ਦਿੱਲੀ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਤੜਕੇ ਗਰਜ ਤੇ ਚਮਕ ਨਾਲ ਪਏ ਮੀਂਹ ਤੋਂ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਮਗਰੋਂ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਸਫਦਰਜੰਗ ਕੇਂਦਰ ਵਿੱਚ ਘੱਟੋ-ਘੱਟ ਤਾਪਮਾਨ 20.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.4 ਡਿਗਰੀ ਸੈਲਸੀਅਸ ਘੱਟ ਹੈ। ਪਾਲਮ ਵਿੱਚ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 4.9 ਡਿਗਰੀ ਸੈਲਸੀਅਸ ਘੱਟ ਹੈ। ਇਸੇ ਤਰ੍ਹਾਂ ਲੋਧੀ ਰੋਡ ’ਤੇ 20.8 ਡਿਗਰੀ ਸੈਲਸੀਅਸ (ਆਮ ਨਾਲੋਂ 2.2 ਡਿਗਰੀ ਘੱਟ), ਰਿਜ ਵਿੱਚ 20.8 ਡਿਗਰੀ ਸੈਲਸੀਅਸ (ਆਮ ਨਾਲੋਂ 4.1 ਡਿਗਰੀ ਘੱਟ) ਅਤੇ ਆਯਾਨਗਰ ਵਿੱਚ 21.4 ਡਿਗਰੀ ਸੈਲਸੀਅਸ (ਆਮ ਨਾਲੋਂ 2.3 ਡਿਗਰੀ ਘੱਟ) ਤਾਪਮਾਨ ਦਰਜ ਕੀਤਾ ਗਿਆ। ਸੋਮਵਾਰ ਦੀ ਰਾਤ ਸ਼ਹਿਰ ਵਿੱਚ ਇਸ ਸਾਲ ਦੀ ਪਹਿਲੀ ਗਰਮ ਰਾਤ ਦਰਜ ਕੀਤੀ ਗਈ ਸੀ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਗਰਮ ਰਾਤ ਦੀ ਸਥਿਤੀ ਉਦੋਂ ਐਲਾਨੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋਵੇ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 4.5 ਤੋਂ 6.4 ਡਿਗਰੀ ਸੈਲਸੀਅਸ ਵੱਧ ਹੋਵੇ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਗਰਜ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ 30 ਅਪਰੈਲ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਰਿਹਾ।
ਮੌਸਮ ਮਾਹਿਰਾਂ ਨੇ ਦਿੱਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬਣੇ ਚੱਕਰਵਾਤੀ ਸਿਸਟਮ ਨੂੰ ਮੌਸਮ ਵਿੱਚ ਆਏ ਇਸ ਅਚਾਨਕ ਬਦਲਾਅ ਦਾ ਕਾਰਨ ਦੱਸਿਆ ਹੈ। ਦੂਜੇ ਪਾਸੇ ਕੌਮੀ ਰਾਜਧਾਨੀ ਦਿੱਲੀ ਦੀ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ।

