ਵਿਗਿਆਨਕ ਸੋਚ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ
ਸਰੀ: ਤਰਕਸ਼ੀਲ ਕਲਚਰ ਸੁਸਾਇਟੀ ਕੈਨੇਡਾ, ਸਰੀ ਵੱਲੋਂ ‘ਧਰਮ, ਤਰਕ ਤੇ ਵਿਗਿਆਨ-ਲੋੜ ਅਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਬੁੱਧੀਜੀਵੀਆਂ, ਸਾਹਿਤਕਾਰਾਂ, ਵਿਗਿਆਨਕ ਸੋਚ ਦੇ ਹਾਮੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਸ਼ਮੂਲੀਅਤ ਕਰਦਿਆਂ ਅਜੋਕੇ ਸਮੇਂ ਵਿੱਚ ਤਰਕਸ਼ੀਲਤਾ...
ਸਰੀ: ਤਰਕਸ਼ੀਲ ਕਲਚਰ ਸੁਸਾਇਟੀ ਕੈਨੇਡਾ, ਸਰੀ ਵੱਲੋਂ ‘ਧਰਮ, ਤਰਕ ਤੇ ਵਿਗਿਆਨ-ਲੋੜ ਅਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਬੁੱਧੀਜੀਵੀਆਂ, ਸਾਹਿਤਕਾਰਾਂ, ਵਿਗਿਆਨਕ ਸੋਚ ਦੇ ਹਾਮੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਸ਼ਮੂਲੀਅਤ ਕਰਦਿਆਂ ਅਜੋਕੇ ਸਮੇਂ ਵਿੱਚ ਤਰਕਸ਼ੀਲਤਾ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਲੋੜ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ।
ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਹੇਅਰ ਨੇ ਕਿਹਾ ਕਿ ਅਜਿਹੀਆਂ ਵਿਚਾਰ ਗੋਸ਼ਟੀਆਂ ਦਾ ਮਕਸਦ ਲੋਕਾਂ ਨੂੰ ਸਵਾਲ ਕਰਨ, ਤੱਥਾਂ ਨੂੰ ਪਰਖਣ ਅਤੇ ਹਰ ਵਰਤਾਰੇ ਨੂੰ ਤਰਕ ਦੀ ਕਸੌਟੀ ’ਤੇ ਸਮਝਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਅੰਧਵਿਸ਼ਵਾਸ, ਵਹਿਮ-ਭਰਮ ਅਤੇ ਗ਼ੈਰ-ਵਿਗਿਆਨਕ ਧਾਰਨਾਵਾਂ ਦਾ ਕਾਇਮ ਰਹਿਣਾ ਚਿੰਤਾ ਦਾ ਵਿਸ਼ਾ ਹੈ।
ਮੁੱਖ ਬੁਲਾਰੇ ਸਰਬਜੀਤ ਸਿੰਘ ਉਖਲਾ ਨੇ ‘ਧਰਮ, ਤਰਕ ਤੇ ਵਿਗਿਆਨ ਦੀ ਲੋੜ ਅਤੇ ਚੁਣੌਤੀਆਂ’ ਵਿਸ਼ੇ ’ਤੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਮਨੁੱਖੀ ਸੱਭਿਅਤਾ, ਸੱਭਿਆਚਾਰ ਅਤੇ ਅੱਜ ਤੱਕ ਹੋਈ ਤਰੱਕੀ ਦੇ ਪਿੱਛੇ ਮਨੁੱਖ ਦੀ ਤਰਕਸ਼ੀਲ ਬੁੱਧੀ ਦੀ ਵੱਡੀ ਭੂਮਿਕਾ ਰਹੀ ਹੈ। ਮਨੁੱਖ ਦਾ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਵੀ ਉਸ ਦੀ ਨਿਰੀਖਣ ਕਰਨ, ਸਵਾਲ ਪੁੱਛਣ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਸਮਰੱਥਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਮਨੁੱਖੀ ਵਿਕਾਸ ਦੇ ਪਿਛੋਕੜ ਨੂੰ ਇਤਿਹਾਸਕ ਅਤੇ ਵਿਗਿਆਨਕ ਨਜ਼ਰੀਏ ਤੋਂ ਸਮਝਾਉਂਦਿਆਂ ਰਿਫ਼ਟ ਵੈਲੀ ਨਾਲ ਜੁੜੀਆਂ ਭੂਗੋਲਿਕ ਤਬਦੀਲੀਆਂ ਅਤੇ ਬਦਲੇ ਹੋਏ ਕੁਦਰਤੀ ਹਾਲਾਤ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਬਦਲਦੀਆਂ ਲੋੜਾਂ ਅਤੇ ਹਾਲਾਤ ਨੇ ਮਨੁੱਖ ਨੂੰ ਕੁਦਰਤੀ ਮਾਸੂਮਤਾ ਤੋਂ ਅੱਗੇ ਵਧ ਕੇ ਸੋਚਣ, ਪਰਖਣ ਅਤੇ ਫ਼ੈਸਲੇ ਕਰਨ ਵੱਲ ਧੱਕਿਆ। ਇਸ ਪ੍ਰਕਿਰਿਆ ਵਿੱਚੋਂ ਵਿਵੇਕ ਨੇ ਜਨਮ ਲਿਆ, ਵਿਵੇਕ ਵਿੱਚੋਂ ਦਲੀਲ ਅਤੇ ਤਰਕ ਦੀ ਭਾਵਨਾ ਵਿਕਸਿਤ ਹੋਈ ਅਤੇ ਤਰਕ ਤੋਂ ਪੈਦਾ ਹੋਏ ਸਵਾਲਾਂ ਦੇ ਜਵਾਬ ਲੱਭਣ ਲਈ ਵਿਗਿਆਨਕ ਸੋਚ ਨੇ ਰਾਹ ਬਣਾਇਆ। ਉਨ੍ਹਾਂ ਕਿਹਾ ਕਿ ਵਿਗਿਆਨ ਵੱਲੋਂ ਲੱਭੇ ਨਿਯਮਾਂ ਅਤੇ ਸਿੱਟਿਆਂ ਨੂੰ ਮਨੁੱਖੀ ਜੀਵਨ ਵਿੱਚ ਅਮਲੀ ਰੂਪ ਦੇਣ ਦਾ ਕੰਮ ਤਕਨਾਲੋਜੀ ਨੇ ਕੀਤਾ।
ਤਰਕਸ਼ੀਲ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਸੁਖਦੇਵ ਸਿੰਘ ਮਾਨ ਨੇ ਵਿਗਿਆਨ ਦੀਆਂ ਪ੍ਰਾਪਤੀਆਂ ਅਤੇ ਮਨੁੱਖੀ ਜੀਵਨ ਨੂੰ ਮਿਲੇ ਇਸ ਦੇ ਅਨੇਕਾਂ ਲਾਭਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੈਮੀਨਾਰ ਵਿੱਚ ਮਨਮੋਹਨ ਸ਼ਰਮਾ, ਕੁਲਵੀਰ ਸਿੰਘ ਮੰਗਵਾਲ, ਪ੍ਰਿੰਸੀਪਲ ਕਸ਼ਮੀਰਾ ਸਿੰਘ, ਡਾ. ਸਾਧੂ ਸਿੰਘ ਬਿਨਿੰਗ, ਅਮਰਜੀਤ ਸਿੰਘ ਭੁੱਲਰ, ਬਲਵੰਤ ਸਿੰਘ ਸੰਘੇੜਾ, ਅਜਮੇਰ ਸਿੰਘ ਭਾਗਪੁਰ, ਕਰਮਜੀਤ ਸਿੰਘ ਪੁਰਬਾ, ਨਿਰੰਜਨ ਸਿੰਘ ਲੇਹਲ, ਮਨਜੀਤ ਮੱਲ੍ਹਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਰੋਤਿਆਂ ਨੇ ਸ਼ਮੂਲੀਅਤ ਕੀਤੀ ਅਤੇ ਵਿਸ਼ੇ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਪਰਮਜੀਤ ਸਿੰਘ ਸਿੱਧੂ ਨੇ ਸੈਮੀਨਾਰ ਵਿੱਚ ਪਹੁੰਚੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ ਦੀ ਥਾਂ ਤਰਕ, ਵਿਵੇਕ ਅਤੇ ਵਿਗਿਆਨਕ ਸੋਚ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਤਰਕਸ਼ੀਲ ਸੁਸਾਇਟੀ ਦੀਆਂ ਸਰਗਰਮੀਆਂ ਨਾਲ ਜੁੜਨ।
ਸੰਪਰਕ: +1 604 308 6663

