Weather: ਯਮੁਨਾ ਨਦੀ ’ਚ ਪਾਣੀ ਦਾ ਪੱਧਰ ਵਧਿਆ
ਹਥਨੀਕੁੰਡ ਬੈਰਾਜ ਤੋਂ 48 ਹਜ਼ਾਰ ਕਿਊਸਿਕ ਪਾਣੀ ਛੱਡਿਆ; ਹਡ਼੍ਹ ਦਾ ਖ਼ਤਰਾ
ਕੌਮੀ ਰਾਜਧਾਨੀ ਦਿੱਲੀ ਵਿੱਚ 24 ਘੰਟਿਆਂ ’ਚ ਭਰਵੇਂ ਮੀਂਹ ਦੌਰਾਨ ਜਿੱਥੇ ਕਈ ਖੇਤਰਾਂ ਵਿੱਚ ਜਲ-ਥਲ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਹੁਣ ਯਮੁਨਾ ਨਦੀ ਵਿੱਚ ਵਧੇ ਪਾਣੀ ਦੇ ਪੱਧਰ ਨੇ ਦਿੱਲੀ ਵਾਸੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਯਮੁਨਾ ਵਿੱਚ ਪਾਣੀ ਵਧਣ ਕਾਰਨ ਸ਼ਹਿਰ ’ਚ ਹੜ੍ਹ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਨਦੀ ਵਿੱਚ ਪਾਣੀ ਦਾ ਪੱਧਰ 204.5 ਮੀਟਰ ਗੇਜ਼ ਤੋਂ ਥੋੜ੍ਹੀ ਹੇਠਾਂ ਹੈ ਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਲਗਭਗ 36 ਤੋਂ 48 ਘੰਟਿਆਂ ਦੇ ਅੰਦਰ ਪਾਣੀ ਦਾ ਪੱਧਰ ਇਸ ਤੋਂ ਟੱਪ ਸਕਦਾ ਹੈ। ਸ਼ੁੱਕਰਵਾਰ ਨੂੰ ਹਥਨੀਕੁੰਡ ਬੈਰਾਜ ਤੋਂ ਲਗਪਗ 48,000 ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਦੇ 36 ਤੋਂ 48 ਘੰਟਿਆਂ ਦੌਰਾਨ ਦਿੱਲੀ ਪਹੁੰਚਣ ਦੀ ਉਮੀਦ ਹੈ। ਇਸ ਦੌਰਾਨ ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਤਾਂ ਕਿਸੇ ਸੰਭਾਵੀ ਹੜ੍ਹਾਂ ਕਿਸੇ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ। ਉਨ੍ਹਾਂ ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਵੀ ਬਚਾਅ ਸਬੰਧੀ ਚੌਕਸ ਕੀਤਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖ਼ਾਸ ਬਦਲਾਅ ਨਾ ਹੋਣ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ ਵਿੱਚ ਅਗਸਤ ਦੇ ਪਹਿਲੇ ਸੱਤ ਦਿਨਾਂ ਵਿੱਚ 127 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ, ਜੋ ਕਿ 2011 ਤੋਂ ਬਾਅਦ ਅਗਸਤ ਦੇ ਸ਼ੁਰੂਆਤੀ ਹਫ਼ਤੇ ਲਈ ਸਭ ਤੋਂ ਵੱਧ ਦੱਸਿਆ ਗਿਆ ਹੈ। ਗਾਂਧੀ ਨਗਰ, ਵਸੰਤ ਕੁੰਜ, ਸੰਗਮ ਵਿਹਾਰ, ਮਦਨਗੀਰ, ਮਹੀਪਾਲਪੁਰ, ਆਈ ਟੀ ਓ, ਸ਼ਾਹੀਨ ਬਾਗ ਅਤੇ ਕਈ ਹੋਰ ਖੇਤਰਾਂ ਵਿੱਚ ਬੀਤੀ ਰਾਤ ਤੱਕ ਪਾਣੀ ਭਰਨ ਦੀ ਰਿਪੋਰਟ ਕੀਤੀ ਗਈ ਸੀ। ਸੰਗਮ ਵਿਹਾਰ ਵਿੱਚ ਸੜਕਾਂ ਕਈ ਫੁੱਟ ਪਾਣੀ ਹੇਠ ਡੁੱਬ ਗਈਆਂ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਲਿਆ। ਇਸ ਦੌਰਾਨ ਪਾਣੀ ਸਫ਼ਦਰਜੰਗ ਹਸਪਤਾਲ ਵਿੱਚ ਵੀ ਦਾਖ਼ਲ ਹੋ ਗਿਆ, ਜਿਸ ਨਾਲ ਮਰੀਜ਼ਾਂ ਅਤੇ ਸੇਵਾਦਾਰਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਐੱਨ ਸੀ ਆਰ ਦੇ ਸ਼ਹਿਰਾਂ ਫ਼ਰੀਦਾਬਾਦ, ਗੁਰੂਗ੍ਰਾਮ ਅਤੇ ਨੋਇਡਾ ਵਿੱਚ ਵੀ ਪਾਣੀ ਭਰਿਆ ਹੋਇਆ ਹੈ, ਜਿਸ ਨਾਲ ਸ਼ਹਿਰ ਦੀ ਮੌਨਸੂਨ ਤਿਆਰੀ ਅਤੇ ਡਰੇਨੇਜ ਬੁਨਿਆਦੀ ਢਾਂਚੇ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਮੀਂਹ ਕਾਰਨ ਕਾਰ ਪਾਰਕਿੰਗ ਦੀ ਕੰਧ ਡਿੱਗੀ
ਦਿੱਲੀ ਵਿੱਚ ਭਾਰੀ ਮੀਂਹ ਤੋਂ ਬਾਅਦ ਅੱਜ ਨਯਾ ਬਸਤੀ ਖੇਤਰ ਵਿੱਚ ਨਿੱਜੀ ਪਾਰਕਿੰਗ ਵਾਲੀ ਕੰਧ ਢਹਿ ਗਈ। ਇਸ ਨਾਲ ਦਸ ਕਾਰਾਂ ਨੁਕਸਾਨੀਆਂ ਗਈਆਂ। ਸਿਰਫ਼ ਦੋ ਦਿਨ ਪਹਿਲਾਂ ਦਿੱਲੀ ਜਲ ਬੋਰਡ ਅਤੇ ਨਗਰ ਨਿਗਮ (ਐੱਮ ਸੀ ਡੀ) ਨੇ ਉੱਥੇ ਕੰਮ ਪੂਰਾ ਕਰ ਲਿਆ ਸੀ। ਇਹ ਦੱਸਿਆ ਗਿਆ ਹੈ ਕਿ ਦਿੱਲੀ ਵਿੱਚ ਭਾਰੀ ਮੀਂਹ ਕਾਰਨ ਕੰਧ ਡਿੱਗ ਗਈ। ਨੁਕਸਾਨੇ ਗਏ ਵਾਹਨਾਂ ਵਿੱਚ ਕਈ ਨਵੀਆਂ ਕਾਰਾਂ ਸਨ ਅਤੇ ਕੁਝ ਦੋ ਤੋਂ ਚਾਰ ਸਾਲ ਹੀ ਪੁਰਾਣੀਆਂ ਸਨ। ਇਸ ਘਟਨਾ ਵਿੱਚ, ਕਈ ਕਾਰਾਂ ਮਲਬੇ ਹੇਠ ਦੱਬਣ ਤੋਂ ਬਾਅਦ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਿਸ ਕਾਰਨ ਮਾਲਕਾਂ ਨੂੰ ਭਾਰੀ ਨੁਕਸਾਨ ਹੋਇਆ। ਇਕ ਨਿਜੀ ਪਾਰਕਿੰਗ ਦੇ ਪ੍ਰਬੰਧਕ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਖੁਦਾਈ ਕਾਰਨ ਮੀਂਹ ਦਾ ਪਾਣੀ ਕੰਧ ਦੀ ਨੀਂਹ ਵਿੱਚ ਚਲਾ ਗਿਆ ਅਤੇ ਕੰਧ ਕਾਰਾਂ ਉਪਰ ਡਿੱਗ ਪਈ।
ਨਾਲੇ ’ਚ ਨੌਜਵਾਨ ਰੁੜ੍ਹਿਆ
ਦੱਖਣ-ਪੂਰਬੀ ਦਿੱਲੀ ਦੇ ਪ੍ਰਿਯੰਕਾ ਕੈਂਪ ਖੇਤਰ ਵਿੱਚ ਭਾਰੀ ਮੀਂਹ ਦੌਰਾਨ ਨਾਲੇ ਵਿੱਚ 18 ਸਾਲਾ ਨੌਜਵਾਨ ਰੁੜ੍ਹ ਗਿਆ। ਜਾਣਕਾਰੀ ਅਨੁਸਾਰ ਬਚਾਅ ਟੀਮਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਸਰਿਤਾ ਵਿਹਾਰ ਪੁਲੀਸ ਸਟੇਸ਼ਨ ਦੀ ਹੱਦ ਅੰਦਰ ਮਦਨਪੁਰ ਖਾਦਰ ਵਿੱਚ ਪ੍ਰਿਯੰਕਾ ਕੈਂਪ ਨਾਲਾ ਨੇੜੇ ਵਾਪਰੀ ਅਤੇ ਲਾਪਤਾ ਵਿਅਕਤੀ ਦੀ ਪਛਾਣ ਭੀਮ ਕਲੋਨੀ ਦੇ ਰਹਿਣ ਵਾਲੇ ਅੰਕਿਤ ਵਜੋਂ ਹੋਈ ਹੈ।

