ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਦਸੰਬਰ
ਭਾਰਤੀ ਯੂਥ ਕਾਂਗਰਸ ਨੇ ਅੱਜ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰਨਿਵਾਸ ਬੀ.ਵੀ. ਦੀ ਅਗਵਾਈ ਹੇਠ ਅੱਜ ਵਧਦੀ ਮਹਿੰਗਾਈ, ਪੈਟਰੋਲ ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲੋਕਾਂ ਦੀ ਨਹੀਂ, ਸਿਰਫ਼ ਚੋਣਾਂ ਦੀ ਚਿੰਤਾ ਹੈ।
ਕੌਮੀ ਪ੍ਰਧਾਨ ਬੀ.ਵੀ. ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ 22 ਲੱਖ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ ਪਰ ਇਸ ਦੌਰਾਨ ਆਮ ਆਦਮੀ ਦੇ ਹੱਥ ਲਾਚਾਰੀ ਤੋਂ ਸਿਵਾਏ ਕੁਝ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ ਤੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ, ‘‘ਮੋਦੀ ਹੈ ਤੋ ਮਹਿੰਗਾਈ ਹੈ।’’ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਬਾਵਜੂਦ ਭਾਰਤੀ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਭਗ ਹਰ ਦਿਨ ਵੱਧ ਰਹੀਆਂ ਹਨ। ਅਜਿਹਾ ਕਿਉਂ ਹੋ ਰਿਹਾ ਹੈ, ਇਸ ਦਾ ਜਵਾਬ ਤਾਂ ਮੋਦੀ ਸਰਕਾਰ ਹੀ ਦੇ ਸਕਦੀ ਹੈ। ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਦੀ ਲੁੱਟ ਨੀਤੀ ਨੇ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦਾ ਤੋਹਫਾ ਦਿੱਤਾ ਹੈ। ਮੋਦੀ ਸਰਕਾਰ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਕੇ ਜਨਤਾ ਦੀ ਲੁੱਟ ਕਰ ਰਹੀ ਹੈ। ਪਹਿਲਾਂ ਸਰਕਾਰ ਹੁੰਦੀ ਸੀ, ਜੋ ‘ਲੋਕਾਂ’ ਲਈ ਹੁੰਦੀ ਸੀ, ‘ਲੋਕਾਂ’ ਕਰਕੇ, ਹੁਣ ‘ਬੇਸ਼ਰਮ’ ਸਰਕਾਰ ਹੈ, ਜੋ ‘ਉਦਯੋਗਪਤੀਆਂ’ ਦੀ ਹੈ ਤੇ ਸਨਅਤਕਾਰਾਂ ਦੀ ਹੈ। ਲੋਕ ਜਿਉਂਦੇ ਹਨ ਜਾਂ ਮਰਦੇ ਹਨ, ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’ ਸ੍ਰੀਨਿਵਾਸ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਅਤੇ ਬੇਲਗਾਮ ਮਹਿੰਗਾਈ ਮੋਦੀ ਸਰਕਾਰ ਦੀ ਪਛਾਣ ਬਣ ਗਈ ਹੈ। ਜਨਤਾ ਦੀਆਂ ਜੇਬਾਂ ’ਤੇ ਡਾਕਾ ਮਾਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਕਟ ਦੀ ਇਸ ਘੜੀ ਵਿੱਚ ਸਰਕਾਰੀ ਲੁੱਟ ਨੂੰ ਹਰ ਕੀਮਤ ’ਤੇ ਰੋਕਿਆ ਜਾਣਾ ਚਾਹੀਦਾ ਹੈ। ਮੋਦੀ ਸਰਕਾਰ ਦੀ ਲੁੱਟ ਚੋਣਾਂ ਦੌਰਾਨ ਰੁਕ ਜਾਂਦੀ ਹੈ ਅਤੇ ਚੋਣਾਂ ਖਤਮ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨੂੰ ਲੋਕਾਂ ਦੀ ਨਹੀਂ, ਸਿਰਫ਼ ਚੋਣਾਂ ਦੀ ਚਿੰਤਾ ਹੈ।