ਕੌਮੀ ਰਾਜਧਾਨੀ ਦੇ ਉੱਤਰੀ ਤੇ ਮੱਧ ਦੇ ਵੱਡੇ ਹਿੱਸਿਆਂ ਵਿੱਚ ਤੇਜ਼ ਠੰਢ ਅਤੇ ਬਰਫ਼ੀਲੀਆਂ ਹਵਾਵਾਂ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਹਿਮਾਲਿਆ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਤੇ ਦਿੱਲੀ-ਐੱਨ ਸੀ ਆਰ ਵਿੱਚ ਸੀਤ ਲਹਿਰ ਜਾਰੀ ਹੈ। ਕਈ ਸ਼ਹਿਰਾਂ ਵਿੱਚ ਦਿਸਣ ਹੱਦ 50 ਮੀਟਰ ਤੋਂ ਘੱਟ ਰਹਿ ਗਈ ਹੈ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਦਿੱਲੀ ਅਤੇ ਆਲੇ-ਦੁਆਲੇ ਦੇ ਸ਼ਹਿਰਾਂ (ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫਰੀਦਾਬਾਦ, ਬੱਲਭਗੜ੍ਹ, ਪਲਵਲ) ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਹੈ। ਸਵੇਰੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਵਾਹਨ ਚਾਲਕਾਂ ਲਈ ਕਾਫ਼ੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਲੋਕ ਦੁਪਹਿਰ ਤੱਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਰਹੇ।
ਇਸ ਦੇ ਨਾਲ ਹੀ ਲੋਕਾਂ ਨੂੰ ਪ੍ਰਦੂਸ਼ਣ ਦੀ ਮਾਰ ਵੀ ਸਹਿਣੀ ਪੈ ਰਹੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋਇਆ, ਜਿਸ ਨਾਲ ਏ ਕਿਊ ਆਈ 279 ਤੱਕ ਦਰਜ ਕੀਤਾ ਗਿਆ, ਜੋ ਕਿ ‘ਮਾੜੀ’ ਸ਼੍ਰੇਣੀ’ ਵਿੱਚ ਆਉਂਦਾ ਹੈ। ਹਾਲਾਂਕਿ ਮੌਸਮ ਤੋਂ ਕੋਈ ਖ਼ਾਸ ਰਾਹਤ ਨਹੀਂ ਮਿਲੀ ਕਿਉਂਕਿ ਦੂਜੇ ਦਿਨ ਵੀ ਗੰਭੀਰ ਸੀਤ ਲਹਿਰ ਜਾਰੀ ਰਹੀ।

