Weather: ਦਿੱਲੀ ’ਚ ਮੀਂਹ ਨਾਲ ਹੁੰਮਸ ਤੇ ਗਰਮੀ ਤੋਂ ਰਾਹਤ
ਕਈ ਖੇਤਰ ਜਲ-ਥਲ; ਮੌਸਮ ਵਿਭਾਗ ਵੱਲੋਂ ਮੀਂਹ ਲਈ ਰੈੱਡ ਅਲਰਟ ਜਾਰੀ
ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਗਈ ਹੈ। ਜਾਣਕਾਰੀ ਅਨੁਸਾਰ ਵਸੰਤ ਕੁੰਜ, ਮਾਲਵੀਆ ਨਗਰ, ਪਾਲਮ, ਗ੍ਰੇਟਰ ਕੈਲਾਸ਼, ਲਕਸ਼ਮੀ ਨਗਰ, ਕੁਤੁਬ ਇੰਸਟੀਟਿਊਸ਼ਨਲ ਏਰੀਆ ਅਤੇ ਦਵਾਰਕਾ ਸਮੇਤ ਹੋਰ ਕਈ ਖੇਤਰਾਂ ਵਿੱਚ ਭਰਵਾਂ ਮੀਂਹ ਪਿਆ। ਇਸ ਦੌਰਾਨ ਪੱਛਮੀ ਅਤੇ ਦੱਖਣੀ ਦਿੱਲੀ ਵਿੱਚ ਭਰਵੇਂ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਆਵਾਜਾਈ ’ਚ ਦਿੱਕਤਾਂ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਨੇ ਦੱਖਣ-ਪੱਛਮੀ ਜ਼ਿਲ੍ਹੇ ਨੂੰ ਛੱਡ ਕੇ ਦਿੱਲੀ ਦੇ ਸਾਰੇ ਖੇਤਰਾਂ ਵਿੱਚ ਮੀਂਹ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਹਲਕੇ ਤੋਂ ਦਰਮਿਆਨਾ ਮੀਂਹ ਅਤੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਦਿੱਲੀ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਛਤਰਪੁਰ ਵਿੱਚ ਸਵੇਰੇ 8:30 ਵਜੇ ਤੋਂ 11:30 ਵਜੇ ਤੱਕ ਸਭ ਤੋਂ ਵੱਧ 18.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਜਨਕਪੁਰੀ ਵਿੱਚ 2 ਮਿਲੀਮੀਟਰ ਮੀਂਹ ਪਿਆ।
ਇਸ ਸਮੇਂ ਦੌਰਾਨ ਲੋਧੀ ਰੋਡ, ਅਯਾਨਗਰ, ਪਾਲਮ ਅਤੇ ਰਿਜ ਖੇਤਰ ਵਿੱਚ ਹਲਕਾ ਮੀਂਹ ਪਿਆ। ਇਸੇ ਤਰ੍ਹਾਂ ਪਾਲਮ ਵਿੱਚ 24 ਘੰਟਿਆਂ ਦੌਰਾਨ 64.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਨਰੈਣਾ ਵਿੱਚ 30.5 ਮਿਲੀਮੀਟਰ, ਛਤਰਪੁਰ ਵਿੱਚ 16.5 ਮਿਲੀਮੀਟਰ, ਜਨਕਪੁਰੀ ਵਿੱਚ 11 ਮਿਲੀਮੀਟਰ, ਪੁਸ਼ਪ ਵਿਹਾਰ ਵਿੱਚ 3 ਮਿਲੀਮੀਟਰ ਅਤੇ ਅਯਾਨਗਰ ਵਿੱਚ 1.9 ਮਿਲੀਮੀਟਰ ਪਿਆ ਹੈ। ਮੌਸਮ ਮਾਹਿਰ ਮਹੇਸ਼ ਪਲਾਵਤ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਵਿੱਚ ਕੁਝ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਬੰਗਾਲ ਦੀ ਖਾੜੀ ਤੋਂ ਨਮੀ ਨਾਲ ਭਰੀਆਂ ਹਵਾਵਾਂ ਆਉਣਗੀਆਂ, ਜਿਸ ਨਾਲ ਨਮੀ ਵਧੇਗੀ ਅਤੇ ਬੱਦਲਵਾਈ ਰਹੇਗੀ।

