ਦਿੱਲੀ-ਐੱਨ ਸੀ ਆਰ ਵਿੱਚ ਅੱਜ ਲਗਾਤਾਰ ਦੂਜੇ ਦਿਨ ਭਰਵੇਂ ਮੀਂਹ ਕਾਰਨ ਕਈ ਇਲਾਕੇ ਜਲ-ਥਲ ਹੋ ਗਏ। ਇਸ ਦੌਰਾਨ ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ’ਚ ਵਿਘਨ ਪਿਆ। ਜਾਣਕਾਰੀ ਅਨੁਸਾਰ ਡੀ ਐੱਨ ਡੀ ਫਲਾਈਵੇਅ, ਰਿੰਗ ਰੋਡ ਅਤੇ ਰਾਜਧਾਨੀ ਨੂੰ ਗੁਰੂਗ੍ਰਾਮ, ਨੋਇਡਾ ਅਤੇ ਗ੍ਰੇਟਰ ਨੋਇਡਾ ਨਾਲ ਜੋੜਨ ਵਾਲੇ ਮੁੱਖ ਮਾਰਗਾਂ ’ਤੇ ਭਾਰੀ ਜਾਮ ਲੱਗਿਆ ਰਿਹਾ। ਇਸ ਤੋਂ ਇਲਾਵਾ ਕਾਲਿੰਦੀ ਕੁੰਜ, ਮਹਿਰੌਲੀ-ਬਦਰਪੁਰ ਰੋਡ, ਸੀਵੀ ਰਮਨ ਮਾਰਗ, ਮਹਾਰਾਣੀ ਬਾਗ, ਓਖਲਾ, ਧੌਲਾ ਕੂੰਆਂ, ਆਈ ਟੀ ਓ, ਲਕਸ਼ਮੀ ਨਗਰ, ਅਕਸ਼ਰਧਾਮ, ਐੱਨ ਐੱਚ-48, ਅਤੇ ਹਵਾਈ ਅੱਡੇ ਵੱਲ ਜਾਣ ਵਾਲੇ ਹਿੱਸਿਆਂ ’ਤੇ ਭਾਰੀ ਟਰੈਫਿਕ ਰਹੀ।
ਪੂਰਬੀ ਦਿੱਲੀ ਵਿੱਚ ਵੀ ਆਵਾਜਾਈ ਰੁਕ ਗਈ, ਜਿਸ ਵਿੱਚ ਜੀ ਟੀ ਰੋਡ, ਲੋਨੀ ਰੋਡ, ਝਿਲਮਿਲ, ਜੀਟੀਬੀ ਐਨਕਲੇਵ ਅਤੇ ਦਿਲਸ਼ਾਦ ਗਾਰਡਨ ਸ਼ਾਮਲ ਹਨ। ਸੰਗਮ ਵਿਹਾਰ, ਸਦਰ ਬਾਜ਼ਾਰ, ਕਿਰਾੜੀ ਅਤੇ ਓਖਲਾ ਮੋੜ ਦੇ ਨੇੜੇ ਮਹਿਰੌਲੀ-ਬਦਰਪੁਰ ਰੋਡ ਸਮੇਤ ਕਈ ਇਲਾਕਿਆਂ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਇਸ ਦੌਰਾਨ ਮੌਸਮ ਵਿਭਾਗ ਨੇ ਦਿੱਲੀ-ਐੱਨ ਸੀ ਆਰ ਵਿੱਚ 10 ਅਗਸਤ ਤੱਕ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸੇ ਤਰ੍ਹਾਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ ਵਿੱਚ ਵੀ ਭਾਰੀ ਮੀਂਹ ਪਿਆ ਜਿਸ ਕਰਕੇ ਸੜਕਾਂ ਉੱਪਰ ਪਾਣੀ ਭਰ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ-ਨੋਇਡਾ ਸੜਕ ’ਤੇ ਲੋਕ ਕਈ ਘੰਟੇ ਜਾਮ ਵਿੱਚ ਫਸੇ ਰਹੇ। ਇਹੀ ਹਾਲ ਗ੍ਰੇਟਰ ਨੋਇਡਾ ਦਾ ਸੀ, ਜਿੱਥੇ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਫਰੀਦਾਬਾਦ ਵਿੱਚੋਂ ਲੰਘਦੀ ਕੌਮੀ ਸੜਕ ਉੱਪਰ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਕਈ ਚੌਕਾਂ ’ਤੇ ਜਾਮ ਲੱਗ ਗਏ।

