ਲੇਖਕ ਅਤੇ ਗੀਤਕਾਰ ਪ੍ਰਸੂਨ ਜੋਸ਼ੀ ਨੂੰ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਲੇਖਕ ਅਤੇ ਗੀਤਕਾਰ ਪ੍ਰਸੂਨ ਜੋਸ਼ੀ ਨੂੰ ਸਰਕਾਰੀ ਪ੍ਰਸਾਰਣ ਸੰਸਥਾ 'ਪ੍ਰਸਾਰ ਭਾਰਤੀ' ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜੋਸ਼ੀ ਫ਼ਿਲਮਾਂ, ਇਸ਼ਤਿਹਾਰਬਾਜ਼ੀ ਅਤੇ ਜਨਤਕ ਸੰਦੇਸ਼ਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ...
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਲੇਖਕ ਅਤੇ ਗੀਤਕਾਰ ਪ੍ਰਸੂਨ ਜੋਸ਼ੀ ਨੂੰ ਸਰਕਾਰੀ ਪ੍ਰਸਾਰਣ ਸੰਸਥਾ 'ਪ੍ਰਸਾਰ ਭਾਰਤੀ' ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਜੋਸ਼ੀ ਫ਼ਿਲਮਾਂ, ਇਸ਼ਤਿਹਾਰਬਾਜ਼ੀ ਅਤੇ ਜਨਤਕ ਸੰਦੇਸ਼ਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ ਅਤੇ ਉਹ ਕਈ ਪ੍ਰਸਿੱਧ ਮੁਹਿੰਮਾਂ ਅਤੇ ਗੀਤਾਂ ਦਾ ਹਿੱਸਾ ਰਹੇ ਹਨ।
ਮੰਤਰਾਲੇ ਨੇ ਕਿਹਾ, “ਆਪਣੀ ਪ੍ਰਭਾਵਸ਼ਾਲੀ ਲਿਖਤ ਅਤੇ ਡੂੰਘੀ ਸੱਭਿਆਚਾਰਕ ਸਮਝ ਲਈ ਜਾਣੇ ਜਾਂਦੇ ਪ੍ਰਸੂਨ ਜੋਸ਼ੀ ਨੇ ਸਮਕਾਲੀ ਭਾਰਤੀ ਮੀਡੀਆ ਦੇ ਬਿਰਤਾਂਤ ਨੂੰ ਘੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਕੰਮ ਵਿੱਚ ਪ੍ਰਸ਼ੰਸਾਯੋਗ ਫ਼ਿਲਮੀ ਗੀਤ, ਇਸ਼ਤਿਹਾਰਬਾਜ਼ੀ ਮੁਹਿੰਮਾਂ ਅਤੇ ਸਮਾਜਿਕ ਤੌਰ 'ਤੇ ਗੂੰਜਣ ਵਾਲੀ ਕਹਾਣੀਆਂ ਸ਼ਾਮਲ ਹਨ, ਜੋ ਦੇਸ਼ ਦੇ ਹਰ ਤਰ੍ਹਾਂ ਦੇ ਲੋਕਾਂ ਦੇ ਦਿਲਾਂ ਨੂੰ ਛੂਹ ਲੈਂਦੀਆਂ ਹਨ।”
ਸਾਲ 1971 ਵਿੱਚ ਉੱਤਰਾਖੰਡ ਦੇ ਅਲਮੋੜਾ ਵਿੱਚ ਪੈਦਾ ਹੋਏ ਪ੍ਰਸੂਨ ਜੋਸ਼ੀ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਇਸ਼ਤਿਹਾਰਬਾਜ਼ੀ ਦੇ ਖੇਤਰ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ 'ਮੈਕਕੈਨ ਵਰਲਡਗਰੁੱਪ ਇੰਡੀਆ' ਦੇ ਸੀ ਈ ਓ ਤੇ ਮੁੱਖ ਕਰੀਏਟਿਵ ਅਫ਼ਸਰ ਬਣੇ ਅਤੇ ਫਿਰ 'ਮੈਕਕੈਨ ਵਰਲਡਗਰੁੱਪ ਏਸ਼ੀਆ ਪੈਸੀਫਿਕ' ਦੇ ਚੇਅਰਮੈਨ ਵਜੋਂ ਸੇਵਾਵਾਂ ਦਿੱਤੀਆਂ। ਇਨ੍ਹਾਂ ਅਹੁਦਿਆਂ 'ਤੇ ਰਹਿੰਦਿਆਂ ਉਨ੍ਹਾਂ ਨੇ ਦੁਨੀਆ ਦੇ ਵੱਡੇ ਬ੍ਰਾਂਡਾਂ ਅਤੇ ਭਾਰਤੀ ਅਦਾਰਿਆਂ ਦੇ ਕੰਮਾਂ ਦੀ ਦੇਖ-ਰੇਖ ਕੀਤੀ। ਉਨ੍ਹਾਂ ਨੇ ਅਜਿਹੀਆਂ ਪ੍ਰਭਾਵਸ਼ਾਲੀ ਮੁਹਿੰਮਾਂ ਚਲਾਈਆਂ ਜੋ ਸੱਭਿਆਚਾਰਕ ਸੂਝ ਦੇ ਨਾਲ-ਨਾਲ ਲੋਕਾਂ ਨਾਲ ਜਜ਼ਬਾਤੀ ਸਾਂਝ ਵੀ ਪੈਦਾ ਕਰਦੀਆਂ ਹਨ।
ਉਹ ਕਲਾ, ਸਾਹਿਤ ਅਤੇ ਇਸ਼ਤਿਹਾਰਬਾਜ਼ੀ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਭਾਰਤ ਦੇ ਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ, ਪਦਮ ਸ਼੍ਰੀ ਨਾਲ ਸਨਮਾਨਿਤ ਹਨ। ਉਹ ਇੱਕ ਮਸ਼ਹੂਰ ਕਵੀ ਅਤੇ ਗੀਤਕਾਰ ਵੀ ਹਨ, ਜਿਨ੍ਹਾਂ ਦੇ ਗੀਤ ਅਤੇ ਸਕ੍ਰਿਪਟਾਂ ਬੌਲੀਵੁੱਡ ਦੀਆਂ ਕੁਝ ਯਾਦਗਾਰੀ ਫ਼ਿਲਮਾਂ ਦਾ ਹਿੱਸਾ ਹਨ।
ਜ਼ਿਕਰਯੋਗ ਹੈ ਕਿ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੀ ਦੇਖ-ਰੇਖ ਕਰਨ ਵਾਲਾ ਪ੍ਰਸਾਰ ਭਾਰਤੀ ਦੇਸ਼ ਦੇ ਸਰਕਾਰੀ ਪ੍ਰਸਾਰਣ ਢਾਂਚੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ।

