲਾਇਆ ਗਿਆ ਅਤੇ ਵਿਦਿਆ ਦੇ ਚਾਨਣ ਰਾਹੀਂ ਹਨੇਰਾ ਖ਼ਤਮ ਕੀਤਾ ਗਿਆ। ਉਨ੍ਹਾਂ ਦੀ ਇਤਿਹਾਸਕ ਦੇਣ ਨੂੰ ਚੇਤੇ ਕਰਦਿਆਂ 150ਵੀਂ ਜਨਮ ਦਿਹਾੜੇ ’ਤੇ ਮਸਤੂਆਣਾ ਸਾਹਿਬ ਵਿਖੇ ਸੰਤ ਤੇਜਾ ਸਿੰਘ ਦੀ ਯਾਦ ਵਿੱਚ ਵੱਡੇ ਸਮਾਗਮ ਉਲੀਕੇ ਜਾਣਗੇ। ਡਾ. ਪਰਗਟ ਸਿੰਘ ਭੁਰਜੀ ਨੇ ਸਮੂਹ ਬੁਲਾਰਿਆਂ, ਸੰਗਤ, ਸੇਵਾਦਾਰਾਂ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਮਹਾਨ ਸ਼ਖ਼ਸੀਅਤਾਂ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ।
ਸਮਾਗਮ ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਸਾਲ 2027 ਵਿੱਚ ਉਨ੍ਹਾਂ ਦੇ 150ਵੇਂ ਜਨਮ ਦਿਨ ਨੂੰ ਵਿਸ਼ਵ ਪੱਧਰ ’ਤੇ ਮਨਾਉਣ ਲਈ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨਗੇ।
ਸੰਪਰਕ: 77898-09196

