ਹਰਜੀਤ ਅਟਵਾਲ
ਹਾਈਡ ਪਾਰਕ ਦੇ ਸਪੀਕਰਜ਼ ਕਾਰਨਰ ਬਾਰੇ ਮੈਂ ਕਾਲਜ ਸਮੇਂ ਆਪਣੇ ਕੋਰਸ ਵਿੱਚ ਪੜ੍ਹਿਆ ਸੀ, ਜਿੱਥੇ ਤੁਸੀਂ ਮਨ ਦੀ ਗੱਲ ਕਰ ਸਕਦੇ ਹੋ, ਕਿਸੇ ਦੇ ਖਿਲਾਫ਼ ਕੁਝ ਵੀ ਬੋਲ ਸਕਦੇ ਹੋ, ਤੁਹਾਨੂੰ ਕੋਈ ਰੋਕੇਗਾ ਨਹੀਂ। ਇਸ ਨੂੰ ਲੋਕਰਾਜ ਦਾ ਇੱਕ ਚਿੰਨ੍ਹ ਵੀ ਕਿਹਾ ਜਾ ਜਾਂਦਾ ਹੈ। ਸਪੀਕਰਜ਼ ਕਾਰਨਰ ਤੋਂ ਪਹਿਲਾਂ ਹਾਈਡ ਪਾਰਕ ਬਾਰੇ ਗੱਲ ਕਰਨੀ ਜ਼ਰੂਰੀ ਬਣਦੀ ਹੈ ਕਿਉਂਕਿ ਹਾਈਡ ਪਾਰਕ ਨਾਲ ਇਸ ਦਾ ਡੂੰਘਾ ਸਬੰਧ ਹੈ। ਇਸ ਦਾ ਹਾਈਡ ਪਾਰਕ ਵਿੱਚ ਹੋਣਾ ਕੋਈ ਇਤਫਾਕ ਨਹੀਂ ਹੈ। ਇੱਥੇ ਹਾਈਡ ਪਾਰਕ ਸਥਾਪਤੀ ਦੀ ਨਿਸ਼ਾਨੀ ਹੈ ਤੇ ਸਪੀਕਰਜ਼ ਕਾਰਨਰ ਸਥਾਪਤੀ ਦੇ ਖਿਲਾਫ਼ ਬੋਲਣ ਦਾ ਮੈਟਾਫਰ।
ਹਾਈਡ ਪਾਰਕ ਲੰਡਨ ਦੇ ਕੇਂਦਰ ਵਿੱਚ ਸਥਿਤ ਇੱਕ ਰੌਇਲ ਪਾਰਕ ਹੈ। ਇਹ ਲੰਡਨ ਦੇ ਚਾਰ ਰੌਇਲ ਪਾਰਕਾਂ ਵਿੱਚੋਂ ਪ੍ਰਮੁੱਖ ਹੈ। ਇਹ 350 ਏਕੜ ਵਿੱਚ ਫੈਲਿਆ ਹੈ। ਇਸ ਨੂੰ ਰਾਜੇ ਹੈਨਰੀ ਅੱਠਵੇਂ ਨੇ 1536 ਵਿੱਚ ਵੈਸਰਟਰਨ ਐਬੇ ਤੋਂ ਰਾਖਵਾਂ ਰਖਵਾਇਆ ਸੀ। ਅਸਲ ਵਿੱਚ ਇਹ ਰਾਜੇ ਲਈ ਸ਼ਿਕਾਰਗਾਹ ਬਣਾਈ ਗਈ ਸੀ। ਇੱਥੇ ਆਮ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਫਿਰ 1637 ਵਿੱਚ ਇਸ ਨੂੰ ਹੌਲੀ-ਹੌਲੀ ਆਮ ਪਬਲਿਕ ਲਈ ਖੋਲ੍ਹਿਆ ਜਾਣ ਲੱਗਾ। ਇਹ ਬਹੁਤ ਖ਼ੂਬਸੂਰਤ ਪਾਰਕ ਹੈ। ਇਸ ਵਿੱਚ ਝੀਲਾਂ ਹਨ, ਵੱਡੇ-ਵੱਡੇ ਦਰੱਖਤ ਹਨ, ਸੜਕਾਂ ਹਨ, ਤੁਰਨ-ਗਾਹਾਂ ਹਨ, ਰੈਸਟੋਰੈਂਟ ਤੇ ਤਫ਼ਰੀਹ ਦੇ ਹੋਰ ਸਾਧਨ ਹਨ, ਪ੍ਰਦਰਸ਼ਨੀਆਂ ਲਾਉਣ ਲਈ ਖੁੱਲ੍ਹੇ ਮੈਦਾਨ ਹਨ। ਸਭ ਤੋਂ ਪਹਿਲੀ ਵੱਡੀ ਨੁਮਾਇਸ਼ 1851 ਵਿੱਚ ਲਾਈ ਗਈ ਸੀ। ਕ੍ਰਿਸਟਲ-ਪੈਲੇਸ ਨਾਂ ਦੀ ਸ਼ੀਸ਼ੇ ਤੇ ਲੋਹੇ ਦੀ ਆਰਜ਼ੀ ਇਮਾਰਤ ਉਸਾਰੀ ਗਈ ਸੀ। ਇਵੇਂ ਹੀ ਅੱਜ ਵੀ ਇੱਥੇ ਟੈਂਟ ਲਾ ਕੇ ਵੱਡਾ ਸਾਰਾ ਹਾਲ ਬਣਾਕੇ ਵੱਡੇ-ਵੱਡੇ ਫੰਕਸ਼ਨ ਕਰਾਏ ਜਾਂਦੇ ਹਨ, ਚਾਹੇ ਉਹ ਮਿਊਜ਼ਕ ਕਾਨਸਰਟ ਹੋਵੇ ਜਾਂ ਕੋਈ ਖੇਡਾਂ ਦਾ ਪ੍ਰੋਗਰਾਮ ਜਾਂ ਕੋਈ ਸਮਾਜਿਕ ਸਰਗਰਮੀ।
ਸਭ ਤੋਂ ਪਹਿਲਾਂ ਮੈਂ ਹਾਈਡ ਪਾਰਕ ਬਾਰੇ ਕਿਧਰੇ ਇੱਕ ਕਵਿਤਾ ਪੜ੍ਹੀ ਸੀ। ਫਿਰ ਇਸ ਨੂੰ ਹਿੰਦੀ ਫ਼ਿਲਮ ‘ਸੰਗਮ’ ਵਿੱਚ ਵੀ ਦੇਖਿਆ ਸੀ। ਲੰਡਨ ਪੁੱਜ ਕੇ ਮੈਂ ਆਪਣੀ ਪਹਿਲੀ ਵਿਹਲ ਵਿੱਚ ਹੀ ਟਿਊਬ ਫੜ ਕੇ ਹਾਈਡ ਪਾਰਕ ਜਾ ਪੁੱਜਾ ਸਾਂ। ਅੰਡਰ ਗਰਾਊਂਡ ਦਾ ਹਾਈਡ ਪਾਰਕ ਲਈ ਅਲੱਗ ਸਟੇਸ਼ਨ ਹੈ। ਹਾਈਡ ਪਾਰਕ ਦੀ ਦੂਜੀ ਫੇਰੀ ਮੈਂ ਕਾਰ ਰਾਹੀਂ ਕੀਤੀ ਸੀ। ਪਾਰਕ ਘੁੰਮਣ ਤੋਂ ਪਹਿਲਾਂ ਮੈਂ ਇਸ ਦਾ ਸਪੀਕਰਜ਼ ਕਾਰਨਰ ਦੇਖਣ ਗਿਆ। ਇਸ ਦੀ ਮਹੱਤਤਾ ਕਾਰਨ ਮੇਰੇ ਮਨ ਵਿੱਚ ਇਸ ਦੀ ਬਹੁਤ ਵੱਡੀ ਤਸਵੀਰ ਬਣੀ ਹੋਈ ਸੀ, ਪਰ ਇਹ ਪਾਰਕ ਦੇ ਉੱਪਰਲੇ ਸੱਜੇ ਪਾਸੇ ਇੱਕ ਖੂੰਜਾ ਹੈ ਜਿੱਥੇ ‘ਸਪੀਕਰਜ਼ ਕਾਰਨਰ’ ਦਾ ਛੋਟਾ ਜਿਹਾ ਬੋਰਡ ਲੱਗਾ ਹੋਇਆ ਹੈ। ਹਰ ਐਤਵਾਰ ਇੱਥੇ ਲੋਕ ਇਕੱਠੇ ਹੁੰਦੇ ਹਨ ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਬੋਲਦੇ ਹਨ। ਇੱਕੋ ਵਾਰੀ ਕਈ-ਕਈ ਬੁਲਾਰੇ ਬੋਲ ਰਹੇ ਹੁੰਦੇ ਹਨ, ਹਰ ਬੁਲਾਰੇ ਨੂੰ ਸੁਣਨ ਲਈ ਵੱਖਰੀ ਭੀੜ ਹੁੰਦੀ ਹੈ। ਇਹ ਭੀੜ ਕੁਝ ਦਰਜਨ ਲੋਕਾਂ ਤੋਂ ਲੈ ਕੇ ਲੱਖਾਂ ਦੀ ਗਿਣਤੀ ਤੱਕ ਦੀ ਹੋ ਸਕਦੀ ਹੈ। ਇਰਾਕ ਉੱਪਰ ਅਮਰੀਕਾ ਦੇ ਹਮਲੇ ਦੇ ਖਿਲਾਫ਼ ਹੋਇਆ ਇਕੱਠ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ, ਇੱਕ ਅੰਦਾਜ਼ੇ ਮੁਤਾਬਕ ਇਸ ਵਿੱਚ ਵੀਹ ਲੱਖ ਤੋਂ ਵੀ ਵੱਧ ਲੋਕਾਂ ਨੇ ਭਾਗ ਲਿਆ ਸੀ। ਦੁਨੀਆ ਦੀਆਂ ਜ਼ਬਰੀ ਥੋਪੀਆਂ ਗਈਆਂ ਲੜਾਈਆਂ ਜਾਂ ਹੋਰ ਵਧੀਕੀਆਂ ਬਾਰੇ ਇੱਥੇ ਜਲਸੇ ਹੁੰਦੇ ਹੀ ਰਹਿੰਦੇ ਹਨ। ਆਮ ਤੌਰ ’ਤੇ ਪ੍ਰਦਰਸ਼ਨਕਾਰੀ ਲੰਡਨ ਵਿੱਚ ਆਪਣੇ ਵਿਚਾਰ ਲੈ ਕੇ ਜਾਂ ਕਿਸੇ ਦੇ ਵਿਰੋਧ ਵਿੱਚ ਮਾਰਚ ਕਰਦੇ ਹਨ ਤੇ ਇਹ ਮਾਰਚ ਸਪੀਕਰਜ਼ ਕਾਰਨਰ ’ਤੇ ਆ ਕੇ ਖ਼ਤਮ ਹੁੰਦਾ ਹੈ, ਜਿੱਥੇ ਭਾਸ਼ਨ ਦਿੱਤੇ ਜਾਂਦੇ ਹਨ। ਇਹ ਪ੍ਰਥਾ ਸਦੀਆਂ ਪੁਰਾਣੀ ਹੈ। ਸਪੀਕਰਜ਼ ਕਾਰਨਰ ਬਰਤਾਨਵੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਹੀ ਨਹੀਂ ਹੈ ਬਲਕਿ ਦੁਨੀਆ ਭਰ ਦੀਆਂ ਸਰਕਾਰਾਂ ਦੀ ਆਲੋਚਨਾ ਇੱਥੇ ਹੁੰਦੀ ਹੈ। ਹਿੰਦੋਸਤਾਨ ਦੀ ਸਰਕਾਰ ਵੀ ਸਪੀਕਰਜ਼ ਕਾਰਨਰ ਦੀ ਮਾਰ ਤੋਂ ਅਭਿੱਜ ਨਹੀਂ ਹੈ। ਭਾਰਤ ਸਰਕਾਰ ਦੀਆਂ ਨੀਤੀਆਂ ਖਿਲਾਫ਼ ਵੀ ਇੱਥੇ ਬਹੁਤ ਭਾਸ਼ਨ ਹੁੰਦੇ ਰਹਿੰਦੇ ਹਨ, ਪਰ ਸਭ ਤੋਂ ਵੱਡੇ ਮਾਰਚ ਖਾਲਿਸਤਾਨ ਦੀ ਲਹਿਰ ਵੇਲੇ ਰਹੇ ਹਨ। ਉਦੋਂ ਯੂਕੇ ਭਰ ਤੋਂ ਲਾਰੀਆਂ ਭਰ-ਭਰ ਕੇ ਲੋਕ ਇੱਥੇ ਪੁੱਜਿਆ ਕਰਦੇ ਸਨ। ਲੰਡਨ ਦੀਆਂ ਸੜਕਾਂ ’ਤੇ ਮਾਰਚ ਕਰਦੇ ਇੱਥੇ ਪੁੱਜਦੇ ਸਨ ਤੇ ਭਾਰਤ ਦੀ ਸਰਕਾਰ ਨੂੰ ਕੋਸਦੇ ਸਨ। ਇਵੇਂ ਹੀ ਹੋਰਨਾਂ ਦੇਸ਼ਾਂ ਵਿੱਚ ਉੱਠਦੀਆਂ ਲਹਿਰਾਂ ਵਿੱਚ ਸ਼ਾਮਲ ਲੋਕ ਵੀ ਇੱਥੇ ਆਪਣੇ ਵਿਚਾਰ ਰੱਖਦੇ ਰਹਿੰਦੇ ਹਨ। 1866 ਤੋਂ ਲੈ ਕੇ ਅੱਜ ਤੱਕ ਹਰ ਐਤਵਾਰ ਸਪੀਕਰਜ਼ ਕਾਰਨਰ ਵਿੱਚ ਲੋਕ ਇਕੱਠੇ ਹੋ ਕੇ ਆਪਣੇ ਵਿਚਾਰ ਸਾਂਝੇ ਕਰਦੇ ਆਏ ਹਨ। ਦੁਨੀਆ ਭਰ ਦੇ ਬਹੁਤ ਸਾਰੇ ਮਸ਼ਹੂਰ ਨੇਤਾਵਾਂ ਨੇ ਭਾਸ਼ਨ ਦਿੱਤੇ ਹੋਏ ਹਨ ਜਿਨ੍ਹਾਂ ਵਿੱਚ ਕਾਰਲ ਮਾਰਕਸ ਤੇ ਵਲਾਦੀਮੀਰ ਲੈਨਿਨ ਵੀ ਸ਼ਾਮਲ ਹਨ।
ਸਾਲ 1835 ਵਿੱਚ ਇੰਗਲੈਂਡ ਵਿੱਚ ਚੈਰਟਿਸਟ ਲਹਿਰ ਉੱਠੀ ਸੀ ਜਿਸ ਦੇ ਇਕੱਠ ਹਾਈਡ ਪਾਰਕ ਵਿੱਚ ਹੋਇਆ ਕਰਦੇ ਸਨ। ਉਦੋਂ ਹਾਲੇ ਸਪੀਕਰਜ਼ ਕਾਰਨਰ ਦੀ ਕੋਈ ਖ਼ਾਸ ਜਗ੍ਹਾ ਨਹੀਂ ਸੀ ਮਿੱਥੀ। 1855 ਵਿੱਚ ਹਾਈਡ ਪਾਰਕ ਵਿੱਚ ਸੰਡੇ-ਟਰੇਡ ਨੂੰ ਲੈ ਕੇ ਦੰਗੇ ਹੋ ਗਏ ਸਨ। ਸਰਕਾਰ ਐਤਵਾਰ ਵਾਲੇ ਦਿਨ ਕਾਰੋਬਾਰ ਕਰਨ ਤੋਂ ਰੋਕ ਲਾਉਣਾ ਚਾਹੁੰਦੀ ਸੀ ਕਿਉਂਕਿ ਐਤਵਾਰ ਚਰਚ ਜਾਣ ਦਾ ਦਿਨ ਮਿਥਿਆ ਹੋਇਆ ਸੀ, ਇਸ ਦਿਨ ਛੁੱਟੀ ਹੋਣੀ ਚਾਹੀਦੀ ਹੈ। ਇਸ ਮਾਰਚ ਨੂੰ ਇੰਗਲਿਸ਼ ਇਨਕਲਾਬ ਦੀ ਸ਼ੁਰੂਆਤ ਵੀ ਕਿਹਾ ਜਾਂਦਾ ਹੈ। ਅਸਲ ਵਿੱਚ ਤਾਂ ਸਪੀਕਰਜ਼ ਕਾਰਨਰ ਨੂੰ 1866 ਵਿੱਚ ਰਿਫੌਰਮ-ਲੀਗ ਨੇ ਸਥਾਪਤ ਕੀਤਾ। ਰਿਫੌਰਮ-ਲੀਗ ਵਾਲੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਹਾਈਡ ਪਾਰਕ ਵਿੱਚ ਮਾਰਚ ਕਰਦੇ ਤੇ ਭਾਸ਼ਨ ਦਿੱਤੇ ਜਾਂਦੇ। ਇੱਕ ਵਾਰ ਸਰਕਾਰ ਨੇ ਮਾਰਚ ਕਰਨ ਵਾਲਿਆਂ ਲਈ ਹਾਈਡ ਪਾਰਕ ਬੰਦ ਕਰ ਦਿੱਤਾ। ਹਾਈਡ ਪਾਰਕ ਦੇ ਆਲੇ-ਦੁਆਲੇ ਰੇਲ ਲੱਗੀ ਹੋਈ ਸੀ। ਜਿੱਥੇ ਹੁਣ ਸਪੀਕਰਜ਼ ਕਾਰਨਰ ਹੈ, ਇੱਥੋਂ ਪ੍ਰਦਰਸ਼ਨਕਾਰੀ ਰੇਲ ਤੋੜ ਹਾਈਡ ਪਾਰਕ ਵਿੱਚ ਜਾ ਵੜੇ ਤੇ ਨੇਤਾਵਾਂ ਨੇ ਭਾਸ਼ਨ ਕੀਤੇ ਤੇ ਸਰਕਾਰ ਦੀਆਂ ਨੀਤੀਆਂ ਦੀ ਭਰਵੀਂ ਆਲੋਚਨਾ ਕੀਤੀ। ਇਸ ਗੱਲ ਨੂੰ ਲੈ ਕੇ ਪੁਲੀਸ ਤੇ ਵਿਖਾਵਾਕਾਰੀਆਂ ਵਿੱਚ ਖੂਨੀ ਮੁੱਠਭੇੜ ਹੋ ਗਈ। ਤਿੰਨ ਦਿਨ ਦੰਗੇ ਹੁੰਦੇ ਰਹੇ। ਉਸ ਤੋਂ ਅਗਲੇ ਸਾਲ ਉਸੇ ਮੌਕੇ ’ਤੇ ਡੇਢ ਲੱਖ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਇੱਕ ਥਾਂ ਇਕੱਠੇ ਹੋ ਕੇ ਹਾਈਡ ਪਾਰਕ ਵੱਲ ਕੂਚ ਕੀਤਾ। ਸਰਕਾਰ ਨੇ ਉਨ੍ਹਾਂ ਨੂੰ ਰੋਕਣ ਲਈ ਫ਼ੌਜ ਤੇ ਪੁਲੀਸ ਦਾ ਇੰਤਜ਼ਾਮ ਕੀਤਾ ਹੋਇਆ ਸੀ। ਲੋਕਾਂ ਦਾ ਐਡਾ ਵੱਡਾ ਇਕੱਠ ਦੇਖ ਕੇ ਫ਼ੌਜ ਤੇ ਪੁਲੀਸ ਨੇ ਕੋਈ ਦਖਲ ਨਾ ਦਿੱਤਾ। ਲੋਕ ਪਾਰਕ ਵਿੱਚ ਜਾ ਵੜੇ ਤੇ ਸਰਕਾਰ ਦੇ ਖਿਲਾਫ਼ ਭਾਸ਼ਨ ਹੋਏ। ਉਸ ਵੇਲੇ ਦੇ ਹੋਮ ਸੈਕਟਰੀ ਸਪੈਂਸਰ ਵਾਲਪੋਲ ਨੂੰ ਅਸਤੀਫ਼ਾ ਦੇਣਾ ਪਿਆ। 1872 ਵਿੱਚ ਸਰਕਾਰ ਨੇ ਪਾਰਕ ਰੈਗੂਲੇਸ਼ਨ ਐਕਟ ਬਣਾ ਦਿੱਤਾ ਜਿਸ ਅਨੁਸਾਰ ਹਾਈਡ ਪਾਰਕ ਵਿੱਚ ਇਕੱਠੇ ਹੋਣ ’ਤੇ ਆਜ਼ਾਦਾਨਾ ਭਾਸ਼ਨ ਦੇਣ ਦੀ ਖੁੱਲ੍ਹ ਦੇ ਦਿੱਤੀ ਗਈ। ਪਾਰਕ ਦਾ ਇਹ ਕੋਨਾ ਸਪੀਕਰਜ਼ ਕਾਰਨਰ ਬਣ ਗਿਆ ਤੇ ਇਹ ਪ੍ਰਥਾ ਅੱਜ ਵੀ ਉਂਜ ਹੀ ਕਾਇਮ ਹੈ।
ਔਰਤਾਂ ਦੀ ਵੋਟ ਲਈ ਜੱਦੋ-ਜਹਿਦ ਵਿੱਚ ਵੀ ਸਪੀਕਰਜ਼ ਕਾਰਨਰ ਦਾ ਵੱਡਾ ਹਿੱਸਾ ਪੈਂਦਾ ਹੈ। 1906 ਤੋਂ ਲੈ ਕੇ 1914 ਤੱਕ ਇਸ ਲਹਿਰ ਦੀਆਂ ਛੋਟੀਆਂ-ਵੱਡੀਆਂ ਮੀਟਿੰਗਾਂ ਹਾਈਡ ਪਾਰਕ ਵਿੱਚ ਵੀ ਹੁੰਦੀਆਂ ਰਹੀਆਂ। 21 ਜੂਨ 1908, ਔਰਤ ਦਿਵਸ ਵਾਲੇ ਦਿਨ ਢਾਈ ਲੱਖ ਔਰਤਾਂ ਨੇ ਹਾਈਡ ਪਾਰਕ ਵੱਲ ਮਾਰਚ ਕੀਤਾ ਸੀ। ਸਪੀਕਰਜ਼ ਕਾਰਨਰ ਵਿੱਚ ਵੀਹ ਅਲੱਗ-ਅਲੱਗ ਪਲੈਟਫਾਰਮ ਬਣਾਏ ਗਏ ਜਿੱਥੇ ਬੁਲਾਰਿਆਂ ਨੇ ਭਾਸ਼ਨ ਦਿੱਤੇ। 1913 ਵਿੱਚ ਪੁਲੀਸ ਨੇ ਔਰਤਾਂ ਦੀ ਜਥੇਬੰਦੀ ਉੱਪਰ ਪਾਰਕ ਵਿੱਚ ਮੀਟਿੰਗ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ, ਪਰ ਔਰਤਾਂ ਨੇ ਲਗਾਤਾਰ ਮਾਰਚ ਕਰਕੇ ਆਪਣੇ ਵੋਟ ਪਾਉਣ ਦੇ ਹੱਕ ਨੂੰ ਪੱਕਾ ਕੀਤਾ।
ਵੈਸੇ ਉਨ੍ਹਾਂ ਵੇਲਿਆਂ ਵਿੱਚ ਬੁਲਾਰੇ ਆਪਣੇ ਵਿਚਾਰ ਰੱਖਣ ਲਈ ਕਿਤੇ ਵੀ ਮਜ਼ਮਾ ਜਿਹਾ ਲਾ ਲੈਂਦੇ ਸਨ। ਕਿਸੇ ਮਾਰਕੀਟ ਵਿੱਚ, ਕਿਸੇ ਪਾਰਕ ਵਿੱਚ ਜਾਂ ਗਲੀ ਦੇ ਮੋੜ ’ਤੇ, ਕਿਤੇ ਵੀ ਬੁਲਾਰੇ ਖੜ੍ਹ ਭਾਸ਼ਨ ਕਰਨ ਲੱਗਦੇ। 1855 ਤੋਂ ਲੈ ਕੇ 1939 ਤੱਕ ਲੰਡਨ ਵਿੱਚ ਤਕਰੀਬਨ ਸੌ ਸਪੀਕਰਜ਼ ਕਾਰਨਰ ਸਨ। ਜਦੋਂ ਹਾਈਡ ਪਾਰਕ ਵਿੱਚ ਸਪੀਕਰਜ਼ ਕਾਰਨਰ ਸਥਾਪਤ ਹੋ ਗਿਆ ਤਾਂ ਬਾਕੀ ਦੇ ਅਲੋਪ ਹੁੰਦੇ ਗਏ। ਵੈਸੇ ਹਾਲੇ ਵੀ ਲੰਡਨ ਦੇ ਕੁਝ ਹੋਰ ਪਾਰਕਾਂ ਵਿੱਚ ਲੋਕ ਇਕੱਠੇ ਹੋ ਕੇ ਭਾਸ਼ਨ ਦਿੰਦੇ ਜਾਂ ਵਿਚਾਰ ਸਾਂਝੇ ਕਰਦੇ ਹਨ। ਅਜਿਹੇ ਸਪੀਕਰਜ਼ ਕਾਰਨਰ ਫਿੰਸ਼ਬਰੀ ਪਾਰਕ, ਕਲੈਪਹਮ ਕੌਮਨ, ਕੈਨਿੰਗਟਨ ਪਾਰਕ, ਵਿਕਟੋਰੀਆ ਪਾਰਕ, ਲਿੰਕਨ ਇਨ ਫੀਲਡ ਵਿੱਚ ਵੀ ਹਨ। ਫਿਰ ਵੀ ਹਾਈਡ ਪਾਰਕ ਵਾਲਾ ਸਪੀਕਰਜ਼ ਕਾਰਨਰ ਪ੍ਰਮੁੱਖ ਹੈ।
ਸਪੀਕਰਜ਼ ਕਾਰਨਰ ਆਪਣੇ ਮਨ ਦੀ ਗੱਲ ਕਹਿਣ ਦਾ ਮੈਟਾਫਰ ਹੈ। ਇਸ ਮੈਟਾਫਰ ਦਾ ਇਤਿਹਾਸ ਦਿਲਚਸਪ, ਪਰ ਬਹੁਤ ਭਿਆਨਕ ਹੈ। ਅਸਲ ਵਿੱਚ ਇਸ ਜਗ੍ਹਾ ਫਾਂਸੀ-ਘਾਟ ਹੋਇਆ ਕਰਦਾ ਸੀ, ਜਿੱਥੇ ਦੋਸ਼ੀਆਂ ਨੂੰ ਜਨਤਕ ਫਾਂਸੀ ਦਿੱਤੀ ਜਾਂਦੀ ਸੀ। ਫਾਂਸੀ ਦੇਣਾ ਲੋਕਾਂ ਲਈ ਮੇਲੇ ਵਾਂਗ ਹੁੰਦਾ ਸੀ। ਕਿਸੇ ਦੋਸ਼ੀ ਨੂੰ ਫਾਂਸੀ ਦੇਣ ਦਾ ਦਿਨ ਤੈਅ ਕਰਕੇ ਸ਼ਹਿਰ ਵਿੱਚ ਮੁਨਿਆਦੀ ਕਰਾਈ ਜਾਂਦੀ। ਲੰਡਨ ਵਾਸੀ ਹੁੰਮਾ-ਹੁਮਾ ਕੇ ਇਸ ਮੌਕੇ ’ਤੇ ਪੁੱਜਦੇ। ਇਸ ਮੌਕੇ ਦੀ ਟਿਕਟ ਵੀ ਰੱਖੀ ਜਾਂਦੀ। ਲੱਕੜ ਦੇ ਪਲੈਟਫਾਰਮ ਉੱਪਰ ਲੋਕ ਬੈਠਦੇ। ਦੋਸ਼ੀ ਨੂੰ ਫਾਂਸੀ ਦੇਣ ਤੋਂ ਪਹਿਲਾਂ ਉਸ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਸਪੀਚ ਦੇਣ ਦਾ ਮੌਕਾ ਦਿੱਤਾ ਜਾਂਦਾ। ਦੋਸ਼ੀ ਹਾਜ਼ਰ ਲੋਕਾਂ ਨੂੰ ਮੁਖਾਤਬ ਹੁੰਦਾ ਆਪਣੀ ਗੱਲ ਕਹਿੰਦਾ। ਕੁਝ ਦੋਸ਼ੀ ਮੰਨ ਲੈਂਦੇ ਕਿ ਉਹ ਗੁਨਾਹਗਾਰ ਹੈ, ਮਰਨ ਤੋਂ ਪਹਿਲਾਂ ਆਪਣੇ ਰੱਬ ਨੂੰ ਚੇਤੇ ਕਰਦੇ ਲੋਕਾਂ ਤੋਂ ਜਨਤਕ ਮੁਆਫ਼ੀ ਵੀ ਮੰਗਦੇ, ਪਰ ਕੁਝ ਲੋਕ ਆਪਣੇ ਬੇਗੁਨਾਹ ਹੋਣ ਦੀ ਗੁਹਾਰ ਲਾਉਂਦੇ ਸਨ, ਉਹ ਸਰਕਾਰ ਨੂੰ ਕੋਸਦੇ ਤੇ ਆਪਣੇ ਦਿਲ ਦੀਆਂ ਹੋਰ ਗੱਲਾਂ ਵੀ ਕਰਦੇ। ਬਹੁਤੇ ਲੋਕ ਤਾਂ ਦੋਸ਼ੀ ਦੀ ਸਪੀਚ ਸੁਣਨ ਲਈ ਹੀ ਆਉਂਦੇ। ਇੱਥੋਂ ਹੀ ਸਰਕਾਰ ਦੀ ਆਲੋਚਨਾ ਕਰਨ ਦੀ ਜਾਂ ਦਿਲ ਦੀ ਗੱਲ ਕਹਿਣ ਦੀ ਪ੍ਰਥਾ ਆਰੰਭ ਹੋਈ। ਜਨਤਕ ਫਾਂਸੀ ਦੇਣ ਦਾ ਕੰਮ 1196 ਤੋਂ ਲੈ ਕੇ 1783 ਤੱਕ ਚੱਲਦਾ ਰਿਹਾ। ਇਸ ਸਮੇਂ ਦਰਮਿਆਨ ਤਕਰੀਬਨ ਪੰਜਾਹ ਹਜ਼ਾਰ ਲੋਕਾਂ ਨੂੰ ਫਾਂਸੀ ’ਤੇ ਲਟਕਾਇਆ ਗਿਆ। ਫਿਰ ਜਿਵੇਂ-ਜਿਵੇਂ ਯੂਕੇ ਵਿੱਚ ਲੋਕਤੰਤਰ ਨੇ ਜੜਾਂ ਫੜੀਆਂ, ਇਸ ਜਨਤਕ ਫਾਂਸੀ ਦਾ ਵਿਰੋਧ ਹੋਣ ਲੱਗਾ। ਇਸ ਫਾਂਸੀ ਘਾਟ ਨੂੰ ਇੱਥੋਂ ਹਟਾ ਕੇ ਨਿਊਗੇਟ ਜੇਲ੍ਹ ਵਿੱਚ ਲਗਾ ਦਿੱਤਾ ਗਿਆ।
ਸਪੀਕਰਜ਼ ਕਾਰਨਰ ’ਤੇ ਬਹੁਤ ਸਾਰੀਆਂ ਗੰਭੀਰ ਗੱਲਾਂ ਹੁੰਦੀਆਂ ਹਨ, ਪਰ ਨਾਲ ਦੀ ਨਾਲ ਮਜ਼ਾਕ ਵੀ ਚੱਲਦਾ ਰਹਿੰਦਾ ਹੈ। ਬਹੁਤ ਸਾਰੇ ਲੋਕ ਇੱਥੇ ਲਗਾਤਾਰ ਹਾਜ਼ਰੀ ਲਗਵਾਉਂਦੇ ਹਨ। ਕਈ ਲੋਕ ਇੱਕੋ ਭਾਸ਼ਨ ਕਿੰਨੀ-ਕਿੰਨੀ ਵਾਰੀ ਦਿੰਦੇ ਰਹਿੰਦੇ ਹਨ। ਬੁਲਾਰੇ ਦੀ ਭਾਸ਼ਨ ਦੇਣ ਦੀ ਕਲਾ ਤੇ ਉਸ ਦੇ ਵਿਸ਼ਿਆਂ ਉੱਪਰ ਨਿਰਭਰ ਕਰਦਾ ਹੈ ਕਿ ਉਹ ਕੋਈ ਕਿੰਨੀ ਕੁ ਭੀੜ ਇਕੱਠੀ ਕਰ ਸਕਦਾ ਹੈ। ਹੀਕੋ ਖੂ ਜੋ ਇੱਕ ਮਾਰਕਸਵਾਦੀ ਸੀ, ਬਹੁਤ ਭੀੜ ਇਕੱਠੀ ਕਰ ਲੈਂਦਾ ਸੀ। ਉਹ 1986 ਦੁਆਲੇ ਬਹੁਤਾ ਸਰਗਰਮ ਸੀ। ਜੇ ਇੱਕ ਪਾਸੇ ਰੱਬ ਨੂੰ ਮੰਨਣ ਵਾਲਾ ਭਾਸ਼ਨ ਦੇ ਰਿਹਾ ਹੋਵੇਗਾ ਤਾਂ ਦੂਜੇ ਇਕੱਠ ਵਿੱਚ ਰੱਬ ਤੋਂ ਇਨਕਾਰੀ। ਇੱਕ ਮਹਿਫਲ ਵਿੱਚ ਕੁਰਾਨ ਬਾਰੇ ਭਾਸ਼ਨ ਚੱਲਦਾ ਹੋਵੇਗਾ ਤਾਂ ਦੂਜੇ ਪਾਸੇ ਬਾਈਬਲ ਬਾਰੇ। ਲੌਰਡ ਸੋਪਰ ਨੇ ਸਭ ਤੋਂ ਲੰਮਾ ਸਮਾਂ ਸਪੀਕਰਜ਼ ਕਾਰਨਰ ’ਤੇ ਹਾਜ਼ਰੀ ਲਵਾਈ ਹੈ। ਉਹ 1926 ਤੋਂ ਲੈ ਕੇ 1998, ਆਪਣੀ ਮੌਤ ਤੱਕ ਲਗਾਤਾਰ ਸਪੀਕਰਜ਼ ਕਾਰਨਰ ਵਿੱਚ ਭਾਸ਼ਨ ਦੇਣ ਆਉਂਦਾ ਰਿਹਾ। ਇੱਥੇ ਕਿਸੇ ਵੀ ਵਿਸ਼ੇ ’ਤੇ, ਕਿਸੇ ਵੀ ਬੋਲੀ ਵਿੱਚ ਗੱਲ ਹੋ ਸਕਦੀ ਹੈ।
ਹਾਈਡ ਪਾਰਕ ਦੇ ਸਪੀਕਰਜ਼ ਕਾਰਨਰ ਦੀ ਤਰਜ਼ ’ਤੇ 1878 ਵਿੱਚ ‘ਦਿ ਡੋਮੇਨ’, ਸਿਡਨੀ, ਆਸਟਰੇਲੀਆ ਵਿੱਚ ਵੀ ਸਪੀਕਰਜ਼ ਕਾਰਨਰ ਬਣਾਇਆ ਗਿਆ। ਉਸ ਤੋਂ ਬਾਅਦ ਕੈਨੇਡਾ, ਨਿਊਜ਼ੀਲੈਂਡ, ਹਾਲੈਂਡ, ਮਲੇਸ਼ੀਆ, ਸਿੰਘਾਪੁਰ ਤੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਫਰੀ ਸਪੀਚ ਲਈ ਵਿਸ਼ੇਸ਼ ਥਾਵਾਂ ਸਥਾਪਤ ਕੀਤੀਆਂ ਗਈਆਂ ਹਨ। ਪਰ ਹਾਈਡ ਪਾਰਕ ਦਾ ਸਪੀਕਰਜ਼ ਕਾਰਨਰ ਸਭ ਤੋਂ ਵੱਧ ਪ੍ਰਸਿੱਧ ਹੈ।
ਈ-ਮੇਲ : harjeetatwal@hotmail.co.uk