‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ : The Tribune India

ਪਰਵਾਸੀ ਸਰਗਰਮੀਆਂ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਕੈਲਗਰੀ: ਰਾਈਟਰਜ਼ ਫੋਰਮ ਦੀ ਫਰਵਰੀ ਮਹੀਨੇ ਦੀ ਇਕੱਤਰਤਾ ਕੋਸੋ ਹਾਲ ਵਿੱਚ ਹੋਈ। ਇਸ ਦੌਰਾਨ ਵਰਿਆਮ ਸਿੰਘ ਦੀ ਲਿਖੀ ਅਤੇ ਗੁਰਚਰਨ ਕੌਰ ਥਿੰਦ ਦੁਆਰਾ ਸੰਪਾਦਤ ਉਨ੍ਹਾਂ ਦੀ ਸਵੈਜੀਵਨੀ ‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ ਕੀਤੀ ਗਈ। ਸਮਾਗਦ ਦੀ ਪ੍ਰਧਾਨਗੀ ਪ੍ਰਧਾਨ ਜਸਵੀਰ ਸਿੰਘ ਸਹੋਤਾ, ਬਲਜਿੰਦਰ ਸੰਘਾ, ਬਲਵਿੰਦਰ ਬਰਾੜ ਅਤੇ ਗੁਰਭੇਜ ਸਿੰਘ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਸੇਵਾ ਸਿੰਘ ਬਚਨ ਦੇ ਸ਼ਬਦ ਗਾਇਨ ਨਾਲ ਹੋਈ। ਬਲਜਿੰਦਰ ਸੰਘਾ ਨੇ ‘ਮੇਰੇ ਜੀਵਨ ਦੀਆਂ ਯਾਦਾਂ’ ਦਾ ਨਿਰਖ ਪਰਖ ਕਰਦਿਆਂ ਕਿਹਾ ਕਿ ‘ਇਹ ਕਿਤਾਬ ਲੇਖਕ ਦੇ ਸਮਿਆਂ ਦੇ ਘਰੇਲੂ ਜੀਵਨ, ਸਮਾਜਿਕ ਜੀਵਨ ਅਤੇ ਰਾਜਤੰਤਰ ਦਾ ਇਤਿਹਾਸਕ ਦਸਤਾਵੇਜ਼ ਹੈ। ਲੇਖਕ ਆਪਣੀ ਤੇ ਪਰਿਵਾਰ ਦੀ ਗੱਲ ਕਰਦਾ ਉਨ੍ਹਾਂ ਸਮੁੱਚੇ ਦਸ ਲੱਖ ਲੋਕਾਂ ਦੀ ਗੱਲ ਕਰਦਾ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਨੇ ਦੇਸ਼ ਦੀ ਵੰਡ ਦਾ ਦੁਖਾਂਤ ਹੰਢਾਇਆ, ਰਫ਼ਿਊਜ਼ੀ ਬਣੇ ਅਤੇ ਮੁੜ ਪੈਰਾਂ ਸਿਰ ਹੋਣ ਨੂੰ ਦਹਾਕੇ ਲੱਗ ਗਏ।’ ਜਗਦੇਵ ਸਿੰਘ ਸਿੱਧੂ ਨੇ ਕਿਤਾਬ ਦੀ ਸਮੀਖਿਆ ਕਰਦਿਆਂ ਕਿਹਾ ਕਿ ਯਾਦਾਂ ਉਹ ਕੁਝ ਮੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਹਨ ਜੋ ਚੇਤਿਆਂ ਵਿੱਚ ਰਹਿ ਜਾਂਦੀਆਂ ਹਨ। ਇਹ ਕਿਤਾਬ ਪੜ੍ਹਦਿਆਂ ਮੈਨੂੰ ਇੰਜ ਲੱਗਿਆ ਜਿਵੇਂ ਇਹਦੇ ਅੰਦਰਲਾ ਬਹੁਤ ਕੁਝ ਦਿਲਚਸਪ ਮੇਰੇ ਜੀਵਨ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਇਸ ਕਿਤਾਬ ਨੂੰ ਸਰਕਾਰੀ ਤੰਤਰ ਦਾ ਸ਼ੀਸ਼ਾ, ਅਰਥਚਾਰੇ ਦਾ ਸ਼ੀਸ਼ਾ ਅਤੇ ਰਾਜਤੰਤਰ ਦਾ ਸ਼ੀਸ਼ਾ ਆਖਿਆ। ਖਾਸ ਤੌਰ ’ਤੇ ਉਨ੍ਹਾਂ ਦਾ ‘ਮੇਰੀ ਕੈਨੇਡਾ ਫੇਰੀ’ ਵਾਲਾ ਭਾਗ।

ਉਨਾਂ ਦੇ ਬੇਟੇ ਗੁਰਭੇਜ ਸਿੰਘ ਨੇ ਆਪਣੇ ਪਿਤਾ ਜੀ ਨਾਲ ਬਿਤਾਏ ਉਨ੍ਹਾਂ ਨਿੱਜੀ ਪਲਾਂ ਦੀ ਸਾਂਝ ਪਾਈ ਜਿਸ ਦੇ ਵੇਰਵੇ ਇਸ ਕਿਤਾਬ ਵਿੱਚ ਤਾਂ ਦਰਜ ਨਹੀਂ, ਪਰ ਉਹ ਲੇਖਕ ਦੀ ਸ਼ਖ਼ਸੀਅਤ ਦੇ ਬੌਧਿਕ, ਇਮਾਨਦਾਰ ਤੇ ਸਮਰਪਤ ਵਿਅਕਤੀ ਹੋਣ ਅਤੇ ਉਨ੍ਹਾਂ ਦੇ ਸਮਾਜ ਨੂੰ ਸੇਧ ਦੇਣ ਵਾਲੇ ਪੱਖਾਂ ਨੂੰ ਉਭਾਰਨ ਵਾਲੇ ਸਨ। ਬਲਵਿੰਦਰ ਬਰਾੜ ਨੇ ਇਸ ਲੇਖਣੀ ਨੂੰ ਲੇਖਕ ਦੇ ਨਿੱਜੀ ਤਜਰਬਿਆਂ ਦਾ ਵਰਨਣ ਆਖਦਿਆਂ ਕਿਹਾ ਕਿ ‘ਲੇਖਕ ਕਿਤਾਬਾਂ ਦੀ ਹਿੱਕ ’ਤੇ ਜਿਉਂਦੇ ਹੋਰਾਂ ਲਈ ਚਾਨਣ ਮੁਨਾਰਾ ਹੁੰਦੇ ਹਨ।’ ਉਨ੍ਹਾਂ ਨੇ ਆਪਣੇ ਵੱਡਿਆਂ ਤੋਂ ਸੁਣੀਆਂ, ਦੇਸ਼ ਦੀ ਵੰਡ ਵੇਲੇ ਹੋਏ ਜਨੂੰਨੀ ਕਤਲਾਂ ਦੀਆਂ ਲਾਸ਼ਾਂ ਨਾਲ ਭਰੇ ਹੋਏ ਗੱਡਿਆਂ ਦੇ ਦੁਖਾਂਤ ਦੀਆਂ ਗੱਲਾਂ ਦੀ ਸਾਂਝ ਪਾਈ। ਜਸਵੀਰ ਸਹੋਤਾ ਨੇ ਕਿਤਾਬ ਵਿੱਚ ਦਿੱਤੀ ਲੇਖਕ ਦੇ ਪਰਿਵਾਰ ਦੀ ਬਾਰ ਦੀ ਸ਼ਾਨਾਮੱਤੀ ਜ਼ਿੰਦਗੀ ਅਤੇ ਉਜਾੜੇ ਤੋਂ ਬਾਅਦ ਇੱਧਰ ਆ ਕੇ ਮੁੜ ਸਥਾਪਤੀ ਦੇ ਸੰਘਰਸ਼ ਦੀ ਜਾਣਕਾਰੀ ਸਾਂਝੀ ਕੀਤੀ ਖਾਸ ਤੌਰ ’ਤੇ ਇਸ ਵਿੱਚ ਦਰਜ ਪਰਿਵਾਰਕ ਬੰਸਾਵਲੀ ਨੂੰ ਇਸ ਕਿਤਾਬ ਦੀ ਉਪਲੱਬਧੀ ਬਿਆਨਿਆ। ਗੁਰਦੀਸ਼ ਗਰੇਵਾਲ ਨੂੰ ਲੱਗਾ ਕਿ ਇਹ ਲੇਖਣੀ ਉਨ੍ਹਾਂ ਦੇ ਪਰਿਵਾਰ ਦੀ ਗਾਥਾ ਹੈ ਜਿਹੜਾ ਲੇਖਕ ਦੇ ਪਰਿਵਾਰ ਵਾਂਗ ਦੇਸ਼ ਵੰਡ ਵੇਲੇ ਲਾਇਲਪੁਰ ਜ਼ਿਲ੍ਹੇ ਵਿੱਚੋਂ ਉੱਜੜ ਕੇ ਇੱਧਰ ਆਇਆ ਸੀ। ਇਸ ਮੌਕੇ ਲੇਖਕ ਦੀ ਪੋਤੀ ਕੁਲਵਿੰਦਰ ਕੌਰ ਤੇ ਦੋਹਤੀ ਅਵਨੀਤ ਕੌਰ ਨੇ ਵੀ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਗੁਰਚਰਨ ਥਿੰਦ ਨੇ ਆਪਣੇ ਪਿਤਾ ਜੀ ਨਾਲ ਸਬੰਧਿਤ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਜੋ ਪੌਣੀ ਸਦੀ ਪਹਿਲਾਂ ਵਾਪਰਿਆ ਸੀ, ਉਹੋ ਜਿਹਾ ਬਾਅਦ ਵਿੱਚ ਵੀ ਇਸ ਖਿੱਤੇ ਵਿੱਚ ਵਾਪਰਿਆ ਹੈ, ਵਾਪਰ ਰਿਹਾ ਹੈ ਅਤੇ ਅਜੋਕੀਆਂ ਪ੍ਰਸਥਿਤੀਆਂ ਨੂੰ ਵੇਖਦਿਆਂ ਬਦਤਰ ਵਾਪਰਨ ਦੇ ਅੰਦੇਸ਼ੇ ਵੀ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਿਤਾਬਾਂ ਵੱਧ ਤੋਂ ਵੱਧ ਪਾਠਕਾਂ ਤੱਕ ਪੁੱਜਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਅਤੀਤ ਦੇ ਖੂਨੀ ਪੰਨਿਆਂ ਤੋਂ ਸਬਕ ਸਿੱਖਣ ਦਾ ਜ਼ਰੀਆ ਹੁੰਦੀਆਂ ਹਨ।

ਮੀਟਿੰਗ ਦੇ ਦੂਸਰੇ ਭਾਗ ਵਿੱਚ ਨਛੱਤਰ ਸਿੰਘ ਪੁਰਬਾ ਨੇ ਦੇਸ਼ ਅਤੇ ਘਰ-ਪਰਿਵਾਰ ਦੇ ਅਰਥਚਾਰੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮਾਂ ਰਹਿੰਦੇ ਬੱਚਤ ਕਰਨ ਬਾਰੇ ਜਾਣਕਾਰੀ ਦਿੱਤੀ। ਮਨਮੋਹਨ ਬਾਠ ਨੇ ‘ਦਿਲ ਕਾ ਭੰਵਰ ਕਰੇ ਪੁਕਾਰ, ਪਿਆਰ ਕਾ ਰਾਗ ਸੁਨੋ’ ਗੀਤ ਸੁਣਾ ਮਹਿਫ਼ਲ ਵਿੱਚ ਨਵਾਂ ਰੰਗ ਭਰ ਦਿੱਤਾ। ਸਰਬਜੀਤ ਉੱਪਲ ਨੇ ‘ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ, ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ!’ ਗੀਤ ਗਾਇਆ। ਰਹਿਸੀ ਨੇ ਚੰਗੇਰੀਆਂ ਗੱਲਾਂ ਦੀ ਛਹਿਬਰ ਲਾਈ। ਪ੍ਰਭਦੇਵ ਸਿੰਘ ਗਿੱਲ ਆਪਣੀ ਰਚਨਾ ‘ਉਸੀ ਸ਼ਿੱਦਤ ਨਾਲ ਤੇਰੀ ਅੱਜ ਵੀ ਉਡੀਕ ਹੈ, ਗੱਲ ਹੋਰ ਹੈ ਕਿ ਜ਼ਿੰਦਗੀ ਦੀ ਸ਼ਾਮ ਹੋ ਗਈ’ ਸਾਂਝੀ ਕੀਤੀ। ਇਸ ਮੀਟਿੰਗ ਵਿੱਚ ਲੇਖਕ ਦੇ ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਥਿੰਦ, ਪਲਵਿੰਦਰਜੀਤ ਸਿੰਘ, ਰਮਿੰਦਰਦੀਪ ਸਿੰਘ, ਪਰਵਿੰਦਰ ਕੌਰ, ਈਸ਼ਵਰਜੀਤ ਸਿੰਘ, ਉਸਤਤ ਸਿੰਘ ਅਤੇ ਅਨੀਲ ਕੌਰ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਜਗਦੇਵ ਕੌਰ ਧਾਲੀਵਾਲ, ਬਲਜੀਤ ਕੌਰ ਧਾਲੀਵਾਲ, ਜੁਗਿੰਦਰ ਕੌਰ ਪੁਰਬਾ, ਅਮਰਜੀਤ ਕੌਰ ਸੱਗੂ, ਹਰਦੇਵ ਕੌਰ ਬਰਾੜ, ਸੁਰਿੰਦਰ ਚੀਮਾ, ਸੁਖਜੀਤ ਸਿਮਰਨ, ਪਰਮਜੀਤ ਕੌਰ, ਜੀਤ ਸਿੰਘ ਬਰਾੜ, ਸਿੰਮੀ, ਅਤੁਲ ਗੁਪਤਾ ਅਤੇ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All