ਪ੍ਰੇਰੀਵਿੰਡ ਪਾਰਕ ਵਿਖੇ ਪਈ ਤੀਆਂ ਦੀ ਧਮਾਲ
ਕੈਲਗਰੀ: ਵਿਦੇਸ਼ਾਂ ਦੀ ਧਰਤੀ ’ਤੇ ਵੱਸਦੇ ਪੰਜਾਬੀ ਭਾਵੇਂ ਆਪਣੇ ਵਤਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋਣ, ਪਰ ਉਹ ਆਪਣੀ ਮਿੱਟੀ, ਬੋਲੀ ਅਤੇ ਸੱਭਿਆਚਾਰਕ ਰਿਵਾਇਤਾਂ ਨਾਲ ਅੱਜ ਵੀ ਗਹਿਰਾਈ ਨਾਲ ਜੁੜੇ ਹੋਏ ਹਨ। ਪੰਜਾਬ ਦੀਆਂ ਰੌਣਕਾਂ ਅਤੇ ਲੋਕ-ਵਿਰਸੇ ਨੂੰ ਪਰਦੇਸ ਵਿੱਚ ਵੀ...
ਕੈਲਗਰੀ: ਵਿਦੇਸ਼ਾਂ ਦੀ ਧਰਤੀ ’ਤੇ ਵੱਸਦੇ ਪੰਜਾਬੀ ਭਾਵੇਂ ਆਪਣੇ ਵਤਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋਣ, ਪਰ ਉਹ ਆਪਣੀ ਮਿੱਟੀ, ਬੋਲੀ ਅਤੇ ਸੱਭਿਆਚਾਰਕ ਰਿਵਾਇਤਾਂ ਨਾਲ ਅੱਜ ਵੀ ਗਹਿਰਾਈ ਨਾਲ ਜੁੜੇ ਹੋਏ ਹਨ। ਪੰਜਾਬ ਦੀਆਂ ਰੌਣਕਾਂ ਅਤੇ ਲੋਕ-ਵਿਰਸੇ ਨੂੰ ਪਰਦੇਸ ਵਿੱਚ ਵੀ ਜਿਉਂਦਾ ਰੱਖਣ ਦੀ ਇਸੇ ਭਾਵਨਾ ਤਹਿਤ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਵੱਲੋਂ ਪ੍ਰੇਰੀਵਿੰਡ ਪਾਰਕ ਵਿਖੇ ਤੀਆਂ ਦਾ ਤਿਉਹਾਰ ਅਤੇ ਭਾਰਤ ਦੀ ਆਜ਼ਾਦੀ ਦਾ ਜਸ਼ਨ ਬੜੇ ਉਤਸ਼ਾਹ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ।
ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਪ੍ਰੇਰੀਵਿੰਡ ਪਾਰਕ ਵਿਖੇ ਤੀਆਂ ਦਾ ਤਿਓਹਾਰ ਅਤੇ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਸਭਾ ਦੀ ਸਕੱਤਰ ਗੁਰਨਾਮ ਕੌਰ ਨੇ ਮੀਟਿੰਗ ਦਾ ਆਗਾਜ਼ ਕਰਦਿਆਂ ਭੈਣਾਂ ਨੂੰ ਜੀ ਆਇਆਂ ਆਖਿਆ। ਗੁਰਨਾਮ ਕੌਰ ਨੇ 15 ਅਗਸਤ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਲਈ ਭਾਵੇਂ ਆਜ਼ਾਦੀ ਸੀ, ਪਰ ਪੰਜਾਬ ਲਈ ਬਰਬਾਦੀ ਸੀ। ਪੰਜਾਬੀਆਂ ਦੇ ਲਹੂ ਸਿੰਮਦੇ ਜ਼ਖ਼ਮ ਅਜੇ ਵੀ ਅੱਲੇ ਹਨ।
ਇਸ ਤੋਂ ਬਾਅਦ ਤੀਆਂ ਦੇ ਗੀਤ, ਸੰਗੀਤ ਦਾ ਦੌਰ ਸ਼ੁਰੂ ਹੋ ਗਿਆ। ਗੁਰਦੀਸ਼ ਕੌਰ ਗਰੇਵਾਲ ਨੇ ‘ਮੈਨੂੰ ਲੈਣ ਆਇਆ ਮੇਰਾ ਨੀਂ ਭਰਾ ਕੁੜੀਓ’ ਤਰੰਨਮ ਨਾਲ ਗਾਇਆ। ਇਸ ਤੋਂ ਬਾਅਦ ਪ੍ਰਿੰਸੀਪਲ ਚਰਨਦੀਪ ਕੌਰ ਨੇ ਆਜ਼ਾਦੀ ਦਾ ਗੀਤ ‘ਮਿੱਤਰੋ ਘੋਲ ਆਜ਼ਾਦੀ ਵਾਲਾ, ਮੁੜ ਕੇ ਲੜਨਾ ਪੈਣਾ ਏ’ ਸੁਣਾ ਕੇ ਫਿਜ਼ਾ ਵਿੱਚ ਜੋਸ਼ ਭਰ ਦਿੱਤਾ। ਸੁਰਿੰਦਰ ਕੌਰ ਸੰਧੂ, ਜਸਮਿੰਦਰ ਕੌਰ ਬਰਾੜ, ਅਮਰਜੀਤ ਕੌਰ ਮਾਮੀ ਅਤੇ ਸਾਥਣਾਂ ਨੇ ਲੰਮੀ ਹੇਕ ਦੇ ਗੀਤ ਗਾਏ। ਸਰਬਜੀਤ ਕੌਰ ਨੇ ‘ਕੱਚਿਆਂ ਤੇ ਇਤਬਾਰ ਨਾ ਕਰਿਓ’ ਗੀਤ ਸੁਣਾਇਆ। ਅਵਨੀਤ ਗਰੇਵਾਲ, ਬਲਬੀਰ ਗਰੇਵਾਲ ਅਤੇ ਸੁਰਿੰਦਰ ਕੈਂਥ ਨੇ ਵੀ ਲੋਕ ਗੀਤਾਂ ਨਾਲ ਹਾਜ਼ਰੀ ਲਗਵਾਈ। ਸੀਨੀਅਰ ਭੈਣਾਂ ਨੇ ਗਿੱਧੇ ਦੇ ਪਿੜ ਵਿੱਚ ਖੂਬ ਧੂੜਾਂ ਪੱਟੀਆਂ।
ਖੀਰ ਪੂੜਿਆਂ ਦਾ ਆਨੰਦ ਮਾਣਦੀਆਂ ਭੈਣਾਂ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸਾਂਝ ਪਾਉਂਦੀਆਂ ਗ਼ਮਾਂ ਤੋਂ ਕਿਧਰੇ ਦੂਰ ਹੋ ਗਈਆਂ ਜਾਪਦੀਆਂ ਸਨ। ਅਵਨੀਤ ਗਰੇਵਾਲ ਨੇ ਔਰਤਾਂ ਨੂੰ ਬਜ਼ੁਰਗਾਂ ਦੀ ਮਦਦ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਆਈਆਂ ਭੈਣਾਂ ਦਾ ਧੰਨਵਾਦ ਕਰਦਿਆਂ ‘ਚਰਖਾ ਚੰਨਣ ਦਾ’ ਗੀਤ ਗਾਇਆ। ਅੰਤ ਵਿੱਚ ‘ਸਾਉਣ ਵੀਰ ’ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ’ ਗੀਤ ਗਾਉਂਦੀਆਂ ਭੈਣਾਂ ਨੇ ਵਿਦਾਇਗੀ ਲਈ।
ਖ਼ਬਰ ਸਰੋਤ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ

