ਕੌਮੀ ਰਾਜਧਾਨੀ ਵਿੱਚ ਕੱਲ੍ਹ ਰਾਤ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ। ਇਸ ਦੌਰਾਨ ਸੜਕਾਂ ’ਤੇ ਰੁੱਖ ਡਿੱਗਣ ਕਾਰਨ ਜਾਮ ਲੱਗੇ ਰਹੇ ਤੇ ਆਵਾਜਾਈ ਪ੍ਰਭਾਵਿਤ ਹੋਈ। ਭਾਰਤ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਰਾਜਧਾਨੀ ਦੇ ਮੁੱਖ ਮੌਸਮ ਕੇਂਦਰ ਸਫਦਰਜੰਗ ਵਿੱਚ ਵੀਰਵਾਰ ਸਵੇਰੇ ਸਾਢੇ ਅੱਠ ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 72.6 ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਇਸ ਦੌਰਾਨ ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਸਥਿਤ ਤੁਕਮੀਰਪੁਰ ਵਿੱਚ ਸਭ ਤੋਂ ਵੱਧ 160 ਐੱਮ ਐੱਮ ਮੀਂਹ ਪਿਆ। ਮਯੂਰ ਵਿਹਾਰ ਵਿੱਚ 103 ਐੱਮ ਐੱਮ, ਦਿੱਲੀ ਯੂਨੀਵਰਸਿਟੀ ਵਿੱਚ 90 ਐੱਮ ਐੱਮ, ਮਹਿਰੌਲੀ ਵਿੱਚ 86 ਐੱਮ ਐੱਮ, ਪੂਸਾ ਅਤੇ ਲੋਧੀ ਰੋਡ ਆਟੋਮੈਟਿਕ ਵੈਦਰ ਸਟੇਸ਼ਨ ਵਿੱਚ 83-83 ਐੱਮ ਐੱਮ, ਲੋਧੀ ਰੋਡ ਵਿੱਚ 80 ਐੱਮ ਐੱਮ, ਰਿਜ ਵਿੱਚ 78 ਐੱਮ ਐੱਮ ਅਤੇ ਛਤਰਪੁਰ ਵਿੱਚ 72 ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਾਲਮ ਅਤੇ ਨਾਰਾਇਣਾ ਵਿੱਚ 63-63 ਐੱਮ ਐੱਮ, ਜਨਕਪੁਰੀ ਵਿੱਚ 62 ਐੱਮ ਐੱਮ, ਆਯਾਨਗਰ ਵਿੱਚ 57 ਐੱਮ ਐੱਮ, ਪ੍ਰਗਤੀ ਮੈਦਾਨ ਵਿੱਚ 50 ਐੱਮ ਐੱਮ, ਨਜਫਗੜ੍ਹ ਵਿੱਚ 43 ਐੱਮ ਐੱਮ, ਮੁੰਗੇਸ਼ਪੁਰ ਵਿੱਚ 41 ਐੱਮ ਐੱਮ, ਝਰੋਦਾ ਕਲਾਂ ਵਿੱਚ 33 ਐੱਮ ਐੱਮ ਅਤੇ ਜਾਫਰਪੁਰ ਵਿੱਚ ਛੇ ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਲਗਾਤਾਰ ਕਈ ਘੰਟਿਆਂ ਤੱਕ ਹੋਈ ਬਰਸਾਤ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਲ-ਥਲ ਹੋ ਗਿਆ ਅਤੇ ਕਈ ਮੁੱਖ ਮਾਰਗਾਂ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਦਿੱਲੀ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੂਰਬੀ ਦਿੱਲੀ ਦੇ ਈਸਟ ਆਫ ਕੈਲਾਸ਼ ਸਥਿਤ ਰਾਜਾ ਧੀਰ ਸਿੰਘ ਮਾਰਗ ’ਤੇ ਦੋ ਰੁੱਖ ਡਿੱਗ ਗਏ, ਜਿਸ ਨਾਲ ਇਲਾਕੇ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਇਸਕਾਨ ਮੰਦਰ ਦੇ ਨੇੜੇ ਅਤੇ ਨੈਸ਼ਨਲ ਹਾਰਟ ਇੰਸਟੀਚਿਊਟ ਦੇ ਬਾਹਰ ਵੀ ਦਰੱਖ਼ਤ ਡਿੱਗ ਗਏ। ਜਾਣਕਾਰੀ ਅਨੁਸਾਰ ਮੋਹਲੇਧਾਰ ਮੀਂਹ ਕਾਰਨ ਵਿਕਾਸ ਮਾਰਗ, ਪੂਰਬੀ ਦਿੱਲੀ ਦੇ ਕਈ ਹਿੱਸਿਆਂ, ਨਵੀਂ ਦਿੱਲੀ ਰੇਲਵੇ ਸਟੇਸ਼ਨ, ਮੁਨਿਰਕਾ, ਸਦਰ ਬਾਜ਼ਾਰ ਅਤੇ ਦਵਾਰਕਾ ਵਿੱਚ ਪਾਣੀ ਭਰ ਗਿਆ। ਇਸੇ ਤਰ੍ਹਾਂ ਦਿੱਲੀ-ਨੋਇਡਾ ਐਕਸਪ੍ਰੈੱਸਵੇਅ ’ਤੇ ਵਾਹਨਾਂ ਦੀ ਰਫ਼ਤਾਰ ਹੌਲੀ ਰਹੀ। ਜੰਗਪੁਰਾ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਅਤੇ ਵਾਹਨਾਂ ਨੂੰ ਗੋਡੇ-ਗੋਡੇ ਪਾਣੀ ਵਿੱਚੋਂ ਲੰਘਣਾ ਪਿਆ। ਕਈ ਦੋਪਹੀਆ ਵਾਹਨ ਚਾਲਕ ਪਾਣੀ ਨਾਲ ਭਰੀਆਂ ਸੜਕਾਂ ’ਤੇ ਆਪਣੇ ਵਾਹਨਾਂ ਨੂੰ ਧੱਕਾ ਲਾਉਂਦੇ ਨਜ਼ਰ ਆਏ। ਕਈ ਯਾਤਰੀਆਂ ਅਤੇ ਸਥਾਨਕ ਲੋਕਾਂ ਨੇ ਆਪਣੀ ਪ੍ਰੇਸ਼ਾਨੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਸਦਰ ਬਾਜ਼ਾਰ ਵਿੱਚ ਨਿਕਾਸੀ ਦੇ ਪ੍ਰਬੰਧ ਬਹੁਤ ਮਾੜੇ ਨਜ਼ਰ ਆਏ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਿਰਦੇਸ਼ਾਂ ’ਤੇ ਲੋਕ ਨਿਰਮਾਣ ਵਿਭਾਗ, ਦਿੱਲੀ ਨਗਰ ਨਿਗਮ ਅਤੇ ਦਿੱਲੀ ਜਲ ਬੋਰਡ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਦੇ ਨਿਕਾਸ ਲਈ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਭਾਰੀ ਮੀਂਹ ਦੇ ਬਾਵਜੂਦ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ’ਤੇ ਸਥਿਤੀ ਕੰਟਰੋਲ ਹੇਠ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਅਨੁਸਾਰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 24.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.6 ਡਿਗਰੀ ਸੈਲਸੀਅਸ ਘੱਟ ਹੈ।
ਮੁੱਖ ਮੰਤਰੀ ਵੱਲੋਂ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ
ਨਵੀਂ ਦਿੱਲੀ: ਮੀਂਹ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਸ਼ਾਲਾਮਾਰ ਪਿੰਡ ਵਿੱਚ ਨਿਕਾਸੀ ਪ੍ਰਬੰਧਾ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਪਾਣੀ ਦੀ ਨਿਕਾਸੀ ਦੇ ਨਿਰਦੇਸ਼ ਦਿੱਤੇ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਰਵੇਸ਼ ਸਾਹਿਬ ਸਿੰਘ ਨੇ ਵੀ ਪਾਣੀ ਦੀ ਨਿਕਾਸੀ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਆਈ ਟੀ ਓ ਵਿੱਚ ਪੀਡਬਲਯੂਡੀ ਦੇ ਕੰਟਰੋਲ ਰੂਮ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕਈ ਖੇਤਰਾਂ ’ਚੋਂ ਪਾਣੀ ਕੱਢ ਦਿੱਤਾ ਗਿਆ ਹੈ।

