ਦਿੱਲੀ ਵਿੱਚ ਔਰਤ ਅਤੇ ਤਿੰਨ ਧੀਆਂ ਦਾ ਗਲਾ ਵੱਢ ਕੇ ਕਤਲ
ਮੁਲਜ਼ਮ ਪਤੀ ਵਾਰਦਾਤ ਤੋਂ ਬਾਅਦ ਮੌਕੇ ਤੋਂ ਹੋਇਆ ਫਰਾਰ; ਬਿਹਾਰ ਦੇ ਪਟਨਾ ਜ਼ਿਲ੍ਹੇ ਨਾਲ ਸਬੰਧਤ ਸੀ ਪਰਿਵਾਰ
ਬਾਹਰੀ ਦਿੱਲੀ ਦੇ ਸਮੈਪੁਰ ਬਾਦਲੀ ਇਲਾਕੇ ਵਿੱਚ ਅੱਜ ਇੱਕ ਵਿਅਕਤੀ ਨੇ
ਦੋ ਮਹੀਨੇ ਦੀ ਗਰਭਵਤੀ ਪਤਨੀ ਅਤੇ ਤਿੰਨ ਨਾਬਾਲਗ ਧੀਆਂ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ 27 ਸਾਲਾ ਅਨੀਤਾ ਅਤੇ ਉਸ ਦੀਆਂ ਤਿੰਨ ਧੀਆਂ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ ਤਿੰਨ, ਚਾਰ ਅਤੇ ਪੰਜ ਸਾਲ ਦੱਸੀ ਜਾ ਰਹੀ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਮੁੰਚੁਨ ਕੇਵਟ ਲੜਕਾ ਨਾ ਹੋਣ ਕਾਰਨ ਪਰੇਸ਼ਾਨ ਸੀ, ਜਿਸ ਨੂੰ ਇਸ ਕਤਲਕਾਂਡ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣੀ ਪਤਨੀ ਅਤੇ ਬੱਚੀਆਂ ਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਸੀ।
ਬੁੱਧਵਾਰ ਸਵੇਰੇ ਲਗਭਗ ਅੱਠ ਵਜੇ ਜਦੋਂ ਰਿਸ਼ਤੇਦਾਰ ਘਰ ਪਹੁੰਚੇ ਤਾਂ ਉਨ੍ਹਾਂ ਨੇ ਖ਼ੂਨ ਨਾਲ ਭਿੱਜੀਆਂ ਲਾਸ਼ਾਂ ਦੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੂੰ ਇਸ ਘਟਨਾ ਦੀ ਸੂਚਨਾ ਬੀਤੀ ਰਾਤ ਲਗਭਗ 8 ਵਜੇ ਮਿਲੀ। ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਚੰਦਨ ਪਾਰਕ ਸਥਿਤ ਉਸ ਮਕਾਨ ਵਿੱਚ ਪਹੁੰਚੀ, ਜਿੱਥੇ ਹੇਠਲੀ ਮੰਜ਼ਿਲ ਦੇ ਕਮਰੇ ’ਚ ਚਾਰਾਂ ਦੀਆਂ ਲਾਸ਼ਾਂ ਖ਼ੂਨ ਨਾਲ ਲਥਪਥ ਪਈਆਂ ਸਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਚਾਰਾਂ ਦੇ ਗਲ਼ੇ ਕਿਸੇ ਤੇਜ਼ਧਾਰ ਹਥਿਆਰ ਨਾਲ ਵੱਢੇ ਹੋਏ ਸਨ। ਇਹ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦੇ ਪਟਨਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਮੁੰਚੁਨ ਆਜ਼ਾਦਪੁਰ ਮੰਡੀ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ।
ਪੁਲੀਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਲਾਸ਼ਾਂ ਨੂੰ ਸਭ ਤੋਂ ਪਹਿਲਾਂ ਗੁਆਂਢੀਆਂ ਨੇ ਦੇਖਿਆ ਸੀ, ਜਿਨ੍ਹਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੰਚੁਨ ਕੇਵਟ ਸਵੇਰ ਤੋਂ ਹੀ ਗਾਇਬ ਹੈ ਅਤੇ ਉਹ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਕ੍ਰਾਈਮ ਟੀਮ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੀਆਂ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਤਾਂ ਜੋ ਸਬੂਤ ਇਕੱਠੇ ਕੀਤੇ ਜਾ ਸਕਣ। ਡੀ ਸੀ ਪੀ ਹਰੇਸ਼ਵਰ ਵੀ ਸਵਾਮੀ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ
ਬੁੱਧ ਵਿਹਾਰ ਕਤਲ ਮਾਮਲੇ ਵਿੱਚ ਪੰਜ ਕਾਬੂ
ਨਵੀਂ ਦਿੱਲੀ: ਦਿੱਲੀ ਦੇ ਉੱਤਰ-ਪੱਛਮੀ ਬੁੱਧ ਵਿਹਾਰ ਇਲਾਕੇ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਸਮੇਤ ਚਾਰ ਨਾਬਾਲਗਾਂ ਵੀ ਹਿਰਾਸਤ ਵਿੱਚ ਲਿਆ ਹੈ। ਪੁਲੀਸ ਅਨੁਸਾਰ 22-23 ਫਰਵਰੀ ਦੀ ਦਰਮਿਆਨੀ ਰਾਤ ਨੂੰ ਜੇ ਜੇ ਕਾਲੋਨੀ, ਸੈਕਟਰ-24 ਵਿੱਚ ਕੁਝ ਨੌਜਵਾਨਾਂ ਨੇ ਰਾਜਾ ਉਰਫ਼ ਮੰਗਲ ਸਿੰਘ (25) ਵਾਸੀ ਸ਼ਾਹਬਾਦ ਡੇਅਰੀ ’ਤੇ ਚਾਕੂਆਂ ਅਤੇ ਬੀਅਰ ਦੀ ਬੋਤਲ ਨਾਲ ਹਮਲਾ ਕਰ ਦਿੱਤਾ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੇ ਸੋਨੀਪਤ, ਪਾਣੀਪਤ ਅਤੇ ਹਰਿਦੁਆਰ ਵਿੱਚ ਛਾਪੇ ਮਾਰੇ। ਤਕਨੀਕੀ ਨਿਗਰਾਨੀ ਰਾਹੀਂ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਅਤੇ ਮੁੱਖ ਮੁਲਜ਼ਮ ਅਨੀਸ਼ ਝਾਅ ਵਾਸੀ ਬੁੱਧ ਵਿਹਾਰ ਫੇਜ਼-2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ 20 ਫਰਵਰੀ ਨੂੰ ਹੋਏ ਝਗੜੇ ਦਾ ਬਦਲਾ ਲੈਣ ਲਈ ਇਹ ਵਾਰਦਾਤ ਅੰਜਾਮ ਦਿੱਤੀ ਗਈ ਸੀ। ਉਸ ਝਗੜੇ ਵਿੱਚ ਇੱਕ ਮੁਲਜ਼ਮ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਸਕੂਟਰ ਤੋੜ ਦਿੱਤਾ ਗਿਆ ਸੀ। ਇਸੇ ਰੰਜਿਸ਼ ਤਹਿਤ ਜਦੋਂ ਰਾਜਾ ਬੁੱਧ ਵਿਹਾਰ ਵਿੱਚ ਮਿਲਿਆ ਤਾਂ ਉਸ ’ਤੇ ਹਮਲਾ ਕਰ ਦਿੱਤਾ ਗਿਆ। ਪੁਲੀਸ ਨੇ ਵਾਰਦਾਤ ਵਿੱਚ ਵਰਤੇ ਦੋ ਚਾਕੂ ਅਤੇ ਬੀਅਰ ਦੀ ਬੋਤਲ ਬਰਾਮਦ ਕਰ ਲਈ ਹੈ। ਅਨੀਸ਼ ਪਹਿਲਾਂ ਵੀ ਚੋਰੀ ਅਤੇ ਲੁੱਟ-ਖੋਹ ਦੇ ਚਾਰ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। -ਪੀਟੀਆਈ

