Weather:ਦਿੱਲੀ ਵਿੱਚ ਤਾਪਮਾਨ 45 ਡਿਗਰੀ ਤੱਕ ਪੁੱਜਿਆ
ਰਾਤ ਦੇ ਤਾਪਮਾਨ ਵਿੱਚ ਵੀ ਵਾਧਾ; 29 ਤੋਂ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਆਸ
ਦਿੱਲੀ ਬੁੱਧਵਾਰ ਦਾ ਦਿਨ ਇੱਕ ਹੋਰ ਭਿਆਨਕ ਗਰਮੀ ਦਾ ਦਿਨ ਰਿਹਾ। ਅੱਜ ਲਈ ਭਾਰਤ ਮੌਸਮ ਵਿਭਾਗ (ਆਈ ਐੱਮ ਡੀ) ਨੇ ਗਰਮੀ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਦਿੱਲੀ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ ਕਰੀਬ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਘੱਟੋ-ਘੱਟ ਤਾਪਮਾਨ ਵਧਣ ਕਾਰਨ ਰਾਤਾਂ ਵੀ ਗਰਮ ਹੋ ਰਹੀਆਂ ਹਨ। ਦਿੱਲੀ ਵਾਸੀਆਂ ਨੂੰ ਪਾਣੀ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਆਈ ਐੱਮ ਡੀ ਅਨੁਸਾਰ 29 ਮਈ ਤੋਂ ਬਾਅਦ ਦਿੱਲੀ ਵਿੱਚ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਇਸ ਹਫ਼ਤੇ ਦੇ ਅੰਤ ਵਿੱਚ ਹਨੇਰੀ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਵਿੱਚ 29 ਮਈ ਤੋਂ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਦਲਦੇ ਮੌਸਮ ਦੇ ਪੈਟਰਨ ਕਈ ਦਿਨਾਂ ਦੀ ਤੇਜ਼ ਗਰਮੀ ਤੋਂ ਬਾਅਦ ਤਾਪਮਾਨ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
ਦਿੱਲੀ ਸਰਕਾਰ ਨੇ ਹਸਪਤਾਲਾਂ ਅਤੇ ਸਿਹਤ ਸੰਭਾਲ ਕੇਂਦਰਾਂ ਵਿੱਚ ਐਮਰਜੈਂਸੀ ਤਿਆਰੀ ਦੇ ਉਪਾਅ ਕੀਤੇ ਹਨ। ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿੱਚ ਪ੍ਰਬੰਧਾਂ ਤਹਿਤ ਹੁਣ ਹੀਟਸਟ੍ਰੋਕ, ਡੀਹਾਈਡ੍ਰੇਸ਼ਨ ਅਤੇ ਗਰਮੀ ਨਾਲ ਸਬੰਧਤ ਹੋਰ ਪੇਚੀਦਗੀਆਂ ਤੋਂ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਸਥਾਪਤ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪਾਲਮ ਵਿੱਚ ਘੱਟੋ-ਘੱਟ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 0.7 ਡਿਗਰੀ ਵੱਧ ਹੈ, ਲੋਧੀ ਰੋਡ ਵਿੱਚ ਤਾਪਮਾਨ 25 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਰਿਜ ਕੇਂਦਰ ਵਿੱਚ ਘੱਟੋ-ਘੱਟ ਤਾਪਮਾਨ 27.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 0.9 ਡਿਗਰੀ ਵੱਧ ਹੈ ਜਦੋਂਕਿ ਅਯਾਨਗਰ ਵਿੱਚ ਇਹ 26.7 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 0.7 ਡਿਗਰੀ ਘੱਟ ਹੈ।

