ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੀਆਂ ਔਰਤਾਂ

ਇਸਤਰੀ ਜਾਗ੍ਰਿਤੀ ਮੰਚ ਵੱਲੋਂ ਸ਼ਮੂਲੀਅਤ; ਸਮੂਹ ਔਰਤਾਂ ਨੂੰ ਸੰਘਰਸ਼ ਵਿਚ ਸ਼ਮੂਲੀਅਤ ਦਾ ਸੱਦਾ; ਖੇਤੀ ਕਾਨੂੰਨਾਂ ਨੂੰ ਮੁਲਕ ਦੀ ਆਰਥਿਕਤਾ ਲਈ ਮਾਰੂ ਦੱਸਿਆ

ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੀਆਂ ਔਰਤਾਂ

ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦੀ ਹੋਈ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਦਸੰਬਰ

ਅੱਜ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਟਿਕਰੀ ਬਾਰਡਰ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਸਤੇ ਔਰਤਾਂ ਨੇ ਸ਼ਮੂਲੀਅਤ ਕੀਤੀ।

ਇਸਤਰੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਗੁਰਬਖਸ਼ ਕੌਰ ਸੰਘਾ ਅਤੇ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਨੇ ਪੂਰੀ ਪੇਂਡੂ ਆਰਥਿਕਤਾ ਨੂੰ ਢਾਹ ਲਾਉਣੀ ਹੈ ਅਤੇ ਇਸ ਸਮਾਜ ਦਾ ਅੱਧੀ ਆਬਾਦੀ ਹੋਣ ਦੇ ਨਾਤੇ ਇਸ ਆਰਥਿਕਤਾ ਨੂੰ ਬਚਾਉਣ ਵਾਸਤੇ ਔਰਤਾਂ ਦੇ ਬਰਾਬਰ ਯੋਗਦਾਨ ਦੀ ਅਹਿਮੀਅਤ ਹੈ। ਹਾਲਾਂਕਿ ਪੰਜਾਬ ਦੇ ਅੰਦਰ ਪਿੱਛੇ ਚੱਲ ਰਹੇ ਮੋਰਚਿਆਂ ਦੀ ਕਮਾਂਡ ਵੱਡੇ ਪੱਧਰ ’ਤੇ ਔਰਤਾਂ ਨੇ ਸੰਭਾਲੀ ਹੋਈ ਹੈ ਪਰ ਇਸ ਦੇ ਬਾਵਜੂਦ ਦਿੱਲੀ ਅੰਦਰ ਜੋ ਮੋਰਚੇ ਚੱਲ ਰਹੇ ਹਨ ਇੱਥੇ ਵੀ ਔਰਤਾਂ ਦੀ ਸ਼ਮੂਲੀਅਤ ਓਨੀ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਖੇਤੀ ਕਾਨੂੰਨਾਂ ਨੇ ਪੇਂਡੂ ਆਰਥਿਕਤਾ ਨੂੰ ਢਾਹ ਲਾਉਣੀ ਹੈ ਤਾਂ ਇਸ ਦਾ ਅਸਰ ਔਰਤਾਂ ਨੂੰ ਹੋਰ ਵੀ ਹੇਠਲੇ ਪੱਧਰ ਤੇ ਲਿਜਾਣ ਵਾਲਾ ਹੈ। ਇਸ ਦੇ ਨਾਲ ਸਿਹਤ ਅਤੇ ਸਿੱਖਿਆ ਵਰਗੀਆਂ ਸਹੂਲਤਾਂ ਜਿਨ੍ਹਾਂ ਵਿੱਚ ਔਰਤਾਂ ਦੀ ਅਜੇ ਵੀ ਬਰਾਬਰ ਦੀ ਹਿੱਸੇਦਾਰੀ ਨਹੀਂ। ਆਰਥਿਕਤਾ ਦੀ ਮਾੜੀ ਹਾਲਤ ਦਾ ਅਸਰ ਔਰਤਾਂ ’ਤੇ ਇਸ ਰੂਪ ਚ ਵੀ ਪੈਣਾ ਹੈ ਕਿ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਤੋਂ ਬਾਹਰ ਹੋਣਗੀਆਂ।

ਇਨ੍ਹਾਂ ਕਾਨੂੰਨਾਂ ਤਹਿਤ ਕੇਂਦਰ ਸਰਕਾਰ ਦੁਆਰਾ ਖ਼ੁਰਾਕ ਦੀ ਸੁਰੱਖਿਆ ਉੱਤੇ ਵੱਡੀ ਪੱਧਰ ’ਤੇ ਡਾਕਾ ਮਾਰਨ ਵਾਲੀ ਗੱਲ ਹੈ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਖਾਣ-ਪੀਣ ਦੀਆਂ ਵਸਤੂਆਂ ਨੂੰ ਵੀ ਜ਼ਰੂਰੀ ਵਸਤਾਂ ਦੀ ਸੂਚੀ ’ਚੋਂ ਬਾਹਰ ਕੱਢਣਾ ਅਤੇ ਦੂਜੇ ਪਾਸੇ ਇਨ੍ਹਾਂ ਕਾਨੂੰਨਾਂ ਦੇ ਰਾਹੀਂ ਸਮੁੱਚੀ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਆਪਸ ਵਿੱਚ ਜੁੜੀਆਂ ਹੋਈਆਂ ਲੜੀਆਂ ਹਨ।

ਜ਼ਰੂਰੀ ਵਸਤਾਂ ਸੋਧ ਕਾਨੂੰਨ ਦੇ ਅਨੁਸਾਰ ਰੋਜ਼ਾਨਾ ਜ਼ਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵੀ ਸਟੋਰ ਕਰਨ ਦੀ ਸੀਮਾ ਨੂੰ ਖ਼ਤਮ ਕਰਨਾ ਇੱਕ ਤਰ੍ਹਾਂ ਦੇ ਨਾਲ ਇਸ ਦੇਸ਼ ਦੀ ਆਬਾਦੀ ਨੂੰ ਭੁੱਖਮਰੀ ਦੇ ਡੂੰਘੇ ਖੂਹ ਵਿੱਚ ਸੁੱਟਣ ਦੀ ਤਿਆਰੀ ਹੈ, ਇਸ ਦਾ ਵਿਰੋਧ ਕਰਨਾ ਜ਼ਰੂਰੀ ਹੈ।

ਸਮਾਜ ਦੇ ਬੱਚੇ ਤੋਂ ਲੈ ਕੇ ਬੁੱਢਾ ਹਰ ਵਿਅਕਤੀ ਦੇ ਉੱਤੇ ਇਸ ਦਾ ਅਸਰ ਪੈਣ ਵਾਲਾ ਹੈ। ਆਗੂਆਂ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਪਿੱਛੇ ਚੁੱਲ੍ਹੇ ਚੌਂਕੇ ਤਕ ਸੀਮਤ ਨਾ ਰਹਿਣ ਬਲਕਿ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੇ ਮੋਰਚਿਆਂ ਵਿਚ ਆ ਕੇ ਬਰਾਬਰ ਡਟਣ।

ਸੰਘਰਸ਼ੀਆਂ ਦੀ ਹਮਾਇਤ ’ਤੇ ਆਈਆਂ ਵੱਖ-ਵੱਖ ਸੰਸਥਾਵਾਂ

ਨਵੀਂ ਦਿੱਲੀ: ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਅੱਠਵੇਂ ਦਿਨ ਵੀ ਜਾਰੀ ਧਰਨੇ ਦੌਰਾਨ ਵੱਖ-ਵੱਖ ਸੰਸਥਾਵਾਂ ਲਗਾਤਾਰ ਮਦਦ ਕਰ ਰਹੀਆਂ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪਹਿਲੇ ਦਿਨ ਤੋਂ ਹੀ ਸਰਗਰਮ ਹੋ ਗਈ ਸੀ ਤੇੇ ਹੁਣ ਕੌਮੀ ਤੇ ਕੌਮਾਂਤਰੀ ਜਥੇਬੰਦੀਆਂਂ, ਸੁਸਾਇਟੀਆਂ ਤੇ ਸੰਸਥਾਵਾਂ ਵੀ ਮਦਦ ਲਈ ਪੁੱਜੀਆਂ ਹੋਈਆਂ ਹਨ। ਖ਼ਾਲਸਾ ਏਡ, ਯੂਨਾਈਟਿਡ ਸਿੱਖਸ ਤੋਂ ਇਲਾਵਾ ਬਟਾਲਾ ਦੇ ਨਿੱਕੇ ਘੁੰਮਣ ਤੋਂ ਬਾਬਾ ਹਜ਼ਾਰਾ ਸਿੰਘ ਦੇ ਸੇਵਕ, ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕ, ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈੱਡਰੇਸ਼ਨ, ਆਈਸਾ ਦੀ ਡਾਕਟਰਾਂ ਦੀ ਟੀਮ, ਬੰਗਾਲ ਤੋਂ ਮੈਡੀਕਲ ਸਰਵਿਸ ਸੈਂਟਰ ਨਾਲ ਡਾਕਟਰ ਅੰਸੂਮਾਨ ਵਿੱਡਰਾ ਦੀ ਅਗਵਾਈ ਹੇਠ ਟੀਮ ਸਰਗਰਮ ਹੈ। ਨਾਨਕਸਰ ਠਾਠ ਬੱਧਣੀ ਕਲਾਂ ਨਾਲ ਗੁਰੂ ਦੇਵ ਕਲੋਨੀ ਭਰਾਵਾਂ ਦੀ ਬਰਾਂਚ ਵੱਲੋਂ ਆਨੰਦ ਈਸ਼ਵਰ ਦਰਬਾਰ ਦੇ ਬੈਨਰ ਹੇਠ ਪ੍ਰਬੰਧ ਕੀਤੇ ਗਏ ਹਨ। ਮੋਗਾ ਦੀ ਸਮਾਜ ਸੇਵਾ ਸੁਸਾਇਟੀ, ਨਿਹੰਗਾਂ ਦੀਆਂ ਕਈ ਜਥੇਬੰਦੀਆਂ ਵੱਲੋਂ ਵੀ ਧਰਨਾਕਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਅੰਬਾਲਾ ਦੇ ਪਿੰਡ ਸੌਂਢਾ ਤੋਂ ਆਏ ਨੌਜਵਾਨਾਂ ਨੇ ਖ਼ਾਸ ਕਰ ਕੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਹਿਸਾਸ ਕਰਵਾਉਣ ਲਈ ਸਿੰਘੂ ਬਾਰਡਰ ਆਏ ਹਨ ਕਿ ਹਰਿਆਣਾ ਵੀ ਧਰਨਿਆਂ ਦੇ ਨਾਲ ਹੈ। ਉਹ ਸ੍ਰੀ ਖੱਟਰ ਦੇ ਉਸ ਬਿਆਨ ਤੋਂ ਖ਼ਫ਼ਾ ਹਨ ਜਿਸ ਵਿੱਚ ਮੁੱਖ ਮੰਤਰੀ ਨੇ ਹਰਿਆਣਵੀਆਂ ਦੀ ਧਰਨਿਆਂ ’ਤੇ ਨਾ ਸ਼ਮੂਲੀਅਤ ਦਾ ਜ਼ਿਕਰ ਕੀਤਾ ਸੀ।

ਇੰਡੀਅਨ ਫਾਰਮੇਸੀ ਐਸੋਸੀਏਸ਼ਨ ਦੇ ਆਗੂਆਂ ਨੇ ਸਿੰਘੂ ਬਾਰਡਰ ’ਤੇ ਡੇਰੇ ਲਾਏ

ਨਵੀਂ ਦਿੱਲੀ: ਇੰਡੀਅਨ ਫਾਰਮੇਸੀ ਐਸੋਸੀਏਸ਼ਨ ਦੇ ਆਗੂ ਰਣਜੀਤ ਸਿੰਘ, ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਤਨਾਮ ਸਿੰਘ ਆਕੜ, ਸਨੌਰ ਬਲਾਕ ਦੇ ਪ੍ਰਧਾਨ ਬਿਟੂ ਰਾਠੀਆ, ਹਰਜੀਤ ਸਿੰਘ ਸੇਹਰਾ ਸਣੇ ਕਈ ਹੋਰ ਕਿਸਾਨ ਆਗੂਆਂ ਨੇ ਕੁੰਡਲੀ ਬਾਰਡਰ ’ਤੇ ਡੇਰੇ ਲਾਏ ਹੋਏ ਹਨ। ਬਲਵਿੰਦਰ ਸਿੰਘ, ਦਰਬਾਰਾ ਸਿੰਘ, ਮੈਂਬਰ ਸਤਨਾਮ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਕਰਨੈਲ ਸਿੰਘ, ਗੁਰਜੰਟ ਸਿੰਘ ਬਾਰਨ ਜ਼ਿਲ੍ਹਾ ਪ੍ਰਧਾਨ ਪਟਿਆਲਾ, ਨੱਥੂ ਲਾਲ, ਸੇਵਾ ਸਿੰਘ ਪਨੌਦੀਆ ਆਦਿ ਕਿਸਾਨ ਆਗੂ ਹਾਜ਼ਰ ਸਨ। ਇਸ ਮੌਕੇ ਪਟਿਆਲਾ ਦੇ ਅਕਾਲੀ ਆਗੂ ਸੁਖਜੀਤ ਸਿੰਘ ਬਘੌਰਾ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All