ਹਰ ਲੋੜਵੰਦ ਨੂੰ ਸਸਤੀਆਂ ਸਿਹਤ ਸਹੂਲਤਾਂ ਦੇਵਾਂਗੇ: ਸਿਰਸਾ

ਹਰ ਲੋੜਵੰਦ ਨੂੰ ਸਸਤੀਆਂ ਸਿਹਤ ਸਹੂਲਤਾਂ ਦੇਵਾਂਗੇ: ਸਿਰਸਾ

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜਨਵਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਦੁਨੀਆਂ ਦੀ ਸਭ ਤੋਂ ਸਸਤੀ ਐੱਮਆਰਆਈ ਅਤੇ ਡਾਇਲੈਸਿਸ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਸਹੂਲਤ ਇਸ ਸਾਲ 15 ਫਰਵਰੀ ਤੱਕ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁਨੀਆਂ ਦੀ ਬੇਹਤਰੀਨ ਤੇ ਆਲਾ ਮਿਆਰੀ ਗੁਣਵੱਤਾ ਦੀਆਂ ਚਾਰ ਡਾਇਲੈਸਿਸ ਮਸ਼ੀਨਾਂ, ਇਕ ਐੱਮਆਰਆਈ, ਐਕਸ-ਰੇਅ ਤੇ ਅਲਟਰਾ ਸਾਊਂਡ ਮਸ਼ੀਨਾ ਪੋਲੀਕਲੀਨਿਕ ਵਿਚ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਸ਼ੀਨਾਂ ਇਸ ਵੇਲੇ ਫਿੱਟ ਹੋ ਰਹੀਆਂ ਹਨ ਅਤੇ ਜਲਦੀ ਹੀ ਅਸੀਂ ਦੁਨੀਆਂ ਦੀ ਸਭ ਤੋਂ ਸਸਤੀ ਡਾਇਗਨੋਸਟਿਕ ਸਹੂਲਤ ਸ਼ੁਰੂ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਇਥੇ ਇਕ ਵਾਰ ਡਾਇਲੈਸਿਸ 600 ਰੁਪਏ ਵਿਚ ਕਰਵਾਇਆ ਜਾ ਸਕੇਗਾ, ਜਦਕਿ ਐੱਮਆਰਆਈ ਸਿਰਫ 50 ਰੁਪਏ ਵਿਚ ਕਰਵਾਈ ਜਾ ਸਕੇਗੀ। ਇਨ੍ਹਾਂ ਤੋਂ ਇਲਾਵਾ ਇਥੇ ਸੀਟੀ ਸਕੈਨ ਤੇ ਡਿਜੀਟਲ ਐਕਸ-ਰੇਅ ਦੀ ਸਹੂਲਤ ਵੀ ਹੋਵੇਗੀ, ਜਿਸਦਾ ਲੋੜਵੰਦ ਮਰੀਜ਼ ਫਾਇਦਾ ਲੈ ਸਕਣਗੇ।

ਉਨ੍ਹਾਂ ਦੱਸਿਆ ਕਿ ਹਸਪਤਾਲ ਲਈ 6 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੀਆਂ ਮਸ਼ੀਨਾਂ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਚਾਰ ਡਾਇਲੈਸਿਸ ਮਸ਼ੀਨਾਂ ਹਨ, ਇਕ ਅਲਟਰਾਸਾਊਂਡ, ਐਕਸ-ਰੇਅ ਅਤੇ ਐੱਮਆਰਆਈ ਦੀ ਮਸ਼ੀਨ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਲਈ ਐਕਸ-ਰੇਅ ਦੀ ਸਹੂਲਤ ਵੀ ਹੋਵੇਗੀ ਜਦਕਿ ਅਲਟਰਾਸਾਊਂਡ ਸਿਰਫ 150 ਰੁਪਏ ਵਿਚ ਕਰਵਾਇਆ ਜਾ ਸਕੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਨੇੜਲੇ ਭਵਿੱਖ ਵਿਚ ਇਥੇ ਕੈਂਸਰ ਦੇ ਟੈਸਟ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪੋਲੀਕਲੀਨਿਕ ਵਿਚ ਕੋਈ ਵੀ ਵਿਅਕਤੀ ਧਰਮ ਜਾਂ ਜਾਤ ਪਾਤ ਦੇ ਵਿਤਕਰੇ ਤੋਂ ਬਗੈਰ ਆਪਣੇ ਟੈਸਟ ਕਰਵਾ ਸਕੇਗਾ ਕਿਉਂਕਿ ਗੁਰਦੁਆਰਾ ਕਮੇਟੀ ਸਿੱਖ ਗੁਰੂ ਸਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚਲਦਿਆਂ ਕਿਸੇ ਵੀ ਤਰੀਕੇ ਦਾ ਸਮਾਜਿਕ ਵਿਤਕਰੇ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹੈ।

ਉਨ੍ਹਾਂ ਕਿਹਾ ਕਿ ਇਸ ਸਹੂਲਤ ਨੂੰ ਚਲਾਉਣ ਲਈ ਡਾਕਟਰਾਂ ਦੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਕੌਮੀ ਰਾਜਧਾਨੀ ਦੇ ਲੋਕਾਂ ਲਈ ਇਹ ਸਹੂਲਤ ਸੁਚੱਜੇ ਢੰਗ ਨਾਲ ਚਲਾਈ ਜਾ ਸਕੇ।

ਯਾਦ ਰਹੇ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਤੋਂ ਪਹਿਲਾਂ ਦਿੱਲੀ ਵਿਚ ਬਾਲਾ ਪ੍ਰੀਤਮ ਦਵਾਖਾਨੇ ਖੋਲ੍ਹੇ ਹਨ, ਜਿਥੇ ਆਮ ਬਾਜ਼ਾਰ ਨਾਲੋਂ 10 ਤੋਂ 90 ਫ਼ੀਸਦੀ ਤੱਕ ਦਵਾਈਆਂ ਸਸਤੀਆਂ ਮਿਲਦੀਆਂ ਹਨ। ਇਸ ਦੀਆਂ ਤਿੰਨ ਸ਼ਾਖ਼ਾਵਾਂ ਖੁੱਲ੍ਹ ਚੁੱਕੀਆਂ ਹਨ ਜਦਕਿ ਦਿੱਲੀ ਦੇ ਹਰ ਇਲਾਕੇ ਵਿਚ ਇਹ ਦਵਾਖਾਨੇ ਖੋਲ੍ਹਣ ਦੀ ਯੋਜਨਾ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਕਰੋਨਾ ਸੰਕਟ ਵੇਲੇ ਦਿੱਲੀ ਦੇ ਲੋਕਾਂ ਲਈ ਮੁਫ਼ਤ ਐਂਬੂਲੈਂਸ ਸੇਵਾ ਉਪਲਬਧ ਕਰਵਾਈ ਸੀ ਤੇ ਰੋਜ਼ਾਨਾ 2 ਲੱਖ ਤੋਂ ਵਧੇਰੇ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਰਿਹਾ ਹੈ। ਇਸ ਵੇਲੇ ਕਮੇਟੀ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦੀ ਸੇਵਾ ਵਿਚ ਜੁਟੀ ਹੋਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All