Weather: ਕੌਮੀ ਰਾਜਧਾਨੀ ’ਚ ਮੀਂਹ ਮਗਰੋਂ ਗਰਮੀ ਤੋਂ ਰਾਹਤ
ਨੀਵੇਂ ਇਲਾਕਿਆਂ ’ਚ ਪਾਣੀ ਭਰਨ ਕਾਰਨ ਕੲੀ ਥਾੲੀਂ ਆਵਾਜਾੲੀ ਜਾਮ
ਦਿੱਲੀ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਈ। ਐੱਨ ਸੀ ਆਰ ਸਣੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਆਵਾਜਾਈ ਵਿੱਚ ਵਿਘਨ ਪਿਆ। ਮੌਸਮ ਵਿਭਾਗ ਨੇ ਨੋਇਡਾ, ਗੁਰੂਗ੍ਰਾਮ, ਗਾਜ਼ੀਆਬਾਦ ਅਤੇ ਫਰੀਦਾਬਾਦ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਰਕੇ ਪੀਲਾ ਅਲਰਟ ਜਾਰੀ ਕੀਤਾ ਗਿਆ।
ਦਿੱਲੀ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ। ਸ਼ਹਿਰ ਵਿੱਚ ਸਾਰਾ ਦਿਨ ਬੱਦਲਵਾਈ ਰਹੀ। ਮੀਂਹ ਦੇ ਤਾਜ਼ੇ ਦੌਰ ਕਾਰਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਕੁਝ ਥਾਵਾਂ ’ਤੇ ਪਾਣੀ ਭਰ ਗਿਆ ਹੈ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਗਈਆਂ। ਹਾਲਾਂਕਿ ਐਤਵਾਰ ਦੀ ਛੁੱਟੀ ਹੋਣ ਕਰ ਕੇ ਸੜਕਾਂ ਉੱਪਰ ਆਵਾਜਾਈ ਘੱਟ ਸੀ।
ਦਿੱਲੀ ਨੂੰ ਭਾਵੇਂ ਰੰਗ-ਕੋਡ ਵਾਲੀ ਚਿਤਾਵਨੀ ਨਹੀਂ ਦਿੱਤੀ ਗਈ ਹੈ ਪਰ ਵਿਭਾਗ ਨੇ ਨੋਇਡਾ, ਗੁਰੂਗ੍ਰਾਮ, ਗਾਜ਼ੀਆਬਾਦ ਅਤੇ ਫਰੀਦਾਬਾਦ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਭਾਰੀ ਮੀਂਹ ਕਾਰਨ ਦਿੱਲੀ ਵਿੱਚ ਤਾਪਮਾਨ ਥੱਲੇ ਆ ਗਿਆ ਹੈ, ਭਾਰਤ ਮੌਸਮ ਵਿਭਾਗ ਨੇ ਰਾਜਧਾਨੀ ਅਤੇ ਕਈ ਹੋਰ ਉੱਤਰੀ ਰਾਜਾਂ ਵਿੱਚ ਹੋਰ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਨਵੀਂ ਦਿੱਲੀ ਦੇ ਸਫ਼ਦਰਜੰਗ ਮੌਸਮ ਸਟੇਸ਼ਨ ’ਤੇ ਵੱਧ ਤੋਂ ਵੱਧ ਤਾਪਮਾਨ 27.6 ਡਿਗਰੀ ਸੀ ਜੋ ਆਮ ਨਾਲੋਂ 6.5 ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 24.6 ਡਿਗਰੀ ਸੀ, ਜੋ ਆਮ ਨਾਲੋਂ 1 ਡਿਗਰੀ ਘੱਟ ਸੀ। ਸਟੇਸ਼ਨ ’ਤੇ ਪਿਛਲੇ 24 ਘੰਟਿਆਂ ਵਿੱਚ 30.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸਵੇਰੇ ਸਾਢੇ ਪੰਜ ਵਜੇ ਅਤੇ ਸਾਢੇ 8 ਵਜੇ, ਦੋਵਾਂ ਸਮੇਂ ’ਤੇ ਨਮੀ 98 ਫ਼ੀਸਦੀ ਸੀ।
ਅਗਲੇ ਕੁਝ ਦਿਨਾਂ ਵਿੱਚ ਮੌਸਮ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਦੀ ਉਮੀਦ ਹੈ। 7 ਅਤੇ 8 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ 34, ਜਦੋਂ ਕਿ ਘੱਟੋ-ਘੱਟ ਤਾਪਮਾਨ ਕ੍ਰਮਵਾਰ 24 ਅਤੇ 25 ਡਿਗਰੀ ਰਹਿਣ ਦੀ ਉਮੀਦ ਹੈ। 9 ਅਤੇ 10 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ, ਘੱਟੋ-ਘੱਟ ਤਾਪਮਾਨ 26 ਡਿਗਰੀ ਅਤੇ 25 ਡਿਗਰੀ ਰਹਿਣ ਦੀ ਉਮੀਦ ਹੈ।
ਪਿਛਲੇ ਕੁਝ ਦਿਨਾਂ ਤੋਂ ਦਿੱਲੀ-ਐੱਨ ਸੀ ਆਰ ਵਿੱਚ ਮੀਂਹ ਨੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਸੀ। ਕਈ ਸੜਕਾਂ ’ਤੇ ਪਾਣੀ ਭਰਨ ਦੀਆਂ ਰਿਪੋਰਟਾਂ ਆਈਆਂ, ਜਦੋਂ ਕਿ ਯਾਤਰੀਆਂ ਨੂੰ ਲੰਮੇ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ ਹੈ। ਗੁਰੂਗ੍ਰਾਮ ਵਿੱਚ ਖਾਸ ਤੌਰ ’ਤੇ ਭਾਰੀ ਭੀੜ ਦੇਖਣ ਨੂੰ ਮਿਲੀ, ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ ’ਤੇ ਲਗਭਗ 10 ਕਿਲੋਮੀਟਰ ਤੱਕ ਟਰੈਫਿਕ ਰੁਕ ਗਿਆ ਸੀ।

