West Asia Crisis: ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ CCS ਦੀ ਅਹਿਮ ਬੈਠਕ
ਜੰਗ ਰੋਕਣ ਅਤੇ ਗੱਲਬਾਤ ਦੇ ਰਾਹ ’ਤੇ ਪਰਤਣ ਦੀ ਅਪੀਲ
West Asia Crisis: ਪੱਛਮੀ ਏਸ਼ੀਆ ਵਿੱਚ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਬੈਠਕ ਵਿੱਚ ਭਾਰਤ ਨੇ ਦੋਵਾਂ ਪੱਖਾਂ ਨੂੰ ਹਿੰਸਾ ਤੁਰੰਤ ਬੰਦ ਕਰਨ ਅਤੇ ਮਸਲਿਆਂ ਦੇ ਹੱਲ ਲਈ ਮੁੜ ‘ਗੱਲਬਾਤ ਅਤੇ ਕੂਟਨੀਤੀ’ (Dialogue and Diplomacy) ਦਾ ਰਾਹ ਅਖ਼ਤਿਆਰ ਕਰਨ ਦਾ ਸੱਦਾ ਦਿੱਤਾ ਹੈ।
ਕਮੇਟੀ ਨੇ ਖਾੜੀ ਦੇਸ਼ਾਂ ਵਿੱਚ ਰਹਿ ਰਹੇ ਲੱਖਾਂ ਭਾਰਤੀ ਪ੍ਰਵਾਸੀਆਂ ਦੀ ਸੁਰੱਖਿਆ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।ਇਰਾਨ ਅਤੇ ਹੋਰ ਖਾੜੀ ਦੇਸ਼ਾਂ ਵਿੱਚ ਹੋਏ ਹਵਾਈ ਹਮਲਿਆਂ ਤੋਂ ਬਾਅਦ ਉੱਥੇ ਰਹਿ ਰਹੇ ਭਾਰਤੀਆਂ ਦੀ ਸਲਾਮਤੀ ਭਾਰਤ ਲਈ ਸਭ ਤੋਂ ਵੱਡੀ ਪਹਿਲ ਹੈ।
ਬੈਠਕ ਵਿੱਚ ਉਨ੍ਹਾਂ ਭਾਰਤੀ ਯਾਤਰੀਆਂ ਦੀਆਂ ਮੁਸ਼ਕਲਾਂ ’ਤੇ ਵੀ ਚਰਚਾ ਕੀਤੀ ਗਈ ਜੋ ਇਸ ਖੇਤਰ ਰਾਹੀਂ ਸਫ਼ਰ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਦਾ ਮੁੱਦਾ ਵੀ ਵਿਚਾਰਿਆ ਗਿਆ ਜਿਨ੍ਹਾਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਜੰਗ ਕਾਰਨ ਉਹ ਪ੍ਰਭਾਵਿਤ ਹੋ ਸਕਦੇ ਹਨ।
CCS ਨੇ ਜੰਗ ਦੇ ਖੇਤਰੀ ਸੁਰੱਖਿਆ ਅਤੇ ਵਪਾਰਕ ਗਤੀਵਿਧੀਆਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਵੀ ਰਿਵਿਊ ਕੀਤਾ। ਪ੍ਰਧਾਨ ਮੰਤਰੀ ਨੇ ਸਬੰਧਤ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਜ਼ਰੂਰੀ ਕਦਮ ਚੁੱਕੇ ਜਾਣ।

